ਨਵੀਂ ਕਿਤਾਬ “ਕੌਰਨਾਮਾ: ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ” ਪਿੰਡ ਪੰਜਵੜ੍ਹ ਵਿਖੇ ਜਾਰੀ

ਨਵੀਂ ਕਿਤਾਬ “ਕੌਰਨਾਮਾ: ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ” ਪਿੰਡ ਪੰਜਵੜ੍ਹ ਵਿਖੇ ਜਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ: 1980-90ਵਿਆਂ ਦੀ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਸਿੱਖ ਬੀਬੀਆਂ ਦੀ ਦਾਸਤਾਨ ਬਿਆਨ ਕਰਦੀ ਨਵੀਂ ਕਿਤਾਬ “ਕੌਰਨਾਮਾ: ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ” ਲੰਘੀ 6 ਮਈ ਨੂੰ ਪਿੰਡ ਪੰਜਵੜ੍ਹ ਵਿਖੇ ਹੋਏ ਇੱਕ ਸ਼ਹੀਦੀ ਸਮਾਗਮ ਦੌਰਾਨ ਜਾਰੀ ਕੀਤੀ ਗਈ। ਇਹ ਸਮਾਗਮ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਪਹਿਲੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਪੰਜਵੜ੍ਹ ਸਥਿਤ ਗੁਰਦੁਆਰਾ ਸ਼ਹੀਦਾਂ ਵਿਖੇ ਕਰਵਾਇਆ ਗਿਆ ਸੀ। ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਗਈ ਇਹ ਕਿਤਾਬ ਸਿੱਖ ਆਜ਼ਾਦੀ ਲਹਿਰ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੀਆਂ ਬੀਬੀਆਂ ਦੀਆਂ ਜੀਵਨੀਆਂ ਉੱਪਰ ਅਧਾਰਿਤ ਹੈ। 

ਸ਼ਹੀਦ ਸਿੱਖ ਬੀਬੀਆਂ ਦੇ ਇਤਿਹਾਸ ਨੂੰ ਸਾਂਭਣ ਅਤੇ ਨਵੀਂ ਪੀੜੀ ਸਾਹਮਣੇ ਪੇਸ਼ ਕਰਨ ਦਾ ਇਹ ਕਾਰਜ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪ੍ਰੇਰਨਾ ਨਾਲ ਸ਼ੁਰੂ ਹੋਇਆ ਸੀ। ਉਨਾਂ ਦੀ ਸ਼ਹਾਦਤ ਤੋਂ ਬਾਅਦ ਇਹ ਕਾਰਜ ਪੰਥ ਸੇਵਕ ਸ਼ਖਸ਼ੀਅਤ ਭਾਈ ਦਲਜੀਤ ਸਿੰਘ ਦੀ ਰਹਿਨੁਮਾਈ ਵਿੱਚ ਜਾਰੀ ਰਿਹਾ ਜਿਸ ਦੇ ਨਤੀਜੇ ਵਜੋਂ “ਕੌਰਨਾਮਾ” ਦਾ ਪਹਿਲਾ ਭਾਗ ਭਾਈ ਪੰਜਵੜ੍ਹ ਦੇ ਸ਼ਹੀਦੀ ਦਿਹਾੜੇ ਉੱਪਰ ਜਾਰੀ ਕੀਤਾ ਗਿਆ ਹੈ। 

ਸ਼ਹੀਦੀ ਸਮਾਗਮ ਦੌਰਾਨ ਕੌਰਨਾਮਾ ਕਿਤਾਬ ਪੰਥ ਸੇਵਕ ਸ਼ਖਸ਼ੀਅਤਾਂ ਭਾਈ ਦਲਜੀਤ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਦਲ ਖਾਲਸਾ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਅਤੇ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਭਰਾਵਾਂ ਵੱਲੋਂ ਸਾਂਝੇ ਤੌਰ ਉੱਤੇ ਜਾਰੀ ਕੀਤੀ ਗਈ। 

ਇਸ ਮੌਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਸਦਾ ਹੀ ਬੀਬੀਆਂ ਦੀ ਅਹਿਮ ਭੂਮਿਕਾ ਰਹੀ ਹੈ। ਉਹਨਾਂ ਕਿਹਾ ਕਿ ਖਾੜਕੂ ਸੰਘਰਸ਼ ਦੌਰਾਨ ਵੀ ਸਿੱਖ ਬੀਬੀਆਂ ਨੇ ਬਹੁਤ ਅਹਿਮ ਯੋਗਦਾਨ ਪਾਇਆ ਹੈ। ਜਿੱਥੇ ਬੀਬੀਆਂ ਨੇ ਰਣ ਤੱਤੇ ਵਿੱਚ ਜੂਝਦਿਆਂ ਸ਼ਹੀਦੀ ਰੁਤਬੇ ਹਾਸਿਲ ਕੀਤੇ ਉੱਥੇ ਖਾੜਕੂ ਸਿੰਘਾਂ ਦੀ ਸੇਵਾ ਸੰਭਾਲ ਤੇ ਅਰਦਾਸਾਂ ਦੇ ਰੂਪ ਵਿੱਚ ਸਿੱਖ ਬੀਬੀਆਂ ਨੇ ਵੱਡੀ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਤੀਜੇ ਘੱਲੂਘਾਰੇ ਤੋਂ ਬਾਅਦ ਲੜੀ ਗਈ ਅਸਾਵੀਂ ਜੰਗ ਵਿੱਚ ਸਿੱਖ ਬੀਬੀਆਂ ਦੀ ਸੱਚੀ ਸੁੱਚੀ ਅਰਦਾਸ ਜੁਝਾਰੂਆਂ ਦਾ ਬਹੁਤ ਵੱਡਾ ਆਸਰਾ ਸੀ। ਇਹ ਜੰਗ ਗੁਰੂ ਮਹਾਰਾਜ ਦੀ ਕਿਰਪਾ ਅਤੇ ਸੰਗਤਾਂ ਦੀਆਂ ਅਰਦਾਸਾਂ ਦੇ ਆਸਰੇ ਨਾਲ ਹੀ ਲੜੀ ਗਈ। 

ਇਸ ਮੌਕੇ ਭੇਜੇ ਇੱਕ ਲਿਖਤੀ ਸੁਨੇਹੇ ਵਿੱਚ ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਮੀਤ ਸਿੰਘ ਖੁਨਿਆਣ ਨੇ ਕਿਹਾ ਕਿ ਸ਼ਹੀਦ ਸਿੱਖ ਬੀਬੀਆਂ ਦਾ ਇਤਿਹਾਸ ਲਿਖ ਕੇ ਸੰਗਤਾਂ ਸਾਹਮਣੇ ਲਿਆਉਣ ਦਾ ਫੁਰਨਾ ਭਾਈ ਪਰਮਜੀਤ ਸਿੰਘ ਪੰਜਵੜ੍ਹ ਦਾ ਸੀ। ਉਹਨਾਂ ਕਿਹਾ ਕਿ ਭਾਈ ਪੰਜਵੜ ਦੀ ਸ਼ਹਾਦਤ ਤੋਂ ਬਾਅਦ ਅਸੀਂ ਉਹਨਾ ਵੱਲੋਂ ਸੌਂਪੀ ਇਸ ਜਿੰਮੇਵਾਰੀ ਨੂੰ ਪੂਰਾ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਇਹ ਕਾਰਜ ਅਗਾਹ ਵੀ ਜਾਰੀ ਰਹੇਗਾ।