ਅਮਰੀਕਾ ਵਿਚ ਪਾਸਟਰ ਨੂੰ ਗੋਲੀ ਮਾਰਨ ਤੋਂ ਪਹਿਲਾਂ ਹੀ ਸ਼ੱਕੀ ਨੂੰ ਕੀਤਾ ਕਾਬੂ

ਅਮਰੀਕਾ ਵਿਚ ਪਾਸਟਰ ਨੂੰ ਗੋਲੀ ਮਾਰਨ ਤੋਂ ਪਹਿਲਾਂ ਹੀ ਸ਼ੱਕੀ ਨੂੰ ਕੀਤਾ ਕਾਬੂ
ਕੈਪਸ਼ਨ ਪਾਸਟਰ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਸ਼ੱਕੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਪੈਨਸਿਲਵਾਨੀਆ ਰਾਜ ਵਿਚ ਨਾਰਥ ਬਰੈਡਾਕ ਵਿਖੇ ਜੀਸਸ ਡਵੈਲਿੰਗ ਪਲੇਸ ਚਰਚ ਵਿਚ ਉਸ ਵੇਲੇ ਹਾਲਾਤ ਗੰਭੀਰ ਬਣ ਗਏ ਜਦੋਂ ਇਕ ਸ਼ੱਕੀ ਨੇ ਪਾਸਟਰ ਦੇ ਚੇਹਰੇ 'ਤੇ ਗੰਨ ਤਾਨ ਲਈ। ਇਸ ਤੋਂ ਪਹਿਲਾਂ ਕਿ ਉਹ ਗੰਨ ਦਾ ਘੋੜਾ ਨੱਪਦਾ ਚਰਚ ਦੇ ਇਕ ਹੋਰ ਮੈਂਬਰ ਨੇ ਉਸ ਨੂੰ ਕਾਬੂ ਕਰ ਲਿਆ। ਇਹ ਜਾਣਕਾਰੀ ਪੈਨਸਿਲਵਾਨੀਆ ਸਟੇਟ ਪੁਲਿਸ ਨੇ ਦਿੱਤੀ ਹੈ। ਘਟਨਾ ਉਪਰੰਤ ਪਾਸਟਰ ਗਲੈਨ ਜਰਮਨੀ ਨੇ ਕਿਹਾ ਕਿ ਕਿਸੇ ਅਦਿੱਖ ਸ਼ਕਤੀ ਦੇ ਅਚਾਨਕ ਦਖਲ ਦੇਣ ਕਾਰਨ ਉਸ ਦੀ ਜਾਨ ਬਚੀ ਹੈ। ਪੁਲਿਸ ਨੇ ਕਿਹਾ ਹੈ ਕਿ ਸ਼ੱਕੀ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਅਸਫਲ ਰਿਹਾ। ਪੁਲਿਸ ਨੇ ਸ਼ੱਕੀ ਦੀ ਪਛਾਣ 26 ਸਾਲਾ ਬਰਨਾਰਡ ਜੁਨੀਅਰ ਪੋਲਾਈਟ ਵਜੋਂ ਕੀਤੀ ਹੈ। ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਵਿਰੁੱਧ ਹੱਤਿਆ ਦੀ ਕੋਸ਼ਿਸ਼ ਸਮਤੇ ਹੋਰ ਅਪਰਾਧਕ ਦੋਸ਼ ਆਇਦ ਕੀਤੇ ਗਏ ਹਨ। ਅਜੇ ਇਹ ਸਪਸ਼ਟ ਨਹੀਂ ਹੈ ਕਿ ਸ਼ੱਕੀ ਨੇ ਪਾਸਟਰ ਦੀ ਜਾਨ ਲੈਣ ਦੀ ਕਿਉਂ ਕੋਸ਼ਿਸ਼ ਕੀਤੀ।