ਦਰਬਾਰ ਸਾਹਿਬ ਵਿਖੇ ਟਾਸਕ ਫੋਰਸ ਤੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਝੜਪ

ਦਰਬਾਰ ਸਾਹਿਬ ਵਿਖੇ ਟਾਸਕ ਫੋਰਸ ਤੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਝੜਪ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਉਸ ਸਮੇਂ ਝੜਪ ਹੋ ਗਈ ਜਦੋਂ ਮੁਤਵਾਜ਼ੀ ਜਥੇਦਾਰ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਆਗੂ ਮਾਸਟਰ ਜੌਹਰ ਸਿੰਘ ਖਿਲਾਫ਼ ਕਾਰਵਾਈ ਲਈ ਮੀਟਿੰਗ ਵਾਸਤੇ ਸ੍ਰੀ ਅਕਾਲ ਤਖ਼ਤ ‘ਤੇ ਜਾ ਰਹੇ ਸਨ। ਝੜਪ ਦੌਰਾਨ ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀ ਯੂਨਾਈਟਿਡ ਅਕਾਲੀ ਦਲ ਦੇ ਸਤਨਾਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨੈਲ ਸਿੰਘ ਸਖੀਰਾ ਅਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਬਿਜੈ ਸਿੰਘ ਤੇ ਟਾਸਕ ਫੋਰਸ ਦੇ ਅਮਰੀਕ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਧਿਰਾਂ ਵੱਲੋਂ ਪੁਲੀਸ ਕੋਲ ਸ਼ਿਕਾਇਤ ਵੀ ਕੀਤੀ ਗਈ ਹੈ। ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਵੱਲੋਂ ਮਾਸਟਰ ਜੌਹਰ ਸਿੰਘ ਨੂੰ ਤਲਬ ਕੀਤਾ ਗਿਆ ਸੀ। ਵੇਰਵਿਆਂ ਮੁਤਾਬਕ ਮਾਸਟਰ ਜੌਹਰ ਸਿੰਘ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ‘ਤੇ ਪੁੱਜ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਉਨ੍ਹਾਂ ਮਾਸਟਰ ਜੌਹਰ ਸਿੰਘ ਨੂੰ ਜਬਰੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਬਾਹਰ ਲੈ ਆਂਦਾ। ਇਸ ਦੌਰਾਨ ਜੋੜਾ ਘਰ ਨੇੜੇ ਮੁਤਵਾਜ਼ੀ ਜਥੇਦਾਰ ਅਤੇ ਉਨ੍ਹਾਂ ਦੇ ਸਮਰਥਕ ਵੀ ਪੁੱਜ ਚੁੱਕੇ ਸਨ। ਸਤਨਾਮ ਸਿੰਘ ਮਨਾਵਾਂ ਜਦੋਂ ਮੁੜ ਮਾਸਟਰ ਜੌਹਰ ਸਿੰਘ ਨੂੰ ਕਾਰਵਾਈ ਲਈ ਅੰਦਰ ਲੈ ਕੇ ਜਾਣ ਲੱਗਾ ਤਾਂ ਟਾਸਕ ਫੋਰਸ ਵੱਲੋਂ ਉਸ ਨੂੰ ਰੋਕਿਆ ਗਿਆ, ਜਿਥੇ ਤਕਰਾਰ ਮਗਰੋਂ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਵਿਚ ਫੈਡਰੇਸ਼ਨ ਆਗੂ ਭਾਈ ਬਲਵੰਤ ਸਿੰਘ ਗੋਪਾਲਾ ਦੀ ਦਸਤਾਰ ਹਿਲ ਗਈ, ਜਰਨੈਲ ਸਿੰਘ ਸਖੀਰਾ ਦੀ ਕਮੀਜ਼ ਫਟ ਗਈ ਅਤੇ ਸਤਨਾਮ ਸਿੰਘ ਮਨਾਵਾਂ ਦੇ ਹੱਥ ‘ਤੇ ਸੱਟ ਲੱਗੀ।
ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਨੇ ਕਿਰਪਾਨਾਂ ਬਾਹਰ ਖਿੱਚ ਲਈਆਂ ਜਿਸ ਕਾਰਨ ਸ਼੍ਰੋਮਣੀ ਕਮੇਟੀ ਅਧਿਕਾਰੀ ਬਿਜੈ ਸਿੰਘ ਤੇ ਅਮਰੀਕ ਸਿੰਘ ਨੂੰ ਵੀ ਸੱਟਾਂ ਲੱਗੀਆਂ। ਉਥੇ ਮੌਜੂਦ ਪੁਲੀਸ ਦੀ ਦਖ਼ਲ-ਅੰਦਾਜ਼ੀ ਨਾਲ ਇਕ ਵਾਰ ਮਾਮਲਾ ਠੱਲ੍ਹ ਗਿਆ। ਉਪਰੰਤ ਜਦੋਂ ਮੁਤਵਾਜ਼ੀ ਜਥੇਦਾਰ ਘੰਟਾ ਘਰ ਵਾਲੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਪੁੱਜੇ ਤਾਂ ਉਥੇ ਪਰਿਕਰਮਾ ਵਿਚ ਜਥੇਦਾਰ ਨੂੰ ਘੇਰਨ ਦਾ ਯਤਨ ਕੀਤਾ ਗਿਆ। ਇਸ ਦੌਰਾਨ ਉਹ ਵੀ ਟਾਸਕ ਫੋਰਸ ਦੇ ਸਾਥੀਆਂ ਸਮੇਤ ਨੇਜ਼ੇ ਲੈ ਕੇ ਬਾਹਰ ਆ ਗਏ। ਇਥੇ ਇਕ-ਦੂਜੇ ਨੂੰ ਵੰਗਾਰਿਆ ਗਿਆ ਪਰ ਪੁਲੀਸ ਦੀ ਦਖ਼ਲ-ਅੰਦਾਜ਼ੀ ਨਾਲ ਮਾਮਲਾ ਸ਼ਾਂਤ ਹੋ ਗਿਆ। ਦੋਵਾਂ ਧਿਰਾਂ ਦੀ ਇਸ ਕਾਰਵਾਈ ਦੌਰਾਨ ਉਥੋਂ ਲੰਘ ਰਹੇ ਗੈਰ ਪੰਜਾਬੀ ਸ਼ਰਧਾਲੂ ਡਰ ਗਏ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਅਤੇ ਮੈਨੇਜਰ ਸੁਲੱਖਣ ਸਿੰਘ ਨੇ ਆਖਿਆ ਕਿ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀ ਸ਼ਾਂਤੀ ਅਤੇ ਮਰਿਆਦਾ ਵਿੱਚ ਖਲਲ ਪਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕੀ ਹੈ ਅਤੇ ਹਿੰਸਾ ਲਈ ਜ਼ਿੰਮੇਵਾਰਾਂ ਦੀ ਪਛਾਣ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਨੇਤਾਗਿਰੀ ਚਮਕਾਉਣ ਨਹੀਂ ਦਿੱਤੀ ਜਾਵੇਗੀ। ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਹਿੰਸਕ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਆਖਿਆ ਕਿ ਮਾਸਟਰ ਜੌਹਰ ਸਿੰਘ ਸ਼ਰਧਾਲੂ ਵਜੋਂ ਸ੍ਰੀ ਅਕਾਲ ਤਖ਼ਤ ‘ਤੇ ਗਿਆ ਸੀ, ਜਿਸ ਨੂੰ ਮਸੰਦਾਂ ਵਰਗੀ ਕਾਰਵਾਈ ਰਾਹੀਂ ਜਬਰੀ  ਅਤੇ ਅਪਮਾਨਜਨਕ ਢੰਗ ਨਾਲ ਬਾਹਰ ਕੱਢਿਆ ਗਿਆ।
ਅਕਾਲ ਤਖ਼ਤ ਉਤੇ  ਵਾਪਰੀ ਘਟਨਾ ਦੁਖਦਾਈ
ਚੰਡੀਗੜ੍ਹ: ਪੰਥਕ ਤਾਲਮੇਲ ਸੰਗਠਨ ਦੇ ਮੁਖੀ ਅਤੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਸ ਘਟਨਾ ਨੂੰ ਮੰਦਭਾਗਾ ਅਤੇ ਦੁਖ਼ਦਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੀ ਹਦੂਦ ਅੰਦਰ ਅਤੇ ਹੋਰਾਂ ਇਤਿਹਾਸਕ ਗੁਰਦੁਆਰਿਆਂ ਵਿੱਚ ਸੁਚਾਰੂ ਪ੍ਰਬੰਧ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਅਜਿਹੇ ਖਾਸ ਮੌਕਿਆਂ ਉਤੇ ਵਾਜਬ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਸਿੱਖ ਕੌਮ ਲਈ ਨਮੋਸ਼ੀ ਵਾਲੀਆਂ ਘਟਨਾਵਾਂ ਨਾ ਵਾਪਰਨ।
ਜੌਹਰ ਨੂੰ ਅਹੁਦੇ ਤੋਂ ਕੀਤਾ ਫਾਰਗ਼ :
ਅੰਮ੍ਰਿਤਸਰ :ਮੁਤਵਾਜ਼ੀ ਜਥੇਦਾਰਾਂ ਨੇ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਮਾਮਲੇ ਵਿੱਚ ਪ੍ਰਬੰਧਕੀ ਕਮੇਟੀ ਦੇ ਆਗੂ ਮਾਸਟਰ ਜੌਹਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਸ ਨੂੰ ਗੁਰਦੁਆਰਾ ਛੋਟਾ ਘੱਲੂਘਾਰਾ ਟਰਸੱਟ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਸੇਵਾਮੁਕਤ ਕਰਨ ਦਾ ਆਦੇਸ਼ ਦਿੱਤਾ ਹੈ। ਉਸ ਨੂੰ ਸੱਤ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਕੀਰਤਨ ਸੁਣਨ, ਜੋੜੇ ਝਾੜਨ ਅਤੇ ਭਾਂਡੇ ਮਾਂਜਣ ਦੀ ਸੇਵਾ ਲਾਈ ਗਈ ਹੈ।
ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਸੂਬਾ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਗੁਰਦੁਆਰੇ ਵਿੱਚ ਮਰਿਆਦਾ ਦੇ ਉਲਟ ਵਾਪਰੀ ਘਟਨਾ ਲਈ ਮਾਸਟਰ ਜੌਹਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੱਤ ਦਿਨ ਦੀ ਸੇਵਾ ਮਗਰੋਂ ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਅਖੰਡ ਪਾਠ ਕਰਾਉਣ ਅਤੇ 5100 ਰੁਪਏ ਗੁਰੂ ਦੀ ਗੋਲਕ ਵਿੱਚ ਖਿਮਾ ਯਾਚਨਾ ਦੀ ਅਰਦਾਸ ਕਰਾਉਣ ਦੇ ਆਦੇਸ਼ ਦਿੱਤੇ ਹਨ। ਮਾਸਟਰ ਜੌਹਰ ਸਿੰਘ ਨੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਲਾਈ ਗਈ ਤਨਖਾਹ ਨੂੰ ਕਬੂਲ ਕਰ ਲਿਆ। ਉਸ ਨੇ ਅਸਿੱਧੇ ਢੰਗ ਨਾਲ ਆਖਿਆ ਕਿ ਉਹ ਅਕਾਲ ਤਖ਼ਤ ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਹਾਜ਼ਰ ਨਹੀਂ ਹੋਵੇਗਾ ਕਿਉਂਕਿ ਉਸ ਨਾਲ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਬਦਸਲੂਕੀ ਕੀਤੀ ਹੈ।
ਮੁਤਵਾਜ਼ੀ ਜਥੇਦਾਰਾਂ ਵੱਲੋਂ ਬੀਬੀ ਜਗੀਰ ਕੌਰ ਤਲਬ :
ਮੁਤਵਾਜ਼ੀ ਜਥੇਦਾਰਾਂ ਨੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਗੀਰ ਕੌਰ ਨੂੰ 7 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਤਲਬ ਕੀਤਾ ਹੈ। ਭਾਈ ਧਿਆਨ ਸਿੰਘ ਮੰਡ ਨੇ ਆਖਿਆ ਕਿ ਉਸ ਉਪਰ ਆਪਣੀ ਧੀ ਅਤੇ ਉਸ ਦੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਮਾਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਉਸ ਨੂੰ ਅਦਾਲਤ ਵੱਲੋਂ ਸਜ਼ਾ ਵੀ ਸੁਣਾਈ ਗਈ ਹੈ ਪਰ ਇਸ ਦੇ ਬਾਵਜੂਦ ਉਹ ਧਾਰਮਿਕ ਅਹੁਦਿਆਂ ‘ਤੇ ਬਣੀ ਹੋਈ ਹੈ, ਜਿਸ ਕਾਰਨ ਸੰਗਤਾਂ ਵਿੱਚ ਰੋਸ ਹੈ। ਸੰਗਤ ਵੱਲੋਂ ਇਸ ਸਬੰਧੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ। ਬੀਬੀ ਜਗੀਰ ਕੌਰ ਨੂੰ 7 ਨਵੰਬਰ ਨੂੰ ਇਸੇ ਮਾਮਲੇ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਤਲਬ ਕੀਤਾ ਗਿਆ ਹੈ।