ਬੇਅਦਬੀ ਕਾਂਡ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਸਰਕਾਰ ਤੋਂ ਮੰਗੀ ਜਾਣਕਾਰੀ

ਬੇਅਦਬੀ ਕਾਂਡ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਸਰਕਾਰ ਤੋਂ ਮੰਗੀ ਜਾਣਕਾਰੀ

ਚੰਡੀਗੜ੍ਹ/ਬਿਊਰੋ ਨਿਊਜ਼ :

ਬੇਅਦਬੀ ਕਾਂਡ ਬਾਰੇ ਪੰਜਾਬ ਸਰਕਾਰ ਨੂੰ ਹੁਣ ਅਦਾਲਤ ਵਿਚ ਹੁਣ ਤਕ ਦੀ ਕਾਰਗੁਜ਼ਾਰੀ ਪੇਸ਼ ਕਰਨੀ ਹੋਵੇਗੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਜ ਸਰਕਾਰ ਤੋਂ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਤੇ ਗੋਲੀਬਾਰੀ ਦੇ ਮਾਮਲਿਆਂ ਦੇ ਸਬੰਧ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਸੰਦਰਭ ਵਿਚ ਹੁਣ ਤੱਕ ਹੋਈ ਕਾਰਵਾਈ ਬਾਰੇ ਰਿਪੋਰਟ ਮੰਗੀ ਹੈ। ਜਸਟਿਸ ਰਾਜਨ ਗੁਪਤਾ ਸਾਹਮਣੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਤੇ ਵਕੀਲ ਦੀਆ ਸੋਢੀ ਤੇ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਪੇਸ਼ ਹੋਏ ਤੇ ਉਨ੍ਹਾਂ ਕਿਹਾ ਕਿ ਉਹ ਅਗਲੀ ਪੇਸ਼ੀ ‘ਤੇ ਦੋ ਸਾਬਕਾ ਐਸਐਸਪੀਜ਼ ਤੇ ਇਕ ਸਾਬਕਾ ਐਸਐਚਓ ਦੀ ਗ੍ਰਿਫ਼ਤਾਰੀ ‘ਤੇ ਰੋਕ ਲਾਉਣ ਦੇ ਹੁਕਮ ਹਟਵਾਉਣ ਬਾਰੇ ਪੇਸ਼ ਕੀਤੇ ਰਾਜ ਸਰਕਾਰ ਦੇ ਹਲਫ਼ਨਾਮੇ ਬਾਰੇ ਆਪਣੀਆਂ ਦਲੀਲਾਂ ਪੇਸ਼ ਕਰਨਗੇ। ਅਦਾਲਤ ਨੇ ਕੇਸ ਦੀ ਅਗਲੀ ਪੇਸ਼ੀ ਮੌਕੇ 14 ਨਵੰਬਰ ਤੱਕ ਸਟੇਟਸ ਰਿਪੋਰਟ ਦਾਖਲ਼ ਕਰਨ ਲਈ ਕਿਹਾ ਹੈ। ਪਟੀਸ਼ਨਰਾਂ ਦੀ ਤਰਫ਼ੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਕਸ਼ੈ ਭਾਨ ਤੇ ਸੰਤ ਪਾਲ ਸਿੰਘ ਸਿੱਧੂ ਨੇ ਦਲੀਲਾਂ ਦਾ ਜਵਾਬ ਦੇਣ ਲਈ ਕੁਝ ਹੋਰ ਸਮਾਂ ਦੇਣ ਦੀ ਮੰਗ ਕੀਤੀ।