ਫਿਰੋਜ਼ਪੁਰ ਵਿਖੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋਈ

ਫਿਰੋਜ਼ਪੁਰ ਵਿਖੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋਈ

ਸੋਧਣ ਵਾਲਿਆਂ ’ਤੇ ਮਾਮਲਾ ਦਰਜ,ਇਕ ਗ੍ਰਿਫਤਾਰ

*ਸ਼੍ਰੋਮਣੀ ਕਮੇਟੀ ਨੇ ਬੇਅਦਬੀ ਘਟਨਾ ਦੀ ਰਿਪੋਰਟ ਜਥੇਦਾਰ ਰਘਬੀਰ ਸਿੰਘ ਨੂੰ ਭੇਜੀ

*ਅਕਾਲ ਤਖਤ ਤੇ ਸ੍ਰੋਮਣੀ ਕਮੇਟੀ ਨੇ ਬੇਅਦਬੀ ਲਈ ਸਰਕਾਰ ਦੀ ਢਿਲ ਨੂੰ ਦੋਸ਼ੀ ਠਹਿਰਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਫਿਰੋਜ਼ਪੁਰ –ਬੀਤੇ ਦਿਨੀਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇ ਕਥਿਤ ਬੇਅਦਬੀ ਦੀ ਘਟਨਾ ਤੋਂ ਬਾਅਦ ਦੋਸ਼ੀ 19 ਸਾਲਾ ਬਖਸੀਸ਼ ਸਿੰਘ ਦੀ ਕਥਿਤ ਤੌਰ 'ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਮਗਰੋਂ ਮੌਤ ਹੋ ਗਈ।

ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਨੇ ਕਥਿਤ ਦੋਸ਼ੀ ਬਖਸ਼ੀਸ਼ ਸਿੰਘ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕੀਤਾ ਸੀ। ਇਸ ਘਟਨਾ ਵਿਚ ਮਾਰੇ ਗਏ ਬਖਸ਼ੀਸ਼ ਦੇ ਕਤਲ ਦੇ ਦੋਸ਼ ਵਿਚ ਫਿਰੋਜ਼ਪੁਰ ਪੁਲਸ ਨੇ ਉਸ ਦੇ ਪਿਤਾ ਲਖਵਿੰਦਰ ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਕੁਝ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਜਾਣਕਾਰੀ ਮੁਤਾਬਕ ਪੁਲਿਸ ਨੇ ਜਰਨੈਲ ਸਿੰਘ ਨੇ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ‘ਤੇ ਕਤਲ ਦਾ ਪਰਚਾ ਦਰਜ ਕੀਤਾ ਹੈ। ਮੁਲਜ਼ਮ ਨੇ ਬੇਅਦਬੀ ਕਰਨ ਵਾਲੇ ‘ਤੇ ਤਲਵਾਰ ਨਾਲ ਹਮਲਾ ਕੀਤਾ ਸੀ ਅਤੇ ਮੁਲਜ਼ਮ ਖ਼ਿਲਾਫ਼ ਪਹਿਲਾ ਵੀ ਕਤਲ ਦਾ ਪਰਚਾ ਦਰਜ ਹੈ।ਇਸ ਘਟਨਾ ਦਾ ਲਾਈਵ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਕੁਝ ਲੋਕ ਮੁਲਜ਼ਮ ‘ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ। ਪਹਿਲਾਂ ਕਈ ਲੋਕਾਂ ਨੇ ਮੁਲਜ਼ਮ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਦੋ ਅਤੇ ਫਿਰ ਇਕ ਵਿਅਕਤੀ ਨੇ ਮੁਲਜ਼ਮ ‘ਤੇ ਤਲਵਾਰ ਨਾਲ ਹਮਲਾ ਕੀਤਾ।

ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਮ੍ਰਿਤਕ ਬਖਸ਼ੀਸ਼ ਦੇ ਪਿਤਾ ਲਖਵਿੰਦਰ ਤੇ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਮੁੰਡਾ ਮਾਨਸਿਕ ਤੌਰ ’ਤੇ ਬੀਮਾਰ ਸੀ ਤੇ ਉਸ ਦਾ ਪਿਛਲੇ 2 ਸਾਲਾਂ ਤੋਂ ਫਰੀਦਕੋਟ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਦੋਸ਼ੀ ਦੇ ਪਿਤਾ ਲਖਵਿੰਦਰ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਤੁਰੰਤ ਬਖਸ਼ੀਸ਼ ਦੇ ਇਲਾਜ ਵਾਲੀਆਂ ਪਰਚੀਆਂ ਲੈ ਕੇ ਉਥੇ ਗਿਆ ਤੇ ਉਸ ਨੇ ਭੀਡ਼ ਵਿਚ ਮੌਜੂਦ ਸਾਰੇ ਲੋਕਾਂ ਨੂੰ ਪਰਚੀਆਂ ਦਿਖਾ ਕੇ ਉਨ੍ਹਾਂ ਦੀਆਂ ਮਿੰਨਤਾਂ ਕੀਤੀਆਂ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ ਤੇ ਉਸ ਦੇ ਸਾਹਮਣੇ ਉਸ ਦੇ ਪੁੱਤਰ ਨੂੰ ਬੇਰਹਿਮੀ ਨਾਲ ਤਲਵਾਰਾਂ ਨਾਲ ਵੱਢ ਦਿਤਾ।ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪੁੱਤਰ ਨੇ ਗੁਨਾਹ ਕੀਤਾ ਸੀ ਤਾਂ ਉਸ ਨੂੰ ਪੁਲਿਸ ਨੂੰ ਫੜਾ ਦੇਣਾ ਚਾਹੀਦਾ ਸੀ।

ਦੂਜੇ ਪਾਸੇ ਸਿਖ ਸੰਗਤਾਂ ਦਾ ਕਹਿਣਾ ਹੈ ਕਿ ਪਾਗਲਾਂ ਤੇ ਮਾਨਸਿਕ ਰੋਗੀਆਂ ਨੂੰ ਗੁਰੂ ਦੀ ਬੇਅਦਬੀ ਕਿਉਂ ਸੁਝਦੀ ਹੈ? ਪੁਲੀਸ ਨੂੰ ਦੋਸ਼ੀ ਦੇ ਘਰਦਿਆਂ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਇਸ ਪਿਛੇ ਇਸ ਦੇ ਘਰਦਿਆਂ ਦਾ ਹੱਥ ਤਾਂ ਨਹੀਂ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਨੌਜਵਾਨ ਨੂੰ ਪੁਲਿਸ ਹਵਾਲੇ ਕੀਤਾ ਤਾਂ ਉਹ ਜ਼ਿੰਦਾ ਸੀ। ਸਾਨੂੰ ਨਹੀਂ ਪਤਾ ਕਿ ਬਾਅਦ ਵਿਚ ਉਸ ਨਾਲ ਕੀ ਹੋਇਆ।

ਫ਼ਿਰੋਜ਼ਪੁਰ ਦੇ ਡੀਐੱਸਪੀ ਸੁਖਵਿੰਦਰ ਸਿੰਘ ਮੁਤਾਬਕ ਅਸੀਂ ਬੇਅਦਬੀ ਦੇ ਮੁਲਜ਼ਮ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ।ਉਨ੍ਹਾਂ ਦੱਸਿਆ ਕਿ ਮੁਲਜ਼ਮ ਬਖਸ਼ੀਸ਼ ਦੀ ਹਸਪਤਾਲ ਵਿੱਚ ਮੌਤ ਹੋਈ ਸੀ।

 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਲਖਵੀਰ ਸਿੰਘ ਮਹਾਲਮ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਰਕਾਰ ਤੇ ਪੁਲਸ ਵਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ।

ਕੀ ਕਹਿੰਦੇ ਹਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ੍ਰੋਮਣੀ ਕਮੇਟੀ

ਫ਼ਿਰੋਜ਼ਪੁਰ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਲਈ ਬਣਾਈ ਕਮੇਟੀ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਭੇਜ ਦਿੱਤੀ ਹੈ। ਜਥੇਦਾਰ ਰਘਬੀਰ ਸਿੰਘ ਇਸ ਦਾ ਅਧਿਐਨ ਕਰਨ ਤੋਂ ਬਾਅਦ ਹੀ ਕੋਈ ਅਗਲੀ ਕਾਰਵਾਈ ਕਰਨਗੇ।

 ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ,ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਅਜਿਹੀਆਂ ਘਟਨਾਵਾਂ ਨੂੰ ਵੱਡੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਹੈ। ਉਨ੍ਹਾਂ ਸੰਗਤਾਂ ਤੇ ਪ੍ਰਬੰਧਕਾਂ ਨੂੰ ਗੁਰਦੁਆਰਾ ਸਾਹਿਬਾਨ ਵਿਖੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਅਤੇ ਸੁਰੱਖਿਆ ਲਈ ਹਰ ਸਮੇਂ ਸੇਵਾਦਾਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਵੀ ਚੇਤਾਵਨੀ ਹੈ ਕਿ ਬੇਅਦਬੀ ਦੇ ਦੋਸ਼ੀ ਦੀ ਮੌਤ ਨੂੰ ਲੈ ਕੇ ਸੰਗਤ ਜਾਂ ਕਿਸੇ ਵੀ ਸਿੱਖ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਬਜਾਇ ਜਲਦ ਤੋਂ ਜਲਦ ਇਹ ਸੱਚਾਈ ਸੰਗਤ ਦੇ ਸਾਹਮਣੇ ਲਿਆਂਦੀ ਜਾਵੇ ਕਿ ਉਕਤ ਬੇਅਦਬੀ ਦੇ ਦੋਸ਼ੀ ਨੂੰ ਕਿਸ ਨੇ ਅਤੇ ਕਿਸ ਸਾਜਿਸ਼ ਤਹਿਤ ਭੇਜਿਆ।''