ਸਿੰਘ ਇਜ਼ ਕਿੰਗ:ਮਧੂਸੂਦਨ ਸਿੰਘ ਪਨੇਸਰ ਉਰਫ ਮੌਂਟੀ ਪਨੇਸਰ

ਸਿੰਘ ਇਜ਼ ਕਿੰਗ:ਮਧੂਸੂਦਨ ਸਿੰਘ ਪਨੇਸਰ ਉਰਫ ਮੌਂਟੀ ਪਨੇਸਰ

ਕ੍ਰਿਕਟ ਤੋਂ ਬਾਅਦ ਹੁਣ ਮੌਂਟੀ ਪਨੇਸਰ ਸਿਆਸਤ ਵਿਚ ਦਾਖਲ 

*ਵਰਕਰਜ਼ ਪਾਰਟੀ ਦੇ ਉਮੀਦਵਾਰ ਹੋਣਗੇ,ਲੇਬਰ ਪਾਰਟੀ ਦੇ ਮੌਜੂਦਾ ਸਾਂਸਦ ਵਰਿੰਦਰ ਸ਼ਰਮਾ ਨੂੰ ਟਕਰ ਦੇਣਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ - ਇੰਗਲੈਂਡ ਦੇ ਸਾਬਕਾ ਸਪਿਨਰ ਮੋਂਟੀ ਪਨੇਸਰ ਨੇ ਕ੍ਰਿਕਟ ਪਿੱਚ 'ਤੇ ਧਮਾਲ ਮਚਾਉਣ ਤੋਂ ਬਾਅਦ ਹੁਣ ਰਾਜਨੀਤੀ 'ਚ ਆਉਣ ਦਾ ਫੈਸਲਾ ਕੀਤਾ ਹੈ। ਪਨੇਸਰ ਜਾਰਜ ਗੈਲੋਵੇ ਦੀ ਬਰਤਾਨੀਆ ਦੀ ਵਰਕਰਜ਼ ਪਾਰਟੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਬਰਤਾਨੀਆ ਦੀਆਂ ਚੋਣਾਂ ਵਿਚ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ। ਇੰਗਲੈਂਡ ਲਈ 50 ਟੈਸਟ ਮੈਚਾਂ 'ਚ 167 ਵਿਕਟਾਂ ਲੈਣ ਵਾਲੇ 42 ਸਾਲਾ ਖੱਬੇ ਹੱਥ ਦੇ ਸਪਿਨਰ ਪਨੇਸਰ ਈਲਿੰਗ ਸਾਊਥਾਲ ਤੋਂ ਚੁਣੌਤੀ ਦੇਣਗੇ।

ਗੈਲੋਵੇ ਵਲੋਂ ਮੰਗਲਵਾਰ ਨੂੰ ਸੰਸਦ ਦੇ ਬਾਹਰ 200 ਉਮੀਦਵਾਰਾਂ ਦਾ ਐਲਾਨ ਕਰਨ ਦੀ ਉਮੀਦ ਹੈ, ਜਿਸ ਵਿੱਚ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਦਾ ਵੀ ਸ਼ਾਮਲ ਹੈ। ਮੋਂਟੀ ਪਨੇਸਰ ਦੇ ਉਮੀਦਵਾਰ ਵਜੋਂ ਐਲਾਨ ਤੋਂ ਬਾਅਦ ਸਾਊਥਾਲ ਵਿੱਚ ਲੇਬਰ ਪਾਰਟੀ ਦੇ ਮੌਜੂਦਾ ਸਾਂਸਦ ਵਰਿੰਦਰ ਸ਼ਰਮਾ ਨੂੰ ਜ਼ਬਰਦਸਤ ਟੱਕਰ ਦੇਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਪਨੇਸਰ ਨੇ ‘ਦਿ ਟੈਲੀਗ੍ਰਾਫ’ ਵਿਚ ਇਕ ਕਾਲਮ ਵਿਚ ਕਿਹਾ, ‘‘ਮੇਰਾ ਮੰਨਣਾ ਹੈ ਕਿ ਇੰਗਲੈਂਡ ਦੇ ਕ੍ਰਿਕਟਰ ਦੇ ਤੌਰ 'ਤੇ ਮੇਰਾ ਕਰੀਅਰ ਰਾਜਨੀਤੀ ਵਿੱਚ ਮੇਰੇ ਨਵੇਂ ਜੀਵਨ ਲਈ ਇੱਕ ਵਡੀ ਪ੍ਰਾਪਤੀ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰੇ ਅਜਿਹੇ ਪ੍ਰਸ਼ੰਸਕ ਹਨ ਜੋ ਦੇਸ਼ ਭਰ ਵਿੱਚ ਇੱਕ ਖਿਡਾਰੀ ਦੇ ਰੂਪ ਵਿੱਚ ਮੈਨੂੰ ਪਿਆਰ ਕਰਦੇ ਹਨ ਅਤੇ ਸਮਰਥਨ ਕਰਦੇ ਹਨ। ਜਦੋਂ ਮੈਂ ਕ੍ਰਿਕਟ ਖੇਡਿਆ ਤਾਂ ਉਹ ਮੇਰੇ ਸਮਰਥਨ ਵਿਚ ਰਹੇ ਤੇ ਮੇਰਾ ਹੌਂਸਲਾ ਵਧਾਉਂਦੇ ਰਹੇ, ਜਿਸ ਲਈ ਮੈਂ ਸਦਾ ਲਈ ਧੰਨਵਾਦੀ ਹਾਂ, ਅਤੇ ਹੁਣ ਮੈਂ ਸਿਆਸਤ ਰਾਹੀਂ ਉਨ੍ਹਾਂ ਦੇ ਜੀਵਨ ਵਿੱਚ ਤਬਦੀਲੀ ਲਿਆ ਕੇ ਉਨ੍ਹਾਂ ਦੀ ਮਦਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਵਰਕਿੰਗ ਕਲਾਸ ਦੇ ਲੋਕਾਂ ਨੂੰ ਇਸ ਸਮੇਂ ਮਦਦ ਦੀ ਸਭ ਤੋਂ ਵੱਧ ਲੋੜ ਹੈ, ਅਜਿਹੇ ਸਮੇਂ ਵਿੱਚ ਜਦੋਂ ਆਰਥਿਕ ਮੰਦੀ ਦਾ ਸੰਕਟ ਹੈ ਅਤੇ ਉੱਚ ਵਿਆਜ ਦਰਾਂ ਬਰਤਾਨੀਆ ਵਿੱਚ ਜੀਵਨ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।

ਮੇਰਾ ਮੰਨਣਾ ਹੈ ਕਿ ਨਾ ਤਾਂ ਲੇਬਰ ਪਾਰਟੀ ਅਤੇ ਨਾ ਹੀ ਟੋਰੀ ਅਸਲ ਵਿੱਚ ਮਜ਼ਦੂਰ ਜਮਾਤ ਦੀ ਮਦਦ ਕਰ ਰਹੇ ਹਨ, ਅਤੇ ਮੈਨੂੰ ਲੱਗਦਾ ਹੈ ਕਿ ਮੈਂ ਇਸ ਪਾੜੇ ਨੂੰ ਪੂਰਾ ਕਰ ਸਕਦਾ ਹਾਂ ਅਤੇ ਇੱਕ ਸੰਸਦ ਮੈਂਬਰ ਵਜੋਂ ਇੱਕ ਫਰਕ ਲਿਆ ਸਕਦਾ ਹਾਂ।ਮੈਂ ਇਸ ਦੇਸ਼ ਦੇ ਮਜ਼ਦੂਰਾਂ ਦੀ ਆਵਾਜ਼ ਬਣਨਾ ਚਾਹੁੰਦਾ ਹਾਂ।’’ ਉਨ੍ਹਾਂ ਕਿਹਾ, ‘‘ਸਿਆਸਤ ਵਿਚ ਮੇਰੀ ਇੱਛਾ ਇਕ ਦਿਨ ਪ੍ਰਧਾਨ ਮੰਤਰੀ ਬਣਨ ਦੀ ਹੈ, ਜਿੱਥੇ ਮੈਂ ਬਰਤਾਨੀਆਂ ਨੂੰ ਇਕ ਸੁਰੱਖਿਅਤ ਅਤੇ ਮਜ਼ਬੂਤ ਰਾਸ਼ਟਰ ਬਣਾਵਾਂਗਾ। ਪਰ ਮੇਰਾ ਪਹਿਲਾ ਕੰਮ ਈਲਿੰਗ ਸਾਊਥਾਲ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਹੈ।ਮੈਂ ਸਿਰਫ ਜਾਰਜ ਗੈਲੋਵੇ ਨੂੰ ਸੰਖੇਪ ਵਿੱਚ ਜਾਣਦਾ ਹਾਂ, ਪਰ ਜੋ ਮੈਂ ਜਾਣਦਾ ਹਾਂ ਉਹ ਇਹ ਹੈ ਕਿ ਉਸਦਾ ਧਿਆਨ ਬਰਤਾਨੀਆ ਵਿੱਚ ਅਮੀਰ ਅਤੇ ਗਰੀਬ ਵਿਚਾਲੇ ਵਿਸ਼ਾਲ ਪਾੜੇ ਨੂੰ ਘਟਾਉਣ 'ਤੇ ਹੈ। ਕੋਈ ਹੋਰ ਇਸ ਬਾਰੇ ਕੁਝ ਨਹੀਂ ਕਰ ਰਿਹਾ। ਉਦਾਹਰਨ ਲਈ, ਪਾਰਲੀਮੈਂਟ ਵਿੱਚ ਟਰੇਡ ਯੂਨੀਅਨਾਂ ਲਈ ਆਵਾਜ਼ ਕਿੱਥੇ ਹੈ? ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਵਰਕਰਜ਼ ਪਾਰਟੀ ਮਜ਼ਦੂਰਾਂ ਦੀ ਆਵਾਜ਼ ਹੈ ਅਤੇ ਅਸੀਂ ਉਨ੍ਹਾਂ ਦੀ ਮਦਦ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।ਉਨ੍ਹਾਂ ਕਿਹਾ ਕਿ ਪ੍ਰਾਈਵੇਟ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਇਸ ਤੋਂ ਮੁਨਾਫਾ ਲੈ ਰਹੀਆਂ ਹਨ ਜਦਕਿ ਆਮ ਲੋਕ ਦੁਖੀ ਹਨ। ਸਾਨੂੰ ਸਿਹਤ ਸੰਭਾਲ ਪ੍ਰਣਾਲੀ ਨੂੰ ਗ਼ਰੀਬ ਲੋਕਾਂ ਲਈ ਬਹੁਤ ਜ਼ਿਆਦਾ ਪਹੁੰਚਯੋਗ ਬਣਾਉਣਾ ਚਾਹੀਦਾ ਹੈ ਪਰ ਇਸ ਵਿੱਚ ਸੁਧਾਰ ਦਾ ਕੋਈ ਸੰਕੇਤ ਨਹੀਂ ਹੈ। ਪਾਨੇਸਰ ਨੇ ਕਿਹਾ ਕਿ ਸਾਨੂੰ 10 ਮਿਲੀਅਨ ਪੌਂਡ ਤੋਂ ਵੱਧ ਦੀਆਂ ਜਾਇਦਾਦਾਂ 'ਤੇ ਵੀ ਵੈਲਥ ਟੈਕਸ ਲਗਾਉਣ ਦੀ ਲੋੜ ਹੈ। ਜੋ ਪੈਸਾ ਪੈਦਾ ਕੀਤਾ ਜਾ ਸਕਦਾ ਹੈ, ਉਹ ਸਮਾਜਿਕ ਰਿਹਾਇਸ਼ ਅਤੇ ਸਿਹਤ ਸੰਭਾਲ ਪ੍ਰਣਾਲੀ ਲਈ ਫੰਡਿੰਗ ਦੁਆਰਾ ਚੰਗੀ ਵਰਤੋਂ ਵਿੱਚ ਲਿਆ ਜਾਵੇਗਾ, ਜਿਸਦੀ ਇਸਦੀ ਸਖ਼ਤ ਜ਼ਰੂਰਤ ਹੈ।ਇਸ ਦੌਰਾਨ, ਰਿਸ਼ੀ ਸੁਨਕ ਫੌਜੀ ਸਹਾਇਤਾ 'ਤੇ 2.5 ਬਿਲੀਅਨ ਪੌਂਡ ਖਰਚ ਕਰ ਰਿਹਾ ਹੈ ਜੋ ਵੱਡੇ ਪੱਧਰ 'ਤੇ ਦੂਜੇ ਦੇਸ਼ਾਂ ਦੀ ਮਦਦ ਕਰਦਾ ਹੈ। ਗਰੀਬ ਬ੍ਰਿਟਿਸ਼ ਲੋਕਾਂ ਲਈ ਪੈਸਾ ਕਿੱਥੇ ਹੈ?

ਉਨ੍ਹਾਂ ਕਿਹਾ ਕਿ ਮੇਰਾ ਇਹ ਵੀ ਮੰਨਣਾ ਹੈ ਕਿ ਵਰਤਮਾਨ ਵਿੱਚ ਹੋ ਰਹੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਸਾਨੂੰ ਆਪਣੀਆਂ ਸਰਹੱਦਾਂ 'ਤੇ ਬਿਹਤਰ ਨਿਯੰਤਰਣ ਦੀ ਲੋੜ ਹੈ। 

 ਕੋਣ ਹਨ ਮੌਂਟੀ ਪਾਨੇਸਰ 

ਭਾਰਤ ਤੋਂ ਆਏ ਸਿੱਖ ਪਰਵਾਸੀ ਮਾਪਿਆਂ ਦੇ ਘਰ ਲੂਟਨ, ਬੈਡਫੋਰਡਸ਼ਾਇਰ ਵਿੱਚ ਜਨਮੇ, ਪਨੇਸਰ, ਜਿਸਦਾ ਪੂਰਾ ਨਾਮ ਮੁਧਸੂਦਨ ਸਿੰਘ ਪਨੇਸਰ ਹੈ, ਨੇ ਇੱਕ ਕ੍ਰਿਕਟਰ ਵਜੋਂ ਪਛਾਣ ਪ੍ਰਾਪਤ ਕੀਤੀ ਸੀ । ਉਹ ਭਾਰਤ ਵਿੱਚ ਖੇਡੀ ਗਈ 2009 ਏਸ਼ੇਜ਼ ਸੀਰੀਜ਼ ਅਤੇ 2012 ਦੀ ਐਸ਼ੇਜ਼ ਸੀਰੀਜ਼ ਜਿੱਤਣ ਵਾਲੀ ਟੀਮ ਦਾ ਮੈਂਬਰ ਸੀ। ਹਾਲਾਂਕਿ ਉਸਨੇ ਕਦੇ ਵੀ ਰਸਮੀ ਤੌਰ 'ਤੇ ਖੇਡ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਨਹੀਂ ਕੀਤੀ, 2016 ਵਿੱਚ ਕ੍ਰਿਕਟ ਛੱਡਣ ਤੋਂ ਬਾਅਦ ਉਸਨੇ ਲੰਡਨ ਦੀ ਸੇਂਟ ਮੈਰੀਜ਼ ਯੂਨੀਵਰਸਿਟੀ ਵਿੱਚ ਖੇਡ ਪੱਤਰਕਾਰੀ ਵਿੱਚ ਦਿਲਚਸਪੀ ਲਈ। ਮੋਂਟੀ ਪਨੇਸਰ ਨੇ ਇੰਗਲੈਂਡ ਲਈ 50 ਟੈਸਟ, 26 ਵਨਡੇ ਅਤੇ ਇਕ ਟੀ-20 ਮੈਚ ਖੇਡਿਆ ਹੈ। ਟੈਸਟ 'ਚ ਉਸ ਦੇ ਨਾਂ 167 ਵਿਕਟਾਂ ਹਨ, ਜਦਕਿ ਵਨਡੇ 'ਚ ਉਸ ਨੇ 24 ਵਿਕਟਾਂ ਹਾਸਲ ਕੀਤੀਆਂ ਹਨ। ਪਨੇਸਰ ਨੇ ਦਸੰਬਰ 2013 ਵਿੱਚ ਆਸਟਰੇਲੀਆ ਦੇ ਖਿਲਾਫ ਇੰਗਲੈਂਡ ਲਈ ਆਪਣਾ ਆਖਰੀ ਟੈਸਟ ਖੇਡਿਆ ਸੀ, ਜਦੋਂ ਕਿ ਉਸਨੇ ਜਨਵਰੀ 2007 ਵਿੱਚ ਆਸਟਰੇਲੀਆ ਦੇ ਖਿਲਾਫ ਆਪਣਾ ਵਨਡੇ ਡੈਬਿਊ ਕੀਤਾ ਸੀ ਅਤੇ ਉਸੇ ਸਾਲ ਅਕਤੂਬਰ ਵਿੱਚ ਸ਼੍ਰੀਲੰਕਾ ਖਿਲਾਫ ਖੇਡਿਆ ਗਿਆ ਮੈਚ ਇਸ ਫਾਰਮੈਟ ਵਿੱਚ ਉਸਦਾ ਆਖਰੀ ਮੈਚ ਸੀ।

ਮੌਂਟੀ ਕ੍ਰਿਕਟ ਟੀਮ ਦਾ ਇੱਕ ਮਹਾਨ ਖੱਬੇ ਹੱਥ ਦਾ ਮਸ਼ਹੂਰ ਸਪਿਨਰ ਸੀ ਅਤੇ ਇੰਗਲੈਂਡ ਵਿੱਚ ਨੌਜਵਾਨਾਂ ਵੱਲੋਂ ਉਸ ਨੂੰ ਸਭ ਤੋਂ ਵੱਧ ਪਿਆਰ ਕੀਤਾ ਜਾਂਦਾ ਹੈ।