ਚੀਨ,ਪਾਕਿਸਤਾਨ  ਨਾਲ ਤਕਰਾਰ ਜਾਰੀ,ਅਮਰੀਕਾ- ਕੈਨੇਡਾ ਵਲੋਂ ਵੀ ਘੇਰਾਬੰਦੀ

ਚੀਨ,ਪਾਕਿਸਤਾਨ  ਨਾਲ ਤਕਰਾਰ ਜਾਰੀ,ਅਮਰੀਕਾ- ਕੈਨੇਡਾ ਵਲੋਂ ਵੀ ਘੇਰਾਬੰਦੀ

*ਕੈਨੇਡਾ ਦੀ ਸੁਰੱਖਿਆ ਖ਼ੁਫ਼ੀਆ ਏਜੰਸੀ ਵਲੋਂ ਦੋਸ਼ ਕਿ ਭਾਰਤੀ ਖੁਫੀਆ ਨੈਟਵਰਕ ਸਿਖਾਂ ਉਪਰ ਹਮਲੇ ਕਰਨ ਲਈ ਉਤਾਰੂ

*ਪੰਨੂ ਮਾਮਲੇ ਨਾਲ ਭਾਰਤ-ਅਮਰੀਕਾ ਸਬੰਧਾਂ ’ਤੇ ਅਸਰ ਨਹੀਂ ਪਿਆ: ਜੈਸ਼ੰਕਰ

ਭਾਰਤ ਦੀਆਂ ਆਮ ਚੋਣਾਂ ਵਿੱਚ, ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਮੁੱਖ ਵਿਰੋਧੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਆਪਣੇ 10 ਸਾਲਾਂ ਦੇ ਸਿਆਸੀ ਜਲਾਵਤਨੀ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ। ਦੋਵੇਂ ਵੱਡੀਆਂ ਪਾਰਟੀਆਂ ਜਨਤਾ ਨੂੰ ਲੁਭਾਉਣ ਲਈ ਆਪੋ-ਆਪਣੀਆਂ ਚਾਲਾਂ ਚੱਲ ਰਹੀਆਂ ਹਨ। ਇਸ ਲੜੀ ਵਿੱਚ ਵਿਦੇਸ਼ ਨੀਤੀ ਵੀ ਇੱਕ ਮੋਰਚਾ ਹੈ ਅਤੇ ਭਾਰਤ ਦੀ ਭੂਗੋਲਿਕ ਸਥਿਤੀ ਅਤੇ ਬਦਲਦੇ ਆਲਮੀ ਢਾਂਚੇ ਵਿੱਚ ਇਸ ਦੀ ਵਧਦੀ ਭੂਮਿਕਾ ਅਤੇ ਇੱਛਾਵਾਂ ਕਾਰਨ ਚੋਣਾਂ ਵਿੱਚ ਵਿਦੇਸ਼ ਨੀਤੀ ਦੀ ਚਰਚਾ ਪਹਿਲਾਂ ਨਾਲੋਂ ਵੱਧ ਹੋਣ ਲੱਗੀ ਹੈ। ਵਰਤਮਾਨ ਵਿੱਚ, ਦੁਨੀਆ ਦੇ ਕਈ ਹਿੱਸਿਆਂ ਵਿੱਚ ਤਣਾਅ ਅਤੇ ਸੰਘਰਸ਼ ਦੀ ਸਥਿਤੀ ਕਾਰਨ ਵਿਦੇਸ਼ ਨੀਤੀ ਦੀ ਮਹੱਤਤਾ ਵਧ ਗਈ ਹੈ। ਭਾਜਪਾ ਦੇ ਨਾਲ-ਨਾਲ ਭਾਰਤੀ  ਕਾਂਗਰਸ ਨੇ ਵੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਿਦੇਸ਼ ਨੀਤੀ ਨੂੰ ਵਿਸ਼ੇਸ਼ ਤਰਜੀਹ ਦਿੱਤੀ ਹੈ।

 ਸੈਂਟਰ ਫਾਰ ਪਾਲਿਸੀ ਰਿਸਰਚ  ਦੇ ਫੈਲੋ ਸਿਆਸੀ ਵਿਸ਼ਲੇਸ਼ਕ ਰਾਹੁਲ ਵਰਮਾ  ਅਨੁਸਾਰ ਕੁਛ ਸਮੇਂ ਪਹਿਲਾਂ ਤਕ ਭਾਰਤ ਵਿੱਚ ਵਿਦੇਸ਼ ਨੀਤੀ ਮੁੱਖ ਤੌਰ 'ਤੇ ਭਾਰਤ-ਪਾਕਿਸਤਾਨ ਟਕਰਾਅ, ਜਾਂ ਉਸ ਸੰਦਰਭ ਵਿੱਚ ਕਸ਼ਮੀਰ 'ਤੇ ਕੇਂਦਰਿਤ ਸੀ, ਕਦੇ-ਕਦਾਈਂ ਚੀਨ ਨਾਲ ਤਣਾਅ ਜਾਰੀ ਰਹਿੰਦਾ ਸੀ। ਪਰ ਪਿਛਲੇ ਦਸ-ਪੰਦਰਾਂ ਸਾਲਾਂ ਵਿੱਚ ਵਿਦੇਸ਼ ਨੀਤੀ ਨਾਲੋਂ ਜ਼ਿਆਦਾ ਰਾਸ਼ਟਰਵਾਦ, ਹਿੰਦੂਤਵ, ਮੁੱਖ ਧਾਰਾ ਅਤੇ ਘਰੇਲੂ ਰਾਜਨੀਤੀ ਬਾਰੇ ਵਧੇਰੇ ਚਰਚਾ ਹੋਣ ਲੱਗੀ ਸੀ।”

ਵਿਦੇਸ਼ ਨੀਤੀ 'ਤੇ ਦੋਹਾਂ ਪਾਰਟੀਆਂ ਦੇ ਨਜ਼ਰੀਏ ਵਿਚ ਫਰਕ ਦੇ ਸਵਾਲ 'ਤੇ ਰਾਹੁਲ ਵਰਮਾ ਕਹਿੰਦੇ ਹਨ, ''ਦੋਵਾਂ ਪਾਰਟੀਆਂ ਦੇ ਲਹਿਜੇ ਵਿਚ ਵਿਚਾਰਧਾਰਕ ਫਰਕ ਹੋ ਸਕਦਾ ਹੈ ਪਰ ਉਨ੍ਹਾਂ ਦਾ ਰਵੱਈਆ ਵੱਖਰਾ ਨਹੀਂ ਹੈ।'' ਵਰਮਾ ਨੇ ਇਹ ਵੀ ਕਿਹਾ, “ਮੈਨੀਫੈਸਟੋ ਵਿੱਚ, ਦੋਵੇਂ ਪਾਰਟੀਆਂ ਨੇ ਵੱਖੋ-ਵੱਖਰੇ ਤਰੀਕਿਆਂ ਨਾਲ ਇੱਕੋ ਜਿਹੀਆਂ ਗੱਲਾਂ ਕਹੀਆਂ ਹਨ। ਜਿਸ ਤਰ੍ਹਾਂ ਕਾਂਗਰਸ ਗੱਲਬਾਤ ਆਧਾਰਿਤ ਪਹੁੰਚ ਨਾਲ ਅੱਤਵਾਦ ਨੂੰ ਖਤਮ ਕਰਨ ਦੀ ਗੱਲ ਕਰਦੀ ਹੈ, ਉਸੇ ਤਰ੍ਹਾਂ ਭਾਜਪਾ ਹਮਲਾਵਰ ਰੁਖ ਦਿਖਾਉਂਦੀ ਹੈ। ਗੋਲੀ ਬਦਲੇ ਗੋਲੀ ਦੀ ਨੀਤੀ ਅਪਨਾਉਂਦੀ ਹੈ”

ਭਾਰਤ ਦੀ ਸਰਹੱਦ ਚੀਨ ਅਤੇ ਪਾਕਿਸਤਾਨ ਨਾਲ ਲਗਦੀ ਹੈ। ਦੋਵਾਂ ਨਾਲ ਨਵੀਂ ਦਿੱਲੀ ਦੇ ਰਿਸ਼ਤੇ ਬਹੁਤੇ ਸੁਖਾਵੇਂ ਨਹੀਂ ਸਨ। ਚੀਨ ਭਾਰਤ ਦੇ ਗੁਆਂਢੀ ਦੇਸ਼ਾਂ 'ਤੇ ਆਪਣਾ ਪ੍ਰਭਾਵ ਵਧਾ ਰਿਹਾ ਹੈ ਅਤੇ ਇਸ ਨਾਲ ਭਾਰਤ 'ਤੇ ਦਬਾਅ ਵੀ ਵਧ ਰਿਹਾ ਹੈ। ਮਾਲਦੀਵ ਨਾਲ ਭਾਰਤ ਦੇ ਤਣਾਅਪੂਰਨ ਸਬੰਧ ਇਸ ਦੀ ਇੱਕ ਉਦਾਹਰਣ ਹਨ, 

ਭਾਜਪਾ ਨੇ ਭਰੋਸਾ ਦਿੱਤਾ ਹੈ ਕਿ ਉਹ ਇੱਕ ਜ਼ਿੰਮੇਵਾਰ ਅਤੇ ਭਰੋਸੇਮੰਦ ਗੁਆਂਢੀ ਦੀ ਭੂਮਿਕਾ ਵਿੱਚ 'ਨੇਬਰਹੁਡ ਫਸਟ' ਦੀ ਨੀਤੀ 'ਤੇ ਕਾਇਮ ਰਹੇਗੀ। ਦੂਜੇ ਪਾਸੇ ਕਾਂਗਰਸ ਨੇ ਭੂਟਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਨਾਲ ਸਬੰਧਾਂ ਵਿੱਚ ਨਵੀਂ ਤਾਜ਼ਗੀ ਲਿਆਉਣ ਦਾ ਵਾਅਦਾ ਕੀਤਾ ਹੈ ।ਭਾਰਤ ਵਿੱਚ ਸਰਹੱਦ ਪਾਰ ਅੱਤਵਾਦ ਵੀ ਇੱਕ ਵੱਡਾ ਮੁੱਦਾ ਹੈ। ਬੀਜੇਪੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਚੀਨ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦਾ ਵਾਅਦਾ ਕੀਤਾ ਹੈ। ਇਸ ਸੰਦਰਭ ਵਿੱਚ ਰਣਨੀਤਕ ਵਿਸ਼ਲੇਸ਼ਕ ਅਤੇ ਨਵੀਂ ਦਿੱਲੀ ਸਥਿਤ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਉਪ-ਪ੍ਰਧਾਨ ਹਰਸ਼ ਵੀ. ਪੰਤ ਅਨੁਸਾਰ, “ਚੀਨ ਅਤੇ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਕਿਵੇਂ ਦੇ ਹੋਣਗੇ ਇਸ ਬਾਰੇ ਚੋਣ ਮਨੋਰਥ ਪੱਤਰ ਵਿੱਚ ਕੋਈ ਰੂਪਰੇਖਾ ਨਹੀਂ ਹੈ। ਹਾਲਾਂਕਿ, ਮੈਨੂੰ ਲੱਗਦਾ ਹੈ ਕਿ ਭਾਜਪਾ ਦਾ ਮੈਨੀਫੈਸਟੋ ਜੋ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਇਹ ਹੈ ਕਿ ਭਾਰਤ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਇੱਛਾਵਾਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਸਮਰੱਥਾ ਯਕੀਨੀ ਤੌਰ 'ਤੇ ਇੱਕ ਵੱਡੇ ਟੀਚੇ 'ਤੇ ਕੇਂਦਰਿਤ ਹੈ।

ਪਰ ਭਾਰਤ ਦਾ ਅਮਰੀਕਾ ਤੇ ਕੈਨੇਡਾ ਨਾਲ ਖਾਲਿਸਤਾਨੀ ਲੀਡਰਾਂ  ਹਰਦੀਪ ਸਿੰਘ ਨਿਝਰ ਦੇ ਕਤਲ ਤੇ  ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਨਾਲ ਜੋ ਤਣਾਅ ਤੇ ਵਿਵਾਦ ਚਲ ਰਿਹਾ ਹੈ ,ਉਸ ਬਾਰੇ ਕਾਂਗਰਸ ਤੇ ਭਾਜਪਾ ਦੇ ਮੈਨੀਫੈਸਟੋ ਵਿਚ ਕੋਈ ਜ਼ਿਕਰ ਨਹੀਂ ਹੈ ਜਦ ਕਿ ਇਹ ਭਾਰਤ ਲਈ ਇਹ ਵਡਾ ਗੰਭੀਰ ਮਸਲਾ ਹੈ।ਭਾਰਤ ਦਾ ਰੂਸ ਤੋਂ ਇਲਾਵਾ ਕੋਈ ਮਿੱਤਰ ਦੇਸ਼ ਨਹੀਂ।ਪਰ ਯੂਕਰੇਨ ਜੰਗ ਵਿਚ ਫਸਿਆ ਰੂਸ ਭਾਰਤ ਦੇ ਦੁਸ਼ਮਣ ਚੀਨ ਦੀ ਮਦਦ ਉਪਰ ਆਧਾਰਿਤ ਹੈ,ਇਸ ਕਰਕੇ ਰੂਸ ਭਾਰਤ ਦੀ ਖੁਲ੍ਹਕੇ ਮਦਦ ਨਹੀਂ ਕਰ ਸਕੇਗਾ।ਕੈਨੇਡਾ ਅਮਰੀਕਾ ਨੇ ਪਹਿਲਾਂ ਹੀ ਸਰਹੱਦੀ ਦਖਲ ਅੰਦਾਜ਼ੀ ਕਾਰਣ ਭਾਰਤ ਨੂੰ ਘੇਰਿਆ ਹੋਇਆ ਹੈ।

ਹੁਣੇ ਜਿਹੇ ਕੈਨੇਡਾ ਦੀ ਸੁਰੱਖਿਆ ਖ਼ੁਫ਼ੀਆ ਏਜੰਸੀ (ਸੀ. ਐੱਸ. ਆਈ. ਸੀ.) ਨੇ ਆਪਣੀ 2017 ਦੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਵੈਨਕੂਵਰ ਤੇ ਟੋਰਾਂਟੋ ਵਿਚ ਭਾਰਤੀ ਖ਼ੁਫ਼ੀਆ ਨੈੱਟਵਰਕ ਨੇ ਸਿੱਖਾਂ ’ਤੇ ਹਮਲਿਆਂ ਦੀ ਯੋਜਨਾ ਬਣਾਈ ਸੀ। ਰਿਪੋਰਟ ਵਿਚ ਸਿਫਾਰਿਸ਼ ਕੀਤੀ ਗਈ ਸੀ ਕਿ ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ ਦੇ ਪ੍ਰਭਾਵ ਤੇ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿਚ ਇਸ ਦੀ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਪਰ ਕੈਨੇਡਾ ਸਰਕਾਰ ਨੇ ਮਾਮਲੇ ਦੀ ਸਿਆਸੀ ਨਾਜ਼ੁਕਤਾ ਕਾਰਨ ਇਸ ਸਿਫਾਰਿਸ਼ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ।

ਜਾਣਕਾਰਾਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਨੇ ਇਸ ਡਰ ਤੋਂ ਰਿਪੋਰਟ ’ਤੇ ਕਦਮ ਨਹੀਂ ਚੁੱਕੇ ਕਿ ਇਸ ਨਾਲ ਭਾਰਤ ਨਾਰਾਜ਼ ਹੋ ਜਾਵੇਗਾ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਮੁਸ਼ਕਿਲ ਵਿਚ ਪੈ ਸਕਦਾ ਹੈ। ਕੈਨੇਡਾ ਸਰਕਾਰ ਦੇ ਇਸ ਰਵੱਈਏ ਕਾਰਨ ਵੈਨਕੂਵਰ ਤੇ ਟੋਰਾਂਟੋ ਵਿਚ ਭਾਰਤੀ ਨੈੱਟਵਰਕ ਨੇ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਜਾਰੀ ਰੱਖਿਆ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ 2 ਦੇਸ਼ਾਂ ਨੇ ਸਭ ਤੋਂ ਵੱਧ ਦਖ਼ਲਅੰਦਾਜ਼ੀ ਕੀਤੀ ਪਰ ਇਨ੍ਹਾਂ ਵਿਚ ਭਾਰਤ ਚੀਨ ਨਾਲੋਂ ਵੱਡਾ ਦੋਸ਼ੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2016 ਤੋਂ ਬਾਅਦ ਕੈਨੇਡਾ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੇ ਪ੍ਰਭਾਵ ਹਾਸਲ ਕਰਨ ਲਈ ਸਰਕਾਰੀ ਅਦਾਰਿਆਂ ’ਚ ਘੁਸਪੈਠ ਕਰਨ ਵਾਲੀਆਂ ਭਾਰਤੀ ਖ਼ੁਫ਼ੀਆ ਸਰਗਰਮੀਆਂ ਵਿਚ ਕਾਫ਼ੀ ਵਾਧਾ ਹੋਇਆ ਹੈ।

ਕੈਨੇਡਾ ਦੇ ਖ਼ੁਫ਼ੀਆ ਅਧਿਕਾਰੀਆਂ ਮੁਤਾਬਕ ਭਾਰਤੀ ਦੂਤਘਰ ਦੇ 2 ਅਧਿਕਾਰੀਆਂ ਪਰਾਗ ਜੈਨ ਤੇ ਅਮਰਜੀਤ ਸਿੰਘ ਨੇ ਇਸ ਕੰਮ ਵਿਚ ਅਹਿਮ ਭੂਮਿਕਾ ਨਿਭਾਈ। ਇਹ ਦੋਵੇਂ ਗੁਰਦੁਆਰਿਆਂ ਵਿਚ ਭਾਰਤ ਪੱਖੀ ਸਿੱਖਾਂ ਦਾ ਪ੍ਰਭਾਵ ਵਧਾਉਣ, ਖ਼ਾਲਿਸਤਾਨੀ ਵਿਰੋਧੀਆਂ ਵਿਰੁੱਧ ਮੁਹਿੰਮਾਂ ਚਲਾਉਣ, ਖ਼ਾਲਿਸਤਾਨ ਦਾ ਵਿਰੋਧ ਕਰਨ ਵਾਲੇ ਸਿੱਖਾਂ ਲਈ ਵੀਜ਼ਿਆਂ ਦਾ ਪ੍ਰਬੰਧ ਕਰਨ ਤੇ ਉਨ੍ਹਾਂ ਨੂੰ ਪੈਸੇ ਦੇਣ ਵਿਚ ਸਭ ਤੋਂ ਅੱਗੇ ਸਨ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਖ਼ੁਫ਼ੀਆ ਏਜੰਸੀ ਨੇ ਸਿੱਖ ਭਾਈਚਾਰੇ ਵਿਚ ‘ਆਪਣੇ ਲੋਕਾਂ’ ਦੇ ਰਾਹੀਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੰਦਾ ਵੀ ਦਿਵਾਇਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਡਿਪਲੋਮੈਟਾਂ ਨੇ ਪੱਤਰਕਾਰਾਂ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਆਪਣਾ ਏਜੰਟ ਬਣਾਇਆ ਹੋਇਆ ਸੀ।

ਦੂਸਰੇ ਪਾਸੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦਾਅਵਾ ਕੀਤਾ ਸੀ ਕਿ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਲਈ ਭਾਰਤੀ ਏਜੰਸੀਆਂ ’ਤੇ ਲੱਗੇ ਦੋਸ਼ਾਂ ਨਾਲ ਭਾਰਤ ਅਤੇ ਅਮਰੀਕਾ ਦੇ ਸਬੰਧਾਂ ’ਤੇ ਕੋਈ ਅਸਰ ਨਹੀਂ ਪਿਆ ਹੈ।  ਜੈਸ਼ੰਕਰ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਦੀ ਬੁਨਿਆਦ ਬਹੁਤ ਮਜ਼ਬੂਤ ਹੈ । ਉਨ੍ਹਾਂ ਕਿਹਾ ਕਿ ਅਮਰੀਕਾ ਨੇ ਕੁਝ ਖਾਸ ਜਾਣਕਾਰੀ ਸਾਡੇ ਧਿਆਨ ਹੇਠ ਲਿਆਂਦੀ ਸੀ ,ਕਿਉਂਕਿ ਅਸੀ ਵੀ ਮੰਨਦੇ ਹਾਂ ਕਿ ਉਸ ਦਾ ਕੁਝ ਅਸਰ ਸਾਡੀ ਆਪਣੀ ਪ੍ਰਣਾਲੀ ’ਤੇ ਵੀ ਪੈਂਦਾ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਦੀ ਵਿਦੇਸ਼ ਨੀਤੀ ਵਿਚ ਹਾਂ-ਪੱਖੀ ਰਵੱਈਆ ਅਪਣਾਇਆ ਗਿਆ। ਨਿੱਝਰ ਹੱਤਿਆ ਕਾਂਡ ਦੇ ਮਾਮਲੇ ’ਤੇ ਕੈਨੇਡਾ ਨਾਲ ਵਿਗੜੇ ਸਬੰਧਾਂ ਬਾਰੇ ਜੈਸ਼ੰਕਰ ਨੇ ਕਿਹਾ ਕਿ ਖਾਲਿਸਤਾਨੀ ਵੱਖਵਾਦੀਆਂ ਨੂੰ ਸਿਆਸੀ ਪਨਾਹ ਦੇ ਕੇ ਕੈਨੇਡਾ ਸਰਕਾਰ ਇਹ ਸੁਨੇਹਾ ਦੇ ਰਹੀ ਹੈ ਕਿ ਉਸ ਦਾ ਵੋਟ ਬੈਂਕ ਉਸ ਦੇ ਕਾਨੂੰਨ ਦੇ ਸ਼ਾਸਨ ਤੋਂ ਵਧੇਰੇ ਤਾਕਤਵਰ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸਾਨੂੰ ਕੈਨੇਡਾ ਨੇ ਹਰਦੀਪ ਸਿੰਘ ਨਿਝਰ ਦੇ ਕਤਲ ਦੇ ਦੋਸ਼ ਵਿਚ ਤਿੰਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਸਾਨੂੰ ਹੁਣ ਤੱਕ ਕੈਨੇਡਾ ਵੱਲੋਂ ਨਿੱਝਰ ਮਾਮਲੇ ਵਿੱਚ ਕੋਈ ਠੋਸ ਸਬੂਤ ਨਹੀਂ ਦਿੱਤੇ ਗਏ। ਇਸ ਲਈ ਅਸੀਂ ਇਸ ‘ਤੇ ਕਿਵੇਂ ਜਵਾਬ ਦੇ ਸਕਦੇ ਹਾਂ, ਸਾਨੂੰ ਸਿਰਫ਼ ਰਿਪੋਰਟ ਦੇ ਜ਼ਰੀਏ ਜਾਣਕਾਰੀ ਮਿਲੀ ਹੈ ਕਿ ਕੈਨੇਡਾ ਪੁਲਿਸ ਨੇ ਸਟੂਡੈਂਟ ਵੀਜ਼ਾ ‘ਤੇ ਗਏ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਵੱਖਵਾਦੀਆਂ ਨੂੰ ਸਿਰਫ਼ ਸਿਆਸੀ ਲਾਭ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਾਡੇ ਸਫੀਰ ਨੂੰ ਆਪਣੀ ਡਿਊਟੀ ਕਰਨ ‘ਤੇ ਧਮਕਾਇਆ ਗਿਆ, ਅਸੀਂ ਕੈਨੇਡਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਪਰ ਇਸ ਦੇ ਬਾਵਜੂਦ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਅਸੀਂ ਕਈ ਵਾਰ ਲੋੜੀਂਦੇ ਮੁਲਜ਼ਮਾਂ ਦੀ ਸਪੁਰਦਗੀ ਦੇ ਲਈ ਕੈਨੇਡਾ ਨੂੰ ਕਹਿ ਚੁੱਕੇ ਹਾਂ ਪਰ ਉਹ ਅਜਿਹੇ ਲੋਕਾਂ ਨੂੰ ਸੁਰੱਖਿਅਤ ਪਨਾਹ ਦੇ ਰਹੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਓਨਟਾਰੀਓ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਗਿਆ ਹੈ। ਹਿੰਸਾ ਕਰਨ ਵਾਲੇ ਇਸ ਨੂੰ ਸ਼ਾਨ ਨਾਲ ਪ੍ਰਚਾਰ ਰਹੇ ਹਨ।

ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਵਿਦੇਸ਼ੀ ਨੀਤੀ ਦੇ ਸੰਦਰਭ ਵਿਚ ਘਿਰਿਆ ਹੋਇਆ ਹੈ। ਅਮਰੀਕਾ ਭਾਰਤ ਨੂੰ ਚੀਨ ਦੇ ਵਿਰੁਧ ਵਰਤਣ ਲਈ ਉਸਦੀਆਂ ਅਮਰੀਕਾ ਤੇ ਕੈਨੇਡਾ ਦੀਆਂ ਹੱਦਾਂ  ਵਿਚ ਦਖਲਅੰਦਾਜ਼ੀ ਨੂੰ ਅਧਾਰ ਬਣਾਕੇ ਆਪਣਾ ਮੰਤਵ ਪੂਰਾ ਕਰ ਰਿਹਾ ਹੈ।ਦੂਜੇ ਪਾਸੇ ਚੀਨ ਤੇ ਪਾਕਿਸਤਾਨ ਸਾਂਝ ਭਾਰਤ ਲਈ ਖਤਰਾ ਬਣੀ ਹੋਈ ਹੈ।