ਪ੍ਰਧਾਨ ਮੰਤਰੀ ਨੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦੀ ਕਾਮਨਾ ਨਾਲ ਤਖ਼ਤ ਪਟਨਾ ਸਾਹਿਬ 'ਤੇ ਮੱਥਾ ਟੇਕਿਆ, ਅਰਦਾਸ 'ਚ ਸ਼ਮੂਲੀਅਤ ਕੀਤੀ

ਪ੍ਰਧਾਨ ਮੰਤਰੀ ਨੇ ਦੇਸ਼ ਦੀ ਤਰੱਕੀ ਅਤੇ ਵਿਕਾਸ ਦੀ ਕਾਮਨਾ ਨਾਲ ਤਖ਼ਤ ਪਟਨਾ ਸਾਹਿਬ 'ਤੇ ਮੱਥਾ ਟੇਕਿਆ, ਅਰਦਾਸ 'ਚ ਸ਼ਮੂਲੀਅਤ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 13 ਮਈ (ਮਨਪ੍ਰੀਤ ਸਿੰਘ ਖਾਲਸਾ):-ਦੇਸ਼ ਦੀ ਤਰੱਕੀ ਅਤੇ ਵਿਕਾਸ ਦੀ ਕਾਮਨਾ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਤਖ਼ਤ ਸਾਹਿਬ ਦੀ ਮਰਿਆਦਾ ਦਾ ਪਾਲਣ ਕਰਦੇ ਹੋਏ ਦਰਬਾਰ ਸਾਹਿਬ ਅੰਦਰ ਨਤਮਸਤਕ ਹੋਏ। ਗੁਰੂ ਮਹਾਰਾਜ ਅੱਗੇ ਮੱਥਾ ਟੇਕਣ ਉਪਰੰਤ ਕੜਾਹ ਪ੍ਰਸ਼ਾਦ ਛਕਿਆ। ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ । ਪੀ ਐਮ ਮੋਦੀ ਨੇ ਗੁਰੂ ਮਹਾਰਾਜ ਸਾਹਿਬ ਦੇ ਪਵਿੱਤਰ ਸ਼ਸਤਰ ਅਤੇ ਪਵਿੱਤਰ ਵਸਤੂਆਂ ਦੇ ਦਰਸ਼ਨ ਕੀਤੇ ।

ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਕਮੇਟੀ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਜੂਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਦਾ ਤਖ਼ਤ ਸਾਹਿਬ ਵਿਖੇ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਕਰਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿੱਚ ਸ਼ਮੂਲੀਅਤ ਕੀਤੀ ਗਈ । ਮੰਗਲਵਾਰ ਨੂੰ ਅਖੰਡ ਪਾਠ ਦੀ ਸਮਾਪਤੀ ਹੋਵੇਗੀ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਤਖ਼ਤ ਸਾਹਿਬ ਸੰਗਤਾਂ ਵੱਲੋਂ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ।

ਹਰ ਕੋਈ ਪ੍ਰਧਾਨ ਮੰਤਰੀ ਦੀ ਇੱਕ ਝਲਕ ਪਾਉਣ ਲਈ ਬੇਤਾਬ ਨਜ਼ਰ ਆ ਰਿਹਾ ਸੀ। ਪ੍ਰਧਾਨ ਮੰਤਰੀ ਲੰਗਰ ਹਾਲ ਪਹੁੰਚੇ। ਜਿੱਥੇ ਲੰਗਰ ਇੰਚਾਰਜ ਤੇਜੇਂਦਰ ਸਿੰਘ ਨੇ ਬੰਟੀ ਨਾਲ ਸੇਵਾ ਬਾਰੇ ਗੱਲ ਕੀਤੀ ਅਤੇ ਸੰਗਤਾਂ ਲਈ ਪ੍ਰਸ਼ਾਦੇ ਤਿਆਰ ਕੀਤੇ । ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸੰਗਤਾਂ ਨੂੰ ਖੀਰ ਵਰਤਾਈ ਗਈ ਉਪਰੰਤ ਪ੍ਰਧਾਨ ਮੰਤਰੀ ਲੰਗਰ ਛਕ ਕੇ ਵਾਪਸ ਪਰਤੇ। ਪ੍ਰਧਾਨ ਮੰਤਰੀ ਦੇ ਨਾਲ ਵਿਧਾਨ ਸਭਾ ਦੇ ਸਪੀਕਰ ਨੰਦ ਕਿਸ਼ੋਰ ਯਾਦਵ, ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਅਸ਼ਵਨੀ ਚੌਬੇ ਸਮੇਤ ਹੋਰ ਪ੍ਰਮੁੱਖ ਲੋਕ ਮੌਜੂਦ ਸਨ।