ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਐਪਲ ਅਧਾਰਿਤ ਐਪ ਰਾਹੀਂ ਸੰਗਤਾਂ ਸੁਣ ਸਕਣਗੀਆਂ

ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਐਪਲ ਅਧਾਰਿਤ ਐਪ ਰਾਹੀਂ ਸੰਗਤਾਂ ਸੁਣ ਸਕਣਗੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ : ਦਰਬਾਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ। ਸ਼੍ਰੋਮਣੀ  ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ  ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਐਪਲ ਆਈਓਐੱਸ ਅਧਾਰਿਤ ਐਪਲੀਕੇਸ਼ਨ ਜਾਰੀ ਕੀਤੀ ਹੈ।

ਇਸ ਐਪ ਦਾ ਨਾਮ ‘ਐਸਜੀਪੀਸੀ ਗੁਰਬਾਣੀ ਕੀਰਤਨ’ ਹੈ, ਜੋ ਕਿ ਐਪਲ ਐਪਲੀਕੇਸ਼ਨ ਸਟੋਰ ਤੋਂ ਸ਼ਰਧਾਲੂ ਡਾਊਨਲੋਡ ਕਰ ਸਕਣਗੇ। ਐਪ ਜਾਰੀ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ  ਦਰਬਾਰ ਸਾਹਿਬ ਪੂਰੇ ਵਿਸ਼ਵ ਦੀਆਂ ਸੰਗਤਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਹਰ ਸ਼ਰਧਾਲੂ ਦੀ ਇਸ ਪਾਵਨ ਅਸਥਾਨ ਤੋਂ ਗੁਰਬਾਣੀ ਕੀਰਤਨ ਸਰਵਣ ਕਰਨ ਦੀ ਤਾਂਘ ਹੁੰਦੀ ਹੈ।ਸੰਗਤ ਦੀ ਇਸ ਭਾਵਨਾ ਦਾ ਸਤਿਕਾਰ ਕਰਦਿਆਂ ਐਪ ਜਾਰੀ ਕੀਤੀ ਗਈ ਹੈ, ਕਿਉਂਕਿ ਮੌਜੂਦਾ ਸਮੇਂ ਹਰ ਵਿਅਕਤੀ ਮੋਬਾਈਲ ਆਦਿ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਐਪਲ ਦੇ ਫੋਨ ਰੱਖਣ ਵਾਲਿਆਂ ਲਈ ਹੁਣੇ ਜਿਹੇ ਜਾਰੀ ਕੀਤੀ ਇਸ ਗੁਰਬਾਣੀ ਐਪ ਤੋਂ ਪਹਿਲਾਂ ਐਂਡ੍ਰਾਇਡ ਫੋਨ ਵਰਤਣ ਵਾਲਿਆਂ ਵਾਸਤੇ ਵੀ ਐਪ ਕਾਰਜਸ਼ੀਲ ਹੈ, ਜਿਸ ਨੂੰ ਸੰਗਤ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।