ਇਹ ਝੂਠ ਦੀ ਹਨ੍ਹੇਰੀ ਕਿਉਂ?
ਪਿਛਲੇ ਦਿਨੀ ਇੱਕ ਗਾਉਣ ਵਾਲੇ ਦੀ ਫਿਲਮ ਆਉਣ ਨਾਲ ਪੰਜਾਬ ਅਤੇ ਇੰਡੀਆ ਵਿੱਚ ਵੱਡੀ ਪੱਧਰ ’ਤੇ ਚਰਚਾ ਛਿੜੀ ਹੋਈ ਹੈ।
ਇਸ ਚਰਚਾ ਵਿੱਚ ਕਈ ਪਹਿਲੂ ਅਤੇ ਕਈ ਮੁੱਦਿਆਂ ਨੂੰ ਉਛਾਲ ਕੇ ਲੋਕਾਂ ਨੂੰ ਵੰਡਣ ਦੇ ਰਾਹ ’ਤੇ ਤੋਰਿਆ ਜਾ ਰਿਹਾ ਹੈ। ਲੋਕਾਂ ਦੀ ਏਕਤਾ ਤੋੜ ਕੇ ਆਮ ਲੋਕਾਂ ਦੇ ਮਨਾਂ ਵਿਚ ਨਫਰਤ ਅਤੇ ਵੰਡ ਦੇ ਬੀਜ ਬੀਜਣ ਦੀ ਪਿਛਲੇ ਸਾਲਾਂ ਤੋਂ ਚੱਲ ਰਹੀ ਇਸ ਕੋਸ਼ਿਸ ਦੀ ਹੁਣ ਲੋਕਾਂ ਨੂੰ ਸਮਝਣ ਦੀ ਲੋੜ ਹੈ। ਫਿਲਮ ‘ਚਮਕੀਲਾ’ ਦੇ ਨਾਲ ਚੱਲ ਰਹੀ ਇਸ ਬਹਿਸ ਵਿਚੋਂ ਲੋਕ, ਸਰਕਾਰ ਦੁਆਰਾ ਵੰਡੀਆਂ ਪਾਉਣ ਦੀ ਨੀਤੀ ਨੂੰ ਵੇਖ ਰਹੇ ਹਨ, ਇਸ ਫਿਲਮ ਨੂੰ ਸਰਕਾਰ ਦੁਆਰਾ ਲੋਕਾਂ ਦੇ ਮਨਾਂ ਵਿਚ ਸਿੱਖਾਂ ਪ੍ਰਤੀ ਨਫਰਤ ਪੱਕੀ ਕਰਨ, ਸਿੱਖਾਂ ਨੂੰ ਨਿਸ਼ਾਨੇ ’ਤੇ ਲਿਆਉਣ, ਪੰਜਾਬੀ ਸੱਭਿਆਚਾਰ ਨੂੰ ਇੱਕ ਰੂੜੀਵਾਦੀ ਸੱਭਿਆਚਾਰ ਵਜੋਂ ਪੇਸ਼ ਕਰਨ, ਜਾਤੀਵਾਦ ਵਧਾਉਣ ਦੇ ਇੱਕ ਕਦਮ ਵਜੋਂ ਵੇਖ ਰਹੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ 1984 ਅਤੇ ਉਸ ਤੋਂ ਬਾਅਦ ਸਿੱਖਾਂ ਅਤੇ ਇੰਡੀਆ ਵਿਚਕਾਰ ਵੱਡੀ ਜੰਗ ਹੋਈ (ਜੋ ਹੁਣ ਵੀ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹੈ)। ਜਿਸ ਵਿਚ ਦੋਵੇਂ ਧਿਰਾਂ ਨੇ ਇੱਕ ਦੂਜੇ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸਾਂ ਕੀਤੀਆਂ। ਸਰਕਾਰ ਵਲੋਂ ਇਸ ਜੰਗ ਦੇ ਪ੍ਰਤੀ ਚਾਹੇ ਕਿਸੇ ਘਟਨਾ ਨੂੰ ਉਛਾਲ ਕੇ, ਚਾਹੇ ਗੀਤ ਅਤੇ ਫ਼ਿਲਮਾਂ ਰਾਹੀ ਸਿੱਖਾਂ ਦੀ ਜੰਗ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਣ ਦੇ ਹਮੇਸ਼ਾ ਯਤਨ ਹੁੰਦੇ ਰਹੇ ਹਨ। ਇਸ ਫਿਲਮ ਨੂੰ ਵੀ ਉਸੇ ਪ੍ਰਾਪੇਗੰਡੇ ਦੀ ਲਗਾਤਾਰਤਾ ਦੇ ਵਿੱਚ ਦੇਖਣਾ ਚਾਹੀਦਾ ਹੈ ਅਤੇ ਇਹ ਵੀ ਵੇਖਣਾ ਚਾਹੀਦਾ ਹੈ ਕਿ ਫਿਲਮ ਦੇ ਆਉਣ ਕਰਕੇ ਲੋਕਾਂ ਵਿਚ ਵੰਡ ਪੈਣ ਨਾਲ ਕਿਸ ਧਿਰ ਨੂੰ ਫਾਇਦਾ ਹੋ ਰਿਹਾ ਹੈ। ਇਸ ਫਾਇਦੇ ਨੁਕਸਾਨ ਦੀ ਪਛਾਣ ਹੁੰਦਿਆਂ ਹੀ ਇਸ ਘਟਨਾ ਨੂੰ ਉਭਾਰਨ ਵਾਲੀ ਧਿਰ ਦਾ ਮਕਸਦ ਸਪਸ਼ਟ ਹੋਣਾ ਦਿਖਾਈ ਦੇਣ ਲੱਗ ਜਾਵੇਗਾ। 1984 ਤੋਂ ਪਹਿਲਾਂ ਘਟਨਾਵਾਂ ਦੀ ਇੱਕ ਵੱਡੀ ਸੂਚੀ ਬਣਦੀ ਹੈ, ਜਿਸ ਦੇ ਚੱਲਦਿਆਂ ਸੰਤ ਜਰਨੈਲ ਸਿੰਘ ਜੀ ਸਿੱਖਾਂ ਦੇ ਵੱਡੇ ਹਿੱਸੇ ਦੇ ਨਾਲ ਇਸ ਜੰਗ ਨੂੰ ਹੋਰ ਮਘਾਉਂਦਿਆ ਅਕਾਲ ਤਖਤ ਸਾਹਿਬ ਤੋਂ ਅਦੁੱਤੀ ਸ਼ਹਾਦਤ ਦਿੰਦੇ ਹਨ। ਇਸ ਸ਼ਹੀਦੀ ਤੋਂ ਬਾਅਦ ਵੀ ਸਿੱਖ ਬੜੀ ਸ਼ਿੱਦਤ ਦੇ ਨਾਲ ਲੜਦਿਆਂ 90 ਦੇ ਦਹਾਕੇ ਦੇ ਅਖੀਰ ਤੱਕ ਇੰਡੀਆ ਨਾਲ ਸਿੱਧੀ ਹਥਿਆਰਬੰਦ ਟੱਕਰ ਵਿਚ ਰਹਿੰਦੇ ਹਨ। ਇੰਡੀਆ ਦੀ ਸਦਾ ਕੋਸ਼ਿਸ ਰਹਿੰਦੀ ਹੈ ਕਿ ਇਸ ਜੰਗ ਨੂੰ, ਸੰਤ ਜਰਨੈਲ ਸਿੰਘ ਜੀ ਦੀ ਸ਼ਹੀਦੀ ਨੂੰ, ਸਿੱਖਾਂ ਦੀ ਸ਼ਹੀਦੀਆਂ ਅਤੇ ਉਨ੍ਹਾਂ ਦੇ ਕਿਰਦਾਰਾਂ ਨੂੰ ਲੋਕਾਂ ਦੇ ਦਿਲਾਂ ਵਿੱਚੋ ਕੱਢ ਦਿੱਤਾ ਜਾਵੇ ਜਾਂ ਸ਼ੱਕ ਪੈਦਾ ਕਰ ਦਿੱਤਾ ਜਾਵੇ। ਇਸ ਕੰਮ ਲਈ ਇੰਡੀਆ ਨੇ ਸਦਾ ਹੀ ਆਪਣੇ ਅਖਬਾਰ, ਆਪਣੇ ਟੀਵੀ, ਇੰਟਰਨੈਟ ਅਤੇ ਹੋਰ ਸਾਧਨਾਂ ਰਾਹੀਂ ਸਿੱਖਾਂ ਪ੍ਰਤੀ ਝੂਠ ਫੈਲਾਉਣ ਅਤੇ ਲੋਕਾਂ ਦੇ ਕੰਨ ਭਰਨ ਦੀ ਕੋਸ਼ਿਸ ਕੀਤੀ ਹੈ। ਪਰ ਸਿੱਖ ਆਪਣੇ ਸ਼ਹੀਦਾਂ ਨੂੰ ਬੜੇ ਮਾਣ ਅਤੇ ਸਤਿਕਾਰ ਨਾਲ ਯਾਦ ਕਰਦੇ ਰਹੇ। ਇਸ ਫਿਲਮ ਵਿੱਚ ਸਿੱਖਾਂ ਨੂੰ ਇੱਕ ਕਲਾਕਾਰ ਦੇ ਕਾਤਲ ਦੇ ਤੌਰ ’ਤੇ ਦਿਖਾ ਕੇ ਭਾਵੁਕਤਾ ਦਾ ਜਾਲ ਪਾਉਣਾ ਅਤੇ ਅਸਲ ਤੱਥ ਲੁਕੋ ਲੈਣਾ, ਇਸ ਫਿਲਮ ਨੂੰ ਝੂਠੇ ਪ੍ਰਚਾਰ ਦੇ ਇੱਕ ਸਾਧਨ ਦੇ ਤੌਰ ’ਤੇ ਪੇਸ਼ ਕਰਦੀ ਹੈ। ਸਰਕਾਰ ਦਾ ਝੂਠੀ ਜਾਣਕਾਰੀ ਅਤੇ ਝੂਠੀਆਂ ਖ਼ਬਰਾਂ ਫੈਲਾਉਣ ਵਿੱਚ ਸਦਾ ਹੀ ਹੱਥ ਉਪਰ ਰਿਹਾ ਹੈ, ਦੂਸਰਾ ਇੰਡੀਆ ਵਿਚ ਵੱਡੀ ਪੱਧਰ ’ਤੇ ਸਰਕਾਰ ਲੋਕਾਂ ਨੂੰ ਗੁਮਰਾਹ ਕਰਕੇ ਆਪਣੇ ਹੱਕ ਵਿੱਚ ਭੁਗਤਾਉਣ ਵਿਚ ਹਮੇਸ਼ਾ ਹੀ ਕਾਮਯਾਬ ਰਹੀ ਹੈ। ਦੂਸਰੇ ਪਾਸੇ ਸਿੱਖਾਂ ਨੇ ਇਸ ਝੂਠ ਦਾ ਮੁਕਾਬਲਾ ਸੱਚ ਦੇ ਨਾਲ ਕੀਤਾ ਹੈ, 40 ਵਰ੍ਹੇ ਬੀਤ ਜਾਣ ’ਤੇ ਵੀ ਸਿੱਖਾਂ ਦੇ ਦਿਲਾਂ ਵਿਚ ਆਪਣੇ ਸ਼ਹੀਦਾਂ ਦਾ ਮਾਣ ਸਤਿਕਾਰ ਬਹਾਲ ਹੈ।
ਸਿਰਫ ਇਹੀ ਨਹੀਂ, ਇਸ ਫਿਲਮ ਦੇ ਨਾਲ ਪੰਜਾਬੀ ਸੱਭਿਆਚਾਰ ਨੂੰ ਰੂੜੀਵਾਦੀ ਲੱਚਰਤਾ ਦੇ ਨਾਲ ਜੋੜ ਕੇ ਇਸ ਨੂੰ ਪੰਜਾਬੀ ਮੁੱਖਧਾਰਾ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਪੰਜਾਬੀ ਸਭਿਆਚਾਰ ਵਿੱਚ ਸਮਾਜਿਕ ਰੂਪ ਵਿੱਚ ਲੱਚਰਤਾ ਨੂੰ ਕੋਈ ਥਾਂ ਨਹੀਂ ਹੈ। ਪੂਰੀ ਦੁਨੀਆਂ ਵਿੱਚ ਜਿੱਥੇ ਔਰਤ ਨੂੰ ਇੱਕ ਨੁਮਾਇਸ਼ ਅਤੇ ਭੋਗਣ ਦੀ ਵਸਤੂ ਵਜੋਂ ਪੇਸ਼ ਕੀਤੇ ਜਾਣ ਦਾ ਰੁਝਾਨ ਸੀ ਅਤੇ ਹੈ, ਓਥੇ ਪੰਜਾਬੀ ਸਭਿਆਚਾਰ ਵਿੱਚ ਪਰਿਵਾਰ ਦੀਆਂ ਔਰਤਾਂ ਪ੍ਰਤੀ ਹੀ ਨਹੀਂ, ਹਰ ਔਰਤ ਨੂੰ ਸਤਿਕਾਰ ਅਤੇ ਧੀ, ਭੈਣ, ਮਾਂ ਵਜੋਂ ਸਮਝਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਫਿਲਮ ਦੇ ਰਾਹੀਂ ਪੰਜਾਬੀ ਬੋਲੀ ਅਤੇ ਸਭਿਆਚਾਰ ਨੂੰ ਮੈਲਾ ਕਰਨ ਦਾ ਰੁਝਾਨ ਵੀ ਸਪਸ਼ਟ ਰੂਪ ਵਿੱਚ ਦਿਖਾਈ ਦਿੰਦਾ ਹੈ। ਫਿਲਮ ਵਿੱਚ ਚਮਕੀਲਾ ਨੂੰ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਅਤੇ ਉਸਦੀ ਸਹਿ ਗਾਇਕਾ ਨਾਲ ਵਿਆਹ ਨੂੰ ਅਧਾਰ ਬਣਾ ਕੇ ਜ਼ਿਮੀਦਾਰਾਂ ਹੱਥੋਂ ਕਤਲ ਹੁੰਦਿਆਂ ਦਿਖਾਉਣਾ ਵੀ ਲੋਕਾਂ ਅੰਦਰ ਜਾਤੀਵਾਦ ਦੇ ਨਾਮ ’ਤੇ ਵੰਡ ਨੂੰ ਵਧਾਉਣ ਅਤੇ ਵੰਡ ਨੂੰ ਹੋਰ ਪੱਕਿਆਂ ਕਰਨ ਦਾ ਰਾਹ ਬਣਾਉਂਦਾ ਹੈ। ਉਂਝ ਭਾਵੇਂ ਪੰਜਾਬ ਵਿੱਚ ਨਾ ਤੇ ਜਗੀਰਦਾਰੂ ਵਿਵਸਥਾ ਹੈ, ਅਤੇ ਨਾ ਹੀ ਇੰਡੀਆਂ ਦੇ ਹੋਰਨਾਂ ਰਾਜਾਂ ਵਰਗਾ ਜਾਤੀਵਾਦ ਹੀ ਹੈ।
ਫ਼ਿਲਮਾਂ ਉਂਝ ਲੋਕਾਂ ਦੀ ਸਮਝ ਮੁਤਾਬਿਕ ਭਾਵੇਂ ਮਨੋਰੰਜਨ ਲਈ ਹੀ ਬਣਾਈਆਂ ਜਾਂਦੀਆਂ ਹਨ, ਪਰ ਇਹ ਸਿਰਫ ਮਨੋਰੰਜਨ ਹੀ ਨਹੀਂ ਕਰਦੀਆਂ। ਤਾਕਤਵਰ ਧਿਰਾਂ ਸਿਨਮੇ ਫ਼ਿਲਮਾਂ ਦੇ ਰਾਹੀਂ ਲੋਕਾਂ ਦੇ ਖਿਆਲ ਨੂੰ ਬਦਲਣ ਤੱਕ ਦੀ ਸਮਰੱਥਾ ਵੀ ਰੱਖਦੀਆਂ ਹਨ। ਪੰਜਾਬ ਵਿੱਚ ਜਾਤੀਵਾਦ ਨੂੰ ਵਧਾਵਾ ਦੇਣਾ, ਜਾਤੀ ਦੇ ਨਾਮ ਉਪਰ ਲੋਕਾਂ ਨੂੰ ਵੰਡਣਾ ਅਤੇ ਇੱਕ ਦੂਜੇ ਦੇ ਖਿਲਾਫ ਨਫਰਤ ਪੈਦਾ ਕਰਨ ਲਈ ‘ਚਮਕੀਲਾ’ ਨਾਮ ਹੇਠ ਇਸ ਫਿਲਮ ਨੂੰ ਬਹੁਤ ਵਰਤਿਆ ਜਾ ਰਿਹਾ ਹੈ। ਪੰਜਾਬ ਵਿੱਚ ਬਹੁ ਗਿਣਤੀ ਵਿੱਚ ਸਿੱਖ ਹਨ, ਸਮਾਜਿਕ ਤੌਰ ’ਤੇ ਭਾਵੇਂ ਸਿੱਖ ਪੰਜਾਬ ਵਿੱਚ ਭਾਰੂ ਹਨ, ਪਰ ਰਾਜਨੀਤਕ ਤੌਰ ’ਤੇ ਉਨ੍ਹਾਂ ਧਿਰਾਂ ਦੇ ਅਧੀਨ ਹਨ, ਜਿਨ੍ਹਾਂ ਨੇ ਜਾਤੀਵਾਦ ਨੂੰ ਜਨਮ ਦਿੱਤਾ ਅਤੇ ਵਧਾਇਆ। ਸਦੀਆਂ ਬੀਤਣ ਬਾਅਦ ਵੀ ਜਾਤੀਵਾਦ ਜਿਨ੍ਹਾਂ ਧਿਰਾਂ ਵਲੋਂ ਜਿਉਂਦਾ ਰੱਖਿਆ ਗਿਆ, ਫ਼ਿਲਮਾਂ ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਉਹਨਾਂ ਧਿਰਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਅਤੇ ਜਿਨ੍ਹਾਂ ਨੇ ਇਸ ਜਾਤੀਵਾਦ ਖਿਲਾਫ ਲੜਾਈ ਕੀਤੀ ਅਤੇ ਲੋਕਾਂ ਦੇ ਵੱਡੇ ਹਿੱਸੇ ਨੂੰ ਇਸ ਗਿਲਾਨੀ ਵਿੱਚੋ ਕੱਢ ਕੇ ਚੜ੍ਹਦੀਕਲਾ ਦੇ ਨਾਲ ਰਹਿਣਾ ਸਿਖਾਇਆ, ਉਹੀ ਲੜਨ ਵਾਲੇ ਲੋਕਾਂ ’ਤੇ ਜਾਤੀਵਾਦ ਦਾ ਵਿਤਕਰਾ ਕਰਨ ਦਾ ਇਲਜ਼ਾਮ ਲਗਾਇਆ ਜਾਂਦਾ ਹੈ। ਇਹ ਫ਼ਿਲਮਾਂ ਅਤੇ ਪ੍ਰਚਾਰ ਦੀ ਦੁਰਵਰਤੋਂ ਹੈ, ਜਿਸ ਰਾਹੀਂ ਮਜ਼ਲੂਮਾਂ ਨੂੰ ਜਾਬਰ ਅਤੇ ਜਾਬਰਾਂ ਨੂੰ ਨਿਆਂ ਕਰਨ ਵਾਲੇ ਦਿਖਾਇਆ ਜਾ ਰਿਹਾ ਹੈ।
ਨਿਆਂ ਪਸੰਦ ਸਮਾਜ ਦੀਆਂ ਸਭ ਧਿਰਾਂ ਨੂੰ ਆਉਣ ਵਾਲੇ ਸਮੇਂ ਸਬੰਧੀ ਆਪਣੀ ਰਾਏ ਅਤੇ ਨਜ਼ਰੀਏ ਨੂੰ ਹੋਰ ਸਪਸ਼ਟ ਕਰਨ ਦੀ ਲੋੜ ਹੈ। ਪ੍ਰਚਾਰ ਰਾਹੀਂ ਲੋਕਾਂ ਉਪਰ ਹੋ ਰਹੇ ਅਸਰਾਂ ਨੂੰ ਸਮਝਣ ਦੀ ਲੋੜ ਹੈ। ਆਉਣ ਵਾਲੇ ਸਮੇਂ ਵਿੱਚ ਇਸ ਝੂਠ ਦੀ ਹਨੇਰੀ ਨੇ ਹੋਰ ਜ਼ੋਰ ਫੜਨਾ ਹੈ, ਹੁਣ ਸਮਾਂ ਹੈ ਕਿ ਲੋਕਾਈ ਏਸ ਝੂਠ ਦੇ ਪਸਾਰੇ ਸਿਨਮੇ, ਫੋਨ, ਮਨੋਰੰਜਨ ਨੂੰ ਤਿਆਗ ਕੇ ਸੱਚ ਦੇ ਥੰਮ ਨੂੰ ਫੜੇ ਤਾਂ ਇਸ ਹਨ੍ਹੇਰੀ ਤੋਂ ਬਚ ਕੇ ਨਿਕਲਿਆ ਜਾ ਸਕਦਾ ਹੈ।
ਸੰਪਾਦਕ
Comments (0)