ਲੋਕ ਮਨ ਨੂੰ ਭਾਉਣ ਵਾਲੇ ਗਾਇਕ ਅਤੇ ਗੀਤ

ਲੋਕ ਮਨ ਨੂੰ ਭਾਉਣ ਵਾਲੇ ਗਾਇਕ ਅਤੇ ਗੀਤ

ਗੱਲ ਉਨ੍ਹਾਂ ਵੇਲਿਆਂ ਦੀ ਕਰਾਂਗਾ ਜਦੋਂ ਦੋ ਮੰਜੇ ਜੋੜ ਕੇ ਸਪੀਕਰ ਲਾਉਣ ਦਾ ਜ਼ਮਾਨਾ ਹੁੰਦਾ ਸੀ। ਸਮਾਗਮ ਜਿਹੋ ਜਿਹਾ ਵੀ ਮਰਜ਼ੀ ਹੁੰਦਾ, ਉਸ ਦੀ ਸ਼ੁਰੂਆਤ ਉਸਤਾਦ ਯਮਲਾ ਜੱਟ ਦੇ ਗਾਏ ਧਾਰਮਿਕ ਗੀਤ ‘ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਐ, ਨੀਝਾਂ ਲਾ ਲਾ ਵੇਹੰਦੀ ਦੁਨੀਆ ਸਾਰੀ ਐ’ ਜਾਂ ‘ਜੰਗਲ ਦੇ ਵਿੱਚ ਖੂਹਾ ਲਵਾਦੇ, ਉੱਤੇ ਪਵਾਦੇ ਡੋਲ, ਓ ਸਖੀਆ ਨਾਮ ਸਾਈਂ ਦਾ ਈ ਬੋਲ’ ਨਾਲ ਹੀ ਹੋਇਆ ਕਰਦੀ ਸੀ। ਇਸ ਗੀਤ ਤੋਂ ਇਲਾਵਾ ਹੋਰ ਬਹੁਤ ਸਾਰੇ ਸਦਾਬਹਾਰ ਗੀਤਾਂ ਦੇ ਨਾਲ ਨਾਲ ਯਮਲਾ ਜੱਟ ਨੂੰ ਉਸ ਦੇ ਗੀਤ ‘ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ’ ਕਾਰਨ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ।

ਪੰਜਾਬੀ ਗਾਇਕੀ ਵਿੱਚ ਦੂਜਾ ਨੰਬਰ ਸੁਰਾਂ ਦੀ ਮਲਿਕਾ ਸੁਰਿੰਦਰ ਕੌਰ ਦਾ ਆਉਂਦਾ ਹੈ। ‘ਲੈ ਦੇ ਮੈਨੂੰ ਮਖਮਲ ਦੀ, ਪੱਖੀ ਘੁੰਗਰੂਆਂ ਵਾਲੀ’, ‘ਜੁੱਤੀ ਕਸੂਰੀ, ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ’, ‘ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ’, ‘ਇੱਕ ਮੇਰੀ ਅੱਖ ਕਾਸ਼ਨੀ’, ‘ਕਿਨ੍ਹਾ ਜੰਮੀਆਂ ਕਿਨ੍ਹਾ ਨੇ ਲੈ ਜਾਣੀਆਂ’, ‘ਇਨ੍ਹਾਂ ਅੱਖੀਆਂ ’ਚ ਪਾਵਾਂ ਕਿਵੇਂ ਕਜਲਾ, ਅੱਖੀਆਂ ’ਚ ਤੂੰ ਵੱਸਦਾ’ ਅਤੇ ਆਪਣੀ ਭੈਣ ਪ੍ਰਕਾਸ਼ ਕੌਰ ਨਾਲ ਰਲ ਕੇ ਗਾਇਆ ਗਾਣਾ ‘ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਂ, ਰਹਾਂ ਬਾਪ ਦੀ ਬਣ ਕੇ ਗੋਲੀ ਨੀਂ ਮਾਂ’ ਵਰਗੇ ਗੀਤ ਪੰਜਾਬ ਦੇ ਲੋਕ ਗੀਤ ਬਣ ਗਏ। ਸੁਰਿੰਦਰ ਕੌਰ ਦੇ ਗਾਏ ਗੀਤਾਂ ਦੀ ਸੂਚੀ ਐਨੀ ਲੰਮੀ ਹੈ ਕਿ ਲੇਖਕਾਂ ਨੇ ਕਿਤਾਬਾਂ ਲਿਖ ਰੱਖੀਆਂ ਹਨ। ‘ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ, ਵੇ ਲੱਕ ਹਿੱਲੇ ਮਜਾਜ਼ਣ ਜਾਂਦੀ ਦਾ’, ‘ਹੋਇਆ ਕੀ ਜੇ ਕੁੜੀ ਐਂ ਤੂੰ ਦਿੱਲੀ ਸ਼ਹਿਰ ਦੀ, ਨੀਂ ਮੈਂ ਵੀ ਜੱਟ ਲੁਧਿਆਣੇ ਦਾ’, ‘ਬੋਤਾ ਹੌਲੀ ਤੋਰ ਮਿੱਤਰਾ, ਵੇ ਮੇਰਾ ਨਰਮ ਕਾਲਜਾ ਧੜਕੇ’ ਅਤੇ ‘ਆ ਗਿਆ ਵਣਜ਼ਾਰਾ ਨੀਂ, ਚੜ੍ਹਾ ਲੈ ਭਾਬੀ ਚੂੜੀਆਂ’ ਸਮੇਤ ਆਪਣੇ ਸਮਕਾਲੀ ਗਾਇਕ ਹਰਚਰਨ ਗਰੇਵਾਲ ਨਾਲ ਜੋੜੀ ਬਣਾ ਕੇ ਸੁਰਿੰਦਰ ਕੌਰ ਦੇ ਗਾਏ ਗੀਤ ਅੱਜ ਵੀ ਝੂਮਣ ਲਾ ਦਿੰਦੇ ਹਨ। ‘ਅੜੀ ਵੇ ਅੜੀ, ਲੱਗੀ ਸੌਣ ਦੀ ਝੜੀ’, ‘ਦੁੱਧ ਪੀ ਲੈ ਬਾਲਮਾ ਵੇ ਮੈਂ ਕਦੋਂ ਦੀ ਖੜ੍ਹੀ’ ਪ੍ਰਕਾਸ਼ ਕੌਰ ਦਾ ਗਾਇਆ ਗੀਤ ਸੌਣ ਵਿਚਲੇ ਰੁਮਾਂਟਿਕ ਮੌਸਮ ਦੀ ਬਾਤ ਪਾਉਂਦਾ ਹੈ।

ਗਾਇਕਾ ਨਰਿੰਦਰ ਬੀਬਾ ਨੇ ਗਾਇਕੀ ਦੇ ਖੇਤਰ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਉਸ ਦੇ ਗਾਏ ਗੀਤ ‘ਚਾਰ ਦਿਨ ਮੌਜਾਂ ਮਾਣ ਕੇ, ਲਾ ਕੇ ਦੁੱਖਾਂ ਦੇ ਸਮੁੰਦਰਾਂ ’ਚ ਤਾਰੀ’, ‘ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ’, ‘ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ’ ਸੁਣ ਕੇ ਅੱਜ ਵੀ ਡੋਲੀ ਤੋਰਨ ਵਾਲੇ ਪਰਿਵਾਰ ਦਾ ਮਨ ਪਸੀਜ ਜਾਂਦਾ ਹੈ। ‘ਚੰਨ ਮਾਤਾ ਗੁਜਰੀ ਦਾ’, ‘ਰਣ ਗਗਨ ਦਮਾਮਾ ਵੱਜਿਆ’, ‘ਸਿੰਘੋ ਸਰਦਾਰੋ, ਕੋਈ ਵੈਰੀ ਚੜ੍ਹ ਕੇ ਆ ਗਿਆ ਤੁਸੀਂ ਜਾ ਲਲਕਾਰੋ’, ‘ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ’, ‘ਵੇ ਅਸਾਂ ਨ੍ਹੀਂ ਕਨੌੜ ਝੱਲਣੀ, ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ’, ‘ਦਰ ’ਤੇ ਮਸ਼ੀਨ ਚੱਲਦੀ, ਸਾਡਾ ਖੌਸੜਾ ਚੱਕੀ ਨੂੰ ਹੱਥ ਲਾਉਂਦਾ’, ‘ਚਿੱਟੀਆਂ ਕਪਾਹ ਦੀਆਂ ਫੁੱਟੀਆਂ, ਹਾੜ੍ਹਾ ਨੀਂ ਪੱਤ ਹਰੇ ਹਰੇ, ਆਖੀਂ ਨੀਂ ਨਣਾਨੇ ਤੇਰੇ ਵੀਰ ਨੂੰ ਕਦੇ ਤਾਂ ਭੈੜਾ ਹੱਸਿਆ ਕਰੇ’ ਵਰਗੇ ਗੀਤ ਅੱਜ ਵੀ ਸਾਰਥਕ ਹਨ।

‘ਏਧਰ ਕਣਕਾਂ ਓਧਰ ਕਣਕਾਂ, ਵਿੱਚ ਕਣਕਾਂ ਦੇ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ’ ਆਸਾ ਸਿੰਘ ਮਸਤਾਨਾ ਦੀ ਵਿਲੱਖਣ ਆਵਾਜ਼ ਦਾ ਨਮੂਨਾ ਹੈ। ਫਿਰ ਦੌਰ ਆਇਆ ਹੰਸ ਰਾਜ ਹੰਸ, ਗੁਰਦਾਸ ਮਾਨ, ਹਰਭਜਨ ਮਾਨ , ਬੱਬੂ ਮਾਨ ਵਰਗਿਆਂ ਦਾ। ਹੰਸ ਰਾਜ ਹੰਸ ਦਾ ਗਇਆ ਗੀਤ ‘ਜਿਹੜੀ ਨੱਚੂਗੀ ਸਾਡੇ ਨਾਲ, ਓਹਨੂੰ ਦਿਲ ਵੀ ਦਿਆਂਗੇ’ ਅੱਜ ਵੀ ਆਰਕੈਸਟਰਾ ਦੀ ਸ਼ਾਨ ਬਣਦਾ ਹੈ। ਕਿਸੇ ਵੇਲੇ ਨੌਜਵਾਨੀ ਦੇ ਦਿਲਾਂ ਦੀ ਧੜਕਣ ਗੁਰਦਾਸ ਮਾਨ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਗਾਇਕੀ ਨੂੰ ਨਵਾਂ ਰੂਪ ਦਿੱਤਾ। ‘ਮਾਮਲਾ ਗੜਬੜ ਹੈ’ ਤੋਂ ਸ਼ੁਰੂ ਹੋ ਕੇ ਹੋਰ ਸੈਂਕੜੇ ਸੱਭਿਆਚਾਰਕ ਗੀਤਾਂ ਦੇ ਨਾਲ ਉਹ ‘ਗੱਲ ਚਾਂਦੀ ਦੇ ਰੁਪਈਏ ਵਾਂਗੂੰ ਟਣਕੇ’ ਤੱਕ ਪਹੁੰਚਿਆ। ਉਸ ਦਾ ਗਾਇਆ ਛੱਲਾ ਗੁਰਦਾਸ ਮਾਨ ਦੀ ਗਾਇਕੀ ਦਾ ਸਿਖਰ ਹੋ ਨਿੱਬੜਿਆ। ‘ਚਿੱਠੀਏ ਨੀਂ ਚਿੱਠੀਏ, ਹੰਝੂਆਂ ਨਾਲ ਲਿਖੀਏ’ ਗੀਤ ਗਾ ਕੇ ਹਰਭਜਨ ਮਾਨ ਨੇ ਨਾਂ ਕਮਾਇਆ। ‘ਲੱਗੀ ਸੌਣ ਦੀ ਝੜੀ’ ਨਾਲ ਬੱਬੂ ਮਾਨ ਨੇ ਆਪਣਾ ਯੋਗਦਾਨ ਪਾਇਆ।

ਆਪਣੀ ਟੁਣਕਵੀਂ ਆਵਾਜ਼ ਲਈ ਮਸ਼ਹੂਰ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ ‘ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ’, ‘ਨੀਂ ਮੈਂ ਚਾਦਰ ਕੱਢਦੀ ਨੀਂ, ਉੱਤੇ ਪਾਵਾਂ ਵੇਲਾਂ’, ‘ਮੇਰੀ ਰੰਗਲੀ ਚਰਖੀ ਨੀਂ’ ਆਦਿ ਗਾਣਿਆਂ ਨਾਲ ਸੁਰੀਲੇ ਗਾਇਕਾਂ ਵਿੱਚ ਨਾ ਲਿਖਵਾਇਆ। ਇਨ੍ਹਾਂ ਗਾਇਕਾਂ ਤੋਂ ਪਹਿਲਾਂ ‘ਮਿੱਤਰਾਂ ਦੀ ਲੂਣ ਦੀ ਡਲੀ, ਨੀਂ ਤੂੰ ਮਿਸਰੀ ਬਰੋਬਰ ਜਾਣੀ’ ‘ਕੱਸੀ ’ਤੇ ਵਜਾਵੇ ਵੰਝਲੀ, ਮੁੰਡਾ ਔਸਰਾਂ ਝੋਟੀਆਂ ਚਾਰੇ’ ਗਾ ਕੇ ਕਰਮਜੀਤ ਧੂਰੀ ਨੇ ਗਾਇਕੀ ਵਿੱਚ ਧੁੰਮਾਂ ਪਾਈਆਂ। ‘ਭੱਠੀ ਉੱਤੇ ਖੜ੍ਹ ਚੰਨਾ, ਦਾਣੇ ਮੈਂ ਭੁਨਾਉਂਦੀ ਆਂ, ‘ਤੇਰੀਆਂ ਖਿੱਲਾਂ ਤੇ ਮੇਰੇ ਰੋੜ ਮੁੰਡਿਆ’ ਅਤੇ ‘ਖੱਟੀ ਮਿਹਨਤ ਦੀ, ਤੰਗਲੀ ਨਾਲ ਉਡਾਵੇਂ’ ਗੀਤ ਗਾ ਕੇ ਪਿਛਲੀ ਸਦੀ ਦੇ ਸੱਤਰਵਿਆਂ ਵਿੱਚ ਗੁਰਦਿਆਲ ਨਿਰਮਾਣ ਅਤੇ ਨਰਿੰਦਰ ਬੀਬਾ ਨੇ ਅਖਾੜਿਆਂ ਰਾਹੀਂ ਖੂਬ ਨਾਂ ਕਮਾਇਆ। ਡੋਲੀ, ਘੋੜੀਆਂ, ਜੁਗਨੀ ਅਤੇ ਲੰਮੀ ਹੇਕ ਵਿੱਚ ਮਿਰਜ਼ਾ ਗਾ ਕੇ ਆਪਣੀ ਗਾਇਕੀ ਦਾ ਸਿੱਕਾ ਮਨਾਉਣ ਵਾਲੀ ਗੁਰਮੀਤ ਬਾਵਾ ਵੀ ਇਨ੍ਹਾਂ ਸਮਿਆਂ ਦੀ ਹੀ ਗਾਇਕਾ ਸੀ।

‘ਘੱਗਰੇ ਦੀ ਵੇ ਲੌਣ ਭਿੱਜ ਗਈ’ ਵਾਲਾ ਦੀਦਾਰ ਸੰਧੂ ਅਮਰ ਨੂਰੀ ਨਾਲ ਦੋਗਾਣੇ ਗਾ ਕੇ 20ਵੀਂ ਸਦੀ ਦਾ ਮਸ਼ਹੂਰ ਗਾਇਕ ਹੋ ਨਿੱਬੜਿਆ। ਸੁਰਜੀਤ ਬਿੰਦਰੱਖੀਏ ਦਾ ਆਪਣਾ ਅੰਦਾਜ਼ ਸੀ। ‘ਮਾਂ ਮੈਂ ਮੁੜ ਨੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ’, ‘ਤੂੰ ਨੀਂ ਬੋਲਦੀ ਰਕਾਨੇ ਤੂੰ ਨੀਂ ਬੋਲਦੀ, ਤੇਰੇ ’ਚ ਤੇਰੇ ਯਾਰ ਬੋਲਦਾ’ ਅਤੇ ਉਸ ਦਾ ਅਖੀਰਲਾ ਗਾਣਾ ‘ਮੈਂ ਤਿੜਕੇ ਘੜੇ ਦਾ ਪਾਣੀ’ ਉਸ ਦੀ ਗਾਇਕੀ ਦਾ ਸਿਖਰ ਸੀ।

ਦੋਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ, ਅਮਰ ਚਮਕੀਲਾ ਤੇ ਅਮਰਜੋਤ ਦੀ ਜੋੜੀ ਦਾ ਆਪਣਾ ਹੀ ਸਥਾਨ ਸੀ। ‘ਸਰਪੰਚ’ ਫਿਲਮ ਵਿਚਲਾ ਗੀਤ ‘ਨਈਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ, ਨੀਂ ਸਾਰੇ ਦੁੱਖ ਭੁੱਲ ਜਾਣਗੇ’ ਅਤੇ ‘ਮਿੱਤਰਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ’ ਗਾ ਕੇ ਮੁਹੰਮਦ ਸਦੀਕ ਅਤੇ ਬਾਬੇ ਨਾਨਕ ਦੀ ਘੋੜੀ ਗਾ ਕੇ ਰਣਜੀਤ ਕੌਰ ਨੇ ਆਪਣੀ ਪੁਖਤਾ ਗਾਇਕੀ ਦਾ ਸਬੂਤ ਦਿੱਤਾ। ਅਮਰ ਚਮਕੀਲਾ ਨੇ ‘ਸਾਥੋਂ ਬਾਬਾ ਖੋਹ ਲਿਆ, ਤੇਰਾ ਨਨਕਾਣਾ’ ਗਾ ਕੇ ਬਾਬੇ ਦੇ ਘਰ ਹਾਜ਼ਰੀ ਲਗਵਾਈ।

ਮਿਸ ਪੂਜਾ ਨੇ 21ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਅਣਗਿਣਤ ਗਾਇਕਾਂ ਨਾਲ ਜੋੜੀਆਂ ਬਣਾ ਕੇ ਦੋਗਾਣੇ ਗਾਏ। ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਸਮੱਸਿਆ ਦੀ ਗੱਲ ਕਰਦਾ ਉਸ ਦਾ ਗਾਇਆ ਗੀਤ ‘ਪਾਣੀ ਹੋ ਗਏ ਡੂੰਘੇ, ਝੋਨਾ ਲਾਉਣਾ ਹੀ ਛੱਡ ਦੇਣਾ’ ਬਹੁਤ ਪਸੰਦ ਕੀਤਾ ਗਿਆ। ਬਹੁਤ ਸਾਰੇ ਗਾਇਕ ਇੱਕ ਦੋ ਗਾਣਿਆਂ ਨਾਲ ਸਟਾਰ ਗਾਇਕ ਬਣ ਗਏ। ‘ਪਾਣੀ ਵਿੱਚ ਮਾਰਾਂ ਡੀਟਾਂ’ ਅਤੇ ‘ਮੇਰੇ ਚਰਖੇ ਦੀ ਟੁੱਟ ਗਈ ਮਾਹਲ, ਵੇ ਚੰਨ ਕੱਤਾਂ ਕਿ ਨਾ’ ਨੇ ਹਾਕਮ ਸੂਫ਼ੀ, ‘ਕੋਕਾ ਘੜਵਾਦੇ, ਵੇ ਮਾਹੀਆ ਕੋਕਾ’ ਗੀਤ ਨੇ ਸਰਬਜੀਤ, ‘ਜਿੱਥੋਂ ਮਰਜ਼ੀ ਵੰਗਾਂ ਚੜ੍ਹਵਾ ਲਈਂ, ਮਿੱਤਰਾਂ ਦਾ ਨਾ ਚੱਲਦਾ’ ਅਤੇ ‘ਇੱਕ ਚੰਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾਂਗਾ ਮੈਂ’ ਨੇ ਹਰਜੀਤ ਹਰਮਨ, ‘ਤੁਰਿਆ ਤੁਰਿਆ ਜਾਹ ਫਰੀਦਾ’, ‘ਚੁੰਨੀ ਨਾਲ ਪਤਾਸੇ’ ਅਤੇ ‘ਕਾਰ ਰੀਬਨਾ ਵਾਲੀ’ ਨੇ ਪਰਮਿੰਦਰ ਸੰਧੂ, ਜਿਉਣੇ ਮੌੜ ਨੂੰ ਆਪਣੇ ਓਪੇਰਾ ‘ਜਿਉਣਾ ਮੌੜ’ ਰਾਹੀਂ ਦੁਬਾਰਾ ਜਿੰਦਾ ਕਰ ਦੇਣ ਵਾਲਾ ਸੁਰਿੰਦਰ ਸ਼ਿੰਦਾ, ਰੋਡਵੇਜ਼ ਦੀ ਲਾਰੀ ਵਾਲਾ ਸਰਦੂਲ ਸਿਕੰਦਰ, ਮੇਰਾ ਬੜਾ ਕਰਾਰਾ ਪੂਦਨਾ, ਨਾਲ ਜਗਮੋਹਨ ਕੌਰ ਅਤੇ ਕੇ ਦੀਪ, ‘ਪਰਦੇਸੀਆਂ ਨੂੰ ਯਾਦ ਕਰਕੇ ਨੀਂ ਕਾਹਨੂੰ ਅੱਥਰੂ ਵਹਾਉਂਦੀ’ ਨਾਲ ਦਿਲਸ਼ਾਦ ਅਖ਼ਤਰ, ‘ਟੁੱਟੇ ਦਿਲ ਨ੍ਹੀਂ ਜੁੜਦੇ, ਦੇਖੀ ਤੋੜੀਂ ਨਾ’ ਨਾਲ ਧਰਮਪ੍ਰੀਤ ਅਤੇ ‘ਤੂਤਕ ਤੂਤਕ ਤੂਤੀਆਂ’ ਗੀਤ ਨਾਲ ਮਸ਼ਹੂਰ ਹੋਇਆ ਗਾਇਕ ਮਲਕੀਤ ਇੰਗਲੈਂਡ ਦੀ ਮਹਾਰਾਣੀ ਤੋਂ ਪ੍ਰਸੰਸਾ ਪੱਤਰ ਲੈ ਆਇਆ ਸੀ। ‘ਦੇ ਦੇ ਗੇੜਾ’ ਵਾਲੇ ਇੱਕੋ ਗੀਤ ਨੇ ਬਲਬੀਰ ਬੋਪਾਰਾਏ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਮਿੱਠੀ ਆਵਾਜ਼ ਲਈ ਕਲੇਰ ਕੰਠ ਤੇ ਪਰਿਵਾਰਕ ਗੀਤ ਗਾਉਣ ਵਾਲਾ ਪਾਲੀ ਦੇਤ ਵਾਲੀਆ ਗਾਇਕਾਂ ਦੇ ਤੌਰ ’ਤੇ ਯਾਦ ਰੱਖੇ ਜਾਣਗੇ। ‘ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ’ ਅਤੇ ‘ਤੇਰੇ ਵਿਆਹ ਦਾ ਕਾਰਡ’ ਗੀਤਾਂ ਨਾਲ ਰਣਜੀਤ ਮਨੀ ਵੀ ਗਾਇਕੀ ਦੇ ਪਿੜ ਵਿੱਚ ਕੁੱਦਿਆ ਸੀ।ਵਰਤਮਾਨ ਸਮੇਂ ਦੇ ਗਾਇਕਾਂ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਦਾ ਜ਼ਿਕਰ ਜ਼ਰੂਰੀ ਹੈ। ਗਾਇਕੀ ਨੂੰ ਨਵੀਆਂ ਦਿਸ਼ਾਵਾਂ ਦੇਣ ਵਾਲੇ ਟਰੈਂਡ ਸੈਟਰ ਦੇ ਤੌਰ ’ਤੇ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਐਮੀ ਵਿਰਕ, ਕੰਵਰ ਗਰੇਵਾਲ, ਰਣਜੀਤ ਬਾਵਾ, ਤਰਸੇਮ ਜੱਸੜ, ਸਤਿੰਦਰ ਸਰਤਾਜ ਤੇ ਨਛੱਤਰ ਗਿੱਲ ਵਰਗਿਆਂ ਦਾ ਵੀ ਆਪਣਾ ਸਮਾਂ ਸੀ ਤੇ ਹੈ।

 

ਜਗਦੇਵ ਸ਼ਰਮਾ