ਸ੍ਰੋਮਣੀ ਕਮੇਟੀ ਨੇ ਚੱਪੜਚਿੜੀ ਤੋਂ ਸਰਹਿੰਦ ਤੱਕ ਸਜਾਇਆ ਫ਼ਤਹਿ ਮਾਰਚ

ਸ੍ਰੋਮਣੀ ਕਮੇਟੀ ਨੇ ਚੱਪੜਚਿੜੀ ਤੋਂ ਸਰਹਿੰਦ ਤੱਕ ਸਜਾਇਆ ਫ਼ਤਹਿ ਮਾਰਚ

ਗੁਰਦੁਆਰਾ ਪ੍ਰਬੰਧਾਂ ਉਪਰ ਕਬਜ਼ਾ ਕਰਨਾ ਚਾਹੁੰਦੀਆਂ ਨੇ ਸਰਕਾਰਾਂ: ਧਾਮੀ

ਬਾਬਾ ਬੰਦਾ ਸਿੰਘ  ਦੀ ਅਗਵਾਈ ਵਿਚ ਸਿਰਜਿਆ ਖਾਲਸਾ ਰਾਜ ਨਿਆਂ ਪਖੀ ਰਾਜ ਸੀ-ਜਥੇਦਾਰ ਕੇਸਗੜ੍ਹ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਤਹਿਗੜ੍ਹ ਸਾਹਿਬ-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ‘ਸਰਹਿੰਦ ਫ਼ਤਹਿ ਮਾਰਚ’ ਬੀਤੇ ਦਿਨੀਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਫ਼ਤਹਿ-ਏ-ਜੰਗ ਸਾਹਿਬ ਚੱਪੜਚਿੜੀ ਤੋਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੱਕ ਸਜਾਇਆ ਗਿਆ, ਜਿਸ ਨੂੰ ਸ਼੍ਰੋਮਣੀ  ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰਵਾਨਾ ਕੀਤਾ।ਫ਼ਤਹਿ ਮਾਰਚ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ, ਬੈਂਡ ਤੇ ਗਤਕਾ ਪਾਰਟੀਆਂ ਨੇ ਖਾਲਸਈ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਬੁੱਢਾ ਦਲ (96 ਕਰੋੜੀ) ਦੇ ਪ੍ਰਧਾਨ ਬਾਬਾ ਬਲਬੀਰ ਸਿੰਘ, ਐੱਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਚਰਨਜੀਤ ਸਿੰਘ ਕਾਲੇਵਾਲ, ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਵੀ ਸੰਬੋਧਨ ਕੀਤਾ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦਸਮੇਸ਼ ਪਿਤਾ ਤੋਂ ਥਾਪੜਾ ਲੈ ਕੇ ਜ਼ੁਲਮ ਦਾ ਖ਼ਾਤਮਾ ਕਰਨ ਤੁਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦਾਂ ਦੇ ਖੂਨ ਨਾਲ ਰੰਗੀ ਚੱਪੜਚਿੜੀ ਦੀ ਧਰਤੀ ’ਤੇ ਜ਼ਾਲਮ ਹਕੂਮਤ ਉੱਤੇ ਫ਼ਤਹਿ ਹਾਸਲ ਕਰ ਕੇ ਜਿੱਥੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ, ਉੱਥੇ ਹੀ ਉਨ੍ਹਾਂ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ। ਇਸ ਸ਼ਾਨਾਂਮੱਤੇ ਇਤਿਹਾਸ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਦੀਆਂ ਸੰਸਥਾਵਾਂ ਨੂੰ ਤੋੜਨ ਦੇ ਯਤਨ ਹੋ ਰਹੇ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਸਿੱਧੇ ਤੇ ਅਸਿੱਧੇ ਢੰਗ ਨਾਲ ਆਪਣੇ ਹੱਥ ਵਿੱਚ ਲੈਣਾ ਚਾਹੁੰਦੀਆਂ ਹਨ, ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਸਰਕਾਰਾਂ ਦੀਆਂ ਅਜਿਹੀਆਂ ਚਾਲਾਂ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ, ਕਿ ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਿਰਜਿਆ ਖਾਲਸਾ ਰਾਜ ਨਿਆਂ ਪਖੀ ਰਾਜ ਸੀ।ਸਿੱਖ ਯੋਧਿਆਂ ਨੇ ਇਸ ਪਵਿੱਤਰ ਧਰਤੀ ’ਤੇ ਇਤਿਹਾਸ ਸਿਰਜਿਆ, ਜਿਸ ਤੋਂ ਸਾਨੂੰ ਪ੍ਰੇਰਣਾ ਲੈਣ ਦੀ ਲੋੜ ਹੈ।

ਸਰਹਿੰਦ ਫ਼ਤਹਿ ਦਿਵਸ ਦਾ ਕੀ ਇਤਿਹਾਸ ਹੈ

ਸਰਹਿੰਦ ਬਹੁਤ ਪੁਰਾਣਾ ਸ਼ਹਿਰ ਹੈ। ਪਹਿਲਾਂ ਇਹ ਸਮਾਣੇ ਦੇ ਮਾਤਹਿਤ ਹੁੰਦਾ ਸੀ। ਫ਼ਿਰੋਜ਼ਸ਼ਾਹ ਤੁਗ਼ਲਕ ਨੇ ਇਸ ਨੂੰ ਵੱਖਰਾ ਪਰਗਣਾ ਬਣਾਇਆ ਸੀ। ਸ਼ਾਹੀ ਸੜਕ 'ਤੇ ਹੋਣ ਕਾਰਨ ਇਹ ਦਿਨੋਂ ਦਿਨ ਵਧਦਾ ਗਿਆ ਤੇ ਮੁਗ਼ਲਾਂ ਦੇ ਸਮੇਂ ਇਸ ਨੂੰ ਸਰਕਾਰ ਬਣਾ ਦਿੱਤਾ ਗਿਆ, ਜਿਸ ਦੇ ਅਧੀਨ ਸਮਾਣਾ ਆਦਿ 28 ਪਰਗਣੇ ਸਨ।

ਗਿਆਨੀ ਸੋਹਣ ਸਿੰਘ ਸੀਤਲ ਅਨੁਸਾਰ ਮੁਗ਼ਲ ਬਾਦਸ਼ਾਹ ਕਸ਼ਮੀਰ ਆਉਂਦੇ ਜਾਂਦੇ ਇੱਥੇ ਠਹਿਰਦੇ ਸਨ।  ਬੜੇ-ਬੜੇ ਆਲਮ ਫ਼ਾਜ਼ਲ, ਧਨਾਢ ਤੇ ਸਰਾਫ਼ ਇੱਥੇ ਵਸਦੇ ਸਨ।  ਇਲਾਕੇ ਦੇ ਲੋਕ ਹਾਕਮਾਂ ਤੋਂ ਦੁਖੀ ਸਨ। ਧੀਆਂ-ਭੈਣਾਂ ਦੀ ਇੱਜ਼ਤ ਮਹਿਫ਼ੂਜ਼ ਨਹੀਂ ਸੀ। ਕਿਸੇ ਦਾ ਵੀ ਘਰ-ਬਾਰ ਲੁੱਟ ਲਿਆ ਜਾਂਦਾ ਸੀ। 

ਸਮਾਣੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਇਥੇ ਰਹਿੰਦੇ ਸਨ। ਸਢੌਰੇ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕਰਨ ਵਾਲਾ ਹਾਕਮ ਉਸਮਾਨ ਖ਼ਾਂ ਰਹਿੰਦਾ ਸੀ। ਸਰਹਿੰਦ ਸ਼ਹਿਰ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਬੜੀ ਬੇਦਰਦੀ ਨਾਲ ਸ਼ਹੀਦ ਕੀਤਾ ਗਿਆ ਸੀ। ਸਰਹਿੰਦ ਵਿਚ ਵਜ਼ੀਰ ਖ਼ਾਂ, ਸੁੱਚਾ ਨੰਦ ਤੇ ਹੋਰ ਬਹੁਤ ਸਾਰੇ ਜ਼ਾਲਮ ਰਹਿੰਦੇ ਸਨ। ਇਸ ਲਈ ਸਿੱਖਾਂ ਨੇ ਸਰਹਿੰਦ ਨਾਲ ਹਿਸਾਬ ਕਿਤਾਬ ਚੁਕਤਾ ਕਰਨਾ ਸੀ। ਇਸ ਲਈ ਇਕ ਸੂਰਬੀਰ ਜਰਨੈਲ ਦੀ ਲੋੜ ਸੀ। ਬਾਬਾ ਬੰਦਾ ਸਿੰਘ ਨੂੰ ਗੁਰੂ ਜੀ ਨੇ ਆਪਣੇ ਭੱਥੇ ਵਿੱਚੋਂ ਪੰਜ ਤੀਰ, ਇਕ ਨਗਾਰਾ, ਇਕ ਨਿਸ਼ਾਨ ਸਹਿਬ, ਪੰਜ ਪ੍ਰਮੁੱਖ ਸਿੰਘ, ਹੁਕਮਨਾਮਾ, ਪੱਚੀ ਸਿੰਘਾਂ ਦਾ ਜਥੇ ਦਾ ਜਰਨੈਲ ਥਾਪ ਕੇ ਪੰਜਾਬ ਵੱਲ ਤੋਰਿਆ ਜਾਉ ਜ਼ਲਮ ਦਾ ਨਾਸ਼ ਕਰੋ।ਗਰੀਬ ,ਮਜ਼ਲੂਮ ਦੀ ਰਖਿਆ ਕਰੋ,ਨਿਆਂ ਦਾ ਰਾਜ ਸਥਾਪਤ ਕਰੋ। ਆਪ ਦੀ ਸਦਾ ਚੜ੍ਹਦੀ ਕਲਾ ਹੋਵੇਗੀ।

ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਨਾਂਦੇੜ ਤੋਂ ਚੱਲਣ ਸਮੇਂ ਬਾਬਾ ਬੰਦਾ ਸਿੰਘ ਨੇ ਖ਼ਾਲਸੇ ਦੀ ਖਿੰਡਰੀ-ਪੁੰਡਰੀ ਸ਼ਕਤੀ ਨੂੰ ਦੁਬਾਰਾ ਇਕ ਝੰਡੇ ਥੱਲੇ ਇਕੱਠੀ ਕਰਨਾ ਸ਼ੁਰੂ ਕੀਤਾ। ਮਾਰੋ-ਮਾਰ ਕਰਦਾ ਬਾਬਾ ਬੰਦਾ ਸਿੰਘ ਖਰਖੌਡੇ ਦੇ ਪਰਗਣੇ ਪੁੱਜਾ ਤੇ ਖੰਡਾਂ ਪਿੰਡਾਂ ਵਿਚ ਜਾ ਡੇਰੇ ਲਾਏ। ਇੱਥੋਂ ਉਨ੍ਹਾਂ ਨੇ ਮਾਝੇ, ਮਾਲਵੇ ਤੇ ਦੁਆਬੇ ਦੇ ਸਿੰਘਾਂ ਦੇ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਭੇਜੇ। ਹੁਕਮਨਾਮੇ ਮਿਲਦੇ ਸਾਰ ਸਿੰਘ ਤਿਆਰੀਆਂ 'ਚ ਰੁੱਝ ਗਏ। 26 ਨਵੰਬਰ 1709 ਨੂੰ ਸਿੰਘਾਂ ਨੇ ਸਮਾਣੇ 'ਤੇ ਹਮਲਾ ਕੀਤਾ, ਕਿਉਂਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਜਲਾਲ-ਉਦ-ਦੀਨ ਸਮਾਣੇ ਦਾ ਰਹਿਣ ਵਾਲਾ ਸੀ। ਇਸ ਤੋਂ ਬਾਅਦ ਸਢੌਰਾ ਨੂੰ ਮਲੀਆਮੇਟ ਕੀਤਾ ਕਿਉਂਕਿ ਗੁਰੂ ਘਰ ਦੇ ਅਨਿੰਨ ਸੇਵਕ ਪੀਰ ਬੁੱਧੂ ਸ਼ਾਹ ਨੂੰ ਸਢੌਰੇ ਦੇ ਹਾਕਮ ਉਸਮਾਨ ਖ਼ਾਂ ਨੇ ਸ਼ਹੀਦ ਕੀਤਾ ਸੀ।

ਮਈ 1710 ਨੂੰ ਚੱਪੜਚਿੜੀ ਦੇ ਮੈਦਾਨ 'ਚ ਭਿਅੰਕਰ ਜੰਗ ਹੋਈ। ਚੱਪੜਚਿੜੀ ਤੋਂ ਸਰਹਿੰਦ 15 ਕਿਲੋਮੀਟਰ ਹੈ। ਮੁਗ਼ਲ ਫ਼ੌਜ 'ਚ ਭਾਜੜਾਂ ਪੈ ਗਈਆਂ।।ਫਿਰ ਵਾਰੀ ਆਈ ਸਰਹਿੰਦ ਸ਼ਹਿਰ ਦੀ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਬੇਰਹਿਮੀ ਨਾਲ ਨੀਹਾਂ 'ਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਸੀ। 24 ਮਈ ਨੂੰ ਸਿੱਖ ਫ਼ੌਜ ਨੇ ਸਰਹਿੰਦ ਉਪਰ ਹਮਲਾ ਕਰਕੇ ਤਹਿਸ ਨਹਿਸ ਕਰ ਦਿਤਾ। 

ਮੁਗਲ ਸਮਰਾਜ ਦਾ ਖੁਫੀਆ ਰਿਪੋਟਰ ਕਾਮਵਰ ਖ਼ਾਂ ਲਿਖਦਾ ਹੈ ਕਿ ਵਜ਼ੀਰ ਖ਼ਾਂ ਦੇ ਘਰੋਂ ਦੋ ਕਰੋੜ ਰੁਪਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਲੱਗਾ। ਸੁੱਚਾ ਨੰਦ ਦੇ ਘਰੋਂ ਵੀ ਲੱਖਾਂ ਰੁਪਏ ਸਿੰਘਾਂ ਨੇ ਆਪਣੇ ਕਬਜ਼ੇ 'ਚ ਲੈ ਲਏ। ਵਜ਼ੀਰ ਖ਼ਾਂ ਦਾ ਪੁੱਤਰ ਸਭ ਕੁਝ ਛੱਡ ਕੇ ਆਪਣੇ ਪਰਿਵਾਰ ਸਮੇਤ ਜਾਨ ਬਚਾ ਕੇ ਦਿੱਲੀ ਭੱਜਣ ਵਿਚ ਕਾਮਯਾਬ ਹੋ ਗਿਆ। ਤਿੰਨ ਦਿਨ ਸਿੰਘਾਂ ਨੇ ਸ਼ਹਿਰ ਨੂੰ ਖ਼ੂਬ ਲੁੱਟਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਵਜ਼ੀਰ ਖ਼ਾਂ ਨੂੰ ਸਿੰਘਾਂ ਨੇ ਚੱਪੜਚਿੜੀ ਦੇ ਮੈਦਾਨ 'ਚੋਂ ਫੜ ਲਿਆ ਸੀ ਤੇ ਸੁੱਚਾ ਨੰਦ ਵੀ ਪਰਿਵਾਰ ਸਮੇਤ ਫੜਿਆ ਗਿਆ ਸੀ।

ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਹਨ ਕਿ ਸਾਰੇ ਪਾਪੀਆਂ ਨੂੰ ਮੁਸ਼ਕਾਂ ਬੰਨ੍ਹ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਨਸਾਫ਼ ਦੇ ਤਖ਼ਤ ਤੇ ਬੈਠ ਕੇ ਬਾਬਾ ਜੀ ਨੇ ਵਜ਼ੀਰ ਖ਼ਾਂ ਨੂੰ ਉਸ ਦੇ ਕੀਤੇ ਹੋਏ ਪਾਪ ਯਾਦ ਕਰਵਾਏ ਤੇ ਕਿਹਾ ਕਿ ਤੂੰ ਮਾਫ਼ੀ ਦੇ ਕਾਬਲ ਨਹੀਂ ਹੈ, ਤੈਨੂੰ ਸਜ਼ਾ ਜ਼ਰੂਰ ਮਿਲੇਗੀ। ਸਿੱਖਾਂ ਨੇ ਬਾਬਾ ਜੀ ਦੇ ਹੁਕਮ ਅਨੁਸਾਰ ਉਸ ਦੀਆਂ ਲੱਤਾਂ ਬੰਨ੍ਹ ਕੇ, ਵਹਿੜਕਿਆਂ ਮਗਰ ਪਾ ਕੇ ਸਾਰੇ ਸ਼ਹਿਰ ਵਿਚ ਘਸੀਟਿਆ ਅਤੇ ਫਿਰ ਸਹਿਕਦੇ ਹੋਏ ਨੂੰ ਅੱਗ ਵਿਚ ਸੁੱਟਿਆ ਗਿਆ ਤੇ ਅਖ਼ੀਰ ਅੱਧ ਜਲੇ ਦੀ ਲੋਥ ਨੂੰ ਦਰੱਖ਼ਤ ਨਾਲ ਪੁੱਠਾ ਲਟਕਾ ਕੇ ਬੰਨ੍ਹ ਦਿੱਤਾ ਗਿਆ, ਜਿੱਥੇ ਕਈ ਦਿਨਾਂ ਤਕ ਉਸ ਦੀ ਲਾਸ਼ ਨੂੰ ਇੱਲਾਂ ਤੇ ਕਾਂ ਖਾਂਦੇ ਰਹੇ। ਫਿਰ ਵਾਰੀ ਆਈ ਸੁੱਚਾ ਨੰਦ ਦੀ, ਕਿਉਂਕਿ ਉਸ ਦੇ ਜ਼ੋਰ ਪਾਉਣ 'ਤੇ ਹੀ ਸਾਹਿਬਜ਼ਾਦਿਆਂ 'ਤੇ ਜ਼ੁਲਮ ਕਰ ਕੇ ਸ਼ਹੀਦ ਕੀਤਾ ਗਿਆ ਸੀ। ਉਸ ਦੇ ਨੱਕ ਵਿਚ ਲੋਹੇ ਦਾ ਕੁੰਡਾ ਪਾਇਆ ਗਿਆ। ਫਿਰ ਸੁੱਚਾ ਨੰਦ ਨੂੰ ਪਰਿਵਾਰ ਸਮੇਤ ਮੰਦੇ ਹਾਲ ਕਰ ਕੇ ਗਲੀਆਂ-ਬਜ਼ਾਰਾਂ 'ਚ ਫੇਰਿਆ ਗਿਆ।  ਤੇ ਅੰਤ ਉਸ ਨੂੰ ਵੀ ਤਸੀਹੇ ਦੇ ਕੇ ਤੇ ਸਿਰ ਵਿਚ ਛਿੱਤਰ ਮਾਰ-ਮਾਰ ਕੇ ਬੁਰੀ ਮੌਤੇ ਮਾਰ ਦਿੱਤਾ ਗਿਆ। ਜਿੱਥੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਨੀਹਾਂ ਵਿਚ ਚਿਣੇ ਗਏ ਸਨ, ਉੱਥੇ ਖ਼ਾਲਸੇ ਨੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ। ਜੈਕਾਰੇ ਗਜਾਏ ਤੇ।ਸਰਹਿੰਦ ਵਿਚ ਖ਼ਾਲਸਾ ਰਾਜ ਦੀ ਕਾਇਮੀ ਦਾ ਐਲਾਨ ਕੀਤਾ। ਸ. ਬਾਜ਼ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਗਿਆ। ਸ਼ਾਹੀ ਕਿਲ੍ਹੇ ਵਿਚ ਸਿੱਖਾਂ ਦਾ ਦਰਬਾਰ ਸਜਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਸਿੱਕਾ ਜਾਰੀ ਕੀਤਾ, ਮੋਹਰ ਵੀ ਜਾਰੀ ਕੀਤੀ। ਮੋਹਰ ਉੱਤੇ ਉੱਕਰਿਆ ਹੋਇਆ ਸੀ :

ਦੇਗ਼ੋ ਤੇਗ਼ੋ ਫ਼ਤਹਿ ਨੁਸਰਤ ਬੇਦਰੰਗ।

ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।

ਖ਼ਾਲਸਾ ਰਾਜ ਕਾਇਮ ਹੋਣ ਦੇ ਨਾਲ ਹੀ ਗ਼ਰੀਬ ਕਿਸਾਨਾਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਦਿਵਾਏ ਗਏ। ਕਹਿੰਦੇ ਹਨ ਕਿ ਅੱਜ ਵੀ ਕਈ ਸਿੱਖ ਦੋ ਇੱਟਾਂ ਖੜਕਾ ਕੇ ਚੁੱਕਦੇ ਹਨ ਤੇ ਸਤਲੁਜ ਦਰਿਆ ਵਿਚ ਜਾ ਸੁੱਟਦੇ ਹਨ ਕਿਉਂਕਿ ਸਿੱਖ ਸਰਹਿੰਦ ਨੂੰ 'ਗੁਰੂਮਾਰੀ' ਸਮਝਦੇ ਹਨ।