ਆਸਟ੍ਰੇਲੀਆ : ਸਿੱਖ ਬੱਚੇ ਨੂੰ ਸਕੂਲ ‘ਚ ਦਾਖ਼ਲਾ ਨਾ ਦੇਣ ਦੇ ਕੇਸ ‘ਚ ਫੈਸਲਾ ਰਾਖਵਾਂ

ਆਸਟ੍ਰੇਲੀਆ : ਸਿੱਖ ਬੱਚੇ ਨੂੰ ਸਕੂਲ ‘ਚ ਦਾਖ਼ਲਾ ਨਾ ਦੇਣ ਦੇ ਕੇਸ ‘ਚ ਫੈਸਲਾ ਰਾਖਵਾਂ

ਮੈਲਬੌਰਨ/ਬਿਊਰੋ ਨਿਊਜ਼ :
ਮੈਲਬੌਰਨ ਸਥਿਤ ਮੈਲਟਨ ਕ੍ਰਿਸਚੀਅਨ ਸਕੂਲ ਵੱਲੋਂ ਸਿਰ ‘ਤੇ ਪਟਕਾ ਬੰਨ•ਣ ਕਾਰਨ ਸਿੱਖ ਬੱਚੇ ਨੂੰ ਦਾਖਲਾ ਨਾ ਦੇਣ ਦੇ ਮਾਮਲੇ ਵਿਚ ਹੋਈ ਸੁਣਵਾਈ ‘ਤੇ ਹਾਲ ਦੀ ਘੜੀ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਵਿਕਟੋਰੀਅਨ ਸਿਵਲ ਅਤੇ ਪ੍ਰਸ਼ਾਸ਼ਕੀ ਟ੍ਰਿਬਿਊਨਲ ਵਿਚ ਤਿੰਨ ਦਿਨ ਹੋਈ ਸੁਣਵਾਈ ਉਪਰੰਤ ਅਜੇ ਕੋਈ ਫੈਸਲਾ ਨਹੀਂ ਸੁਣਾਇਆ ਤੇ ਇਸ ਲਈ ਅਗਲੀ ਤਾਰੀਖ਼ ਨਿਰਧਾਰਿਤ ਕੀਤੀ ਜਾਵੇਗੀ। ਬੱਚੇ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੇ ਦੱਸਿਆ ਕਿ ਉਕਤ ਸਕੂਲ ਵੱਲੋਂ ਉਨ•ਾਂ ਦੇ ਬੱਚੇ ਨੂੰ ਦਾਖਲਾ ਦੇਣ ਤੋਂ ਇਨਕਾਰ ਕਰਕੇ ਸਭ ਨੂੰ ਬਰਾਬਰਤਾ ਦੇ ਕਾਨੂੰਨ ਦਾ ਉਲੰਘਣ ਕੀਤਾ ਗਿਆ ਹੈ ਜਦਕਿ ਸਕੂਲ ਦੇ ਪ੍ਰਿੰਸੀਪਲ ਡੇਵਿਡ ਗਲੀਸਨ ਆਪਣੀ ਜਿੱਦ ‘ਤੇ ਅੜੇ ਹਨ ਕਿ ਇਹ ਉਨ•ਾਂ ਦੇ ਸਕੂਲ ਦੀ ਵਰਦੀ ਦੀ ਬਰਾਬਰਤਾ ਦਾ ਅਸੂਲ ਹੈ ਤੇ ਇਸ ਨੂੰ ਉਹ ਕਿਸੇ ਵੀ ਕੀਮਤ ‘ਤੇ ਭੰਗ ਨਹੀਂ ਕਰਨਗੇ। ਵਿਕਟੋਰੀਆ ਦੇ ਬਰਾਬਰਤਾ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਇਹ ਅਸਿੱਧੇ ਰੂਪ ਵਿਚ ਨਸਲੀ ਵਿਤਕਰਾ ਹੀ ਹੈ। ਕਮਿਸ਼ਨ ਦੀ ਕਾਨੂੰਨੀ ਵਿਭਾਗ ਦੀ ਮੁਖੀ ਸਾਰਾ ਬੈਂਡਲ ਦੇ ਕਿਹਾ ਕਿ ਵਿਕਟੋਰੀਅਨ ਸਿਵਲ ਅਤੇ ਪ੍ਰਸ਼ਾਸ਼ਕੀ ਟ੍ਰਿਬਿਊਨਲ ਲਈ ਕੋਈ ਫੈਸਲਾ ਲੈਣਾ ਹੁਣ ਪਰਖ ਦੀ ਘੜੀ ਹੈ। ਯੂਨਾਈਟਡ ਸਿੱਖਸ ਨੇਸ਼ਨ ਵੱਲੋਂ ਸਾਗਰਦੀਪ ਸਿੰਘ ਅਰੋੜਾ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਆਪਣੇ ਮੈਲਬੌਰਨ ਤੋਂ ਪ੍ਰਤਿਨਿਧ ਨਾਲ ਅਦਾਲਤ ਵਿਚ ਹਾਜ਼ਰ ਸਨ।