ਅੰਮ੍ਰਿਤਪਾਲ ਸਿੰਘ ਦੀ ਆਮਦ ਨਾਲ ਬਦਲੇ ਸਿਆਸੀ ਸਮੀਕਰਨ

ਅੰਮ੍ਰਿਤਪਾਲ ਸਿੰਘ ਦੀ ਆਮਦ ਨਾਲ ਬਦਲੇ ਸਿਆਸੀ ਸਮੀਕਰਨ

ਵਡੀਆਂ ਪਾਰਟੀਆਂ ਆਪਣੀ ਜਿੱਤ ਲਈ ਸ਼ਸ਼ੋਪੰਜ ਵਿਚ

*ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਦਾਖ਼ਲ

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਤੇ ਪੰਥਕ ਉਮੀਦਵਾਰ ਵਜੋਂ ਅੰਮ੍ਰਿਤਪਾਲ ਸਿੰਘ ਦੀ ਆਮਦ ਨਾਲ ਸਿਆਸੀ ਸਮੀਕਰਨ ਬਦਲਣ ਲੱਗੇ ਹਨ। ਉਸ ਕਾਰਣ ਆਮਦ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੀ ਜਿੱਤ ਹਾਰ ਦਾ ਧੁੜਕੂ ਲਗਾ ਹੋਇਆ ਨੂੰ ਹੈ। ਇਸ ਲੋਕ ਸਭਾ ਹਲਕੇ ਵਿੱਚ ਹੁਣ ਤੱਕ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪੰਜ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿਚ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ‘ਆਪ’ ਵੱਲੋਂ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਭਾਜਪਾ ਵੱਲੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਤੇ ਖੱਬੇ ਪੱਖੀ ਧਿਰਾਂ ਸੀਪੀਆਈ ਵੱਲੋਂ ਗੁਰਦਿਆਲ ਸਿੰਘ ਸ਼ਾਮਿਲ ਹਨ। ਇਸ ਕਾਰਨ ਇਸ ਲੋਕ ਸਭਾ ਹਲਕੇ ਵਿੱਚ ਵੀ ਇਸ ਵਾਰ ਬਹੁਕੋਣਾ ਮੁਕਾਬਲਾ ਹੋਵੇਗਾ। ਪਿਛੋਕੜ ’ਤੇ ਜੇਕਰ ਝਾਤ ਮਾਰੀ ਜਾਵੇ ਤਾਂ 2008 ਤੋਂ ਪਹਿਲਾਂ ਇਹ ਹਲਕਾ ਤਰਨ ਤਾਰਨ ਲੋਕ ਸਭਾ ਹਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ 2009 ਵਿੱਚ ਇਸ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਅਤੇ ਇਸ ਵਿੱਚ ਕਈ ਨਵੇਂ ਵਿਧਾਨ ਸਭਾ ਹਲਕੇ ਸ਼ਾਮਲ ਕੀਤੇ ਗਏ। ਇਸ ਲੋਕ ਸਭਾ ਹਲਕੇ ਹੇਠ ਆਉਂਦੇ ਨੌਂ ਵਿਧਾਨ ਸਭਾ ਹਲਕੇ ਵੱਖ ਵੱਖ ਚਾਰ ਜ਼ਿਲ੍ਹਿਆਂ ਤੋਂ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕੇ ਜੰਡਿਆਲਾ ਅਤੇ ਬਾਬਾ ਬਕਾਲਾ, ਤਰਨ ਤਾਰਨ ਜ਼ਿਲ੍ਹੇ ਦੇ ਚਾਰ ਤਰਨ ਤਾਰਨ, ਖਡੂਰ ਸਾਹਿਬ, ਪੱਟੀ ਅਤੇ ਖੇਮਕਰਨ, ਕਪੂਰਥਲਾ ਜ਼ਿਲ੍ਹੇ ਦੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਅਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਜ਼ੀਰਾ ਹਲਕਾ ਸ਼ਾਮਲ ਹੈ। ਇਸ ਲੋਕ ਸਭਾ ਹਲਕੇ ਦੇ ਨੌਂ ਵਿਧਾਨ ਸਭਾ ਹਲਕਿਆਂ ਵਿਚੋਂ ਸੱਤ ਵਿਚ ‘ਆਪ’ ਵਿਧਾਇਕ ਕਾਬਜ਼ ਹਨ ਜਦਕਿ ਇੱਕ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਤੇ ਇੱਕ ਵਿਧਾਨ ਸਭਾ ਹਲਕੇ ਵਿੱਚ ਆਜ਼ਾਦ ਵਿਧਾਇਕ ਕਾਬਜ਼ ਹੈ। ਇਸ ਕਾਰਨ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਲੋਕ ਸਭਾ ਹਲਕੇ ’ਤੇ ‘ਆਪ’ ਦਾ ਦਬਦਬਾ ਹੈ।

ਸਾਲ 1952 ਤੋਂ ਲੈ ਕੇ 2019 ਤੱਕ ਇਸ ਹਲਕੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਅਤੇ ਉਪ ਚੋਣਾਂ ਦੌਰਾਨ ਸੱਤ ਵਾਰ ਕਾਂਗਰਸੀ ਉਮੀਦਵਾਰ ਅਤੇ 11 ਵਾਰ ਅਕਾਲੀ ਉਮੀਦਵਾਰ ਜਿੱਤੇ ਹਨ ਜਿਨ੍ਹਾਂ ਵਿੱਚ 1989 ਵਿੱਚ ਸਿਮਰਨਜੀਤ ਸਿੰਘ ਮਾਨ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਵਜੋਂ ਚੋਣ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ 10 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਜਿੱਤੇ ਹਨ ਜਿਸ ਵਿੱਚ ਸਭ ਤੋਂ ਵਧੇਰੇ ਤੁੜ ਪਰਿਵਾਰ ਦੇ ਜੀਅ ਸ਼ਾਮਲ ਸਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਇੱਕ ਵਾਰ ਮੁੜ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਨੇ ਇਸ ਹਲਕੇ ਵਿੱਚ ਸੰਨ੍ਹ ਲਾਈ ਸੀ ਤਾਂ ਉਸ ਵੇਲੇ ਵੀ ਪੰਥਕ ਵੋਟ ਵੰਡੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਅਤੇ ਪੰਥਕ ਉਮੀਦਵਾਰ ਵਜੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਚੋਣ ਲੜੀ ਸੀ। ਜੇ ਦੋਵਾਂ ਉਮੀਦਵਾਰਾਂ ਦੀ ਵੋਟ ਫੀਸਦ ਨੂੰ ਜੋੜਿਆ ਜਾਵੇ ਤਾਂ ਉਨ੍ਹਾਂ ਨੇ 50 ਫੀਸਦ ਵੋਟ ਪ੍ਰਾਪਤ ਕੀਤੀ ਸੀ ਜਦਕਿ ਕਾਂਗਰਸ ਦੇ ਉਮੀਦਵਾਰ ਨੇ 43 ਫੀਸਦ ਵੋਟ ਪ੍ਰਾਪਤ ਕੀਤੀ ਸੀ ਪਰ ਸਿੱਖ ਵੋਟ ਵੰਡੇ ਜਾਣ ਕਾਰਨ ਕਾਂਗਰਸੀ ਉਮੀਦਵਾਰ ਨੂੰ ਲਾਹਾ ਮਿਲਿਆ ਸੀ। ਇਸ ਵਾਰ ਪੰਥਕ ਵੋਟਰਾਂ ਦਾ ਝੁਕਾਅ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਾਲਸਾ ਵੱਲ ਵਧ ਰਿਹਾ ਹੈ।ਪਿੰਡਾਂ ਵਿਚ ਅੰਮ੍ਰਿਤ ਪਾਲ ਸਿੰਘ ਨੂੰ ਵੋਟ ਪਾਉਣ ਲਈ  ਮਤੇ ਪਾਸ ਕੀਤੇ ਜਾ ਰਹੇ ਹਨ। ਕਈ ਥਾਵਾਂ ਉਪਰ ਕਾਂਗਰਸ ,ਆਪ ਤੇ ਅਕਾਲੀ ਦਲ ਦੇ ਵਰਕਰ ਅੰਮ੍ਰਿਤ ਪਾਲ ਸਿੰਘ ਦੀ ਮੁਹਿੰਮ ਵਿਚ ਸ਼ਾਮਿਲ ਹਨ।ਅੰਮ੍ਰਿਤਪਾਲ ਸਿੰਘ ਇਸ ਵੇਲੇ ਐੱਨਐੱਸਏ ਹੇਠ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਉਸ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿਤਰਨ ਕਾਰਨ ਪਿਛਲੀ ਵਾਰ ਚੋਣ ਲੜ ਚੁੱਕੀ ਬੀਬੀ ਪਰਮਜੀਤ ਕੌਰ ਖਾਲੜਾ ਵੀ ਉਸ ਦੇ ਹੱਕ ਵਿੱਚ ਆ ਗਈ ਹੈ।ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਵੀ ਅੰਮ੍ਰਿਤ ਪਾਲ ਸਿੰਘ ਦੀ ਹਮਾਇਤ ਕਰ ਦਿਤੀ ਹੈ।ਪਿੰਡਾਂ ਵਿਚ ਇਹ ਵੀ ਅਪੀਲਾਂ ਜਾਰੀ ਹਨ ਕਿ ਬਾਦਲ ਦਲ ਆਪਣਾ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ  ਦੇ ਹੱਕ ਵਿਚ ਆਪਣਾ ਉਮੀਦਵਾਰ ਬਿਠਾ ਲਵੇ।

ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਤੇ ਐੱਨ.ਐੱਸ.ਏ. ਦੀ ਸਖ਼ਤ ਧਾਰਾ ਅਧੀਨ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਭਾਈ ਅੰਮਿ੍ਤਪਾਲ ਸਿੰਘ ਵਲੋਂ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ  ਜੇਲ੍ਹ ਸੁਪਰਡੈਂਟ ਡਿਬਰੂਗੜ੍ਹ ਵਲੋਂ ਭੇਜੇ ਤਸਦੀਕਸ਼ੁਦਾ ਨਾਮਜ਼ਦਗੀ ਪੱਤਰ ਉਨ੍ਹਾਂ ਦੇ ਚਾਚਾ ਸੁਖਚੈਨ ਸਿੰਘ ਨੇ ਤਰਨ ਤਾਰਨ ਵਿਖੇ ਸਹਾਇਕ ਰਿਟਰਨਿੰਗ ਅਫ਼ਸਰ ਸਿਮਰਨਦੀਪ ਸਿੰਘ ਨੂੰ ਜਮ੍ਹਾਂ ਕਰਵਾ ਦਿੱਤੇ ਸਨ । ਦਾਖ਼ਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਉਪਰ ਭਾਈ ਅੰਮਿ੍ਤਪਾਲ ਸਿੰਘ ਦੇ ਦਸਤਖ਼ਤਾਂ ਤੋਂ ਇਲਾਵਾ ਸੈਂਟਰਲ ਜੇਲ੍ਹ ਡਿਬਰੂਗੜ੍ਹ ਜੇਲ੍ਹ ਸੁਪਰਡੈਂਟ ਵਲੋਂ ਤਸਦੀਕ ਕੀਤਾ ਗਿਆ ਹੈ ਅਤੇ ਡਿਬਰੂਗੜ੍ਹ ਦੇ ਨੋਟਰੀ ਪਬਲਿਕ ਵਿਰਾਜ ਅਖ਼ਤਰ ਨੇ ਵੀ ਇਸ ਨੂੰ ਤਸਦੀਕ ਕੀਤਾ ਹੈ । ਦਾਖ਼ਲ ਨਾਮਜ਼ਦਗੀ ਪੱਤਰਾਂ ਵਿਚ ਅੰਮਿ੍ਤਪਾਲ ਸਿੰਘ ਦੇ ਖ਼ਿਲਾਫ਼ ਥਾਣਾ ਡਿਬਰੂਗੜ੍ਹ ਵਿਚ ਜੇਲ੍ਹ ਵਿਚ ਅਣ-ਅਧਿਕਾਰਤ ਤੌਰ 'ਤੇ ਇਲੈਕਟ੍ਰੋਨਿਕ ਵਸਤੂਆਂ ਨੂੰ ਇਸਤੇਮਾਲ ਕਰਨ ਦੇ ਦਰਜ ਕੀਤੇ ਇਕ ਕੇਸ ਤੋਂ ਇਲਾਵਾ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ 11 ਹੋਰ ਦਰਜ ਕੀਤੇ ਗਏ ਕੇਸਾਂ ਨੂੰ ਦਰਸਾਇਆ ਗਿਆ ਹੈ ।ਇਹ ਸਾਰੇ ਕੇਸ ਵਿਚਾਰ ਅਧੀਨ ਹਨ ।ਭਾਈ ਅੰਮਿ੍ਤਪਾਲ ਸਿੰਘ ਨੂੰ ਅਜੇ ਤੱਕ ਕਿਸੇ ਵੀ ਕੇਸ ਵਿਚ ਦੇਸ਼ ਦੀ ਕਿਸੇ ਵੀ ਅਦਾਲਤ ਵਲੋਂ ਸਜ਼ਾ ਨਹੀਂ ਸੁਣਾਈ। ਉਨ੍ਹਾਂ ਕੋਲ ਕੋਈ ਵੀ ਨਗਦੀ ਨਹੀਂ ਹੈ ਅਤੇ ਸਿਰਫ਼ ਰਈਆ ਵਿਖੇ ਸਟੇਟ ਬੈਂਕ ਆਫ਼ ਇੰਡੀਆ ਬੈਂਕ ਦੀ ਬ੍ਰਾਂਚ ਵਿਚ 1 ਹਜ਼ਾਰ ਰੁਪਏ ਜਮ੍ਹਾਂ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਕਿਰਨਦੀਪ ਕੌਰ 20 ਹਜ਼ਾਰ ਰੁਪਏ ਨਗਦੀ ਤੋਂ ਇਲਾਵਾ ਲੰਡਨ ਦੇ ਬੈਂਕ ਵਿਚ 4 ਹਜ਼ਾਰ ਜੀ.ਵੀ.ਡੀ. ਹਨ, ਜਿਸ ਦੀ ਭਾਰਤ ਵਿਚ ਕੀਮਤ 4 ਲੱਖ 17 ਹਜ਼ਾਰ 440 ਰੁਪਏ ਹੈ । ਭਾਈ ਅੰਮਿ੍ਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਬਿ੍ਟਿਸ਼ ਸਿਟੀਜ਼ਨ ਹੈ ਅਤੇ ਉਨ੍ਹਾਂ ਦੀ ਆਪਣੀ ਕੋਈ ਜਾਇਦਾਦ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਉਪਰ ਕੋਈ ਕਰਜ਼ਾ ਹੈ । ਭਾਈ ਅੰਮਿ੍ਤਪਾਲ ਸਿੰਘ ਦੇ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਚੋਣ ਮੈਦਾਨ ਵਿਚ ਨਿਤਰਨ 'ਤੇ ਖਡੂਰ ਸਾਹਿਬ ਦੀ ਸੀਟ ਪੰਜਾਬ ਵਿਚੋਂ ਸਭ ਤੋਂ ਵਧ ਹਾਟ ਸੀਟ' ਬਣ ਗਈ ਹੈ ।

ਅਤੀਤ ਵਿੱਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਸਿਮਰਨਜੀਤ ਸਿੰਘ ਮਾਨ  ਵਰਗੇ ਆਗੂ ਜੇਲ੍ਹ ਵਿੱਚ ਰਹਿੰਦਿਆਂ 1998 ਵਿੱਚ ਤਰਨਤਾਰਨ ਲੋਕ ਸਭਾ ਸੀਟ ਤੋਂ ਚੁਣੇ ਗਏ ਸਨ। ਇਸ ਤੋਂ ਇਲਾਵਾ ਮਾਨ ਦੀ ਪਾਰਟੀ ਵਿੱਚੋਂ ਹੀ ਅਤਿੰਦਰਪਾਲ ਸਿੰਘ ਨੇ ਵੀ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ ਸੀ। ਕਾਮਰੇਡ ਵਧਾਵਾ ਰਾਮ ਨੇ 1952 ਦੀਆਂ ਆਮ ਚੋਣਾਂ  ਫਾਜ਼ਿਲਕਾ ਹਲਕੇ ਤੋਂ ਜੇਲ੍ਹ ਵਿੱਚ ਰਹਿੰਦੇ ਹੋਏ ਲੜੀ ਅਤੇ ਜਿੱਤੀ। 1954 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਜਗੀਰ ਸਿੰਘ ਨੇ ਜੇਲ੍ਹ ਵਿੱਚ ਰਹਿੰਦੇ ਹੋਏ ਮਾਨਸਾ ਤੋਂ ਚੋਣ ਜਿੱਤੀ, 1954 ਦੀਆਂ ਚੋਣਾਂ ਦੌਰਾਨ ਸੀਪੀਆਈ ਦੇ  ਕਾਮਰੇਡ ਧਰਮ ਸਿੰਘ ਫੱਕਰ ਨੇ ਬੁਢਲਾਡਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆਂ ਅਤੇ ਉਹ ਚੋਣ ਜਿੱਤ ਕੇ ਵਿਧਾਇਕ ਬਣੇ ਸਨ।

ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖ਼ਤਾਰ ਅੰਸਾਰੀ , ਜਿਸ ਨੇ ਮਾਊ ਵਿਧਾਨ ਸਭਾ ਸੀਟ ਯੂਪੀ ਤੋਂ ਚੋਣ ਲੜੀ ਸੀ, ਤਿੰਨ ਵਾਰ ਜੇਲ੍ਹ ਤੋਂ ਚੁਣੇ ਗਏ ਸਨ ਅਤੇ ਇੱਥੋਂ ਤੱਕ ਕਿ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਵੀ ਬਿਹਾਰ ਦੀ ਮਧੇਪੁਰਾ ਸੀਟ ਤੋਂ ਚੋਣ ਜਿੱਤ ਗਏ ਸਨ।ਸਿਆਸੀ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਹੋ ਸਕਦਾ ਹੈ ਕਿ ਹਲਕੇ ਤੋਂ ਅੰਮ੍ਰਿਤ ਪਾਲ ਸਿੰਘ ਸਿਮਰਨਜੀਤ ਸਿੰਘ ਮਾਨ ਵਾਂਗ ਇਤਿਹਾਸ ਦੁਹਰਾ ਜਾਣ।