ਪਾਣੀ ਦਾ ਮਸਲਾ ਅਤੇ ਕਰਨਾਟਕ ਦੀ ਰਾਜਧਾਨੀ ਬੰਗਲੋਰ

ਪਾਣੀ ਦਾ ਮਸਲਾ ਅਤੇ ਕਰਨਾਟਕ ਦੀ ਰਾਜਧਾਨੀ ਬੰਗਲੋਰ

ਪਾਣੀ ਦਾ ਮਸਲਾ ਇਸ ਸਮੇਂ ਬਹੁਤ ਹੀ ਗੰਭੀਰ ਮਸਲਾ ਬਣਿਆ ਹੋਇਆ ਹੈ। ਯੂ.ਐਨ. ਦੀ ਇੱਕ ਰਿਪੋਰਟ ਮੁਤਾਬਕ ਸਾਲ 2002 ਤੋਂ 2021 ਤੱਕ ਦੁਨੀਆਂ ਦੀ 17% ਆਬਾਦੀ ਸੋਕੇ ਤੋਂ ਪ੍ਰਭਾਵਿਤ ਹੋਈ ਹੈ ਅਤੇ ਸੋਕੇ ਨਾਲ ਤਕਰੀਬਨ 21 ਹਜਾਰ ਤੋਂ ਵੱਧ ਮੌਤਾਂ ਹੋਈਆਂ ਹਨ। 20% ਆਬਾਦੀ ਹੜਾਂ ਤੋਂ ਪ੍ਰਭਾਵਿਤ ਹੋਈ ਹੈ ਅਤੇ ਹੜਾਂ ਦੇ ਕਾਰਨ ਇਕ ਲੱਖ ਤੋਂ ਵੱਧ ਮੌਤਾਂ ਹੋਈਆਂ ਹਨ।

ਪਾਣੀ ਦੀ ਕਮੀ ਦਾ ਸੰਕਟ ਇਸ ਸਮੇਂ ਬੰਗਲੋਰ ਸ਼ਹਿਰ ਬੁਰੀ ਤਰ੍ਹਾਂ ਝੱਲ ਰਿਹਾ ਹੈ। ਬੰਗਲੋਰ ਵਿੱਚ ਪਾਣੀ ਤਕਰੀਬਨ 100 ਕਿਲੋਮੀਟਰ ਦੂਰੋਂ ਕਾਵੇਰੀ ਵਿੱਚੋਂ ਲਿਆਂਦਾ ਜਾਂਦਾ ਹੈ। ਇੱਕ ਅਨੁਮਾਨ ਮੁਤਾਬਕ ਰਸਤੇ ਵਿੱਚ ਤਕਰੀਬਨ 50% ਪਾਣੀ ਖਰਾਬ ਹੋ ਜਾਂਦਾ ਹੈ।

ਇਸਦੇ ਕਾਰਨ ਕਈ ਹਨ। ਕੁਝ ਪ੍ਰਬੰਧਕੀ ਹਨ, ਕੁਝ ਕੁਦਰਤੀ ਹਨ, ਕੁਝ ਸ਼ਹਿਰ ਦੀ ਵੱਧ ਰਹੀ ਆਬਾਦੀ ਹੈ। 2017 ਦੀ ਇੱਕ ਰਿਪੋਰਟ ਮੁਤਾਬਕ ਬੰਗਲੋਰ ਦੀ ਤਰੱਕੀ ਏਸ਼ੀਆ ਵਿੱਚ ਸਭ ਤੋਂ ਵੱਧ ਹੈ। 1988 ਦੇ ਵਿੱਚ ਇਹ ਸੋਫਟਵੇਅਰ ਰਾਜਧਾਨੀ ਦੇ ਤੌਰ ‘ਤੇ ਉਭਰ ਕੇ ਸਾਹਮਣੇ ਆਇਆ। ਸੋ ਵਸੋਂ ਦਾ ਵਾਧਾ ਲਾਜ਼ਮੀ ਸੀ।  1800 ਈ. ਦੇ ਵਿੱਚ ਬੈਂਗਲੋਰ ਵਿੱਚ ਤਕਰੀਬਨ 1452 ਪਾਣੀ ਦੇ ਸਰੋਤ ਸਨ ਤੇ 2011 ਵਿੱਚ ਇਹ ਘੱਟ ਕੇ ਕੇਵਲ 193 ਰਹਿ ਗਏ। ਪ੍ਰਬੰਧਕੀ ਅਮਲੇ ਦਾ ਇਹ ਮੰਨਣਾ ਹੈ ਕਿ ਬੰਗਲੋਰ ਦੇ ਵਿੱਚ ਪਾਣੀ ਦੇ ਸੰਕਟ ਦਾ ਮੁੱਖ ਕਾਰਨ 2023 ਦੇ ਵਿੱਚ ਪਿਆ ਘੱਟ ਮੀਂਹ ਹੈ। 1973 ਵਿੱਚ ਕੁੱਲ ਬੰਗਲੋਰ ਦਾ 8% ਹਿੱਸਾ ਪੱਕਾ ਸੀ ਜੋ ਕਿ 2020 ਵਿੱਚ ਵੱਧ ਕੇ 93% ਹੋ ਗਿਆ। ਇਸ ਨਾਲ ਮੀਂਹ ਦਾ ਪਾਣੀ ਜ਼ਮੀਨਦੋਜ਼ ਘੱਟ ਹੋਣ ਲੱਗ ਗਿਆ।

ਬੰਗਲੋਰ ਦਾ ਪਾਣੀ ਸੰਕਟ ਅਸਲ ਦੇ ਵਿੱਚ ਪਾਣੀ ਦੀ ਸਮੱਸਿਆ ਨਹੀਂ ਹੈ ਬਲਕਿ ਪਾਣੀ ਦੇ ਪ੍ਰਬੰਧ ਦੀ ਸਮੱਸਿਆ ਹੈ। ਬੰਗਲੋਰ ਕਦੇ ਵੀ ਪਾਣੀ ਭਰਪੂਰ ਖਿੱਤਾ ਨਹੀਂ ਰਿਹਾ। ਸੋ ਇਤਿਹਾਸਿਕ ਤੌਰ ’ਤੇ ਸ਼ਹਿਰ ਹਮੇਸ਼ਾ ਹੀ ਝੀਲਾਂ, ਪਾਣੀ ਦੇ ਟੈਂਕ ਤੇ ਟੋਭਿਆਂ ਉੱਤੇ ਹੀ ਨਿਰਭਰ ਰਿਹਾ। ਆਪਣੀਆਂ ਪਾਣੀ ਦੀਆਂ ਜਰੂਰਤਾਂ ਸੰਬੰਧੀ ਸ਼ਹਿਰ ਦੇ ਅਲੱਗ-ਅਲੱਗ ਖਿੱਤਿਆਂ ਵਿੱਚ ਬਹੁਤ ਸਾਰੇ ਟੋਭੇ ਪੱਟੇ ਗਏ ਤਾਂ ਜੋ ਮੀਂਹ ਦਾ ਪਾਣੀ ਸਾਂਭਿਆ ਜਾ ਸਕੇ, ਜਮੀਨਦੋਜ਼ ਕੀਤਾ ਜਾ ਸਕੇ ਅਤੇ ਜ਼ਿਆਦਾ ਮੀਂਹ ਪੈਣ ਕਾਰਨ ਆਉਣ ਵਾਲੇ ਹੜਾਂ ਤੋਂ ਬਚਿਆ ਜਾ ਸਕੇ। 2015-16 ਦੀ ਇੱਕ ਰਿਪੋਰਟ ਮੁਤਾਬਕ ਸ਼ਹਿਰ ਦੀਆਂ 105 ਝੀਲਾਂ ਸਿਰਫ ਇਮਾਰਤਾਂ ਬਣਾਉਣ ਕਾਰਨ ਗਾਇਬ ਹੋ ਗਈਆਂ। ਬਹੁਤ ਸਾਰੀਆਂ ਝੀਲਾਂ ਵਿੱਚ ਕੂੜੇ ਦੇ ਢੇਰ ਲੱਗ ਗਏ। ਕਾਵੇਰੀ ਨਦੀ ਤੋਂ ਤਕਰੀਬਨ 1450 ਮਿਲੀਅਨ ਲੀਟਰ ਪਾਣੀ ਹਰ ਰੋਜ਼ ਬੰਗਲੋਰ ਸ਼ਹਿਰ ਅੱਪੜਦਾ ਹੈ ਪਰ ਫਿਰ ਵੀ ਇਹ ਬੰਗਲੋਰ ਸ਼ਹਿਰ ਦੀਆਂ ਜਰੂਰਤਾਂ ਪੂਰੀਆਂ ਕਰਨ ਤੋਂ ਅਸਮਰਥ ਹੈ। ਭਾਵੇਂ ਪਾਣੀ ਨਾਲ ਸੰਬੰਧਤ ਵਿਭਾਗ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਹਰ ਰੋਜ਼ 1450 ਮਿਲੀਅਨ ਲੀਟਰ ਪਾਣੀ ਬੰਗਲੌਰ ਸ਼ਹਿਰ ਵਿੱਚ ਪਹੁੰਚਦਾ ਕਰਦੇ ਹਨ ਪਰ ਪਾਣੀ ਦੇ ਰਿਸਣ ਕਰਕੇ 1053 ਮਿਲੀਅਨ ਲੀਟਰ ਪਾਣੀ ਹੀ ਬੰਗਲੋਰ ਸ਼ਹਿਰ ਪਹੁੰਚਦਾ ਹੈ।

ਇੱਕ ਅਨੁਮਾਨ ਹੈ ਕਿ 2031 ਤੱਕ ਇਹ ਮੰਗ ਵੱਧ ਕੇ 2900 ਮਿਲੀਅਨ ਲੀਟਰ ਹੋ ਜਾਵੇਗੀ।

ਪਾਣੀ ਦੇ ਸੰਕਟ ਵਿੱਚੋਂ ਨਿਕਲਣ ਲਈ ਬੰਗਲੋਰ ਸ਼ਹਿਰ ਨੂੰ ਕਈ ਉਪਰਾਲੇ ਕਰਨੇ ਪੈਣਗੇ ਜਿਵੇਂ ਆਪਣੀਆਂ ਝੀਲਾਂ ਨੂੰ ਬਚਾਉਣਾ ਪਵੇਗਾ, ਇੱਕ ਵਾਰੀ ਵਰਤਿਆ ਪਾਣੀ ਫਿਰ ਤੋਂ ਵਰਤੋਂ ਵਿੱਚ ਲਿਆਉਣ ਲਈ ਯਤਨ ਕਰਨੇ ਪੈਣਗੇ, ਪਾਣੀ ਜਮੀਨਦੋਜ਼ ਕਰਨ ਲਈ ਵੱਖਰੇ-ਵੱਖਰੇ ਢੰਗ ਤਰੀਕੇ ਲੱਭਣੇ ਪੈਣਗੇ, ਜਿੱਥੇ-ਜਿੱਥੇ ਪਾਣੀ ਬੇਲੋੜਾ ਵਰਤਿਆ ਜਾਂਦਾ ਹੈ ਉਸ ਨੂੰ ਘਟਾ ਕੇ ਖਤਮ ਕਰਨਾ ਪਵੇਗਾ ਅਤੇ ਮੀਂਹ ਦਾ ਪਾਣੀ ਵਰਤਣਾ ਪਵੇਗਾ।

ਕਾਰਪੋਰੇਟ 

ਕਾਰਪੋਰੇਟ ਦਾ ਦਖਲ ਜ਼ਿੰਦਗੀ ਅਤੇ ਦੁਨੀਆਂ ਦੇ ਹਰ ਉਸ ਖੇਤਰ ਵਿੱਚ ਹੋ ਚੁੱਕਿਆ ਹੈ ਜਿੱਥੇ ਮੁਨਾਫਾ ਕਮਾਇਆ ਜਾ ਸਕਦਾ ਹੈ। ਆਪਣੇ ਮੁਨਾਫੇ ਦੀ ਪਹਿਲ ਨੂੰ ਧਿਆਨ ‘ਚ ਰੱਖਦੇ ਹੋਏ ਕਾਰਪੋਰੇਟ ਕੁਦਰਤੀ ਸਾਧਨਾ ਮਿੱਟੀ, ਪਾਣੀ, ਵਾਤਾਵਰਨ ਅਤੇ ਅਨਾਜ, ਫਲ ਸਭ ਉੱਤੇ ਕਾਬਜ਼ ਹੋਣ ਲਈ ਪੱਬਾਂ ਭਾਰ ਹੋਇਆ ਹੋਇਆ ਹੈ।

ਤਕਰੀਬਨ ਪਿਛਲੇ ਚਾਰ ਦਹਾਕਿਆਂ ਤੋਂ ਪੂਰੀ ਦੁਨੀਆਂ ਦੀ ਰਾਜਨੀਤੀ ਅਤੇ ਆਰਥਿਕ ਤਾਕਤਾਂ ਦਾ ਆਪਸੀ ਸਬੰਧ ਬਦਲ ਗਿਆ ਹੈ। ਹੁਣ ਰਾਜਨੀਤਿਕ ਨੇਤਾ ਆਪਣੇ ਰਾਜਨੀਤਿਕ ਹਿਤਾਂ ਕਰਕੇ ਆਰਥਿਕ ਤਾਕਤਾਂ ਦੇ ਅਧੀਨ ਹਨ। ਸਰਕਾਰ ਪ੍ਰਬੰਧ ਚਲਾਉਣ ਲਈ ਅਪਣਾਇਆ ਜਾਣ ਵਾਲਾ ਲੋਕਤੰਤਰੀ ਰਾਜਨੀਤਿਕ ਢਾਂਚਾ ਵਧੇਰੇ ਤੌਰ ’ਤੇ ਆਰਥਿਕ ਤਾਕਤਾਂ ਤੋਂ ਪ੍ਰਭਾਵਿਤ ਹੋਣ ਲੱਗ ਪਿਆ ਹੈ। ਸੋ ਐਸੇ ਲੈਣ ਦੇਣ ਵਿੱਚ ਐਸੀਆਂ ਨੀਤੀਆਂ ਹੀ ਬਣਾਈਆਂ ਤੇ ਲਾਗੂ ਹੋਣਗੀਆਂ ਜੋ ਕਾਰਪੋਰੇਟ ਹਿੱਤ ਦਾ ਧਿਆਨ ਰੱਖ ਸਕਣ। 

ਆਪਣੇ ਮਨੋਰਥ ਨੂੰ ਮੁੱਖ ਰੱਖਦੇ ਹੋਏ ਕਾਰਪੋਰੇਟ ਕੁਦਰਤੀ ਸਾਧਨਾਂ ਉੱਤੇ ਕਾਬਜ਼ ਹੋਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਕਾਰਪੋਰੇਸ਼ਨਾਂ ਨੂੰ ਬਸਤੀਵਾਦ ਦੀ ਅਗਲੀ ਕੜੀ ਕਰਕੇ ਵੀ ਦੇਖਿਆ ਜਾ ਸਕਦਾ ਹੈ। ਪੂਰੀ ਦੁਨੀਆਂ ਦੀ ਖੇਤੀਬਾੜੀ ਇਸ ਸਮੇਂ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ। ਯੂਰਪ ਦੇ ਕੁਝ ਵਿਕਸਿਤ ਦੇਸ਼ਾਂ ਵਿੱਚ ਪਿਛਲੇ ਸਮਿਆਂ ਵਿੱਚ ਹੋ ਰਹੇ ਕਿਸਾਨ ਅੰਦੋਲਨ ਚਰਚਾ ਵਿੱਚ ਹਨ। ਜਰਮਨੀ, ਸਪੇਨ, ਫਰਾਂਸ, ਰੋਮਾਨੀਆ, ਬੈਲਜੀਅਮ, ਪੋਲੈਂਡ, ਇਟਲੀ, ਗ੍ਰੀਸ, ਲਿਥੂਏਨੀਆ ਵਰਗੇ ਮੁਲਕਾਂ ਵਿੱਚ ਕਿਸਾਨ ਅੰਦੋਲਨ ਦਾ ਮੁੱਖ ਕਾਰਨ ਯੂਰਪੀਅਨ ਯੂਨੀਅਨ ਦੇ ਨਿਯਮਾਂ ਦੀ ਮੁਖਾਲਫਤ ਹੈ।

ਖੇਤੀਬਾੜੀ ਜੋ ਕਿ ਬਹੁਤ ਹੀ ਮੂਲ ਇਕਾਈ ਹੈ ਜ਼ਿੰਦਗੀ ਦੀ, ਇੰਜ ਵਿਖਾਇਆ ਜਾਂਦਾ ਹੈ ਕਿ ਉਸ ਦਾ ਵਜ਼ਨ ਜਿਹੜੇ ਖੇਤੀਬਾੜੀ ਨਹੀਂ ਕਰਦੇ ਉਨਾਂ ਲੋਕਾਂ ਦੇ ਉੱਪਰ ਹੈ। ਜੋ ਲੋਕ ਕਰ ਦੇ ਤੌਰ ’ਤੇ ਸਰਕਾਰ ਨੂੰ ਅਦਾਇਗੀ ਕਰਦੇ ਹਨ, ਉਹ ਖੇਤੀ ਦੀਆਂ ਛੋਟਾਂ ਦੇ ਵਿੱਚ ਨਾ ਲਗਾ ਕੇ ਸਰਕਾਰ ਅਣਦਿਸਦੇ ਰੂਪ ਵਿੱਚ ਕਾਰਪੋਰੇਟ ਨੂੰ ਅਦਾ ਕਰਦੀ ਹੈ। 

ਕਾਰਪੋਰੇਟ ਦੇ ਵੱਡੇ-ਵੱਡੇ ਕਰਜ਼ੇ ਮਾਫ ਹੁੰਦੇ ਹਨ ਜੋ ਗੱਲ ਕਦੇ-ਕਦੇ ਹੀ ਕੁਝ ਕੁ ਬਾਹਰ ਆਉਂਦੀ ਹੈ ਇਸ ਦੇ ਉਲਟ ਜਦੋਂ ਖੇਤੀ ਖੇਤਰ ਦੇ ਵਿੱਚ ਕਰਜੇ ਮੁਆਫੀ ਦੀ ਗੱਲ ਹੁੰਦੀ ਹੈ ਤਾਂ ਉਹ ਚੋਣ ਮੈਨੀਫੈਸਟੋ ਦਾ ਹਿੱਸਾ ਬਣ ਜਾਂਦਾ ਹੈ। ਪਰ ਅਸਲੀਅਤ ਦੇ ਵਿੱਚ ਉਨੇ ਕਰਜੇ ਮਾਫ ਨਹੀਂ ਹੁੰਦੇ ਜਿੰਨੇ ਕਰਜ਼ਿਆਂ ਦਾ ਰੌਲਾ ਪੈ ਜਾਂਦਾ ਹੈ ਜਾਂ ਫਿਰ ਜਿੰਨੇ ਪੈਸੇ ਦੀ ਕਰਜ਼ਾ ਮੁਆਫੀ ਹੁੰਦੀ ਹੈ ਉਹ ਉਦਯੋਗ ਦੇ ਮੁਕਾਬਲੇ ਬਹੁਤ ਹੀ ਛੋਟੀ ਰਕਮ ਹੈ।

ਅਖੀਰ ਵਿੱਚ ਅਸੀਂ ਇਸ ਪੜਾਅ ਉੱਤੇ ਪਹੁੰਚ ਚੁੱਕੇ ਹਾਂ ਜਿੱਥੇ ਕਾਰਪੋਰੇਸ਼ਨ, ਸਰਕਾਰਾਂ ਇੱਕ ਪਾਸੇ ਹੋ ਗਈਆਂ ਹਨ ਅਤੇ ਆਮ ਲੋਕ ਇੱਕ ਪਾਸੇ। ਉਹ ਸਮਾਂ ਲੰਘ ਚੁੱਕਿਆ ਹੈ ਜਦੋਂ ਲੁਟੇਰਿਆਂ ਨੂੰ ਲੁਟੇਰੇ ਕਹਿ ਕੇ ਪਛਾਣਿਆ ਤੇ ਸੱਦਿਆ ਜਾ ਸਕਦਾ ਸੀ ਹੁਣ ਤੇ ਲੁਟੇਰੇ ਚਿੱਟੀ ਚਾਦਰ ਪਾ ਕੇ ਤੁਹਾਡੇ ਹਮਦਰਦ ਹੋਣ ਦਾ ਦਾਅਵਾ ਕਰਦੇ ਹਨ।

 

ਸੰਪਾਦਕ