ਲੈਸਟਰ ਧਮਾਕੇ ‘ਚ ਪੰਜ ਮੌਤਾਂ

ਲੈਸਟਰ ਧਮਾਕੇ ‘ਚ ਪੰਜ ਮੌਤਾਂ

ਲੈਸਟਰ ਵਿੱਚ ਧਮਾਕੇ ਵਾਲੇ ਥਾਂ ਦਾ ਦ੍ਰਿਸ਼।
ਲੰਡਨ/ਬਿਊਰੋ ਨਿਊਜ਼:
ਬਰਤਾਨਵੀ ਸ਼ਹਿਰ ਲੈਸਟਰ ਵਿੱਚ ਇਕ ਜ਼ੋਰਦਾਰ ਧਮਾਕੇ ਕਾਰਨ ਚਾਰ ਵਿਅਕਤੀ ਮਾਰੇ ਗਏ। ਬੀਤੀ ਰਾਤ ਵਾਪਰੀ ਇਕ ਘਟਨਾ ਤੋਂ ਬਾਅਦ ਅੱਗ ਲੱਗਣ ਕਾਰਨ ਉਹ ਇਮਾਰਤ ਵੀ ਤਬਾਹ ਹੋ ਗਈ, ਜਿਥੇ ਧਮਾਕਾ ਹੋਇਆ। ਗੁਜਰਾਤੀ ਮੂਲ ਦੇ ਲੋਕਾਂ ਦੀ ਬਹੁਲਤਾ ਵਾਲੇ ਇਸ ਸ਼ਹਿਰ ਵਿੱਚ ਧਮਾਕਾ ਹਿੰਕਲੇ ਰੋਡ ਇਲਾਕੇ ਵਿੱਚ ਹੋਇਆ, ਜਿਥੇ ਵਾਪਾਰਕ ਤੇ ਰਿਹਾਇਸ਼ੀ ਇਮਾਰਤਾਂ ਬਣੀਆਂ ਹੋਈਆਂ ਹਨ। ਪੁਲੀਸ ਨੇ ਇਸ ਨੂੰ ‘ਵੱਡਾ ਹਾਦਸਾ’ ਕਰਾਰ ਦਿੱਤਾ ਹੈ, ਪਰ ਪੁਲੀਸ ਮੁਤਾਬਕ ਮਾਮਲਾ ਦਹਿਸ਼ਤਗਰਦੀ ਨਾਲ ਜੁੜਿਆ ਨਹੀਂ ਜਾਪਦਾ। ਪਹਿਲਾਂ ਮਿਲੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਧਮਾਕੇ ਪਿੱਛੋਂ ਚਾਰ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਤੇ ਦੋ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਸੀ।
ਅੱਗ ਬੁਝਾਊ ਸੇਵਾਵਾਂ ਦੀ ਤਰਜਮਾਨ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਦੀ ਟੀਮ ਵੱਲੋਂ ਤਲਾਸ਼ੀ ਤੇ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਕਿ ਕੋਈ ਬੰਦਾ ਮਲਬੇ ਵਿੱਚ ਫਸਿਆ ਨਾ ਹੋਵੇ। ਪੁਲੀਸ ਨੇ ਇਕ ਬਿਆਨ ਵਿੱਚ ਕਿਹਾ, ”ਧਮਾਕੇ ਦੇ ਕਾਰਨਾਂ ਦਾ ਪਤਾ ਪੁਲੀਸ ਅਤੇ ਲੈਸਟਰ ਅੱਗ ਤੇ ਰਾਹਤ ਸੇਵਾਵਾਂ ਦੀ ਸਾਂਝੀ ਜਾਂਚ ਵਿੱਚ ਲੱਗੇਗਾ।”
ਬਿਆਨ ਵਿੱਚ ਨਾਲ ਹੀ ਕਿਹਾ ਗਿਆ ਹੈ, ”ਅਸੀਂ ਮੀਡੀਆ ਤੇ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਘਟਨਾ ਸਬੰਧੀ ਅਫ਼ਵਾਹਾਂ ਨਾ ਫੈਲਾਈਆਂ ਜਾਣ, ਪਰ ਹਾਲ ਦੀ ਘੜੀ ਇਹ ਕੋਈ ਦਹਿਸ਼ਤੀ ਮਾਮਲਾ ਨਹੀਂ ਜਾਪਦਾ।”