ਗਲੋਬਲ ਵਾਰਮਿੰਗ ਕਾਰਣ ਅਮਰੀਕਾ ਤੋਂ ਯੂਰਪ ਤੱਕ ਅੱਗ ਵਰੀ, ਚੀਨ ਵਿਚ ਪਾਰਾ 52 ਡਿਗਰੀ ਤੋਂ ਪਾਰ

ਗਲੋਬਲ ਵਾਰਮਿੰਗ ਕਾਰਣ ਅਮਰੀਕਾ ਤੋਂ ਯੂਰਪ ਤੱਕ ਅੱਗ ਵਰੀ, ਚੀਨ ਵਿਚ ਪਾਰਾ 52 ਡਿਗਰੀ ਤੋਂ ਪਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ : ਦੁਨੀਆ ਦੇ ਕਈ ਹਿੱਸਿਆਂ ਵਿਚ ਗਰਮੀ ਲਗਾਤਾਰ ਵਧ ਰਹੀ ਹੈ।ਗਲੋਬਲ ਵਾਰਮਿੰਗ ਕਾਰਨ ਅਮਰੀਕਾ, ਯੂਰਪ ਤੋਂ ਲੈ ਕੇ ਚੀਨ ਤੱਕ ਭਿਆਨਕ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ। ਯੂਐਸ ਨੈਸ਼ਨਲ ਵੈਦਰ ਸਰਵਿਸ ਦੇ ਅਨੁਸਾਰ, 113 ਮਿਲੀਅਨ ਤੋਂ ਵੱਧ ਅਮਰੀਕੀ ਭਿਆਨਕ ਗਰਮੀ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਨੂੰ ਬਿਨਾਂ ਕਾਰਣ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਦੱਖਣ-ਪੱਛਮੀ ਅਮਰੀਕਾ ਤੋਂ ਲੈ ਕੇ ਵਾਸ਼ਿੰਗਟਨ ਰਾਜ ਤਕ ਗਰਮੀ ਨਾਲ ਜੂਝ ਰਿਹਾ ਹੈ।

ਚੀਨ ਵਿੱਚ ਤਾਪਮਾਨ 52 ਡਿਗਰੀ ਤੋਂ ਉੱਪਰ ਚਲਾ ਗਿਆ ਹੈ।

ਵਿਗਿਆਨੀ ਲਗਾਤਾਰ ਵੱਧ ਰਹੀ ਗਰਮੀ ਦਾ ਕਾਰਨ ਗਲੋਬਲ ਵਾਰਮਿੰਗ ਨੂੰ ਮੰਨ ਰਹੇ ਹਨ।

11 ਕਰੋੜ ਅਮਰੀਕੀ ਲੋਕਾਂ ਲਈ ਹੀਟ ਵੇਵ ਅਲਰਟ

ਅਮਰੀਕਾ ਦੇ ਮੌਸਮ ਵਿਭਾਗ ਨੇ ਦੇਸ਼ ਦੇ 113 ਮਿਲੀਅਨ ਲੋਕਾਂ ਨੂੰ ਗਰਮੀ ਦੀ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਵਿਚ ਹੋਰ ਵਾਧਾ ਹੋ ਸਕਦਾ ਹੈ।ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਕਿ ਲਗਪਗ 20 ਮਿਲੀਅਨ ਲੋਕ 43 ਡਿਗਰੀ ਸੈਲਸੀਅਸ ਗਰਮੀ ਦਾ ਸਾਹਮਣਾ ਕਰ ਰਹੇ ਹਨ ਅਤੇ ਇਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਵੱਧ ਤਾਪਮਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਫਲੋਰੀਡਾ, ਟੈਕਸਾਸ ਤੋਂ ਕੈਲੀਫੋਰਨੀਆ ਤਕ ਚਿਤਾਵਨੀ ਜਾਰੀ ਕੀਤੀ ਗਈ।ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਕਿ ਤਾਪਮਾਨ ਦੇ 46 ਡਿਗਰੀ ਤਕ ਪਹੁੰਚ ਸਕਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਕੜਾਕੇ ਦੀ ਗਰਮੀ ਅਗਲੇ ਹਫਤੇ ਤੱਕ ਜਾਰੀ ਰਹੇਗੀ।

ਬਿ੍ਟੇਨ ਉਤਰੀ ਅਫਰੀਕਾ, ਖਾੜੀ ਦੇਸ਼ਾਂ ਅਤੇ ਏਸ਼ੀਆ ਭਿਅੰਕਰ ਗਰਮੀ ਦੀ ਲਪੇਟ ਵਿਚ

ਇਸੇ ਤਰ੍ਹਾਂ ਬ੍ਰਿਟੇਨ ਵਿਚ ਵੀ ਜੂਨ ਦੌਰਾਨ ਤਾਪਮਾਨ ਵਿਚ ਭਾਰੀ ਵਾਧਾ ਹੋਇਆ ਹੈ, ਜਿਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਭਿਅੰਕਰ ਗਰਮੀ ਤੇ ਲੂਅ 1940 ਦੇ ਰਿਕਾਰਡ ਨਾਲੋਂ 0.9 ਡਿਗਰੀ ਸੈਲਸੀਅਸ ਵੱਧ ਮਹਿਸੂਸ ਕੀਤੀ ਗਈ। ਉੱਤਰੀ ਅਫਰੀਕਾ, ਖਾੜੀ ਦੇਸ਼ਾਂ ਅਤੇ ਏਸ਼ੀਆ ਵਿੱਚ ਭਿਆਨਕ ਗਰਮੀ ਦੇਖਣ ਨੂੰ ਮਿਲ ਰਹੀ ਹੈ। ਯੂਰੋਪੀਅਨ ਸੈਂਟਰ ਫਾਰ ਮੀਡੀਅਮ ਰੇਂਜ ਵੈਦਰ ਫੋਰਕਾਸਟ ਦੇ ਅੰਕੜਿਆਂ ਅਨੁਸਾਰ, ਜੂਨ 2023 ਵਿਸ਼ਵ ਪੱਧਰ ਦੇ ਰਿਕਾਰਡ ਅਨੁਸਾਰ ਸਭ ਤੋਂ ਗਰਮ ਮਹੀਨਾ ਸੀ, ਜੋ ਗਰਮ ਲੂਅ ਦੀ ਤੇਜ਼ੀ ਨੂੰ ਦਰਸਾਉਂਦਾ ਹੈ। ਚੀਨ ਅਤੇ ਜਾਪਾਨ ਵਿੱਚ ਵੀ ਭਿਆਨਕ ਗਰਮੀ ਦੇ ਹਾਲਾਤ ਹਨ।

ਐਤਵਾਰ ਨੂੰ ਚੀਨ ਵਿੱਚ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ। ਚੀਨ ਦੇ ਸ਼ਿਨਜਿਆਂਗ ਵਿਚ ਪਾਰਾ 52.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਜੇਕਰ ਜਾਪਾਨ ਦੀ ਗੱਲ ਕਰੀਏ ਤਾਂ 2018 ਵਿਚ ਸਭ ਤੋਂ ਗਰਮ ਤਾਪਮਾਨ 41.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਿਸ ਦਾ ਰਿਕਾਰਡ ਜਲਦ ਹੀ ਟੁੱਟਣ ਦੀ ਉਮੀਦ ਹੈ। ਐਕਸੀਟਰ ਯੂਨੀਵਰਸਿਟੀ ਦੇ ਪ੍ਰੋਫੈਸਰ ਰਿਚਰਡ ਬੇਟਰਸ ਦਾ ਕਹਿਣਾ ਹੈ ਕਿ ਜਲਵਾਯੂ ਵਿਗਿਆਨੀਆਂ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਕਿਉਂਕਿ ਜਲਵਾਯੂ ਮਾਡਲ ਪਹਿਲਾਂ ਹੀ ਗਰਮ ਦਿਨਾਂ ਦੀ ਭਵਿੱਖਬਾਣੀ ਕਰ ਚੁਕੇ ਹਨ। ਉਸ ਦਾ ਕਹਿਣਾ ਹੈ ਕਿ ਇਹ ਅਤਿ ਦੀ ਗਰਮੀ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਕਾਰਨ ਹੈ।

ਗ੍ਰੀਸ ਵਿੱਚ ਅੱਗ

ਯੂਰਪ ਵਿਚ ਦੁਪਹਿਰ ਵੇਲੇ ਪੈ ਰਹੀ ਕੜਾਕੇ ਦੀ ਗਰਮੀ ਕਾਰਨ ਜ਼ਿਆਦਾਤਰ ਲੋਕ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਹਨ। ਗਰਮੀ ਕਾਰਨ ਦੁਨੀਆ ਦੇ ਕਈ ਹਿੱਸਿਆਂ ਵਿਚ ਭਿਆਨਕ ਅੱਗ ਲੱਗਣ ਦੀਆਂ ਘਟਨਾਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਦੱਖਣੀ ਗ੍ਰੀਸ ਵਿੱਚ ਜੰਗਲਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਇੱਥੇ ਹਾਲੀ ਡੇ ਵਾਲੇ ਕੈਂਪ ਤੋਂ 1,200 ਬੱਚਿਆਂ ਨੂੰ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਜੰਗਲ ਦੀ ਅੱਗ ਭੜਕ ਗਈ। ਰਿਪੋਰਟਾਂ ਮੁਤਾਬਕ ਜਿਸ ਥਾਂ 'ਤੇ ਅੱਗ ਲੱਗੀ ਉੱਥੇ 17,000 ਤੋਂ ਵੱਧ ਲੋਕ ਮੌਜੂਦ ਹਨ। ਹਾਲਾਂਕਿ ਇਹ ਸਾਰੇ ਲੋਕ ਸੁਰੱਖਿਅਤ ਹਨ।