ਪਹਿਲਵਾਨ ਜਾਟ ਧੀ ਨੇ ਸਿਧ ਕੀਤਾ ਕਿ ਹੈਂਕੜਬਾਜ਼ ਸਰਕਾਰ ਖ਼ਿਲਾਫ਼ ਲੜਿਆ ਤੇ ਜਿੱਤਿਆ ਜਾ ਸਕਦਾ

ਪਹਿਲਵਾਨ ਜਾਟ ਧੀ ਨੇ ਸਿਧ  ਕੀਤਾ ਕਿ ਹੈਂਕੜਬਾਜ਼ ਸਰਕਾਰ ਖ਼ਿਲਾਫ਼ ਲੜਿਆ ਤੇ ਜਿੱਤਿਆ ਜਾ ਸਕਦਾ

ਬਾਹੂ-ਬਲੀਏ ਗੈਂਗ ਗਰੁੱਪ ਦੀਆਂ ਵਧੀਕੀਆਂ ਤੋਂ ਹਾਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਉਸੇ ਦਿਨ ਹੀ ਆਪਣੇ ਪਹਿਲਵਾਨੀ ਬੂਟ ਮੇਜ਼ ’ਤੇ ਰੱਖ ਕੇ ਸੰਨਿਆਸ ਲੈ ਲਿਆ ਸੀ, ਜਿਸ ਦਿਨ ਸੰਜੇ ਸਿੰਘ ਜੋ ਬਦਨਾਮ ਬ੍ਰਿਜ ਭੂਸ਼ਣ ਦਾ ਨਜ਼ਦੀਕੀ ਦੇ ਨਾਂਅ ਦੀ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਪ੍ਰਧਾਨ ਬਣਨ ਦੀ ਘੋਸ਼ਣਾ ਹੋਈ ਸੀ।

ਉਸ ਨੇ ਸਾਫ਼-ਸਾਫ਼ ਕਿਹਾ ਕਿ ਮੌਜੂਦਾ ਕੇਂਦਰੀ ਸਰਕਾਰ ਨੇ ਆਪਣਾ ਦਿੱਤਾ ਉਹ ਵਚਨ ਆਪ ਹੀ ਭੰਗ ਕਰ ਦਿੱਤਾ ਹੈ, ਜਿਸ ਉੱਤੇ ਅਸੀਂ ਭਰੋਸਾ ਕਰਕੇ ਆਪਣਾ ਅੰਦੋਲਨ ਵਾਪਸ ਲਿਆ ਸੀ। ਭਰੋਸਾ ਇਹ ਦਿੱਤਾ ਗਿਆ ਸੀ ਕਿ ਸੰਬੰਧਤ ਚੋਣਾਂ ਵਿੱਚ ਬਦਨਾਮ ਬ੍ਰਿਜ ਭੂਸ਼ਨ ਨਾ ਆਪ, ਨਾ ਹੀ ਉਸ ਦਾ ਕੋਈ ਨੇੜੂ ਭਾਗ ਲਵੇਗਾ। ਚੋਣਾਂ ਅਜ਼ਾਦ ਅਤੇ ਬਿਨਾਂ ਬ੍ਰਿਜ ਭੂਸ਼ਨ ਦੀ ਮਿਲਾਵਟ ਤੋਂ ਹੋਣਗੀਆਂ। ਪਰ ਹੋਇਆ ਸਭ ਕੁਝ ਦਿੱਤੇ ਭਰੋਸੇ ਦੇ ਉਲਟ। ਜਿੱਤਣ ਵਾਲਾ ਸੰਜੇ ਸਿੰਘ ਬ੍ਰਿਜ ਭੂਸ਼ਣ ਦਾ ਨਜ਼ਦੀਕੀ ਅਤੇ ਉਸ ਦਾ ਕਰੀਬੀ ਪਾਰਟਨਰ ਨਿਕਲਿਆ, ਜਿਸਦੇ ਜਿੱਤਣ ਤੋਂ ਬਾਅਦ ਲੱਗੇ ਨਾਅਰਿਆਂ ਨੇ ਸਭ ਕਾਸੇ ਤੋਂ ਪੜ੍ਹਦਾ ਚੁੱਕ ਕੇ ਬ੍ਰਿਜ ਭੂਸ਼ਨ ਸਭ ਦੇ ਸਾਹਮਣੇ ਨੰਗਾ ਕਰ ਦਿੱਤਾ। ਬ੍ਰਿਜ ਭੂਸ਼ਨ ਦੇ ਲੜਕੇ ਵੱਲੋਂ ਨਾਅਰਿਆਂ ਅਤੇ ਦੀਵਾਰਾਂ ਦੇ ਇਸ਼ਤਿਹਾਰਾਂ ਨੇ ਸਭ ਕਸਰਾਂ ਕੱਢ ਦਿੱਤੀਆਂ, ਜਿਸ ਨਾਲ ਸਭ ਭੁਲੇਖੇ ਦੂਰ ਹੋ ਗਏ। ਲੱਗੇ ਅਤੇ ਲਿਖੇ ਗਏ ਨਾਅਰਿਆਂ ’ਤੇ ਜ਼ਰਾ ਧਿਆਨ ਦਿਓ। “ਦਬਦਬਾ ਸੀ, ਦਬਦਬਾ ਹੈ ਅਤੇ ਦਬਦਬਾ ਰਹੇਗਾ।” ਜਿਨ੍ਹਾਂ ਨਾਅਰਿਆਂ ਨੇ ਸਾਕਸ਼ੀ ਮਲਿਕ ਗਰੁੱਪ ਵਿੱਚ ਕਾਫ਼ੀ ਨਿਰਾਸ਼ਤਾ ਫੈਲਾਈ, ਜਿਸਦਾ ਸਾਕਸ਼ੀ ਮਲਿਕ ਧੀ ਨੇ ਤਕੜੀ ਹੋ ਕੇ ਵਿਰੋਧ ਜਿਤਾਇਆ ਅਤੇ ਕੁਸ਼ਤੀ ਬੂਟ ਹਵਾਲੇ ਕਰਕੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਆਪਣਾ ਸੁਨੇਹਾ ਢੀਠ ਭਾਰਤੀ ਕੁਸ਼ਤੀ ਦੀ ਫੈਡਰੇਸ਼ਨ ਦੇ ਮੈਂਬਰਾਂ ਤੋਂ ਲੈ ਕੇ ਖੇਡ ਮੰਤਰਾਲੇ ਦੇ ਮੈਂਬਰਾਂ ਦੇ ਕੰਨਾਂ ਤਕ ਸਮੇਤ ਕੇਂਦਰੀ ਸਰਕਾਰ ਪਹੁੰਚਾ ਦਿੱਤਾ। ਇਸ ਸਾਕਸ਼ੀ ਮਲਿਕ ਦੇ ਐਕਸ਼ਨ ਤੋਂ ਬਾਅਦ ਇੱਕ ਹੋਰ ਨੌਜਵਾਨ ਭਰਾ ਸ੍ਰੀ ਬਜਰੰਗ ਪੂਨੀਆ ਨੇ ਵੀ ਆਪਣਾ ਪਦਮਸ੍ਰੀ, ਜੋ ਸਿਰ ਦਾ ਸਿਰਤਾਜ ਸਮਝਿਆ ਜਾਂਦਾ ਹੈ, ਰੋਸ ਵਜੋਂ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਉਸ ਦੇ ਪੈਰਾਂ ਦੀ ਮਿੱਟੀ ਵਿੱਚ ਰੱਖ ਕੇ ਸਮੇਤ ਆਪਣੀ ਰੋਹ ਭਰੀ ਚਿੱਠੀ ਰਾਹੀਂ ਆਪਣਾ ਰੋਸ ਪ੍ਰਗਟ ਕਰ ਦਿੱਤਾ। ਇਸ ਤੋਂ ਬਾਅਦ ਪੈਰਾ ਐਥਲੀਟ ਵਰਿੰਦਰ ਸਿੰਘ ਵੀ ਆਪਣਾ ਪਦਮਸ਼੍ਰੀ ਵਾਪਸ ਕਰਨ ਲਈ ਆਖ ਰਿਹਾ ਹੈ। ਹੋਰ ਵੀ ਖਿਡਾਰੀ ਅਜਿਹਾ ਕਰਨ ਲਈ ਸੋਚ ਰਹੇ ਹਨ।

ਕੋਈ ਕੁਝ ਵੀ ਆਖੇ, ਪਰ ਧੀ ਸਾਕਸ਼ੀ ਮਲਿਕ ਦੇ ਐਕਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕੋਈ ਜਾਟ ਹੈ, ਜਿਸਦੀ ਗੱਲ ਸਾਡੇ ਉਪ ਰਾਸ਼ਟਰਪਤੀ ਕਰ ਰਹੇ ਹਨ ਤਾਂ ਉਹ ਅਸਲ ਸਾਕਸ਼ੀ ਮਲਿਕ ਹੈ, ਜਿਸ ਨੇ ਲੋਕਾਂ ਦੇ ਸੋਚਣ ਤੋਂ ਵੱਧ ਕੀਤਾ, ਪਰ ਦੂਜੇ ਪਾਸੇ ਉਸ ਸ਼ਖਸੀਅਤ ਵੱਲ ਝਾਤੀ ਮਾਰੋ, ਜੋ ਆਪਣੇ-ਆਪ ਨੂੰ ਕਿਸਾਨ ਅਤੇ ਜਾਟ ਆਖ ਕੇ ਇਸਦੀ ਤੁਲਨਾ ਦੋ ਜਾਤੀਆਂ ਦੇ ਅਪਮਾਨ ਦੀ ਗੱਲ ਕਰ ਰਿਹਾ ਹੈ। ਜਿਸ ਨੇ ਡੇਢ ਸੌ ਤੋਂ ਉੱਪਰ ਕਰੋੜਾਂ ਬੰਦਿਆਂ ਦੀ ਨੁਮਾਇੰਦਗੀ ਕਰਦੇ ਪਾਰਲੀਮੈਂਟ ਮੈਂਬਰਾਂ ਦੀ ਮੈਂਬਰੀ ਰੱਦ ਕਰਦਿਆਂ ਨਾ ਅਸਤੀਫ਼ਾ ਦਿੱਤਾ, ਨਾ ਹੀ ਦੇਣ ਬਾਰੇ ਸੋਚਿਆ। ਜਿਸਦੇ ਮੌਜੂਦਾ ਅਹੁਦੇ ’ਤੇ ਰਹਿੰਦਿਆਂ ਕਿਸਾਨ ਅੰਦੋਲਨ ਦੇ ਚੱਲਦਿਆਂ ਤਕਰੀਬਨ ਸਾਢੇ ਸੱਤ ਸੌ ਕਿਸਾਨ ਔਕੜਾਂ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ। ਮੋਦੀ ਰਾਜ ਦੌਰਾਨ ਅੱਜ ਵੀ ਅਨੇਕਾਂ ਆਪਣੀਆਂ ਜਾਇਜ਼ ਮੰਗਾਂ ਲਈ ਲੜਦਿਆਂ ਵੱਖ-ਵੱਖ ਸਰਕਾਰਾਂ ਤੋਂ ਵੱਖ-ਵੱਖ ਸਮੇਂ ਡਾਂਗਾਂ ਖਾ ਰਹੇ ਹਨ। ਸਿਰੇ ਦੀ ਠੰਢ ਵਿੱਚ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰ ਰਹੇ ਹਨ। ਪਤਾ ਨਹੀਂ ਉਪ ਰਾਸ਼ਟਰਪਤੀ ਜੀ ਤੁਹਾਡੇ ਅੰਦਰਲਾ ਅਖੌਤੀ ਜਾਟਪੁਣਾ ਅਤੇ ਕਿਸਾਨ ਕਦੋਂ ਜਾਗੇਗਾ? ਅੱਜ ਦੇ ਦਿਨ ਤਾਂ ਤੁਸੀਂ ਹਰਿਆਣੇ ਦੀ ਧੀ ਸਾਕਸ਼ੀ ਮਲਿਕ ਤੋਂ ਕੋਹਾਂ ਦੂਰ ਹੋ।

ਇਹ ਧੀ ਸਾਕਸ਼ੀ ਮਲਿਕ ਦੇ ਜਿੱਤ ਐਕਸ਼ਨ ਦਾ ਕਮਾਲ ਹੈ ਕਿ ਚੁਣੀ ਗਈ ਭਾਰਤੀ ਕੁਸ਼ਤੀ ਫੈਡਰੇਸ਼ਨ ਦੋ ਦਿਨ ਬਾਅਦ ਹੀ ਭੰਗ ਕਰ ਦਿੱਤੀ ਹੈ। ਉਸ ਦੀ ਜਗ੍ਹਾ ਨਵੀਂ ਐਡਹਾਕ ਕਮੇਟੀ ਸ੍ਰੀ ਬਾਜਵਾ ਦੀ ਨਿਗਰਾਨੀ ਹੇਠ ਤਿੰਨ ਮੈਂਬਰਾਂ ਦੀ ਕਮੇਟੀ ਬਣਾ ਦਿੱਤੀ ਹੈ। ਹੌਲੀ-ਹੌਲੀ ਬਾਕੀ ਭਰੋਸੇ ਵੀ ਬਹਾਲ ਕੀਤੇ ਜਾ ਰਹੇ ਹਨ। ਉਪਰੋਕਤ ਕਹਾਣੀ ਦੇ ਪਿੱਛੇ ਅਸਲ ਡਾਇਰੈਕਟਰ ਬ੍ਰਿਜ ਭੂਸ਼ਨ ਉਹ ਪਹਿਲਵਾਨ ਪਾਰਲੀਮੈਂਟ ਮੈਂਬਰ ਹੈ, ਜੋ ਪੰਜ ਵਾਰ ਲਈ ਮੈਂਬਰ ਪਾਰਲੀਮੈਂਟ ਮੈਂਬਰ ਚੁਣਿਆ ਗਿਆ, ਜਿਸ ਵਿੱਚੋਂ ਇੱਕ ਵਾਰ ਐੱਸ ਪੀ ਤੇ ਚਾਰ ਵਾਰ ਤੋਂ ਭਾਜਪਾ ਦਾ ਮੈਂਬਰ ਚਲਿਆ ਆ ਰਿਹਾ ਹੈ। ਬਾਹੂ-ਬਲੀ ਹੋਣ ਕਰਕੇ ਉਸ ਦਾ ਆਪਣਾ ਇੱਕ ਗਰੁੱਪ ਹੈ। ਉਸ ਨਾਲ ਕੋਈ ਪੰਗਾ ਨਹੀਂ ਲੈਣਾ ਚਾਹੁੰਦਾ। ਉਸ ਦੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਰਹਿੰਦਿਆਂ ਭਾਰਤ ਦੀਆਂ ਖਿਡਾਰਨ ਧੀਆਂ ਨੇ ਲਗਭਗ ਵੱਖ-ਵੱਖ ਧਾਰਾਵਾਂ ਹੇਠ ਤਕਰੀਬਨ ਉੱਨੀ ਸ਼ਿਕਾਇਤਾਂ ਦਿੱਤੀਆਂ, ਪਰ ਪ੍ਰਧਾਨ ਦੇ ਬਹੂ-ਬਲੀ ਹੋਣ ਕਰਕੇ ਇੱਕ ਵੀ ਸ਼ਿਕਾਇਤ ਐੱਫ ਆਈ ਆਰ ਵਿੱਚ ਤਬਦੀਲ ਨਹੀਂ ਕੀਤੀ ਗਈ। ਇੱਥੋਂ ਤਕ ਕਿ ਧੀਆਂ ਖਿਡਾਰਨਾਂ ਦੀ ਸਮੂਹਕ ਅਵਾਜ਼ ਨੂੰ ਵੀ ਦੇਸ਼ ਦੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਜਦੋਂ ਪੂਰਨ ਨਜ਼ਰ-ਅੰਦਾਜ਼ ਕਰ ਦਿੱਤਾ, ਫਿਰ ਸੁਪਰੀਮ ਕੋਰਟ ਦੇ ਦਖ਼ਲ ਨਾਲ ਐੱਫ ਆਈ ਆਰ ਦਰਜ ਹੋਈ, ਜੋ ਵੱਖ-ਵੱਖ ਸਰਕਾਰੀ ਪ੍ਰੈੱਸ਼ਰ ਕਰਕੇ ਕਮਜ਼ੋਰ ਹੀ ਹੋਈ। ਬਣਦੀਆਂ ਧਾਰਾਵਾਂ ਵੀ ਨਾ ਲਾਈਆਂ ਗਈਆਂ। ਮੁਲਜ਼ਮ ਇੰਨਾ ਬਾਹੂ-ਬਲੀ ਨਿਕਲਿਆ ਕਿ ਅਖੀਰ ਡੇਢ ਦਰਜਨ ਸ਼ਿਕਾਇਤਾਂ ਜਾਂ ਸ਼ਿਕਾਇਤਾਂ ਦੇਣ ਵਾਲੇ ਬਾਹੂ-ਬਲੀ ਦੇ ਪ੍ਰਭਾਵ ਸਿਰਫ਼ ਪੌਣੀ ਦਰਜਨ ਤਕ ਸੀਮਤ ਹੋ ਗਏ। ਹੁਣ ਵੀ ਜੋ ਹੋਇਆ ਹੈ, ਉਹ ਕਦੇ ਨਾ ਹੁੰਦਾ ਅਗਰ ਵੀਹ ਸੌ ਚੌਵੀ ਦੀਆਂ ਪਾਰਲੀਮੈਂਟ ਚੋਣਾਂ ਸਿਰ ’ਤੇ ਨਾ ਹੁੰਦੀਆਂ।

ਅਗਰ ਅਸੀਂ ਸਭ ਦਿਲੋਂ ਚਾਹੁੰਦੇ ਹਨ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਘੱਟ ਵਾਪਰਨ ਜਾਂ ਨਾ ਵਪਰਨ ਤਾਂ ਸਾਨੂੰ ਸਭ ਨੂੰ ਅੱਜ ਤੋਂ ਹੀ “ਸਾਨੂੰ ਕੀ?” ਦੀ ਪਾਲਿਸੀ ਛੱਡ ਕੇ ਹਰ ਮਾੜੇ ਕੰਮ, ਮਾੜੀ ਭਾਸ਼ਾ ਖ਼ਿਲਾਫ਼, ਹਰ ਗਲਤ ਕੰਮ ਖਿਲਾਫ਼ ਖੜ੍ਹੇ ਹੋਣਾ ਚਾਹੀਦਾ ਹੈ. ਲੜਨਾ ਚਾਹੀਦਾ ਹੈ ਅਤੇ ਲੜਨ ਵਾਲਿਆਂ ਲਈ ਸਹੀ-ਸਹੀ ਮਦਦ ਜਟਾਉਣੀ ਚਾਹੀਦੀ ਹੈ। ਹਮੇਸ਼ਾ ਇੱਕ ਵੱਡਾ ਦੁਸ਼ਮਣ ਚੁਣੋ, ਉਸ ਖ਼ਿਲਾਫ਼ ਇਕੱਠੇ ਹੋ ਕੇ ਲੜੋ। ਆਪਸੀ ਮੱਤ-ਭੇਦ ਲੋਕ ਭਲੇ ਲਈ ਭੁਲਾ ਦਿਓ। ਮੌਜੂਦਾ ਕੇਂਦਰ ਸਰਕਾਰ ਨੂੰ ਹਰਾਉਣ ਲਈ ਜੇਕਰ ਮੌਜੂਦਾ ਸਰਕਾਰ ਦੇ ਕੈਂਡੀਡੇਟ ਖ਼ਿਲਾਫ਼ ਇੱਕ ਹੀ ਕੈਂਡੀਡੇਟ ਲੜ ਰਿਹਾ ਹੋਵੇ, ਉਸ ਨੂੰ ਰਲ਼ ਕੇ ਵੋਟਾਂ ਪਾਓ ਅਤੇ ਬਾਕੀਆਂ ਥਾਵਾਂ ’ਤੇ ਵੀ ਪੁਆਓ। ਅਜਿਹਾ ਕਰਨ ਨਾਲ ਹੀ ਹੈਂਕੜਬਾਜ਼ ਸਰਕਾਰ ਖ਼ਿਲਾਫ਼ ਲੜਿਆ ਅਤੇ ਜਿੱਤਿਆ ਜਾ ਸਕਦਾ ਹੈ। ਇਸ ਆਸ ਨਾਲ ਕਿ ਤੁਸੀਂ ਵੋਟਾਂ ਤੋਂ ਪਹਿਲਾਂ ਅੱਛਾ ਮਾਹੌਲ ਬਣਾਓਗੇ, ਫਿਰ ਵੋਟਾਂ ਵੇਲੇ ਵੋਟਾਂ ਪਾ ਕੇ ਅਤੇ ਬਾਕੀਆਂ ਤੋਂ ਪੁਆ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਵਧੋਗੇ। ਫਿਰ ਹੀ ਭੁੱਖਿਆਂ ਰਹਿ ਕੇ, ਕਰਜ਼ਾ ਲੈ ਕੇ, ਮਿਹਨਤ ਕਰਕੇ, ਤਮਗੇ ਜਿੱਤਣ ਵਾਲੀਆਂ ਧੀਆਂ ਨੂੰ ਜਿੱਤ ਕੇ ਆਪਣੇ ਸੋਨ ਤਮਗੇ ਵਾਪਸ ਨਹੀਂ ਕਰਨੇ ਪੈਣਗੇ।

 

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ