ਹਿੰਦੂਤਵੀ ਰਾਜਨੀਤਕ ਕੂਟਨੀਤੀ ਅੱਗੇ ਮਾਰ ਖਾ ਗਏ ਕਈ ਵੱਡੇ ਅਕਾਲੀ ਆਗੂ ਤੇ ਕਿਸਾਨ ਲੀਡਰ

ਹਿੰਦੂਤਵੀ ਰਾਜਨੀਤਕ ਕੂਟਨੀਤੀ ਅੱਗੇ ਮਾਰ ਖਾ ਗਏ ਕਈ ਵੱਡੇ ਅਕਾਲੀ ਆਗੂ ਤੇ ਕਿਸਾਨ ਲੀਡਰ

ਲੀਡਰ ਦੀ ਪਰਿਭਾਸ਼ਾ ਸਮਝਣ ਲਈ ਸਭ ਤੋਂ ਪਹਿਲਾਂ ਮੈਂ ਭਾਰਤੀ ਮੁਸਲਿਮ ਲੀਡਰ ਮੁਹੰਮਦ ਅਲੀ ਜਿਨਾਹ ਬਾਰੇ ਇਕ ਕਿਤਾਬ, ਜੋ ਇਕ ਮੁਸਲਿਮ ਲੇਖਕ ਜ਼ੈੱਡ.ਏ ਸੁਲਾਰੀ ਨੇ ਲਿਖੀ ਸੀ, ਪੜ੍ਹੀ।ਇਸਦਾ ਸਿਰਲੇਖ ਸੀ 'ਮਾਈ ਲੀਡਰ' , ਜਿਸ ਵਿਚ ਉਸਨੇ ਮੁਸਲਿਮ ਲੀਡਰ ਜਿਨਾਹ ਦੇ ਲੀਡਰ ਹੋਣ ਦੇ ਸਾਰੇ ਗੁਣਾਂ ਦੀ ਤਾਈਦ ਕੀਤੀ ਅਤੇ ਜਿਸ ਵਿਚ ਸਿਆਸਤਦਾਨਾਂ ਅਤੇ ਕੂਟਨੀਤਕਾਂ ਵਾਲੇ ਸਾਰੇ ਗੁਣ ਮੌਜੂਦ ਸਨ, ਜੋ ਇਕ ਲੀਡਰ ਵਿਚ ਹੁੰਦੇ ਹਨ।

ਉਸਨੇ ਭਾਰਤੀ ਮੁਸਲਮਾਨਾਂ ਲਈ ਇਕ ਅਲੱਗ ਖਿੱਤਾ ਲੈ ਕੇ ਦਿੱਤਾ, ਜਿਸ ਵਿਚ ਉਹ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ, ਜਦੋਂ ਕਿ ਉਸਦੀ ਟੱਕਰ ਉਸ ਸਮੇਂ ਦੇ ਘਾਗ ਸਿਆਸਤਦਾਨਾਂ ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਅਤੇ ਸਰਦਾਰ ਵੱਲਭ ਭਾਈ ਪਟੇਲ ਨਾਲ ਸੀ। ਬੇਸ਼ੱਕ ਉਸ ਤੋਂ ਬਾਅਦ ਪਾਕਿਸਤਾਨ ਨੂੰ ਕੋਈ ਅਜਿਹਾ ਆਗੂ ਨਹੀਂ ਮਿਲਿਆ। ਜ਼ੈੱਡ.ਏ ਸੁਲਾਰੀ ਵਰਗੇ ਲੇਖਕ ਦੀ ਕਲਮ ਕੋਲ ਇਹ ਸ਼ਬਦ ਨਹੀਂ ਸਨ ਜੋ ਜਿਨਹਾ ਤੋਂ ਬਾਅਦ ਉਸਦੀ ਕਲਮ ਕਿਸੇ ਪਾਕਿਸਤਾਨੀ ਨੇਤਾ ਨੂੰ ਮਾਈ ਲੀਡਰ ਵਰਗੇ ਸ਼ਬਦਾਂ ਨਾਲ ਸਨਮਾਨਿਤ ਕਰਦੀ। ਮੇਰਾ ਸਭ ਤੋਂ ਪਹਿਲਾ ਮੁੱਲਅੰਕਣ ਲੀਡਰ, ਸਿਆਸਤਦਾਨ ਅਤੇ ਕੂਟਨੀਤਕ ਬਾਰੇ ਸੀ। 

ਹੁਣ ਚਲਦੇ ਹਾਂ ਸਿੱਖ ਸਿਆਸਤ ਵੱਲ। ਸਿੱਖ ਲੀਡਰਾਂ ਵਿਚ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਸ. ਬਲਦੇਵ ਸਿੰਘ ਦੁੰਮਣਾ ਜੋ ਸ਼ਾਇਦ ਲੀਡਰ ਤਾਂ ਸਨ, ਪਰ ਸਿਆਸਤਦਾਨ ਜਾਂ ਕੂਟਨੀਤਕ ਨਹੀਂ ਸਨ। ਕਿਉਂਕਿ ਇਨ੍ਹਾਂ ਉਕਤ ਲੀਡਰਾਂ ਦਾ ਵੀ ਸਾਹਮਣਾ ਉਸ ਸਮੇਂ ਦੇ ਕਾਂਗਰਸ ਲੀਡਰ ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਅਤੇ ਸਰਦਾਰ ਵੱਲਭ ਭਾਈ ਪਟੇਲ ਨਾਲ ਸੀ। ਇਨ੍ਹਾਂ ਪਿੱਛੇ ਲੋਕ ਤਾਂ ਲੱਗ ਜਾਂਦੇ ਸਨ ਅਤੇ ਇਹ ਲੋਕਾਂ ਨੂੰ ਯੋਗ ਅਗਵਾਈ ਵੀ ਦਿੰਦੇ ਸਨ, ਜਿਸ ਸਦਕਾ ਅਕਾਲੀ ਲੀਡਰਾਂ ਦੇ ਮੋਰਚੇ, ਧਰਨੇ ਸਫ਼ਲ ਰਹੇ , ਪਰ ਇਨ੍ਹਾਂ ਦੀ ਸਿਆਸਤ ਜਾਂ ਕੂਟਨੀਤੀ ਸਿੱਖਾਂ ਨੂੰ ਉਨ੍ਹਾਂ ਦੀ ਅੱਡਰੀ ਪਛਾਣ ਅਤੇ ਅਲੱਗ ਖਿੱਤਾ ਦੁਆਉਣ ਵਿਚ ਅਸਫ਼ਲ ਰਹੀ ਅਤੇ ਜਵਾਹਰ ਲਾਲ ਨਹਿਰੂ ਵਰਗੇ ਲੀਡਰਾਂ ਦੇ ਸਾਹਮਣੇ ਢਹਿ-ਢੇਰੀ ਹੋ ਗਏ। ਮੇਰੇ ਤਾਇਆ ਜੀ ਜੋ ਉਸ ਸਮੇਂ ਮਾਸਟਰ ਮੱਘਰ ਸਿੰਘ, ਅਕਾਲੀ ਸਫਾਂ ਵਿਚ ਉੱਘੇ ਲੀਡਰ ਸਨ, ਨੇ ਮੈਨੂੰ ਇਕ ਵਾਰ ਦੱਸਿਆ ਸੀ ਕਿ ਉਹ ਗਿਆਨੀ ਕਰਤਾਰ ਸਿੰਘ ਜਿਸ ਨੂੰ ਸਿੱਖਾਂ ਦਾ ਦਿਮਾਗ਼ ਕਿਹਾ ਜਾਂਦਾ ਸੀ, ਨਾਲ ਦਿੱਲੀ ਦੇ ਲੀਡਰਾਂ ਨਾਲ ਮੀਟਿੰਗ ਲਈ ਗਏ, ਪਰ ਜਦੋਂ ਬਾਹਰ ਆਏ ਤਾਂ ਗਿਆਨੀ ਜੀ ਨੇ ਆ ਕੇ ਹੱਥ ਹਿਲਾਇਆ ਕਿ ਮੈਨੂੰ ਤਾਂ ਅੰਦਰ ਕੁਝ ਸਮਝ ਹੀ ਨਹੀਂ ਪਿਆ ਕਿ ਉਹ ਕੀ ਕਹਿ ਰਹੇ ਸਨ? ਇਸ ਤੋਂ ਬਾਅਦ ਅਜੋਕੇ ਲੀਡਰਾਂ ਵਿਚੋਂ ਜੇ ਗੱਲ ਕਰੀਏ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਤਾਂ ਉਨ੍ਹਾਂ ਨੇ ਉਸ ਸਮੇਂ ਜਦੋਂ ਪੰਜਾਬ ਗੰਭੀਰ ਸੰਤਾਪ ਵਿਚ ਸੀ, ਦਿੱਲੀ ਦੀ ਸਰਕਾਰ ਨਾਲ ਰਾਜੀਵ-ਲੌਂਗੋਵਾਲ ਵਰਗੇ ਅਸਫ਼ਲ ਸਮਝੌਤੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਦਿੱਲੀ ਦੀ ਉਸ ਕੂਟਨੀਤਕ ਚਾਲ ਨੂੰ ਸਮਝਣ ਵਿਚ ਨਾਕਾਮ ਰਿਹਾ। ਇਸ ਘਟਨਾ ਤੋਂ ਬਾਅਦ ਜਦੋਂ ਮੈਂ ਕਿਸਾਨ ਲੀਡਰਾਂ ਬਾਰੇ ਪੜਚੋਲ ਕਰਨ ਲੱਗਾ ਤਾਂ ਪਹਿਲਾਂ ਉਨ੍ਹਾਂ ਦਾ ਇਤਿਹਾਸ ਇਹ ਸੀ ਕਿ ਦੋ ਕਿਸਾਨ ਜਥੇਬੰਦੀਆਂ ਲੱਖੋਵਾਲ ਅਤੇ ਰਾਜੇਵਾਲ ਹੋਇਆ ਕਰਦੀਆਂ ਸਨ, ਪਰ ਇਨ੍ਹਾਂ ਨੂੰ ਇਕੱਠਾ ਕਰਨ ਵਾਸਤੇ ਕਿਸਾਨ ਯੂਨੀਅਨ ਏਕਤਾ ਹੋਂਦ ਵਿਚ ਆਈ, ਜਿਸ ਦਾ ਪ੍ਰਧਾਨ ਸ. ਪਿਸ਼ੌਰਾ ਸਿੰਘ ਸਿੱਧੂਪੁਰ ਨੂੰ ਬਣਾਇਆ। ਕਿਸਾਨ ਯੂਨੀਅਨਾਂ ਇਕੱਠੀਆਂ ਤਾਂ ਨਾ ਹੋਈਆਂ ਬਲਕਿ ਤਿੰਨ ਬਣ ਗਈਆਂ। ਫਿਰ ਪਤਾ ਨਹੀਂ ਇਨ੍ਹਾਂ ਦੇ ਕਿੰਨੇ ਕੁ ਚੁੱਲ੍ਹੇ ਬਣ ਗਏ। ਲੀਡਰ ਪਰਖ ਦੀ ਘੜੀ ਉਦੋਂ ਆਈ ਜਦੋਂ ਦਿੱਲੀ ਦੀ ਹਦੂਦ 'ਤੇ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਧਰਨੇ ਲਾਏ ਤਾਂ ਲੋਕਾਂ ਅਤੇ ਦੇਸ਼-ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਅਥਾਹ ਸਾਥ ਦਿੱਤਾ। ਹੁਣ ਦੇਸ਼ ਦੀ ਉਸ ਸਮੇਂ ਦੀ ਹਾਕਮ ਧਿਰ ਨੇ ਸ਼ੁਰੂ ਕੀਤੀ ਆਪਣੀ ਸਿਆਸਤ ਅਤੇ ਕੂਟਨੀਤੀ ਦੀ ਖੇਡ।

ਕਿਸਾਨ ਵਿਚਾਰੇ ਕੋਈ ਖੁੰਡੇ ਲੈ ਕੇ, ਕੋਈ ਆਪਣੀ ਵਿਦਵਤਾ ਲੈ ਕੇ ਦਿੱਲੀ ਦੇ ਹਾਕਮਾਂ ਨਾਲ ਬੱਸਾਂ ਵਿਚ ਚੜ੍ਹ ਕੇ ਮੀਟਿੰਗਾਂ ਕਰਨ ਜਾਣ ਲੱਗੇ, ਪਰ ਕਿਸਾਨਾਂ ਦੇ ਸਾਹਮਣੇ ਤੋਂ ਕੂਟਨੀਤੀ ਦੀ ਸ਼ਤਰੰਜ ਨੇ ਸਾਰੇ ਕਿਸਾਨ ਲੀਡਰ ਢਹਿ-ਢੇਰੀ ਕਰ ਦਿੱਤੇ। ਦਿੱਲੀ ਦੀਆਂ ਬਰੂਹਾਂ 'ਤੇ ਅਰਬਾਂ ਰੁਪਏ ਮਿੱਟੀ ਕਰ ਕੇ ਇਹ ਕਹਿੰਦੇ ਆਏ ਕਿ ਅਸੀਂ ਅੰਦੋਲਨ ਜਿੱਤ ਲਿਆ ਹੈ, ਪਰ ਕਿਸੇ ਨੂੰ ਸਮਝ ਨਹੀਂ ਆਈ ਕਿ ਹੋਇਆ ਕੀ ਹੈ? ਲੈ ਕੇ ਕੀ ਆਏ ਹਨ? ਮਨਵਾ ਕੇ ਕੀ ਆਏ ਹਨ? ਜਵਾਬ ਵਿਚ ਕਹਿਣ ਲੱਗੇ ਫੇਰ ਧਰਨੇ ਲਗਾਵਾਂਗੇ, ਕਈ ਵੋਟਾਂ ਦੀ ਰਾਜਨੀਤੀ ਵਿਚ ਆ ਗਏ, ਆਖਰ ਕੂਟਨੀਤਿਕ ਸਿਆਸਤ ਨੇ ਸਾਰੇ ਢਹਿ-ਢੇਰੀ ਕਰ ਦਿੱਤੇ। ਕਾਂਗਰਸ ਦੇ ਲੀਡਰਾਂ ਵਿਚ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਲੈ ਕੇ ਕਿਸੇ ਨੇ ਯਥਾਰਥ ਦੀ ਸਿਆਸਤ ਨਹੀਂ ਕੀਤੀ। ਸਾਰੇ ਵਿਰਾਸਤੀ ਨੇਤਾ ਸਨ। ਵੋਟਾਂ ਦੀ ਗਿਣਤੀ-ਮਿਣਤੀ ਜਿਸ ਵਿਚ ਬੇਸ਼ੱਕ ਧਾਰਮਿਕ ਸਥਾਨਾਂ ਨੂੰ ਢਾਹੁਣਾ ਪਵੇ, ਭਾਵੇਂ ਲੋਕਾਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜਨਾ ਪਵੇ, ਕਦੇ ਗੁਰੇਜ਼ ਨਹੀਂ ਕੀਤਾ, ਕੇਵਲ ਕੂਟਨੀਤੀ ਨਾਲ ਸਿਆਸਤ ਕੀਤੀ। ਉਸੇ ਰਾਹ 'ਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੁਰੀ ਹੋਈ ਹੈ, ਜੋ ਕਹਿੰਦੀ ਹੈ ਚਾਹੇ ਮਸਜਿਦਾਂ ਢਾਹੁਣੀਆਂ ਪੈਣ, ਚਾਹੇ ਮਨੀਪੁਰ ਵਿਚ ਔਰਤਾਂ ਦੀ ਬੇਪੱਤੀ ਕਰਨੀ ਪਵੇ, ਪਰ ਗਿਣਤੀ-ਮਿਣਤੀ ਵੋਟਾਂ ਦੇ ਧਰੁਵੀਕਰਨ ਤੱਕ ਹੀ ਰਹੀ।

ਬੇਸ਼ੱਕ ਜੰਮੂ-ਕਸ਼ਮੀਰ ਵਿਚ ਸੰਵਿਧਾਨ ਦੀ 370 ਧਾਰਾ ਤੋੜ ਕੇ ਆਪਣੀ ਪਿੱਠ ਥਾਪੜੀ ਹੋਵੇ, ਜਦੋਂ ਕਿ ਇਹੀ ਕੰਮ ਕਾਂਗਰਸ ਦੀ ਸਰਕਾਰ ਨੇ ਧਾਰਾ 370 ਨੂੰ ਸੰਵਿਧਾਨਕ ਸੋਧਾਂ ਕਰ ਕੇ ਪਹਿਲਾਂ ਹੀ ਲੂਲੀ-ਲੰਗੜੀ ਕਰ ਦਿੱਤਾ ਸੀ।

ਮੇਰੀ ਸਮਝ ਵਿਚ ਕਾਂਗਰਸੀ ਲੀਡਰ ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਭੋਗ ਰਹੇ ਹਨ ਅਤੇ ਕਦੇ ਲੀਡਰ ਦੀ ਪਰਿਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਉਨ੍ਹਾਂ ਨੇ ਕਦੇ ਵੀ ਨਹੀਂ ਸੋਚਿਆ ਕਿ ਲੀਡਰ ਉਹ ਹੁੰਦੇ ਹਨ, ਜਿਨ੍ਹਾਂ ਨੂੰ ਲੋਕ ਆਪਣੇ ਦੇਵਤਿਆਂ ਵਾਂਗ ਪੂਜਦੇ ਹਨ। ਉਨ੍ਹਾਂ ਨੂੰ ਵਕਤੀ ਨੇਤਾ ਤਾਂ ਕਿਹਾ ਜਾ ਸਕਦਾ ਹੈ, ਜੋ ਚਾਹੇ ਪਿਓ-ਦਾਦੇ ਦੇ ਕਾਰਜਾਂ ਦੀ ਵਿਰਾਸਤ ਕਾਰਨ ਮੰਤਰੀ ਮੰਡਲ ਜਾਂ ਲੋਕ ਸਭਾ ਵਿਚ ਤਾਂ ਬੈਠੇ ਹੋਣ, ਪਰ ਉਨ੍ਹਾਂ ਨੂੰ ਲੀਡਰ ਦਾ ਮਾਣ ਕਦੇ ਹਾਸਿਲ ਨਹੀਂ ਹੋਇਆ।ਉਨ੍ਹਾਂ ਅੱਗੇ ਹਮੇਸ਼ਾ ਸੱਤਾ ਦੀ ਭੁੱਖ ਪ੍ਰਬਲ ਰਹੀ ਹੈ।

 ਹੁਣ ਕਰੀਏ ਪੰਜਾਬ ਲੀਡਰਸ਼ਿਪ ਦੀ ਗੱਲ। ਕਾਂਗਰਸ ਦੇ ਸ. ਪ੍ਰਤਾਪ ਸਿੰਘ ਕੈਰੋਂ, ਗਿਆਨੀ ਜ਼ੈਲ ਸਿੰਘ, ਸ. ਬੇਅੰਤ ਸਿੰਘ, ਕੈਪਟਨ ਅਮਰਿੰਦਰ ਸਿੰਘ ਅਤੇ ਸ. ਦਰਬਾਰਾ ਸਿੰਘ ਸਾਰੇ ਦਿੱਲੀ ਦੀ ਹਕੂਮਤ ਵਲੋਂ ਨਿਵਾਜੇ ਹੋਏ ਨੇਤਾ ਸਨ। ਅਕਾਲੀ ਪਾਰਟੀ ਦੀ ਵੀ ਗੱਲ ਛੂਹ ਲਈਏ। 1920 ਵਿਚ ਬਣੀ ਇਹ ਸਿਆਸੀ ਪਾਰਟੀ ਜਿਹੜੀ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ 'ਤੇ ਕੰਮ ਕਰਨ ਲਈ ਬਣਾਈ ਗਈ ਸੀ, ਬੇਸ਼ੱਕ ਇਸ ਪਾਰਟੀ ਨੇ ਆਪਣੀ ਕੌਮ ਲਈ ਧਾਰਮਿਕ ਪ੍ਰਾਪਤੀਆਂ, ਜਿਨ੍ਹਾਂ ਵਿਚ ਗੁਰੂ ਘਰਾਂ ਦੀ ਆਜ਼ਾਦੀ ਨੂੰ ਬਹਾਲ ਕਰਾਇਆ ਅਤੇ ਬਾਅਦ ਵਿਚ ਮਾਸਟਰ ਤਾਰਾ ਸਿੰਘ ਹੁਰਾਂ ਦੇ ਅਲੱਗ ਸਿੱਖ ਖਿੱਤੇ ਦੇ ਖੱਪੇ ਨੂੰ ਭਰਨ ਲਈ 1977 ਵਿਚ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ, ਜਿਸ ਨਾਲ ਰਾਜਾਂ ਦੇ ਵੱਧ ਅਧਿਕਾਰਾਂ, ਅਲੱਗ ਰਾਜਧਾਨੀ ਵਰਗੇ ਮੁੱਦੇ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਦਿੱਲੀ ਦੀ ਨਾਂਹ-ਪੱਖੀ ਸਿਆਸਤ ਨਾਲ ਸਾਹਮਣਾ ਕਰਨਾ ਪਿਆ, ਜਿਸਦਾ ਭੁਗਤਾਨ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ, ਦਿੱਲੀ ਸਿੱਖ ਨਸਲਕੁਸ਼ੀ, ਸਿੱਖ ਅਕਾਲੀ ਆਗੂ ਜੇਲ੍ਹਾਂ ਵਿਚ ਕਰਵਾ ਕੇ ਭੁਗਤਣਾ ਪਿਆ ਅਤੇ ਪੰਜਾਬ ਵਿਚ ਰਾਜ ਫਿਰ ਕਾਂਗਰਸ ਨੇ ਕੀਤਾ ਅਤੇ ਹਮੇਸ਼ਾ ਅਕਾਲੀ ਸਿਆਸਤ ਨੂੰ ਵੱਖ-ਵੱਖ ਮੁੱਦਿਆਂ ਵਿਚ ਉਲਝਾਈ ਰੱਖਿਆ।

ਅਕਾਲੀ ਦਲ ਦੀ ਵਾਗਡੋਰ ਜ਼ਿਆਦਾਤਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿਚ ਰਹੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਘਾਗ ਸਿਆਸਤਦਾਨ ਅਤੇ ਕੂਟਨੀਤਕ ਸਮਝਿਆ ਜਾਂਦਾ ਸੀ, ਜਿਸ ਸਦਕਾ ਉਨ੍ਹਾਂ ਨੇ ਹਮੇਸ਼ਾ ਪੰਥ ਅਤੇ ਧਾਰਮਿਕ ਅਸਥਾਨਾਂ ਨੂੰ ਬਚਾਉਣ ਅਤੇ ਸਿੱਖਾਂ ਅਤੇ ਪੰਜਾਬੀਆਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਸਦਕਾ ਲੋਕ ਉਨ੍ਹਾਂ ਦਾ ਸਿੱਖ ਲੀਡਰ ਦੇ ਤੌਰ ਤੇ ਸਨਮਾਨ ਕਰਦੇ ਸਨ। ਰਾਜਨੀਤਕ ਲੀਡਰ ਦੇ ਤੌਰ 'ਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ, ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ ਤਾਂ ਜੋ ਪੰਜਾਬ ਵਿਚ ਰਹਿੰਦੇ ਹਰ ਭਾਈਚਾਰੇ ਨੂੰ ਸਾਂਝੀਵਾਲਤਾ ਦਾ ਸੁਨੇਹਾ ਜਾ ਸਕੇ ਜਿਸ ਸਦਕਾ 1984 ਦੀ ਕੜਵਾਹਟ ਹੌਲੀ-ਹੌਲੀ ਖ਼ਤਮ ਹੋਣੀ ਸ਼ੁਰੂ ਹੋਈ। ਪਰ ਕੱਟੜਪੰਥੀ ਸਿੱਖ ਵਿਚਾਰਧਾਰਾ ਨੇ ਇਸ ਸਾਂਝੀਵਾਲਤਾ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਦਾ ਇਕ ਸਿਆਸੀ ਪੈਂਤੜਾ ਕਹਿ ਕੇ ਨਕਾਰਿਆ ਅਤੇ ਬਾਦਲ ਸਾਹਿਬ 'ਤੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਅਤੇ ਸਿੱਖਾਂ ਦੀ ਪੰਥਕ ਰਾਜਨੀਤੀ ਤੋਂ ਭੱਜਣ ਦੇ ਦੋਸ਼ ਲੱਗੇ, ਪਰ ਫਿਰ ਵੀ ਹਰ ਫਿਰਕੇ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਨਰਮਦਲੀਆ ਲੀਡਰ ਕਬੂਲ ਕੀਤਾ ਜਿਸ ਕੋਲ ਕੇਵਲ ਸਿੱਖ ਹੀ ਨਹੀਂ, ਹਿੰਦੂ-ਮੁਸਲਿਮ ਵੀ ਆਪਣਾ ਸਮਝ ਕੇ ਜਾਂਦੇ ਸਨ।

ਅਜੋਕੇ ਸਮੇਂ ਵਿਚ ਕੂਟਨੀਤਿਕ ਸਿਆਸਤ ਦੀ ਝਲਕ ਉਦੋਂ ਹਨੇਰੀ ਵਾਂਗ ਝੁੱਲੀ ਜਦੋਂ ਭਾਰਤੀ ਜਨਤਾ ਪਾਰਟੀ ਨੇ ਵੋਟਾਂ ਵਿਚ ਬਹੁਮਤ ਲੈਣ ਲਈ ਰਾਮ ਮੰਦਰ ਦੀ ਉਸਾਰੀ ਦਾ ਪਾਸਾ ਸੁੱਟਿਆ ਅਤੇ ਹਿੰਦੂਆਂ ਦਾ ਧਰੁਵੀਕਰਨ ਕਰ ਦਿੱਤਾ। ਮੌਜੂਦਾ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਲੰਘੇ ਸਮੇਂ ਅੰਦਰ ਵਾਪਰੀਆਂ ਘਟਨਾਵਾਂ ਅਤੇ ਕਮੀਆਂ ਤੋਂ ਸਿੱਖਿਆ ਲਈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਮਸਲਿਆਂ, ਕਿਸਾਨ ਮਸਲਿਆਂ, ਅੰਤਰਦੇਸ਼ੀ ਵਪਾਰਕ ਮਸਲਿਆਂ ਅਤੇ ਬੰਦੀ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਦਹਾਕਿਆਂ ਪੁਰਾਣੀ ਭਾਰਤੀ ਜਨਤਾ ਪਾਰਟੀ ਦੀ ਭਾਈਵਾਲਤਾ ਨੂੰ ਦਰਕਿਨਾਰ ਕਰ ਦਿੱਤਾ। ਪਰ ਮੇਰਾ ਸੁਆਲ ਅਜੇ ਵੀ ਬਰਕਰਾਰ ਸੀ ਕਿ ਲੀਡਰ ਕੌਣ ਹਨ? ਬੇਸ਼ੱਕ ਲੀਡਰ ਅਤੇ ਨੇਤਾ ਦੇ ਅੱਖਰੀ ਅਰਥ ਇਕੋ ਹਨ? ਸਿਆਸਤਦਾਨ ਦਾ ਸਰਲ ਅਰਥ ਸਰਲ ਰਾਜਨੀਤੀ ਹੈ, ਪਰ ਕੂਟਨੀਤਿਕ ਉਹ ਹੈ, ਜੇਕਰ ਉਹ ਇੱਟ ਵੀ ਮਾਰਦਾ ਹੈ ਤਾਂ ਸ਼ਾਇਦ ਖੰਡ ਨਾਲ ਲਬੇੜ ਕੇ ਮਾਰਦਾ ਹੈ।

ਅਖ਼ੀਰ ਮੈਂ ਇਹ ਵੀ ਵਿਸ਼ਲੇਸ਼ਣ ਕਰ ਰਿਹਾ ਹਾਂ ਕਿ ਪੰਜਾਬ ਵਿਚ ਜਿੰਨੀਆਂ ਵੀ ਸਿਆਸੀ ਧਿਰਾਂ ਚਾਹੇ ਉਹ ਭਾਜਪਾ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਚਾਹੇ ਕਾਂਗਰਸ ਪਾਰਟੀ ਹੋਵੇ, ਉਨ੍ਹਾਂ ਨੇ ਪੰਜਾਬ ਰਾਜ ਨੂੰ ਪੰਜਾਬ ਵਿਚ ਖੜ੍ਹ ਕੇ ਵੀ ਦਿੱਲੀ ਦੀ ਤਾਕੀ ਵਿਚੋਂ ਹੀ ਦੇਖਿਆ ਹੈ ਅਤੇ ਸਿੱਧੇ ਕਦੇ ਵੀ ਪੰਜਾਬ ਦੇ ਲੋਕਾਂ ਦੇ ਲੀਡਰ ਨਹੀਂ ਬਣੇ, ਕੇਵਲ ਦਿੱਲੀ ਵਲੋਂ ਥੋਪੇ ਗਏ ਹਨ, ਜਿਵੇਂ ਔਰੰਗਜ਼ੇਬ ਨੇ ਆਪਣੇ ਗਵਰਨਰ ਲਗਾਏ ਹੋਏ ਸਨ। ਪਰ ਅਕਾਲੀ ਦਲ ਨੂੰ ਜਦੋਂ ਵੀ ਮੈਂ ਪੜ੍ਹਿਆ ਤਾਂ ਮੈਨੂੰ ਇਕ ਤਸੱਲੀ ਜ਼ਰੂਰ ਹੋਈ ਕਿ ਅਕਾਲੀ ਦਲ ਦੇ ਲੀਡਰਾਂ ਨੇ ਹਮੇਸ਼ਾ ਪੰਜਾਬ ਵਿਚ ਖੜ੍ਹ ਕੇ ਪੰਜਾਬ ਦੇ ਹਿੰਦੂ-ਸਿੱਖ-ਮੁਸਲਮਾਨ ਅਤੇ ਇਸਾਈਆਂ ਨੂੰ ਵੇਖਿਆ ਅਤੇ ਉਨ੍ਹਾਂ ਦੇ ਦੁੱਖ-ਦਰਦ ਨੂੰ ਵਿਚ ਰਹਿ ਕੇ ਮਹਿਸੂਸ ਕੀਤਾ। ਬੇਸ਼ੱਕ ਉਨ੍ਹਾਂ ਦੀਆਂ ਕਮੀਆਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਜੇ ਉਹ ਗ਼ਲਤੀਆਂ ਤੋਂ ਸਿੱਖ ਕੇ ਲੋਕਾਂ ਦੇ ਲੀਡਰ ਬਣਨ ਦੀ ਕੋਸ਼ਿਸ਼ ਕਰਨ ਤਾਂ ਸ਼ਾਇਦ ਕੋਈ ਨਵੀਂ ਕਿਰਨ ਜਾਗੇ। 

 

ਅਮਰਦੀਪ ਸਿੰਘ ਧਾਰਨੀ

-ਫਤਹਿਗੜ੍ਹ ਸਾਹਿਬ।