ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ ਵਿਚ ਉਭਾਰ

ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ ਵਿਚ ਉਭਾਰ

ਮਾਨ,ਖਹਿਰਾ ਅਤੇ ਮੀਤ ਹੇਅਰ ਵਿਚਾਲੇ ਭੇੜ,ਬਾਦਲ ਦਲ ਦੀ ਹਾਲਤ ਪੇਤਲੀ

ਹਲਕਾ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਤੋ ਬਾਅਦ ਜੇਕਰ ਕਿਸੇ ਲੋਕ-ਸਭਾ ਹਲਕੇ ਦੀ ਲੋਕਾਂ ਵਿੱਚ ਵੱਧ ਚਰਚਾ ਅਤੇ ਉਤਸੁਕਤਾ ਹੈ,ਉਹ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਹੈ,ਜਿੱਥੇ ਸਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਵਿਸ਼ਵ ਪ੍ਰਸਿੱਧ ਮਕਬੂਲ ਪੰਥਕ ਚਿਹਰੇ ਸਿਮਰਨਜੀਤ ਸਿੰਘ ਮਾਨ ਅਤੇ ਕਾਂਗਰਸ ਦੀ ਟਿਕਟ ਤੋ ਚੋਣ ਲੜ ਰਹੇ ਸ੍ਰ ਸੁਖਪਾਲ ਸਿੰਘ ਖਹਿਰਾ ਚੋਣ ਅਖਾੜੇ ਵਿੱਚ ਆਹਮੋ ਸਾਹਮਣੇ ਹਨ। ਇਸ ਤੋ ਇਲਾਵਾ ਮੁੱਖ ਮੰਤਰੀ ਦਾ ਜੱਦੀ ਜਿਲ੍ਹਾ ਹੋਣ ਕਰਕੇ ਵੀ ਲੋਕਾਂ ਵਿੱਚ ਉਤਸੁਕਤਾ ਬਣੀ ਹੋਈ ਹੈ। ਪੰਥਕ ਰਾਜਨੀਤੀ ਵਿੱਚ ਆਏ ਉਭਾਰ ਸਦਕਾ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਦੀਆਂ ਨਜ਼ਰਾਂ ਉਪਰੋਕਤ ਦੋਨਾਂ ਸੀਟਾਂ ਤੇ ਟਿਕੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਨੇ ਇਨ੍ਹਾਂ ਲੋਕ ਸਭਾ ਚੋਣਾਂ ਨੂੰ ਜਿੱਤਣ ਲਈ ਆਪਣੇ ਕੁੱਝ ਵਿਧਾਇਕਾਂ ਸਮੇਤ ਪੰਜ ਕੈਬਨਿਟ ਮੰਤਰੀਆਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਹੈ,ਜਿੰਨਾਂ ਵਿੱਚ ਸੰਗਰੂਰ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸ਼ਾਮਲ ਹਨ।ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਜਿੱਥੇ ਉਨ੍ਹਾਂ ਦੀ ਪੰਜਾਬ ਅੰਦਰ ਸਰਕਾਰ ਹੋਣ ਦਾ ਫਾਇਦਾ ਮਿਲੇਗਾ,ਉੱਥੇ ਚੋਣ ਵਾਅਦੇ ਪੂਰੇ ਨਾ ਕਰ ਸਕਣ ਦਾ ਵਿਰੋਧ ਉਸ ਤੋਂ ਵੀ ਵੱਧ ਝੱਲਣਾ ਪਵੇਗਾ।ਲਿਹਾਜਾ ਮੀਤ ਹੇਅਰ ਹੂੰਝਾ ਫੇਰ ਜਿੱਤ ਦੀ ਸਥਿਤੀ ਵਿੱਚ ਨਹੀ ਪੁੱਜ ਸਕਣਗੇ। ਬਰਗਾੜੀ ਬੇਅਦਬੀ ਦਾ ਮਾਮਲਾ,ਨਸ਼ਿਆਂ ਦਾ ਮੁੱਦਾ,ਭਰਿਸ਼ਟਾਚਾਰ,ਬੇ-ਰੁੁੁਜ਼ਗਾਰੀ,ਵੀ ਆਈ ਪੀ ਕਲਚਰ ਸਮੇਤ ਕਾਫੀ ਮੁੱਦੇ ਹਨ ਜਿੰਨਾਂ ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਆਪ ਦੇ ਉਮੀਦਵਾਰ ਨੂੰ ਪਰੇੇੇਸ਼ਾਨੀਆਂ ਖੜੀਆਂ ਕਰਦੇ ਰਹਿਣਗੇ।

ਭਾਈ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਐਨ ਐਸ ਏ ਲਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ ਵਿਚ ਬੰਦ ਕਰਨ ਅਤੇ ਐਨ ਐਸ ਏ ਦਾ ਸਮਾਂ ਇੱਕ ਸਾਲ ਹੋਰ ਵਧਾ ਦੇਣ ਦਾ ਮੁੱਦਾ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਗਲੇ ਦੀ ਹੱਡੀ ਬਣਿਆ ਰਹੇਗਾ,ਉਥੇ ਉਪਰੋਕਤ ਮੁੱਦਿਆਂ ਦਾ ਸਿੱਧਾ ਫਾਇਦਾ ਸ੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਹੋਵੇਗਾ। ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਉਪਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬਨਣ ਵਾਲੀ ਲੋਕ ਲਹਿਰ ਦਾ ਸਿੱਧੇ ਦਾ ਸਿੱਧਾ ਲਾਭ ਵੀ ਮਿਲੇਗਾ। ਜਿਸਤਰ੍ਹਾਂ ਦੀ ਲੋਕ ਲਹਿਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਬਣੇਗੀ,ਉਹਦਾ ਅਸਰ ਸੰਗਰੂਰ ਵਿੱਚ ਵੀ ਓਨਾ ਹੀ ਹੋਵੇਗਾ।ਜੇਕਰ ਇਹ ਲਹਿਰ ਤੇਜ ਹਨੇਰੀ ਬਣਕੇ ਮੁਹਿੰਮ ਦਾ ਰੂਪ ਧਾਰਦੀ ਹੈ,ਤਾਂ ਸੰਗਰੂਰ ਤੋਂ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦਾ ਰਾਹ ਪੱਧਰਾ ਕਰਨ ਦੇ ਨਾਲ ਨਾਲ ਦੁਜੇ ਹਲਕਿਆਂ ਵਿੱਚ ਵੀ ਆਪਣਾ ਰੰਗ ਜ਼ਰੂਰ ਦਿਖਾਵੇਗੀ।ਇਸ ਲਈ ਇਹ ਚੋਣ ਸ੍ਰ ਮਾਨ ਦੀ ਕਿਸਮਤ ਨੂੰ ਇੱਕ ਵਾਰ ਫਿਰ ਚਮਕਾਉਣ ਦੇ ਮੌਕੇ ਪ੍ਰਦਾਨ ਕਰ ਸਕਦੀ ਹੈ।ਜਿਸਤਰ੍ਹਾਂ ਪੰਥਕ ਰਾਜਨੀਤੀ ਦੇ ਉਭਾਰ ਦੀ ਆਸ ਕੀਤੀ ਜਾ ਰਹੀ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਅਕਾਲੀ ਦਲ ਬਾਦਲ ਹੋਰ ਬੈਕ ਫੁੱਟ ਤੇ ਚਲਾ ਜਾਵੇਗਾ।

ਸੁਖਪਾਲ ਸਿੰਘ ਖਹਿਰਾ ਦਾ ਨਾਮ ਵੀ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀ ਹੈ।ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ,ਜੇਕਰ ਲੋਕ ਸਭਾ ਚੋਣਾਂ 2019 ਦੀ ਗੱਲ ਕੀਤੀ ਜਾਵੇ,ਤਾਂ ਉਸ ਮੌਕੇ ਕਾਂਗਰਸੀ ਉਮੀਦਵਾਰ ਨੂੰ 303,350 ਵੋਟ ਮਿਲੇ ਸਨ,ਪਰ ਜਿਮਨੀ ਚੋਣ 2022 ਵਿੱਚ ਕਾਂਗਰਸੀ ਉਮੀਦਵਾਰ ਗੋਲਡੀ ਖੰਗੂੜਾ ਸਿਰਫ 79 526 ਵੋਟਾਂ ਉਪਰ ਸਿਮਟ ਕੇ ਰਹਿ ਗਿਆ ਸੀ,ਜਦੋਂ ਕਿ ਉਹ ਅਕਾਲੀ ਦਲ ਬਾਦਲ ਅਤੇ ਭਾਜਪਾ ਉਮੀਦਵਾਰਾਂ ਤੋ ਕਾਫੀ ਵੱਧ ਵੋਟਾਂ ਲਿਜਾਣ ਵਿੱਚ ਕਾਮਯਾਬ ਰਿਹਾ ਸੀ।ਹੁਣ ਜੇਕਰ ਸੁਖਪਾਲ ਸਿੰਘ ਖਹਿਰਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕੱਦ ਬੁੱਤ ਗੋਲਡੀ ਦੇ ਮੁਕਾਬਲੇ ਬਹੁਤ ਵੱਡਾ ਹੈ।ਉਹ ਅੰਤਰਰਾਸ਼ਟਰੀ ਪੱਧਰ ਤੱਕ ਪਛਾਣ ਬਨਾਉਣ ਵਾਲੇ ਆਗੂ ਹਨ,ਅਤੇ ਮੌਜੂਦਾ ਸਮੇ ਕਾਂਗਰਸ ਪਾਰਟੀ ਦਾ ਦੇਸ ਪੱਧਰ ਉਪਰ ਉਭਾਰ ਹੋਣ ਦੇ ਚਰਚਿਆਂ ਵਿੱਚ ਖਹਿਰਾ ਨੂੰ ਇਹ ਵੱਡਾ ਫਾਇਦਾ ਵੀ ਮਿਲੇਗਾ। ਉੱਧਰ ਸੂਬੇ ਵਿੱਚ ਵੀ ਸੱਤਾਧਾਰੀ ਧਿਰ ਤੋ ਨਾ-ਖੁਸ਼ ਹੋਏ ਵੋਟਰ ਆਪ ਤੋ ਬਾਅਦ ਅਤੇ ਅਕਾਲੀ ਦਲ ਨੂੰ ਨਜ਼ਰ ਅੰਦਾਜ ਕਰਕੇ ਕਾਂਗਰਸ ਤੇ ਟੇਕ ਰੱਖਦੇ ਦਿਖਾਈ ਦੇ ਰਹੇ ਹਨ। ਭਾਵੇਂ ਪੰਜਾਬ ਦੀ ਜਨਤਾ ਕਿਸੇ ਵੀ ਰਾਜਨੀਤਕ ਤੇ ਬਹੁਤਾ ਭਰੋਸ਼ਾ ਕਰਨ ਦੇ ਮੂਡ ਵਿੱਚ ਨਹੀਂ ਹੈ,ਪਰ ਇਸ ਦੇ ਬਾਵਜੂਦ ਸ੍ਰ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੀ ਜਨਤਾ ਲੋਕ ਆਗੂ ਵਜੋਂ ਤਸਲੀਮ ਕਰਦੀ ਹੈ।ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਦੇ ਨਾਲ ਪੰਥਕ ਰਾਜਨੀਤੀ ਦੇ ਉਭਾਰ ਦੇ ਮੁਦਈ ਵਜੋਂ ਵੀ ਉਹਨਾਂ ਦੀ ਪਛਾਣ ਬਣ ਚੁੱਕੀ ਹੈ,ਜਿਸ ਦਾ ਸਦਕਾ ਉਨ੍ਹਾਂ ਨੂੰ ਪੇਂਡੂ ਖੇਤਰ ਦੀ ਵੋਟ ਦਾ ਤਾਂ ਫਾਇਦਾ ਜ਼ਰੂਰ ਮਿਲੇਗਾ,ਪਰ ਇਸਦੇ ਉਲਟ ਸ਼ਹਿਰੀ ਵੋਟਰ ਉਨ੍ਹਾਂ ਦੀ ਸਿੱਖ ਮੁੱਦਿਆਂ ਤੇ ਬੇਬਾਕੀ ਨੂੰ ਨਾ-ਪਸੰਦ ਵੀ ਕਰਦੇ ਹਨ,ਜਿਸ ਕਰਕੇ ਸ਼ਹਿਰੀ ਵੋਟ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਦੀ ਬਜਾਏ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੂੰ ਵੱਧ ਪੈਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਜੇਕਰ ਸ਼ਹਿਰੀ ਵੋਟ ਖਹਿਰਾ ਨੂੰ ਘੱਟ ਗਿਣਤੀ ਵਿੱਚ ਪੈਂਦੀ ਹੈ,ਤਾਂ ਇਹਦਾ ਸਭ ਤੋਂ ਵੱਧ ਫਾਇਦਾ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਹੋਵੇਗਾ,ਕਿਉਂਕਿ ਮਾਨ ਖਾਲਿਸਤਾਨ ਦੇ ਵੱਡੇ ਮੁਦੱਈ ਹੋਣ ਕਰਕੇ ਸ਼ਹਿਰੀ ਵੋਟਰ ਉਨ੍ਹਾਂ ਦੀ ਪਹਿਲਾਂ ਹੀ ਪਹੁੰਚ ਤੋਂ ਦੂਰ ਹਨ। ਸੋ ਇਹ ਵੀ ਦੇਖਣਾ ਹੋਵੇਗਾ ਕਿ ਖਹਿਰਾ ਆਉਣ ਵਾਲੇ ਦਿਨਾਂ ਵਿੱਚ ਚੋਣ ਜਿੱਤਣ ਲਈ ਕੋਈ ਦਾਅ ਪੇਚ ਵੀ ਖੇਡਦੇ ਹਨ ਜਾਂ ਆਪਣੇ ਪਹਿਲੇ ਸਟੈਂਡ ਉਪਰ ਡਟੇ ਰਹਿਣਗੇ। ਸੰਗਰੂਰ ਹਲਕੇ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਇਕਵਾਲ ਸਿੰਘ ਝੂੰਦਾ ਬੇਹੱਦ ਕਮਜ਼ੋਰ ਉਮੀਦਵਾਰ ਹਨ,ਉੱਪਰੋਂ ਅਕਾਲੀ ਦਲ ਬਾਦਲ ਦੀ ਖੁਦ ਦੀ ਹਾਲਤ ਵੀ ਕਾਫੀ ਮਾੜੀ ਹੈ।ਭਾਵੇਂ ਅਕਾਲੀ ਦਲ ਸੌ ਸਾਲ ਤੋ ਵੱਧ ਪੁਰਾਣੀ ਪਾਰਟੀ ਹੋਣ ਕਰਕੇ ਪਾਰਟੀ ਦਾ ਕੇਡਰ ਕਾਫੀ ਵਿਸ਼ਾਲ ਰਿਹਾ ਹੈ,ਪਰ ਤਾਜਾ ਹਾਲਾਤ ਕਾਫੀ ਉਲਟ ਨਜ਼ਰ ਆ ਰਹੇ ਹਨ। ਫਿਰ ਵੀ ਪਾਰਟੀ ਉਮੀਦਵਾਰ ਨੂੰ ਆਪਣੇ ਕੇਡਰ ਦੀ ਵੋਟ ਜ਼ਰੂਰ ਭੁਗਤ ਜਾਵੇਗੀ,ਪਰ ਇਹ ਗਿਣਤੀ ਕਿਸੇ ਨਤੀਜਿਆਂ ਨੂੰ ਜਿਆਦਾ ਪ੍ਰਭਾਵਤ ਕਰਨ ਵਾਲੀ ਨਹੀਂ ਹੋਵੇਗੀ।ਲੰਘੀ ਜਿਮਨੀ ਚੋਣ 2022 ਦੀ ਜੇਕਰ ਗੱਲ ਕੀਤੀ ਜਾਵੇ,ਤਾਂ ਅਕਾਲੀ ਦਲ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਨੂੰ ਇਸ ਕਰਕੇ ਹੀ ਆਪਣਾ ਉਮੀਦਵਾਰ ਬਣਾਇਆ ਗਿਆ ਸੀ ਕਿ ਭਾਈ ਰਾਜੋਆਣਾ ਦੀ ਹਮਦਰਦੀ ਕਾਰਨ ਵੋਟ ਪੈਣ ਨਾਲ ਸਾਇਦ ਬੀਬਾ ਜੀ ਪਾਰਟੀ ਦੀ ਝੋਲੀ ਵਿੱਚ ਜਿੱਤ ਪਵਾ ਸਕਣਗੇ,ਪਰ ਉਦੋਂ ਵੀ ਅਜਿਹਾ ਨਹੀਂ ਸੀ ਹੋ ਸਕਿਆ।ਉਸ ਮੌਕੇ ਦੀਪ ਸਿੱਧੂ ਅਤੇ ਸਿੱਧੂ ਮੂਸੇ ਵਾਲਾ ਦੀਆਂ ਅਚਨਚੇਤ ਅਤੇ ਦਰਦਨਾਕ ਮੌਤਾਂ ਦੇ ਰੋਸ ਵਜੋਂ ਸੂਬਾ ਸਰਕਾਰ ਤੋਂ ਖਫਾ ਹੋਏ ਹਲਕਾ ਸੰਗਰੂਰ ਦੇ ਵੋਟਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਭੁਗਤ ਗਏ ਸਨ।ਫਲਸਰੂਪ ਮਾਨ ਜਿਮਨੀ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਸਨ,ਜਦੋਂਕਿ ਅਕਾਲੀ ਦਲ ਦੀ ਉਮੀਦਵਾਰ ਨੂੰ ਆਸ ਦੇ ਬਿਲਕੁਲ ਉਲਟ ਬਹੁਤ ਹੀ ਘੱਟ 44,323 ਵੋਟ ਹੀ ਮਿਲ ਸਕੇ ਸਨ।ਹੁਣ ਵੀ ਅਕਾਲੀ ਦਲ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾ੍ਰ ਅਕਾਲੀ ਦਲ ਬਾਦਲ ਦਾ ਉਮੀਦਵਾਰ ਕਮਜ਼ੋਰ ਹੋਣ ਕਰਕੇ ਹੋਰ ਵੀ ਘੱਟ ਵੋਟ ਪੈਣ ਦੇ ਅਨੁਮਾਨ ਹਨ।

ਇਸੇਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਵੀ ਪਾਰਟੀ ਦਾ ਮਜਬੂਤ ਉਮੀਦਵਾਰ ਹੈ,ਜਿਸ ਨੂੰ ਸਹਿਰੀ ਵੋਟ ਬਝਵੇਂ ਰੂਪ ਵਿੱਚ ਪੈ ਸਕਦੀ ਹੈ!ਪਰ ਉਹ ਸਹਿਰਾਂ ਦੇ ਹਿੰਦੂ ਭਾਈਚਾਰੇ ਦੀ ਵੋਟ ਹੀ ਅਰਵਿੰਦ ਖਨਾ ਨੂੰ ਪਵੇਗੀ,ਪੇਂਡੂ ਵੋਟ ਨੂੰ ਇਸ ਵਾਰ ਅਰਵਿੰਦ ਖੰਨਾ ਪ੍ਰਭਾਵਤ ਨਹੀ ਕਰ ਸਕਣਗੇ,ਇਸ ਦਾ ਕਾਰਨ ਇੱਕ ਤਾਂ ਇਹ ਹੈ ਕਿ ਭਾਜਪਾ ਦਾ ਪੇਂਡੂ ਖੇਤਰਾਂ ਵਿੱਚ ਵਿਰੋਧ ਵੱਡੇ ਪੱਧਰ ਉਪਰ ਹੋ ਰਿਹਾ ਹੈ।ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦਾ ਅਸਰ ਭਾਵੇਂ ਸਹਿਰਾਂ ਵਿੱਚ ਨਾ ਮਾਤਰ ਹੋਵੇਗਾ,ਪਰ ਪੇਂਡੂ ਖੇਤਰ ਭਾਜਪਾ ਦੇ ਵਿਰੋਧ ਦੇ ਰੰਗ ਵਿੱਚ ਰੰਗੇ ਹੋਏ ਹਨ,ਜਿਸਦੇ ਫਲਸਰੂਪ ਪੇਂਡੂ ਵੋਟ ਭਾਜਪਾ ਉਮੀਦਵਾਰ ਨੂੰ ਨਹੀ ਭੁਗਤੇਗੀ।ਕੋਈ ਸਮਾਂ ਸੀ ਜਦੋ ਅਰਵਿੰਦ ਖੰਨਾ ਦਾ ਪਿੰਡਾਂ ਸ਼ਹਿਰਾਂ ਵਿੱਚ ਕਾਫੀ ਜਨ ਅਧਾਰ ਸੀ। ਪਰ ਉਨ੍ਹਾਂ ਦੀ ਲੰਮੇ ਸਮੇ ਤੋਂ ਗੈਰ ਹਾਜ਼ਰੀ ਕਾਰਨ ਉਨ੍ਹਾਂ ਦੇ ਪੇਂਡੂ ਸੰਪਰਕ ਨਾ-ਮਾਤਰ ਰਹਿ ਗਏ ਹਨ,ਜਿਹੜੇ ਰਹਿ ਗਏ,ਉਹ ਭਾਜਪਾ ਤੋਂ ਦੂਰ ਹਨ,ਇਸ ਕਰਕੇ ਉਹਨਾਂ ਨੂੰ ਪੇਂਡੂ ਵੋਟ ਨਹੀਂ ਪਵੇਗੀ। 2022 ਦੀ ਜਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਨੂੰ 66,171 ਵੋਟ ਪ੍ਰਾਪਤ ਹੋਏ ਸਨ’ਜਦੋਂਕਿ ਮੌਜੂਦਾ ਚੋਣਾਂ ਵਿੱਚ ਇਹ ਵੋਟ ਦਰ ਵਧ ਸਕਦੀ ਹੈ,ਕਿਉਂਕਿ ਭਾਜਪਾ ਨੇ ਅਯੁੱਧਿਆ ਦੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਟਾ ਕਰਕੇ ਹਿੰਦੂ ਭਾਈਚਾਰੇ ਦਾ ਮਨ ਜਿੱਤ ਲਿਆ ਹੈ,ਜਿਸ ਕਰਕੇ ਇਸ ਵਾਰ ਭਾਜਪਾ ਉਮੀਦਵਾਰ ਨੂੰ 2022 ਦੀ ਜਿਮਨੀ ਚੋਣ ਦੇ ਮੁਕਾਬਲੇ ਮੌਜੂਦਾ ਚੋਣਾਂ ਵਿੱਚ ਵੱਧ ਵੋਟ ਮਿਲਣ ਦੇ ਆਸਾਰ ਹਨ।,ਪਰ ਇਹ ਵੋਟ ਦਰ ਜਿੱਤ ਹਾਰ ਦੇ ਫੈਸਲੇ ਤੋਂ ਬਹੁਤ ਪਿੱਛੇ ਰਹੇਗੀ।ਏਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਿਟਾਇਰਡ ਸਿਹਤ ਅਧਿਕਾਰੀ ਮੱਖਣ ਸਿੰਘ ਹਨ,ਜਿੰਨਾਂ ਨੂੰ ਪਾਰਟੀ ਦੀ ਪੱਕੀ ਵੋਟ ਜ਼ਰੂਰ ਪਵੇਗੀ, ਪ੍ਰੰਤੂ ਇਹ ਵੋਟ ਵੀ ਨਾ ਮਾਤਰ ਰਹਿ ਗਈ ਹੈ।2014 ਦੀਆਂ ਲੋਕ ਸਭਾ ਚੋਣਾਂ ਵਿੱਚ ਬਸਪਾ ਉਮੀਦਵਾਰ ਮਦਨ ਭੱਟੀ ਨੂੰ ਮਹਿਜ 8,408 ਵੋਟ ਹੀ ਮਿਲੇ ਸਨ,ਲਿਹਾਜ਼ਾ ਹੁਣ ਵੀ ਬਸਪਾ ਉਮੀਦਵਾਰ ਕੋਈ ਵੱਡਾ ਮਾਅਰਕਾ ਮਾਰਨ ਦੇ ਸਮਰੱਥ ਨਹੀਂ ਹੋਵੇਗਾ।

ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਜਿਸਤਰ੍ਹਾਂ ਸੰਗਰੂਰ ਦੇ ਵੋਟਰਾਂ ਦੀ ਮਾਨਸਿਕਤਾ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਘਰ ਕਰਦੀ ਜਾਵੇਗੀ,ਉਸ ਤੋਂ ਇਹ ਅੰਦਾਜ਼ਾ ਲਾਉਣਾ ਕੋਈ ਮੁਸ਼ਕਲ ਨਹੀ ਕਿ ਸਿਮਰਨਜੀਤ ਸਿੰਘ ਮਾਨ ਅਤੇ ਸ੍ਰ ਸੁਖਪਾਲ ਸਿੰਘ ਖਹਿਰਾ ਦਰਮਿਆਨ ਗਹਿ ਗੱਚ ਮੁਕਾਬਲਾ ਹੋ ਸਕਦਾ ਹੈ।ਜਿੱਤ ਕਿਹੜੇ ਉਮੀਦਵਾਰ ਦੀ ਝੋਲੀ ਵਿੱਚ ਪੈਂਦੀ ਹੈ,ਇਹ ਜਾਣਕਾਰੀ 4 ਜੂਨ ਦੇ ਚੋਣ ਨਤੀਜੇ ਹੀ ਦੱਸਣਗੇ।

 

ਬਘੇਲ ਸਿੰਘ ਧਾਲੀਵਾਲ

99142-58142