ਕਰਤਾਰਪੁਰ ਕੋਰੀਡੋਰ ਵਿਖੇ 190 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਯਾਤਰੀ ਟਰਮੀਨਲ
ਨਵੀਂ ਦਿੱਲੀ, 9 ਮਾਰਚ
ਭਾਰਤ ਵੱਲੋਂ 190 ਕਰੋੜ ਰੁਪਏ ਦੀ ਲਾਗਤ ਨਾਲ ਕਰਤਾਰਪੁਰ ਲਾਂਘੇ ਲਈ ਅਤਿ ਆਧੁਨਿਕ ਯਾਤਰੀ ਟਰਮੀਨਲ ਭਵਨ (ਪੀਟੀਬੀ) ਉਸਾਰਿਆ ਜਾਵੇਗਾ। ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਇਸ ਭਵਨ 'ਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਹੋਣਗੀਆਂ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ 'ਤੇ ਅਤਿ ਆਧੁਨਿਕ ਪੀਟੀਬੀ ਕੰਪਲੈਕਸ ਦੀ ਉਸਾਰੀ ਲਈ ਵਿਆਪਕ ਯੋਜਨਾ ਨੂੰ ਮੰਤਰਾਲੇ ਨੇ ਪ੍ਰਵਾਨਗੀ ਦੇ ਦਿੱਤੀ ਹੈ। ਪਿਛਲੇ ਸਾਲ ਨਵੰਬਰ 'ਚ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤਕ ਕਰਤਾਰਪੁਰ ਲਾਂਘਾ ਵਿਕਸਤ ਕਰਨ ਦੇ ਕੈਬਨਿਟ ਵੱਲੋਂ ਲਏ ਗਏ ਫ਼ੈਸਲੇ ਮਗਰੋਂ ਇਹ ਮਨਜ਼ੂਰੀ ਮਿਲੀ ਹੈ। ਸਰਹੱਦ 'ਤੇ ਸੰਗਠਤ ਚੈੱਕ ਪੋਸਟਾਂ ਉਸਾਰਣ ਅਤੇ ਉਸ ਨੂੰ ਚਲਾਉਣ ਵਾਲੀ ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ ਨੂੰ ਯਾਤਰੀ ਟਰਮੀਨਲ ਭਵਨ ਦੀ ਉਸਾਰੀ ਦਾ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਨੂੰ ਗੁਰੂ ਨਾਨਕ ਦੇਵ ਦੇ ਨਵੰਬਰ 'ਚ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਤੇਜ਼ੀ ਨਾਲ ਇਹ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀ ਨੇ ਕਿਹਾ ਕਿ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰਖਦਿਆਂ ਭਵਨ ਦੇ ਡਿਜ਼ਾਈਨ ਅਤੇ ਗੁਣਵੱਤਾ ਦੇ ਮਾਪਦੰਡਾਂ ਨੂੰ ਤਿਆਰ ਕੀਤਾ ਗਿਆ ਹੈ। ਭਵਨ ਦੀ ਉਸਾਰੀ ਲਈ 50 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ ਅਤੇ ਇਸ ਨੂੰ ਦੋ ਪੜਾਵਾਂ 'ਚ ਵਿਕਸਤ ਕੀਤਾ ਜਾਵੇਗਾ। ਇਕ ਹੋਰ ਅਧਿਕਾਰੀ ਨੇ ਕਿਹਾ,''ਪਹਿਲੇ ਪੜਾਅ ਤਹਿਤ 15 ਏਕੜ ਤੋਂ ਵੱਧ ਜ਼ਮੀਨ 'ਤੇ ਕੰਮ ਸ਼ੁਰੂ ਹੋਵੇਗਾ ਅਤੇ ਇਸ ਸਬੰਧ 'ਚ ਜ਼ਮੀਨ ਐਕੁਆਇਰ ਕਰਨ ਦਾ ਅਮਲ ਪਹਿਲਾਂ ਹੀ ਆਰੰਭ ਹੋ ਚੁੱਕਾ ਹੈ।'' ਪੀਟੀਬੀ ਕੰਪਲੈਕਸ ਦੇ ਪਹਿਲੇ ਪੜਾਅ 'ਚ ਕਰੀਬ 21,650 ਸਕੁਏਅਰ ਮੀਟਰ ਰਕਬੇ 'ਤੇ ਏਅਰ ਕੰਡੀਸ਼ਨ ਇਮਾਰਤ ਵਿਕਸਤ ਕਰਨ ਦੀ ਤਜਵੀਜ਼ ਹੈ। ਭਵਨ ਦਾ ਡਿਜ਼ਾਈਨ 'ਖੰਡੇ' ਦੇ ਨਿਸ਼ਾਨ ਤੋਂ ਪ੍ਰੇਰਿਤ ਹੈ ਜੋ ਸਾਂਝੀਵਾਲਤਾ ਦੀ ਨੁਮਾਇੰਦਗੀ ਕਰਦਾ ਹੈ। ਇਮਾਰਤ 'ਤੇ ਭਾਰਤੀ ਸੱਭਿਆਚਾਰ ਦੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਮੂਰਤੀਆਂ ਅਤੇ ਤਸਵੀਰਾਂ ਲਾਈਆਂ ਜਾਣਗੀਆਂ। ਅਧਿਕਾਰੀ ਨੇ ਕਿਹਾ ਕਿ ਇਮਾਰਤ 'ਚ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਕਸਟਮ ਕਲੀਅਰੈਂਸ ਅਤੇ ਇਮੀਗਰੇਸ਼ਨ ਦੀ ਸਹੂਲਤ ਮੌਜੂਦ ਹੋਵੇਗੀ ਜਿਸ 'ਚ ਦੁਕਾਨਾਂ, ਸਾਮਾਨ ਰੱਖਣ ਅਤੇ ਪਾਰਕਿੰਗ ਲਈ ਖੁੱਲ੍ਹੀ ਥਾਂ ਹੋਵੇਗੀ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਰਹੱਦ 'ਤੇ 300 ਫੁੱਟ ਉੱਚਾ ਥੜਾ ਹੋਵੇਗਾ ਜਿਸ 'ਤੇ ਤਿਰੰਗਾ ਲਹਿਰਾਇਆ ਜਾਵੇਗਾ। ਦੂਜੇ ਪੜਾਅ ਤਹਿਤ ਵਿਜ਼ੀਟਰ ਗੈਲਰੀ, ਹਸਪਤਾਲ, ਸ਼ਰਧਾਲੂਆਂ ਲਈ ਰਿਹਾਇਸ਼ ਅਤੇ ਹੋਰ ਸਹੂਲਤਾਂ ਦਾ ਵਿਸਥਾਰ ਕੀਤਾ ਜਾਵੇਗਾ।
ਭਾਰਤ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਸਬੰਧੀ 14 ਮਾਰਚ ਨੂੰ ਹੋਣ ਵਾਲੀ ਗੱਲਬਾਤ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਹੋਣ ਕਰਕੇ ਕੀਤੀ ਜਾ ਰਹੀ ਹੈ ਅਤੇ ਇਸ ਦਾ ਮਤਲਬ ਇਹ ਨਹੀਂ ਕਿ ਪਾਕਿਸਤਾਨ ਨਾਲ ਦੁਵੱਲੀ ਵਾਰਤਾ ਸ਼ੁਰੂ ਹੋਣ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਤੋਂ ਜਦੋਂ ਪਾਕਿਸਤਾਨ ਨਾਲ ਸਬੰਧਾਂ 'ਚ ਤਲਖ਼ੀ ਵਿਚਕਾਰ ਕਰਤਾਰਪੁਰ ਲਾਂਘੇ ਬਾਬਤ ਵਾਰਤਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਕਰਤਾਰਪੁਰ ਲਾਂਘੇ ਤਕ ਸੀਮਤ ਹੈ ਤਾਂ ਜੋ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਦੀਦਾਰੇ ਕਰ ਸਕਣ ਅਤੇ ਕਿਸੇ ਵੀ ਤਰ੍ਹਾਂ ਨਾਲ ਕੋਈ ਦੁਵੱਲੀ ਵਾਰਤਾ ਸ਼ੁਰੂ ਨਹੀਂ ਹੋਣ ਜਾ ਰਹੀ ਹੈ।
ਗੁਰਦਾਸਪੁਰ ਵਿਚ ਬਣਨ ਵਾਲੇ ਕਰਤਾਰਪੁਰ ਲਾਂਘੇ ਲਈ ਸ਼ਨਿੱਚਰਵਾਰ ਨੂੰ ਗ੍ਰਹਿ ਮੰਤਰਾਲੇ ਵਲੋਂ ਪ੍ਰਵਾਨ ਕੀਤਾ ਗਿਆ ਡਿਜ਼ਾਈਨ। -
Comments (0)