ਕੀਟਨਾਸ਼ਕ ਦਵਾਈਆਂ , ਪ੍ਰਦੂਸ਼ਿਤ ਖਾਣ ਪੀਣ ਪੰਜਾਬ ਵਿਚ ਕੈਂਸਰ ਦਾ ਕਾਰਣ

ਕੀਟਨਾਸ਼ਕ ਦਵਾਈਆਂ , ਪ੍ਰਦੂਸ਼ਿਤ ਖਾਣ ਪੀਣ ਪੰਜਾਬ ਵਿਚ ਕੈਂਸਰ ਦਾ ਕਾਰਣ

ਫੈਕਟਰੀਆਂ ਦਾ ਪਾਣੀ ਦਰਿਆਵਾਂ ਵਿਚ ਜਾਂ ਧਰਤੀ ਹੇਠਾਂ ਨਾ ਪਾਉਣ ਦਾ ਕਾਨੂੰਨ ਪਾਸ ਕਰੇ ਪੰਜਾਬ ਸਰਕਾਰ

*ਅਮਰੀਕਾ ਦੇ ਹਿਸਾਬ ਨਾਲ ਪੰਜਾਂ ਵਿੱਚੋਂ ਇਕ ਆਦਮੀ ਨੂੰ ਕੈਂਸਰ ਦਾ ਕਾਰਨ ਪ੍ਰੋਸੈਸਡ ਫੂਡ

ਪੰਜਾਬ ਨੂੰ ਜਿੱਥੇ ਕਈ ਤਰ੍ਹਾਂ ਦੇ ਮੁੱਦਿਆਂ ਨੇ ਘੇਰਿਆ ਹੋਇਆ ਹੈ ਉੱਥੇ ਹੀ ਸਿਹਤ ਦੇ ਮੁੱਦਿਆਂ ’ਤੇ ਵੀ ਕਈ ਪਾਸਿਓਂ ਪੱਛੜਦਾ ਨਜ਼ਰ ਆ ਰਿਹਾ ਹੈ। ਸਿਹਤ ਪੱਖੋਂ ਸਭ ਤੋਂ ਭਿਆਨਕ ਬਿਮਾਰੀ ਕੈਂਸਰ ਦੀ ਹੈ ਜਿਸ ਦਾ ਨਾਂ ਸੁਣਦਿਆਂ ਹੀ ਸ਼ਮਸ਼ਾਨਘਾਟ ਦਾ ਦ੍ਰਿਸ਼ ਅੱਖਾਂ ਸਾਹਮਣੇ ਆ ਜਾਂਦਾ ਹੈ ਅਤੇ ਬਹੁਤੀ ਵਾਰ ਇਹ ਸੱਚ ਵੀ ਹੁੰਦਾ ਹੈ।

ਪੰਜਾਬ ਸਰਕਾਰ ਦੀ 2012-2013 ਦੀ ਰਿਪੋਰਟ ਮੁਤਾਬਕ 1 ਲੱਖ ਦੀ ਆਬਾਦੀ ਵਿੱਚੋਂ 90 ਲੋਕਾਂ ਨੂੰ ਕੈਂਸਰ ਹੈ ਜਦਕਿ ਭਾਰਤ ਵਿਚ 80 ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਪੰਜਾਬ ਵਿਚ 4 ਜ਼ਿਲ੍ਹੇ ਅਜਿਹੇ ਹਨ ਜਿੱਥੇ 1 ਲੱਖ ਵਿੱਚੋਂ 136 ਲੋਕ ਕੈਂਸਰ ਨਾਲ ਜੂਝ ਰਹੇ ਹਨ। ਇਹ ਜ਼ਿਲ੍ਹੇ ਹਨ ਮੁਕਤਸਰ, ਮਾਨਸਾ, ਬਠਿੰਡਾ ਅਤੇ ਫਿਰੋਜ਼ਪੁਰ ਜਦਕਿ ਤਰਨਤਾਰਨ ਦਾ ਨੰਬਰ 41 ’ਤੇ ਆ ਜਾਂਦਾ ਹੈ। ਇਸੇ ਰਿਪੋਰਟ ਦੇ ਆਧਾਰ ’ਤੇ ਤਕਰੀਬਨ ਹਰ ਰੋਜ਼ 18 ਲੋਕ ਕੈਂਸਰ ਕਰਕੇ ਮਰ ਰਹੇ ਹਨ।ਇਸ ਸਾਰੇ ਵਿਚ ਮਾਲਵਾ ਖੇਤਰ ਨੂੰ ਕੈਂਸਰ ਬੈਲਟ ਦਾ ਨਾਮ ਦਿੱਤਾ ਗਿਆ ਹੈ। ਇਕ ਆਰਟੀਆਈ ਵੱਲੋਂ ਮੰਗੀ ਜਾਣਕਾਰੀ ਮੁਤਾਬਕ 2009 ਤੋਂ 31 ਦਸੰਬਰ 2021 ਤਕ ਫਰੀਦਕੋਟ ਮੈਡੀਕਲ ਕਾਲਜ ਦੇ ਕੈਂਸਰ ਵਿਭਾਗ ਕੋਲ 25160 ਮਰੀਜ਼ ਆਏ ਜਿਸ ਵਿਚ 10186 ਮਰਦ ਅਤੇ 14974 ਔਰਤਾਂ ਅਤੇ ਨਾਬਾਲਗ ਮਰੀਜ਼ ਸਨ। ਜਨਵਰੀ 2014 ਤੋਂ ਦਸੰਬਰ 2020 ਤਕ ਸੱਤ ਸਾਲਾਂ ਵਿਚ 2.52 ਲੱਖ ਕੇਸ ਸਾਹਮਣੇ ਆਏ ਅਤੇ 1.45 ਲੱਖ ਮੌਤਾਂ ਹੋਈਆਂ। ਮਰਨ ਵਾਲਿਆਂ ਵਿਚ 65 ਫ਼ੀਸਦੀ ਔਰਤਾਂ ਅਤੇ 35 ਫ਼ੀਸਦੀ ਮਰਦ ਸਨ। ਕੈਂਸਰ ’ਚ ਸਭ ਤੋ ਵੱਧ ਕੇਸ ਔਰਤਾਂ ਦੇ ਜਣਨ ਅੰਗ, ਫਿਰ ਬ੍ਰੈਸਟ ਕੈਂਸਰ ਅਤੇ ਸਭ ਤੋਂ ਹੇਠਾਂ ਹਨ ਅੱਖਾਂ, ਦਿਮਾਗ ਜਾਂ ਹੱਡੀਆਂ ਦਾ ਕੈਂਸਰ।

ਅਸਲ ਵਿਚ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਸਭ ਦਾ ਕਾਰਨ ਕੀ ਹੈ। ਕੈਂਸਰ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਅਸਲ ਵਿਚ ਇਕ ਬੜੀ ਪ੍ਰਚਲਿਤ ਧਾਰਨਾ ਹੈ ਕਿ ਕੈਂਸਰ ਕਿਸਾਨਾਂ ਵੱਲੋਂ ਫ਼ਸਲਾਂ ’ਤੇ ਵੱਧ ਖਾਦਾਂ ਤੇ ਕੀਟਨਾਸ਼ਕ ਪਾਉਣ ਨਾਲ ਹੋ ਰਿਹਾ ਹੈ। ਪਰ ਸ਼ਾਇਦ ਇਹ ਪੂਰੀ ਸੱਚਾਈ ਨਹੀਂ ਹੈ ਕਿਉਂਕਿ ਧਰਤੀ ਹੇਠਲੇ ਪਾਣੀ ਵਿਚ ਆਰਸੈਨਿਕ, ਯੂਰੇਨੀਅਮ ਅਤੇ ਸਿੱਕਾ ਆਦਿ ਵੀ ਸ਼ਾਮਲ ਹਨ। ਇਸ ਨੂੰ ਸਾਫ਼ ਕਰਨ ਲਈ ਆਰਓ ਸਿਸਟਮ ਲਾਏ ਹਨ।

ਪਰ ਇਹ ਪਾਣੀ ਸਿਰਫ਼ ਪੀਣ ਅਤੇ ਰਸੋਈ ਵਿਚ ਖਾਣਾ ਪਕਾਉਣ ਵਾਲੇ ਪਾਣੀ ਨੂੰ ਹੀ ਮਸਾਂ ਪੂਰੇ ਆਉਂਦੇ ਹਨ। ਇਸ ਵਿੱਚੋਂ ਸਿਰਫ 99% ਹੀ ਯੂਰੇਨੀਅਮ ਸਾਫ਼ ਹੁੰਦਾ ਹੈ। ਪਰ ਜਿਹੜਾ ਪਾਣੀ ਫ਼ਸਲਾਂ ਨੂੰ ਲਾਇਆ ਜਾਂਦਾ ਹੈ ਉਸ ਨਾਲ ਕੁਝ ਤੱਤ ਜਿਨਸ ਵਿਚ ਵੀ ਪਹੁੰਚ ਜਾਂਦਾ ਹੈ। ਇਸ ਵੇਲੇ ਇਸ ਨੂੰ ਸੋਚਣ ਦੀ ਲੋੜ ਹੈ ਕਿ ਇਹ ਭਾਰੀ ਧਾਤਾਂ ਪਾਣੀ ਵਿਚ ਆਈਆਂ ਕਿੱਥੋਂ? ਦਰਅਸਲ, ਇਸ ਦੀ ਜੜ੍ਹ ਬੱਝੀ ਹੈ ਜਿਹੜਾ ਫੈਕਟਰੀਆਂ ਦਾ ਗੰਦਾ ਪਾਣੀ ਨਾਲਿਆਂ ਜ਼ਰੀਏ ਨਦੀਆਂ ਵਿਚ ਸੁੱਟ ਦਿੱਤਾ ਜਾਂਦਾ ਹੈ। ਇਸ ਵਿਚ ਸਭ ਤੋਂ ਮੋਹਰੀ ਸ਼ਹਿਰ ਹੈ ਲੁਧਿਆਣਾ। ਇੱਥੋਂ ਦੀਆਂ ਫੈਕਟਰੀਆਂ ਜੋ ਰਸਾਇਣ ਵਰਤਦੀਆਂ ਹਨ, ਉਨ੍ਹਾਂ ਨੂੰ ਪਾਣੀ ਵਿਚ ਬਿਨਾਂ ਟਰੀਟਮੈਂਟ ਕੀਤੇ ਸੁੱਟਿਆ ਜਾਂਦਾ ਹੈ। ਬੁੱਢਾ ਨਾਲਾ ਇਸ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਭਾਰੀ ਰਕਮ ਲੱਗਣ ਦੇ ਬਾਵਜੂਦ ਬੁੱਢੇ ਨਾਲੇ ਦੇ ਹਾਲਾਤ ਜਿਉਂ ਤੇ ਤਿਉਂ ਬਣੇ ਹੋਏ ਹਨ। ਇਹ ਬੁੱਢਾ ਨਾਲਾ ਜਾ ਕੇ ਸਤਲੁਜ ਦਰਿਆ ਵਿਚ ਪੈਂਦਾ ਹੈ ਅਤੇ ਸਤਲੁਜ ਦਾ ਪਾਣੀ ਸਾਰੇ ਮਾਲਵੇ ਖੇਤਰ ਨੂੰ ਪੀਣ ਲਈ ਮਿਲਦਾ ਹੈ।

ਹਾਲਾਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੰਡਸਟਰੀ ਨੂੰ ਵਾਟਰ ਟਰੀਟਮੈਂਟ ਪਲਾਂਟ ਲਗਾਉਣੇ ਲਾਜ਼ਮੀ ਕੀਤੇ ਹਨ ਅਤੇ ਕਈਆਂ ਨੇ ਲਗਾਏ ਵੀ ਹਨ ਪਰ ਚਲਾਏ ਨਹੀਂ ਜਾਂਦੇ ਕਿਉਂਕਿ ਚਲਾਉਣ ’ਤੇ ਖ਼ਰਚਾ ਕਰਨਾ ਪੈਂਦਾ ਹੈ। ਕਈਆਂ ਨੇ ਪਾਣੀ ਬੁੱਢੇ ਨਾਲੇ ’ਚ ਪਾਉਣ ਦੀ ਬਜਾਏ ਧਰਤੀ ਵਿਚ ਬੋਰ ਕਰਕੇ ਹੇਠਾਂ ਪਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਖ਼ਰਾਬ ਹੋ ਰਿਹਾ ਹੈ। ਇਸ ਦਾ ਹੋਰ ਪ੍ਰਮਾਣ ਲੈਣਾ ਹੈ ਤਾਂ ਅਸੀਂ ਪਿੱਛੇ ਝਾਤ ਮਾਰੀਏ। ਮਾਰਚ 2020 ਤੋਂ ਮਈ 2020 ਤਕ ਜਦੋਂ ਸਾਰੇ ਪਾਸੇ ਲਾਕਡਾਊਨ ਸੀ ਉਸ ਸਮੇਂ ਨਦੀਆਂ ਦਾ ਪਾਣੀ, ਬੁੱਢੇ ਦਰਿਆ ਦਾ ਪਾਣੀ ਅਤੇ ਹਵਾ ਸਭ ਕੁਝ ਸਾਫ਼ ਹੋ ਗਿਆ ਸੀ। ਖੇਤੀ ਦਾ ਕੰਮ ਤਾਂ ਉਦੋਂ ਵੀ ਚੱਲ ਰਿਹਾ ਸੀ। ਜੋ ਫ਼ਰਕ ਸੀ ਉਹ ਸ਼ਹਿਰੀ ਸਾਰੇ ਅੰਦਰ ਸਨ, ਕਾਰਖਾਨੇ ਬੰਦ ਸਨ।

ਇਸ ਵਿਚ ਹੋਰ ਵੇਖਣ ਦੀ ਲੋੜ ਹੈ ਕਿ ਅਸੀਂ ਕਿਸਾਨਾਂ ’ਤੇ ਤਾਂ ਜ਼ੋਰ ਕੱਢੀ ਜਾਂਦੇ ਹਾਂ। ਕਿਸਾਨ ਤਾਂ ਤਕਰੀਬਨ ਜੋ ਸਿਫ਼ਾਰਸ਼ਾਂ ਖੇਤੀਬਾੜੀ ਯੂਨੀਵਰਸਿਟੀ ਕਰਦੀ ਹੈ, ਉਹੀ ਕੁਝ ਪਾਉਂਦੇ ਹਨ। ਪਰ ਜੋ ਜਿਨਸ ਵਿਕਣ ਤੋਂ ਬਾਅਦ ਫ਼ਸਲਾਂ ਦੀ ਸਾਂਭ-ਸੰਭਾਲ ਸਮੇਂ ਕੈਮੀਕਲ ਵਰਤੇ ਜਾਂਦੇ ਹਨ, ਉਹ ਵੀ ਕੈਂਸਰ ਫੈਲਾਉਣ ਵਿਚ ਸਹਾਈ ਹੁੰਦੇ ਹਨ ਜਿਵੇਂ ਫਲ, ਸਬਜ਼ੀਆਂ ਨੂੰ ਗੈਸ ਨਾਲ ਜਾਂ ਟੀਕਾ ਲਾਕੇ ਪਕਾਉਣਾ।

ਕਣਕ ਦੀ ਉਦਾਹਰਨ ਲੈ ਲਓ। ਜਿਹੜੀ ਕਣਕ ਇਸ ਸਾਲ ਮੰਡੀ ਵਿਚ ਆਈ ਉਹ ਤਕਰੀਬਨ ਸਾਲ ਬਾਅਦ ਆਟੇ ਦੇ ਰੂਪ ਵਿਚ ਖਾਣ ਨੂੰ ਮਿਲਣੀ ਹੈ। ਜੇ ਅਸੀ ਤਿੰਨ ਮਹੀਨੇ ਲਈ ਕਣਕ ਰੱਖ ਦੇਈਏ ਤਾਂ ਉਸ ਵਿਚ ਸੁੱਸਰੀ ਪੈ ਜਾਂਦੀ ਹੈ, ਯਾਨੀ ਇਸ ਦਾ ਇਕ ਅਰਥ ਤਾਂ ਇਹ ਹੈ ਕਿ ਜਿਹੜੇ ਕੀਟਨਾਸ਼ਕ ਖੇਤਾਂ ਵਿਚ ਪਾਏ ਗਏ, ਉਨ੍ਹਾਂ ਦਾ ਅਸਰ ਖ਼ਤਮ। ਦੂਜਾ ਉਸ ਨੂੰ ਬਚਾਉਣ ਲਈ ਗੁਦਾਮਾਂ-ਚੱਕੀਆਂ ਵਾਲੇ ਕੀਟਨਾਸ਼ਕ ਵਰਤਦੇ ਹਨ। ਧਰਤੀ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਿਚ ਇਕ ਹੋਰ ਵੱਡਾ ਯੋਗਦਾਨ ਪਾ ਰਹੇ ਹਨ ਸੈਪਟਿਕ ਟੈਂਕ। ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਤਕਰੀਬਨ 25% ਘਰੇਲੂ ਪਾਣੀ ਨੂੰ ਧਰਤੀ ਹੇਠ ਪਾਇਆ ਜਾਂਦਾ ਹੈ। ਉੱਥੇ ਵੀ ਇਨ੍ਹਾਂ ਸੈਪਟਿਕ ਟੈਂਕਾਂ ਦੀ ਬਣਤਰ ਵਿਚ ਸਮੱਸਿਆ ਤੇ ਟਾਈਮ ਨਾਲ ਲੀਕੇਜ ਕਰਕੇ ਵੱਖ-ਵੱਖ ਤਰ੍ਹਾਂ ਦੇ ਨਾਈਟਰੇਟ, ਬੈਕਟੀਰੀਆ, ਕੈਮੀਕਲ ਜੋ ਘਰੇਲੂ ਖਪਤ ਵਾਲੇ ਪਾਣੀ ਵਿਚ ਰਲਦੇ ਹਨ, ਉਹ ਹੇਠਾਂ ਜਾ ਰਹੇ ਹਨ।

ਸਾਡੇ ਦੇਸ਼ ਵਿਚ ਇਹ ਸਭ ਤੋਂ ਜ਼ਿਆਦਾ ਹੈ ਜਿਵੇਂ ਸਵੱਛ ਭਾਰਤ ਅਭਿਆਨ ਹੇਠ ਪਾਣੀ ਸੈਪਟਿਕ ਟੈਂਕ ਬਣਾ ਕੇ ਧਰਤੀ ਵਿਚ ਸੁੱਟਿਆ ਜਾਂਦਾ ਹੈ।ਨਵੀਆਂ ਕਾਲੋਨੀਆਂ ਅਤੇ ਪਿੰਡਾਂ ਵਿਚ ਜਿਹੜੇ ਸੈਪਟਿਕ ਟੈਂਕ ਬਣਦੇ ਹਨ ਉਹ ਤਾਂ ਬਹੁਤੇ ਸਰਕਾਰੀ ਡਿਜ਼ਾਈਨ ਦੇ ਮੁਤਾਬਕ ਵੀ ਨਹੀਂ ਹੁੰਦੇ। ਕਈ ਤਾਂ ਸਿੱਧਾ ਹੀ ਟੋਆ ਪੁੱਟ ਕੇ ਪਾਣੀ ਵਿਚ ਸੁੱਟੀ ਜਾਂਦੇ ਹਨ ਜਿਵੇਂ ਫੈਕਟਰੀਆਂ ਵਿਚ ਹੁੰਦਾ ਹੈ। ਅੱਜ ਸਭ ਤੋਂ ਵੱਧ ਲੋੜ ਹੈ ਖਾਣ-ਪੀਣ ਦੀ ਵਸਤਾਂ ਵੱਲ ਝਾਤ ਮਾਰਨ ਦੀ ਖ਼ਾਸ ਕਰਕੇ ਦੁੱਧ ਵੱਲ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫਐੱਸਐੱਸਏਆਈ) ਦੀ ਨੈਸ਼ਨਲ ਮਿਲਕ ਸੇਫਟੀ ਅਤੇ ਕਵਾਲਿਟੀ ਸਰਵੇ 2018 ਮੁਤਾਬਕ ਦੁੱਧ ਦੀ ਕੰਟੇਮੀਨੇਸ਼ਨ ਜ਼ਿਆਦਾ ਖ਼ਤਰਨਾਕ ਹੈ।

ਜਿਵੇਂ ਕਿ ਸੈਪਲਾਂ ਵਿਚ ਪਾਇਆ ਗਿਆ ਕਿ ਦੁੱਧ ਵਿਚ ਕਾਰਸੀਨੋਜਨ ਰਸਾਇਣ (ਜੋ ਕੈਂਸਰ ਕਰਦਾ ਹੈ) ਐਫਲੇਟੋਕਸਿਨ ਐੱਮ 1, ਲਿਵਰ ਟੋਕਸਿਨ ਮਾਈਕਰੋਕੰਟੇਨਮੈਂਟ ਪਾਏ ਗਏ ਹਨ। ਉਨ੍ਹਾਂ ਮੁਤਾਬਕ ਇਹ 50000 ਸੈਂਪਲਾਂ ਵਿਚ 7% ਪਾਏ ਗਏ ਹਨ। ਪਰ ਇਹ ਡਾਟਾ ਸਿਰਫ਼ ਕੁਝ ਹਿੱਸਾ ਦੱਸਦਾ ਹੈ। ਜੋ ਦੁੱਧ ਅੱਜ ਦੋਧੀਆਂ ਰਾਹੀਂ ਖ਼ਾਸ ਕਰਕੇ ਮਠਿਆਈਆਂ ਵਾਲ਼ਿਆਂ ਨੂੰ ਜਾਂ ਫਿਰ ਵਿਆਹ-ਸ਼ਾਦੀ ਅਤੇ ਗਮੀ ’ਤੇ ਸਪਲਾਈ ਹੁੰਦਾ ਹੈ ਉਸ ਵਿਚ ਕੀ ਹੈ ਤੇ ਕਿੰਨਾ ਸਿੰਥੈਟਿਕ ਹੈ, ਇਸ ਬਾਰੇ ਕੋਈ ਨਹੀਂ ਬੋਲ ਰਿਹਾ। ਅੱਜ ਲੋੜ ਪਏ ਤਾਂ ਤੁਸੀਂ ਡੇਅਰੀ ’ਤੇ ਜਾਓ ਤੇ 100 ਕੁਇੰਟਲ ਦੁੱਧ ਲਿਖਾ ਦਿਉ।ਅਗਲੇ ਦਿਨ ਮਿਲ ਜਾਊਗਾ। ਇਹੋ ਹੀ ਹਾਲ ਪਨੀਰ ਦਾ ਹੈ। ਹੁਣ ਬਠਿੰਡਾ ਵਿਚ ਏਮਜ਼ ਵੀ ਖੋਲ੍ਹਿਆ ਗਿਆ ਹੈ ਪਰ ਉੱਥੇ ਸਹੂਲਤ ਫਰੀਦਕੋਟ ਨਾਲੋਂ ਵੀ ਘੱਟ ਹੈ ਤੇ ਰੈਫਰ ਪੀਜੀਆਈ ਨੂੰ ਹੀ ਕੀਤਾ ਜਾਂਦਾ ਹੈ। ਸੋ, ਬਹੁਤੇ ਲੋਕਾਂ ਦੀ ਨਿਰਭਰਤਾ ਜਾਂ ਤਾਂ ਰਾਜਸਥਾਨ ਵਿਚ ਬੀਕਾਨੇਰ ਨੂੰ ਹੈ ਜਾਂ ਫਿਰ ਲੁਧਿਆਣੇ ਡੀਐੱਮਸੀ ਜਾਂ ਮੁਹਾਲੀ ਮੈਕਸ ਨੂੰ ਜੋ ਪ੍ਰਾਈਵੇਟ ਹਨ ਕਿਉਂਕਿ ਪੀਜੀਆਈ ਵਿਚ ਆਮ ਇਨਸਾਨ ਨੂੰ ਭੀੜ ਕਾਰਨ ਛੇਤੀ ਅਪੁਆਇੰਟਮੈਂਟ ਹੀ ਨਹੀਂ ਮਿਲਦੀ।

ਪੰਜਾਬ ਸਰਕਾਰ ਦੀ ਪੰਜਾਬ ਕੈਂਸਰ ਰਾਹਤ ਸਕੀਮ ਤੇ ਆਯੁਸ਼ਮਾਨ ਭਾਰਤ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮ ਤਹਿਤ ਇਲਾਜ ਕੀਤਾ ਜਾ ਰਿਹਾ ਹੈ ਜਿਸ ਤਹਿਤ ਮਹਿਜ਼ 1.50 ਲੱਖ ਰੁਪਏ ਮਿਲਦੇ ਹਨ ਜਦਕਿ ਇਲਾਜ ਦੀ ਕੀਮਤ ਇਸ ਤੋਂ ਕਿਤੇ ਜ਼ਿਆਦਾ ਹੈ। ਸਮੱਸਿਆ ਦੇ ਹੱਲ ਲਈ ਸਰਕਾਰ ਸਭ ਤੋਂ ਪਹਿਲਾਂ ਸ਼ਹਿਰਾਂ ਦਾ ਖ਼ਾਸ ਕਰਕੇ ਫੈਕਟਰੀਆਂ ਦਾ ਪਾਣੀ ਦਰਿਆਵਾਂ ਵਿਚ ਜਾਂ ਧਰਤੀ ਹੇਠਾਂ ਨਾ ਪਾਉਣ ਦਾ ਕਾਨੂੰਨ ਪਾਸ ਕਰ ਕੇ ਲਿਆਵੇ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਹੋਣੀ ਚਾਹੀਦੀ ਹੈ।

ਉਹ ਵੀ ਇਕੱਲੀ ਪੈਸੇ ਯਾਨੀ ਜੁਰਮਾਨੇ ਦੀ ਨਹੀਂ, ਸਗੋਂ ਕੈਦ ਵੀ ਹੋਵੇ। ਇਸੇ ਤਰ੍ਹਾਂ ਦੀ ਸਜ਼ਾ ਟੀਕੇ ਲਾ ਕੇ ਫਲ-ਸਬਜ਼ੀਆਂ ਪਕਾਉਣ ਵਾਲਿਆਂ ਨੂੰ ਹੋਵੇ। ਇਸ ਵਿਚ ਇਕ ਹੋਰ ਖੋਜ ਦੀ ਜ਼ਰੂਰਤ ਹੈ ਕਿਉਂਕਿ ਅਮਰੀਕਾ ਦੇ ਹਿਸਾਬ ਨਾਲ ਪੰਜਾਂ ਵਿੱਚੋਂ ਇਕ ਆਦਮੀ ਨੂੰ ਕੈਂਸਰ ਦਾ ਕਾਰਨ ਪ੍ਰੋਸੈਸਡ ਫੂਡ ਹੈ ਅਤੇ ਇਸ ਕਾਰਨ ਕਰਕੇ 6 ਵਿੱਚੋਂ ਇਕ ਦੀ ਮੌਤ ਵੀ ਹੁੰਦੀ ਹੈ। ਪਰ ਇਸ ਵਿਚ ਅੱਗੋਂ ਕਾਫ਼ੀ ਪੜਚੋਲ ਦੀ ਲੋੜ ਹੈ ਕਿ ਕਿਸ ਪ੍ਰੋਸੈਸਡ ਫੂਡ ਦਾ ਕਿੰਨਾ ਅਸਰ ਹੁੰਦਾ ਹੈ।

 

ਡਾ. ਅਮਨਪ੍ਰੀਤ ਸਿੰਘ ਬਰਾੜ