ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿਚੋਂ ਗਾਇਬ ਪੰਜਾਬ ਤੇ ਪੰਥ ਦੇ ਮੁੱਦੇ ਬਨਾਮ ਅਕਾਲੀ ਦਲ
1980 ਦੇ ਦਹਾਕੇ ਤੱਕ ਪੰਜਾਬ ਖੇਤੀ 'ਚ ਨੰਬਰ ਇਕ 'ਤੇ ਰਿਹਾ ਅਤੇ ਉਦਯੋਗ ਵਿਚ ਦੂਜੇ ਸਥਾਨ 'ਤੇ ਸੀ।
ਇਸ ਦਹਾਕੇ ਦੇ ਸੰਤਾਪ ਦੌਰ ਨੇ ਪੰਜਾਬ ਨੂੰ ਝੰਜੋੜਿਆ ਪਰ ਉਸ ਵਿਚੋਂ ਵੀ ਇਹ ਉਭਰ ਆਇਆ। ਇਸ ਤੋਂ ਬਾਅਦ ਜਦੋਂ ਦੀ ਸਦੀ ਬਦਲੀ ਹੈ, ਪੰਜਾਬ ਦਿਨ-ਬ-ਦਿਨ ਹੇਠਾਂ ਵੱਲ ਨੂੰ ਜਾ ਰਿਹਾ ਹੈ ਅਤੇ ਅੱਜ ਹਾਲਾਤ ਇਹ ਹਨ ਕਿ ਪੰਜਾਬ ਅਰਥ-ਵਿਵਸਥਾ ਦੇ ਹਿਸਾਬ ਨਾਲ 16ਵੇਂ ਸਥਾਨ 'ਤੇ ਪਹੁੰਚ ਚੁੱਕਾ ਹੈ। ਇਸ ਸਥਿਤੀ ਦਾ ਜਦੋਂ ਵਿਸ਼ਲੇਸ਼ਣ ਕਰਦੇ ਹਾਂ ਤਾਂ ਕਈ ਕਾਰਨ ਸਾਹਮਣੇ ਆਉਂਦੇ ਹਨ। ਇਨ੍ਹਾਂ 'ਚੋਂ ਸਭ ਤੋਂ ਵੱਡਾ ਕਾਰਨ ਹੈ ਸਿਆਸੀ ਪਾਰਟੀਆਂ 'ਚ ਆ ਰਿਹਾ ਨਿਘਾਰ ਤੇ ਅਕਾਲੀ ਦਲ ਦਾ ਕਿਸਾਨੀ,ਪੰਜਾਬ ਤੇ ਪੰਥਕ ਮੁਦੇ ਤਿਆਗਣਾ ਤੇ ਸਿਰਫ ਸਤਾ ਵਲ ਧਿਆਨ ਕੇਂਦਰਿਤ ਕਰਨਾ। ਬਾਕੀ ਦੀਆਂ ਅਲਾਮਤਾਂ ਇਸੇ ਸਥਿਤੀ ਦੀ ਪੈਦਾਵਾਰ ਹਨ।
ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁਕਾ ਹੈ। ਸੂਬੇ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਇਕ ਦੂਜੇ ’ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ।ਅੱਜ ਇਉਂ ਲੱਗਦਾ ਹੈ, ਜਿਵੇਂ ਪੰਜਾਬ ਵਿਚ ਲੀਡਰਾਂ ਦੀ ਘਾਟ ਪੈ ਗਈ ਹੋਵੇ। ਪਾਰਟੀਆਂ ਜਾਂ ਤਾਂ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਪਣੇ ਵੱਲ ਖਿੱਚ ਕੇ ਟਿਕਟਾਂ ਦੇ ਰਹੀਆਂ ਹਨ ਜਾਂ ਫਿਰ ਆਪਣੇ ਹੀ ਮੰਤਰੀਆਂ ਜਾਂ ਐੱਮ.ਐੱਲ.ਏਜ਼ ਨੂੰ ਟਿਕਟਾਂ ਦੇ ਰਹੀਆਂ ਹਨ। ਕਈ ਲੀਡਰ ਇਕ ਪਾਰਟੀ ਦੀ ਮਿਲੀ ਟਿਕਟ ਛੱਡ ਕੇ ਦੂਜੀ ਪਾਰਟੀ ਤੋਂ ਟਿਕਟ ਲੈ ਰਹੇ ਹਨ। ਇਸ ਨਾਲ ਉਨ੍ਹਾਂ ਦੀ ਪਾਰਟੀ ਦੀ ਸਾਖ ਤਾਂ ਡਿੱਗਦੀ ਹੀ ਹੈ ਪਰ ਨਾਲ ਹੀ ਪਾਰਟੀ ਲੀਡਰਸ਼ਿਪ 'ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਦਲ ਬਦਲੀ ਦੇ ਰੁਝਾਨ ਕਾਰਣ ਆਮ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਪੰਜਾਬ ਵਿਚ ਇਮਾਨਦਾਰ, ਸੂਝਵਾਨ, ਨਿਰਸਵਾਰਥ ਸੱਚੇ-ਸੁੱਚੇ ਲੀਡਰਾਂ ਦਾ ਕਾਲ ਪੈ ਗਿਆ ਹੈ। ਲੋਕਾਂ ਨੂੰ ਇਹ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਕਿ ਆਖਰ ਵੋਟ ਕਿਸ ਨੂੰ ਪਾਈਏ?
ਪੰਜਾਬ, ਜੋ ਕਿ ਇਸ ਵੇਲੇ ਇਕ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਿਹਾ ਹੈ, ਦੀ ਨੌਜਵਾਨ ਪੀੜ੍ਹੀ ਤੇ ਕਿਸਾਨੀ 'ਚ ਵੱਡੀ ਬੇਚੈਨੀ ਹੈ ਤੇ ਨੌਜਵਾਨ ਪੀੜ੍ਹੀ ਵੱਡੇ ਪੱਧਰ 'ਤੇ ਦੂਜੇ ਦੇਸ਼ਾਂ ਵੱਲ ਪ੍ਰਵਾਸ ਕਰ ਰਹੀ ਹੈ ।ਪੰਜਾਬ ਨਸ਼ਿਆਂ, ਰੁਜ਼ਗਾਰ ਦੇ ਸਾਧਨ ਸੁੰਗੜ ਜਾਣ ਤੇ ਵਿੱਦਿਅਕ ਸਹੂਲਤਾਂ ਦੇ ਸਮੇਂ ਦੇ ਹਾਣੀ ਨਾ ਬਣਨ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਤੇ ਚੰਡੀਗੜ੍ਹ, ਦਰਿਆਈ ਪਾਣੀ, ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਰਾਜਾਂ ਨੂੰ ਵਧੇਰੇ ਅਧਿਕਾਰ ਦੇਣ ਵਰਗੇ ਮੁੱਦਿਆਂ ਨੂੰ , ਜੋ ਪੰਜਾਬ ਦੇ ਲੋਕਾਂ ਦੇ ਮਨਾਂ ਤੇ ਦਿਲਾਂ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਰਾਜਨੀਤਕ ਪਾਰਟੀਆਂ ਕੋਈ ਮਹੱਤਤਾ ਹੀ ਨਹੀਂ ਦੇ ਰਹੀਆਂ ।
ਹੈਰਾਨੀ ਇਸ ਗਲ ਦੀ ਹੈ ਕਿ ਸੂਬੇ ਦੇ ਅਸਲ ਮੁੱਦਿਆਂ ਬਾਰੇ ਕੋਈ ਚਰਚਾ ਨਹੀਂ ਕਰ ਰਿਹਾ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜ਼ਮੀਨੀ ਪਾਣੀ ਘਟਦਾ ਜਾ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਭਵਿੱਖ ਵਿੱਚ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਥੋਂ ਦੀ ਉਪਜਾਊ ਜ਼ਮੀਨ ਬੰਜਰ ਹੁੰਦੀ ਜਾ ਰਹੀ ਹੈ। ਕਿਸਾਨ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਕਿਸਾਨ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਰੁਕ ਨਹੀਂ ਰਹੀਆਂ। ਕਿਸਾਨੀ ਮੁਦਿਆਂ ਕਾਰਣ ਭਾਜਪਾ ਉਮੀਦਵਾਰਾਂ ਦੇ ਘਿਰਾਓ ਜਾਰੀ ਹਨ।ਪਿੰਡਾਂ ਵਿਚ ਭਾਜਪਾ ਉਮੀਦਵਾਰਾਂ ਦੇ ਬਾਈਕਾਟ ਦਾ ਸੱਦਾ ਦਿਤਾ ਜਾ ਰਿਹਾ ਹੈ।ਪਰ ਇਸ ਮਾਮਲੇ ਵਿਚ ਚੰਗੀ ਗਲ ਇਹ ਹੈ ਕਿ ਸ੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬ ਦੇ ਮੁਦਿਆਂ ਵਲ ਕੇਂਦਰਿਤ ਹੋ ਗਿਆ ਹੈ। ਕਾਂਗਰਸ,ਆਪ ਤੇ ਭਾਜਪਾ ਉਸਦੇ ਨਿਸ਼ਾਨੇ ਉਪਰ ਹਨ। ਜੇਕਰ ਉਹ ਖਡੂਰ ਸਾਹਿਬ ਦੀ ਸੀਟ ਤੋਂ ਆਪਣਾ ਉਮੀਦਵਾਰ ਅੰਮ੍ਰਿਤ ਪਾਲ ਸਿੰਘ ਦੇ ਹਕ ਵਿਚ ਬਿਠਾ ਲਵੇ ਤਾਂ ਉਸਦਾ ਪੰਥ ਵਿਚ ਵਿਸ਼ਵਾਸ ਬਹਾਲ ਹੋ ਸਕਦਾ ਹੈ।ਇਸ ਦਾ ਕਾਰਣ ਹੈ ਕਿ ਅਕਾਲੀ ਦਲ ਦਾ ਹਾਲੇ ਤਕ ਕੋਈ ਬਦਲ ਨਹੀਂ ਜੋ ਪੰਜਾਬ ਦੇ ਹਿਤਾਂ ਦੀ ਰਾਖੀ ਕਰ ਸਕੇ।ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਵਲੋਂ ਭਾਜਪਾ ਨੂੰ ਘੇਰਨਾ ਕਿ ਉਹ ਪੰਥਕ ਸੰਸਥਾਵਾਂ ਉਪਰ ਕਬਜੇ ਕਰ ਰਹੀ ਹੈ।ਸਿਖ ਜਗਤ ਸੁਚੇਤ ਹੋਵੇ।ਇਹ ਸਹੀ ਪਹੁੰਚ ਹੈ।ਪੰਥਕ ਸੰਸਥਾਵਾਂ ਦੀ ਰਾਖੀ ਵੀ ਅਕਾਲੀ ਦਲ ਕਰ ਸਕਦਾ ਹੈ।ਇਹ ਰਾਖੀ ਕੇਂਦਰੀ ਪਾਰਟੀਆਂ ਨਹੀਂ ਕਰ ਸਕਦੀਆਂ।ਛੋਟੇ ਪੰਥਕ ਧੜਿਆਂ ਤੋਂ ਵੀ ਇਹ ਆਸ ਨਹੀਂ ਰਖੀ ਜਾ ਸਕਦੀ।ਕਿਉਂ ਪੰਥਕ ਧੜੇ ਸੰਗਰੂਰ ਤੇ ਖਡੂਰ ਸਾਹਿਬ ਤਕ ਸੀਮਤ ਰਹਿ ਗਏ ਹਨ।ਚੰਗਾ ਹੁੰਦਾ ਇਸ ਸੰਕਟ ਦੌਰਾਨ ਪੰਥਕ ਧੜੇ ਤੇ ਅਕਾਲੀ ਦਲ ਮਿਲਕੇ ਚੋਣ ਲੜਦੇ ਤੇ ਪੰਜਾਬ ਹਿਤੂ ਵਧੀਆ ਏਜੰਡਾ ਤਹਿ ਕਰਦੇ।
ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਵੱਡੀ ਗਿਣਤੀ ਨੌਜਵਾਨ ਪਰਵਾਸ ਕਰ ਰਹੇ ਹਨ। ਇਨ੍ਹਾਂ ਬਾਰੇ ਸਾਰੀਆਂ ਰਾਜਸੀ ਪਾਰਟੀਆਂ ਚੁੱਪ ਹਨ। ਕੇਂਦਰ ਸਰਕਾਰ ਦੇ ਕਈ ਫੈਸਲਿਆਂ ਕਾਰਨ ਰਾਜਾਂ ਦੇ ਅਧਿਕਾਰ ਸੰਕਟ ਵਿੱਚ ਪਏ ਹੋਏ ਹਨ। ਕੇਂਦਰ ਸਰਕਾਰ ਵੱਲੋਂ ਸਰਹੱਦੀ ਖੇਤਰ ਵਿੱਚ ਬੀਐੱਸਐੱਫ ਦਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨਾਲ ਸਬੰਧਤ ਵਧੇਰੇ ਮੁੱਦੇ ਹਨ, ਜਿਨ੍ਹਾਂ ਬਾਰੇ ਕੋਈ ਵੀ ਰਾਜਸੀ ਪਾਰਟੀ ਗੱਲ ਕਰਨ ਲਈ ਤਿਆਰ ਨਹੀਂ। ਪਰ ਅਕਾਲੀ ਦਲ ਤੋਂ ਆਸ ਹੈ ਕਿ ਉਹ ਆਪਣੇ ਚੋਣ ਘੋਸ਼ਣਾ ਪੱਤਰ ਵਿੱਚ ਇਨ੍ਹਾਂ ਮੁੱਦਿਆਂ ਨੂੰ ਜ਼ਰੂਰ ਚੁੱਕਣਗੇ।ਅਕਾਲੀ ਦਲ ਨੂੰ ਨਿਰਸਵਾਰਥ ਹੋਕੇ ਲੋਕ-ਪੱਖੀ ਕੰਮ ਕਰਨ ਦੀ ਲੋੜ ਹੈ ਲੋਕ ਆਪੇ ਹੀ ਅਕਾਲੀ ਦਲ ਨੂੰ ਸਿਰ ਉੱਪਰ ਚੁੱਕ ਲੈਣਗੇ।
ਰਜਿੰਦਰ ਸਿੰਘ ਪੁਰੇਵਾਲ
Comments (0)