ਹੋਲੇ ਮਹੱਲੇ ਦੇ ਮਹੌਲ ਨੂੰ ਮੋੜਾ ਪਾਉਣਾ ਜਰੂਰੀ
ਕਿਸੇ ਵੀ ਰਵਾਇਤ ਅਤੇ ਪਰੰਪਰਾ ਨੂੰ ਇੱਕ ਤੋਂ ਦੂਜੀ ਪੀੜ੍ਹੀ ਤੱਕ ਲਿਜਾਣ ਦਾ ਅਮਲ ਕਦੇ ਵੀ ਸੌਖਾ ਨਹੀਂ ਹੁੰਦਾ, ਇਸਦੇ ਲਈ ਵਧੇਰੇ ਦ੍ਰਿੜਤਾ ਅਤੇ ਸ਼ਿੱਦਤ ਦੀ ਲੋੜ ਹੁੰਦੀ ਹੈ।
ਜਦੋਂ ਸਹਿਜ, ਦ੍ਰਿੜਤਾ ਅਤੇ ਸਿੱਖਣ ਵਾਲੇ ਦੀ ਰੁਚੀ ਅਜਿਹੇ ਅਮਲ ਵਿੱਚ ਹਾਜ਼ਰ ਨਹੀਂ ਹੁੰਦੀ, ਤਾਂ ਰਵਾਇਤ ਦਾ ਮਨੋਰਥ ਅਤੇ ਬਿਧ ਅਗਲੀ ਪੀੜ੍ਹੀ ਤੱਕ ਨਹੀਂ ਪਹੁੰਚ ਸਕਦਾ। ਸਿੱਖਾਂ ਦੇ ਮਸਲੇ ਵਿੱਚ ਅਜਿਹਾ ਅੜਿੱਕਾ ਖਾਸ ਤੌਰ ਤੇ ਦੇਖਿਆ ਗਿਆ ਹੈ। ਹੋਲੇ ਮਹੱਲੇ ਦਾ ਇਤਿਹਾਸ ਤਿੰਨ ਸਦੀਆਂ ਪੁਰਾਣਾ ਹੈ। ਇਸ ਦੌਰਾਨ ਸਮਿਆਂ ਅਤੇ ਹਲਾਤਾਂ ਦੇ ਝੱਖੜਾਂ ਕਰਕੇ ਇਸਦਾ ਅਸਲ ਸਰੂਪ ਪਹਿਲਾਂ ਵਰਗਾ ਨਹੀਂ ਰਿਹਾ ਹੈ। ਖਾਲਸਾਈ ਸਭਿਆਚਾਰ ਦੀ ਨਿਆਰੀ ਪਛਾਣ ਵਿੱਚ ਹੋਲੇ ਮਹੱਲੇ ਦਾ ਖਾਸ ਯੋਗਦਾਨ ਰਿਹਾ ਹੈ। ਪੰਥ ਦੇ ਬਹੁਤਾਤ ਜੋੜ ਮੇਲਿਆਂ ਦੀ ਤਰ੍ਹਾਂ ਹੀ ਹੋਲੇ ਮਹੱਲੇ ਦਾ ਮਹੌਲ ਵੀ ਜੋੜ ਮੇਲੇ ਤੋਂ ਮੇਲੇ ਦੀ ਤਰ੍ਹਾਂ ਬਣ ਗਿਆ ਹੈ। ਪਿਛਲੇ ਸਾਲ ਇੱਕ ਨਿਹੰਗ ਸਿੰਘ ਦੇ ਹੁੱਲੜਬਾਜ਼ਾਂ ਵਲੋਂ ਕੀਤੇ ਕਤਲ ਤੋਂ ਬਾਅਦ ਹੋਲੇ ਮਹੱਲੇ ਦੇ ਮਹੌਲ ਵਿਚ ਆਏ ਨਿਘਾਰ ਦਾ ਪਤਾ ਚੱਲਦਾ ਹੈ।
ਹਜ਼ਾਰਾਂ ਸਾਲਾਂ ਦੀ ਹੋਲੀ ਦੀ ਸਨਾਤਨੀ ਪਰੰਪਰਾ ਇਸ ਇਲਾਕੇ ਦੇ ਲੋਕਾਂ ਦੇ ਦਿਲ ਵਿੱਚ ਘਰ ਕਰ ਗਈ ਸੀ। ਇਹ ਕਹਿਣਾ ਵੀ ਅਤਕਥਨੀ ਨਹੀਂ ਹੋਵੇਗਾ ਕਿ ਸਿੱਖਾਂ ਨੇ ਹੋਲੀ ਨੂੰ ਤਿਆਗ ਦਿੱਤਾ ਹੋਵੇਗਾ। ਸਿੱਖਾਂ ਨੂੰ ਰੰਗਾਂ ਵਾਲੇ ਇਸ ਤਿਉਹਾਰ ਤੋਂ ਨਿਖੇੜਾ ਕਰਕੇ ਗੁਰੂ ਸਾਹਿਬ ਨੇ ਇਹਨਾਂ ਦਿਨਾਂ ਨੂੰ ਖਾਲਸਾਈ ਸੱਭਿਅਤਾ ਵਿੱਚ ਨਵੇਂ ਅਰਥ ਦੇਣ ਦੇ ਉਦੇਸ਼ ਵਜੋਂ ਮਨਾਉਣਾ ਸ਼ੁਰੂ ਕੀਤਾ। ਸਿੱਖਾਂ ਲਈ ਹੋਲਾ ਮਹੱਲਾ ਸਤਿਗੁਰਾਂ ਨੇ ਖਾਲਸਾ ਜੀ ਨੂੰ 'ਅਕਾਲ ਪੁਰਖ ਕੀ ਫੌਜ ਦੇ ਰੂਪ ਵਜੋਂ ਸਰੂਪਮਾਨ ਕਰਨ ਲਈ ਬਖਸ਼ਿਸ ਵਜੋਂ ਸੌਂਪਿਆ। ਖਾਲਸਾ ਜੀ ਨੂੰ ਇਸ ਵੱਡੇ ਫਰਜ਼ ਦੇ ਸਨਮੁਖ ਰਹਿੰਦਿਆਂ ਇਸ ਧਰਤੀ ਉਤੇ ਸਦਾ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ‘ਧਰਮ ਅਤੇ ਜੰਗ ਦੇ ਅਭਿਆਸ’, ਸਿੱਖ ਅਤੇ ਸਿਪਾਹੀ ਹੋਣ ਦੇ ਰੁਤਬੇ ਦੇ ਯੋਗ ਹੋਣ ਲਈ ਜ਼ਰੂਰੀ ਹਨ। ਹੋਲਾ ਮਹੱਲਾ ਇਨ੍ਹਾਂ ਜੰਗ ਦੀਆਂ ਹਾਲਤਾਂ ਨਾਲ ਨਜਿੱਠਣ ਲਈ ਇੱਕ ਜੰਗੀ ਅਭਿਆਸ ਵਜੋਂ ਵੀ ਵੇਖਿਆ ਜਾ ਸਕਦਾ ਹੈ। 1699 ਈਸਵੀ ਨੂੰ ਖਾਲਸਾ ਸਾਜਨਾ ਤੋਂ ਬਾਅਦ ਸਤਿਗੁਰਾਂ ਵਲੋਂ 1700 ਈਸਵੀ ਨੂੰ ਪਹਿਲੀ ਵੇਰ ਮਹੱਲੇ ਦੀਆਂ ਤਿਆਰੀਆਂ ਆਰੰਭ ਕੀਤੀਆਂ ਗਈਆਂ। ਹੋਲਗੜ੍ਹ ਦੇ ਅਸਥਾਨ ਤੇ ਇੱਕ ਜਥੇ ਨੂੰ ਕਬਜ਼ਾ ਦਿੱਤਾ ਗਿਆ। ਦੂਜੇ ਜਥੇ ਵੱਲੋਂ ਉਸ ਅਸਥਾਨ ਤੋਂ ਪਹਿਲੇ ਜਥੇ ਦੇ ਕਬਜ਼ੇ ਨੂੰ ਛੁਡਵਾਉਣ ਲਈ ਹੱਲਾ ਕੀਤਾ ਗਿਆ। ਇਹ ਹੱਲਾ ਵੱਡੀ ਜੰਗ ਦੇ ਇੱਕ ਅਭਿਆਸ ਵਜੋਂ ਕੀਤਾ ਗਿਆ। ਦੋਵਾਂ ਜਥਿਆਂ ਵਲੋਂ ਅਲੱਗ ਅਲੱਗ ਰੰਗਾਂ ਦੇ ਵਸਤਰ ਪਹਿਨੇ ਹੋਏ ਸਨ। ਇਸ ਹੱਲੇ ਵਿਚ ਜੇਤੂ ਰਹੇ ਜਥੇ ਨੂੰ ਸਤਿਗੁਰਾਂ ਵਲੋਂ ਸਿਰੋਪਾਓ ਦੀ ਬਖਸ਼ਿਸ ਹੋਈ। ਇਸ ਤਰ੍ਹਾਂ ਹੋਲਾ ਮਹੱਲਾ ਮਹਿਜ ਇੱਕ ਰਸਮ ਜਾਂ ਰੰਗਾਂ ਦੇ ਤਿਉਹਾਰ ਹੋਲੀ ਨਾਲੋਂ ਵੱਖ ਹੋ ਕੇ ਸਿੱਖਾਂ ਦੇ ਲਈ ਜੰਗੀ ਅਭਿਆਸ ਦੇ ਦਿਨ ਵਜੋਂ ਬਦਲ ਵਿਚ ਹੋਇਆ। ਹੋਲੇ ਮਹੱਲੇ ਦਾ ਅਭਿਆਸ ਜਿਸ ਤਰ੍ਹਾਂ ਸਤਿਗੁਰਾਂ ਨੇ ਨੀਯਤ ਕੀਤਾ, ਸਦੀਆਂ ਬੀਤਣ ਦੇ ਬਾਅਦ ਹੌਲੀ ਹੌਲੀ ਇੱਕ ਰਸਮ ਵਜੋਂ ਹੀ ਸੁੰਗੜਦਾ ਗਿਆ। ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਇੱਕ ਵੇਲਾ ਐਸਾ ਵੀ ਆਇਆ ਜਦੋਂ ਬਹੁਤਾਂਤ ਸਿੱਖਾਂ ਦੇ ਹਿੱਸਿਆਂ ਨੂੰ ਜੰਗ ਅਤੇ ਸਸ਼ਤਰਾਂ ਦੀ ਮਹਿਮਾ ਵੀ ਵਿਸਰ ਗਈ। ਜਿਨ੍ਹਾਂ ਮਨੋਰਥਾਂ ਲਈ ਇਹ ਸਤਿਗੁਰਾਂ ਵਲੋਂ ਅਰੰਭਿਆ ਗਿਆ ਸੀ, ਅਗਲੀਆਂ ਪੀੜ੍ਹੀਆਂ ਵਿਚ ਇਸਦਾ ਸੰਚਾਰ ਰੁਕਿਆ। ਹੋਲੇ ਮਹੱਲੇ ਦੇ ਅਸਲ ਰੂਪ ਦੇ ਟੁੱਟਵੇਂ ਅੰਸ਼ ਅੱਜ ਵੀ ਮੌਜੂਦ ਹਨ, ਪਰ ਇਸਦੀ ਅਸਲ ਤਸਵੀਰ ਉਸ ਤਰ੍ਹਾਂ ਦੀ ਬਣਨ ਵਿੱਚ ਸ਼ਾਇਦ ਅਜੇ ਸਮਾਂ ਲੱਗੇ। ਸਿਰੀ ਅਨੰਦਪੁਰ ਸਾਹਿਬ ਵਿਖੇ ਮਹੱਲੇ ਦਾ ਨਿਕਲਣਾ, ਸਿੱਖ ਨੌਜਵਾਨਾਂ ਵਲੋਂ ਸਸ਼ਤਰਧਾਰੀ ਹੋਕੇ ਵਿਚਰਣਾ ਇਹ ਸਭ ਰਵਾਇਤਾਂ ਦੀ ਲਗਾਤਾਰਤਾ ਦੇ ਅੰਸ਼ ਹੁਣ ਦੇ ਸਮੇਂ ਤੱਕ ਪਹੁੰਚੇ ਹਨ। ਸਿੱਖ ਨੌਜਵਾਨਾਂ ਵਲੋਂ ਸ਼ਸ਼ਤਰਬਾਜ਼ੀ ਦੇ ਜੌਹਰ ਦਿਖਾਉਣ ਦੀ ਰੀਸੇ ਹੁੱਲੜਬਾਜ਼ੀ ਕਰਨ ਵਾਲੇ ਕੁਝ ਨੌਜਵਾਨਾਂ ਵਲੋਂ ਵੀ ਇਸੇ ਤਰਜ਼ ਉਪਰ ਹਥਿਆਰਾਂ ਦੀ ਨੁਮਾਇਸ਼ ਅਤੇ ਹੋਛੇ ਪੱਧਰ ਦੀ ਬਹਾਦਰੀ ਦਿਖਾਉਣ ਦੀ ਚਾਹਤ ਨਾਲ ਹੋਲੇ ਮਹੱਲੇ ਦਾ ਮਹੌਲ ਆਪਣੇ ਸ਼ੁੱਧ ਪਵਿੱਤਰ ਰੂਪ ਵਿੱਚ ਨਹੀਂ ਰਿਹਾ। ਜੰਗੀ ਨਗਾਰਿਆਂ ਦੀ ਬਜਾਏ ਸਾਧਨਾਂ ਉਪਰ ਡੀਜੇ, ਡੈੱਕ ਨੂੰ ਹੀ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਸਰੀਰਕ, ਮਾਨਸਿਕ ਅਤੇ ਜਥੇਬੰਦਕ ਤਿਆਰੀਆਂ ਦੀ ਬਜਾਏ ਟਰੈਕਟਰ, ਜੀਪਾਂ ਵਰਗੇ ਸਾਧਨਾਂ ਨੂੰ ਹੀ ਆਪਣੇ ਜੌਹਰ ਦਿਖਾਉਣ ਦਾ ਸਾਧਨ ਮੰਨ ਲੈਣਾ ਗੁਰੂ ਸਾਹਿਬ ਨੂੰ ਯਕੀਨੀ ਤੌਰ ਤੇ ਪ੍ਰਵਾਨ ਨਹੀਂ, ਨਾ ਹੀ ਗੁਰੂ ਸਾਹਿਬ ਦੀ ਇਸਤੇ ਖੁਸ਼ੀ ਹੋਣੀ ਹੈ। ਅਨੰਦਪੁਰ ਸਾਹਿਬ ਦੀਆਂ ਜਿੰਨਾ ਗਲੀਆਂ ਵਿੱਚ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਚਰਨ ਪਏ, ਉਨ੍ਹਾਂ ਗਲੀਆਂ ਨੂੰ ਅਸੀ ਆਪਣੀਆਂ ਮਨਮਰਜ਼ੀਆਂ, ਦੁਨਿਆਵੀ ਬਜ਼ਾਰਾਂ ਦਾ ਮਹੌਲ ਦੇਕੇ ਗੰਧਲਾ ਕਰ ਰਹੇ ਹਾਂ।
ਪਿਛਲੇ ਮਹੀਨਿਆਂ ਵਿੱਚ ਸੰਗਰੂਰ ਨੇੜਲੇ ਸੰਤ ਅਤਰ ਸਿੰਘ ਜੀ ਦੇ ਅਸਥਾਨ ਮਸਤੂਆਣਾ ਸਾਹਿਬ ਵਿੱਚ ਪ੍ਰਬੰਧਕਾਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੋੜ ਮੇਲੇ ਦੇ ਸੁਧਾਰਾਂ ਦੀ ਪਿਰਤ ਸ਼ੁਰੂ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਇਸ ਦੀਆਂ ਕਰੀਬ ਛੇ ਸੱਤ ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਸਨ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨਾਂ ਤੋਂ ਭਾਵੇਂ ਇਸ ਸਬੰਧੀ ਸੰਗਤ ਨੂੰ ਸ਼ਰਧਾ ਭਾਵਨਾ ਅਤੇ ਜ਼ਾਬਤੇ ਵਿੱਚ ਰਹਿਕੇ ਹੋਲੇ ਮਹੱਲੇ ਤੇ ਪਹੁੰਚਣ ਦੀ ਬੇਨਤੀ ਲਗਾਤਾਰ ਕੀਤੀ ਜਾ ਰਹੀ ਹੈ, ਪਰ ਇਹ ਯਤਨ ਮੌਕੇ ਉਪਰ ਹੋਣ ਕਰਕੇ ਇਸ ਦੇ ਅਸਾਰ ਘੱਟ ਜਾਂਦੇ ਹਨ। ਜੇਕਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਹਿਰਦ ਹੋ ਕੇ ਹੋਲੇ ਮਹੱਲੇ ਦੇ ਮਹੌਲ ਨੂੰ ਦਰੁਸਤ ਕਰਨਾ ਚਾਹੁੰਦੀ ਹੈ ਤਾਂ ਇਸ ਤੇ ਨਿੱਠ ਕੇ ਕੰਮ ਕਰਨ ਦੀ ਲੋੜ ਹੈ ਅਤੇ ਮਸਤੂਆਣਾ ਸਾਹਿਬ ਵਿਖੇ ਹੋਏ ਉੱਦਮ ਤੋਂ ਵੀ ਬਹੁਤ ਕੁਝ ਲਿਆ ਜਾ ਸਕਦਾ ਹੈ ਜਿੱਥੇ ਸੰਗਤ ਤੇ ਪ੍ਰਬੰਧਕਾਂ ਨੇ ਇਹ ਵੱਡਾ ਕਾਰਜ ਸੰਭਵ ਕਰਕੇ ਦਿਖਾਇਆ ਹੈ।
ਹੋਲੇ ਮਹੱਲੇ ਦੇ ਮਹੌਲ ਨੂੰ ਦਰੁਸਤ ਕਰਨ ਲਈ ਦੋ ਤਰ੍ਹਾਂ ਦੇ ਹੰਭਲੇ ਜ਼ਰੂਰੀ ਹਨ, ਇੱਕ ਹੋਲੇ ਮਹੱਲੇ ਦਾ ਮਹੌਲ ਹੁੱਲੜਬਾਜ਼ੀ ਅਤੇ ਦੁਨਿਆਵੀ ਬਜ਼ਾਰ ਦੇ ਪੱਖ ਤੋਂ ਠੀਕ ਕਰਨ ਲਈ, ਦੂਸਰਾ ਰਵਾਇਤ ਵਾਲੇ ਪਾਸੇ ਮੁੜਨ ਲਈ ਚਾਰਾਜੋਈ ਅਮਲ ਵਿੱਚ ਲਿਆਉਣੀ। ਇਹ ਦੋਵੇਂ ਕਾਰਜ ਭਾਵੇਂ ਬਹੁਤ ਵੱਡੇ ਅਤੇ ਜਿੰਮੇਵਾਰੀ ਵਾਲੇ ਹਨ, ਜੇਕਰ ਸਿੱਖ ਇਸ ਪਾਸੇ ਕਦਮ ਵਧਾਉਣਗੇ ਤਾਂ ਗੁਰੂ ਸਾਹਿਬ ਜ਼ਰੂਰ ਬਰਕਤ ਪਾਉਣਗੇ।
ਸੰਪਾਦਕ
Comments (0)