ਖਾਲਿਸਤਾਨੀ ਪੰਨੂ ਦੇ ਕਤਲ ਦੀ ਸਾਜਿਸ਼ ਵਿਚ ਸ਼ਾਮਿਲ ਸੀ ਰਾਅ ਅਧਿਕਾਰੀ ਵਿਕਰਮ ਯਾਦਵ

ਖਾਲਿਸਤਾਨੀ ਪੰਨੂ ਦੇ ਕਤਲ ਦੀ ਸਾਜਿਸ਼ ਵਿਚ ਸ਼ਾਮਿਲ ਸੀ ਰਾਅ ਅਧਿਕਾਰੀ ਵਿਕਰਮ ਯਾਦਵ

ਤਤਕਾਲੀ ਭਾਰਤੀ ਖੁਫੀਆ ਏਜੰਸੀ ਦੇ ਮੁਖੀ ਸਾਮੰਤ ਗੋਇਲ ਨੇ ਦਿੱਤੀ ਸੀ ਮਨਜ਼ੂਰੀ

'ਵਾਸ਼ਿੰਗਟਨ ਪੋਸਟ' ਅਖਬਾਰ ਵਲੋਂ ਜਾਰੀ ਰਿਪੋਰਟ ਵਿਚ ਹੋਇਆ ਖੁਲਾਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ -ਅਮਰੀਕਾ ਵਿਚ ਬੀਤੇ ਸੋਮਵਾਰ ਨੂੰ ਪ੍ਰਕਾਸ਼ਿਤ ਹੋਈ ਇਕ ਮੀਡੀਆ ਜਾਂਚ ਰਿਪੋਰਟ ਅਨੁਸਾਰ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜਿਸ਼ ਵਿਚ ਰਾਅ ਅਧਿਕਾਰੀ ਵਿਕਰਮ ਯਾਦਵ ਸ਼ਾਮਿਲ ਸੀ ਤੇ ਇਸ ਕਦਮ ਨੂੰ ਤਤਕਾਲੀ ਭਾਰਤੀ ਖੁਫੀਆ ਏਜੰਸੀ ਦੇ ਮੁਖੀ ਸਾਮੰਤ ਗੋਇਲ ਨੇ ਮਨਜ਼ੂਰੀ ਦਿੱਤੀ ਸੀ।ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਿਕਰਮ ਯਾਦਵ ਨੇ ਪੰਨੂ ਨੂੰ ਆਪਣੇ ਮੁਢਲੇ ਟੀਚਿਆਂ ਦੀ ਸੂਚੀ ਵਿੱਚ ਰੱਖਿਆ ਸੀ ਅਤੇ ਉਸ ਨੂੰ ਮਾਰਨ ਲਈ ਨਿਸ਼ਾਨੇਬਾਜ਼ਾਂ ਦੀ ਟੀਮ ਦੀ ਚੋਣ ਕੀਤੀ ਸੀ। ਯਾਦਵ ਨੇ ਹਿੱਟ ਟੀਮ ਨੂੰ ਪੰਨੂ ਬਾਰੇ ਜਾਣਕਾਰੀ ਵੀ ਭੇਜੀ ਸੀ।

ਰਿਪੋਰਟ ਵਿੱਚ, ਬੇਨਾਮ ਸਾਬਕਾ ਅਮਰੀਕੀ ਅਤੇ ਭਾਰਤੀ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਯਾਦਵ ਨੇ ਪੰਨੂ ਦੀ ਸੰਪਰਕ ਜਾਣਕਾਰੀ, ਉਸ ਦੇ ਨਿਊਯਾਰਕ ਨਿਵਾਸ ਪਤੇ ਸਮੇਤ, ਕਾਤਲਾਂ ਨੂੰ ਭੇਜੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯਾਦਵ ਨੇ ਕਾਤਲ ਟੀਮ ਨੂੰ ਕਿਹਾ ਸੀ ਕਿ "ਜਦੋਂ ਇਹ ਪੁਸ਼ਟੀ ਹੋ ਜਾਂਦੀ ਹੈ ਕਿ ਅਮਰੀਕੀ ਨਾਗਰਿਕ ਪੰਨੂ ਘਰ ਵਿਚ ਹੈ, ਤਾਂ ਸਾਡੇ ਵੱਲੋਂ ਅਗਲਾ ਕਦਮ ਚੁੱਕਿਆ ਜਾਵੇਗਾ।"

 ਪੰਨੂ ਖ਼ਾਲਿਸਤਾਨ ਲਹਿਰ ਦੇ ਮੁੱਖ ਨੇਤਾਵਾਂ ਵਿਚੋਂ ਇਕ ਹੈ ਤੇ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਦੇ ਕਾਨੂੰਨੀ ਸਲਾਹਕਾਰ ਤੇ ਬੁਲਾਰੇ ਹਨ। ਭਾਰਤ ਸਰਕਾਰ ਨੇ ਪੰਨੂ ਨੂੰ ਖਾੜਕੂ ਐਲਾਨਿਆ ਹੋਇਆ ਹੈ।ਰਿਪੋਰਟ ਵਿਚ ਕਿਹਾ ਗਿਆ, ‘‘ਪੱਛਮੀ ਸੁਰੱਖਿਆ ਬਾਰੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਮੁਤਾਬਕ ਸੀਆਈਏ, ਐੱਫਬੀਆਈ ਤੇ ਹੋਰਨਾਂ ਏਜੰਸੀਆਂ ਵੱਲੋਂ ਕੀਤੀ ਜਾਂਚ ਵਿਚ ‘ਰਾਅ’ ਦੇ ਸਿਖਰਲੇ ਅਧਿਕਾਰੀਆਂ ’ਤੇ ਉਂਗਲ ਧਰੀ ਗਈ ਹੈ ਤੇ ਸਾਜ਼ਿਸ਼ ਦੇ ਸੰਭਾਵੀ ਤਾਰ ਮੋਦੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਦੇ ਅੰਦਰੂਨੀ ਦਫਤਰ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਗਿਆ ਹੈ।’’ ਐਮਾਜ਼ੋਨ ਦੇ ਬਾਨੀ ਤੇ ਮੁਖੀ ਜੈੱਫ ਬੈਜ਼ੋਸ ਦੀ ਮਾਲਕੀ ਵਾਲੇ ਅਖ਼ਬਾਰ ਨੇ ਦਾਅਵਾ ਕੀਤਾ, ‘‘ਅਮਰੀਕੀ ਸਰਕਾਰ ਕੋਲ ਮੌਜੂਦ ਰਿਪੋਰਟਾਂ ਮੁਤਾਬਕ ਅਮਰੀਕੀ ਖੁਫੀਆ ਏਜੰਸੀਆਂ ਨੇ ਮੁਲਾਂਕਣ ਕੀਤਾ ਹੈ ਕਿ ਪੰਨੂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰੇਸ਼ਨ ਨੂੰ ਉਸ ਸਮੇਂ ਦੇ ‘ਰਾਅ’ ਮੁਖੀ ਸਾਮੰਤ ਗੋਇਲ ਨੇ ਮਨਜ਼ੂਰੀ ਦਿੱਤੀ ਸੀ।’’ 

ਰਿਪੋਰਟ ਮੁਤਾਬਕ ਅਮਰੀਕੀ ਜਾਸੂਸੀ ਏਜੰਸੀਆਂ ਨੇ ਇਸ ਗੱਲ ਦਾ ਵੀ ਮੁਲਾਂਕਣ ਕੀਤਾ ਕਿ ਮੋਦੀ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸਿੱਖ ਕਾਰਕੁਨ ਦੇ ਕਤਲ ਬਾਰੇ ‘ਰਾਅ’ ਦੀ ਯੋਜਨਾ ਤੋਂ ਜਾਣੂ ਸਨ ਪਰ ਅਧਿਕਾਰੀਆਂ ਨੇ ਜ਼ੋਰ ਦੇ ਕੇ ਆਖਿਆ ਇਸ ਬਾਰੇ ਕੋਈ ਸਬੂਤ ਨਹੀਂ ਮਿਲਿਆ।’’

'ਵਾਸ਼ਿੰਗਟਨ ਪੋਸਟ' ਅਖਬਾਰ ਵਲੋਂ ਜਾਰੀ ਇਸ ਜਾਂਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯਾਦਵ ਦੀ ਪਛਾਣ ਤੇ ਮਾਨਤਾ ਅੱਜ ਤੱਕ ਦਾ ਸਭ ਤੋਂ ਸਪੱਸ਼ਟ ਸਬੂਤ ਹੈ ਕਿ ਕਤਲ ਦੀ ਯੋਜਨਾ ਭਾਰਤੀ ਖੁਫੀਆ ਏਜੰਸੀ ਦੇ ਅੰਦਰੋਂ ਨਿਰਦੇਸ਼ਿਤ ਕੀਤੀ ਗਈ ਸੀ। ਰਿਪੋਰਟ ਵਿਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਯਾਦਵ ਨੇ ਪੰਨੂ ਨੂੰ ਪਹਿਲ ਦੇ ਆਧਾਰ 'ਤੇ ਨਿਸ਼ਾਨਦੇਹੀ ਕਰਦੇ ਹੋਏ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ ਇਕ ਟੀਮ ਦੀ ਭਰਤੀ ਵੀ ਕੀਤੀ ਸੀ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿਚ ਜ਼ਿਕਰ ਕੀਤੇ ਗਏ ਸਾਬਕਾ ਅਮਰੀਕੀ ਤੇ ਭਾਰਤੀ ਸੁਰੱਖਿਆ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਯਾਦਵ ਨੇ ਪੰਨੂ ਦੇ ਨਿਊਯਾਰਕ ਪਤੇ ਸਮੇਤ ਉਸ ਦੀ ਸੰਪਰਕ ਜਾਣਕਾਰੀ ਕਾਤਲਾਂ ਨੂੰ ਭੇਜੀ ਸੀ। ਉੱਤਰੀ ਅਮਰੀਕਾ ਵਿਚ ਭਾਰਤ ਦੀ ਘਾਤਕ ਕਾਰਵਾਈਆਂ ਵਿਚ ਸ਼ਮੂਲੀਅਤ ਨੇ ਪੱਛਮੀ ਸੁਰੱਖਿਆ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ।

ਰੋਜ਼ਨਾਮਚੇ ਨੇ ਕਿਹਾ ਕਿ ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਵਿਚ ਭਾਰਤ ਸਰਕਾਰ ਦੇ ਜਿਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਨਾਮ ਲਏ ਗਏ ਹਨ, ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਉਧਰ ਪੰਨੂ ਕੇਸ ਵਿਚ ਅਮਰੀਕਾ ਵੱਲੋਂ ਲਾਏ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਪਿਛਲੇ ਹਫ਼ਤੇ ਕਿਹਾ ਸੀ, ‘‘ਅਸੀਂ ਉੱਚ ਪੱਧਰੀ ਕਮੇਟੀ ਬਣਾਈ ਹੈ, ਜੋ ਅਮਰੀਕਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਦੀ ਘੋਖ ਕਰ ਰਹੀ ਹੈੈ।