ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ…
ਕਸਬਾ ਫੂਲ ਦਾ 115 ਵਰ੍ਹਿਆਂ ਦਾ ਬਜ਼ੁਰਗ ਆਪਣੇ ਪਰਿਵਾਰ ਨਾਲ।
ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਦੀ ਪੁਰਾਣੀ ਪੀੜ੍ਹੀ ਦੇ ਹੱਡ ਹਾਲਾਂ ਵੀ ਅੱਜ ਦੀ ਫਾਸਟ-ਫੂਡ ਪ੍ਰੋਡਕਟ ਨਵੀਂ ਪਨੀਰੀ ਤੋਂ ਕਿਤੇ ਜ਼ਿਆਦਾ ਚੀੜ੍ਹੇ ਹਨ। ਤਾਜ਼ਾ ਜਾਣਕਾਰੀ ਮਿਲੀ ਹੈ ਕਿ ਪੰਜਾਬ ਵਿਚ 5500 ਦੇ ਕਰੀਬ ਉਹ ਬਜ਼ੁਰਗ ਹਨ, ਜਿਨ੍ਹਾਂ ਨੇ ਜ਼ਿੰਦਗੀ ਦਾ ਸੈਂਕੜਾ ਮਾਰ ਲਿਆ ਹੈ। ਉਨ੍ਹਾਂ ਦੀ ਉਮਰ 100 ਸਾਲ ਤੋਂ 102 ਸਾਲ ਦੇ ਦਰਮਿਆਨ ਹੈ। ਇਹ ਬਜ਼ੁਰਗ ਜਿਵੇਂ ਮੌਤ ਨੂੰ ਝੇਡਾਂ ਕਰ ਰਹੇ ਕਹਿ ਰਹੇ ਹੋਣ ਕਿ, ”ਸਾਹ ਲੈ ਮੌਤੇ ਕਾਹਲੀਏ, ਮੈ ਅਜੇ ਨਾ ਵਿਹਲੀ।” ਅੱਜ ਦੇ ਯੁੱਗ ਵਿਚ ਮੈਡੀਕਲ ਸਹੂਲਤਾਂ ਵਧਣ ਕਾਰਨ ਭਾਵੇਂ ਹੁਣ ਦੀ ਪੀੜ੍ਹੀ ਦੀ ਔਸਤਨ ਉਮਰ ਕਾਫੀ ਵਧ ਗਈ ਹੈ ਪ੍ਰੰਤੂ ਪੁਰਾਣੇ ਸਖਤ ਮਿਹਨਤਾਂ ਕਰਨ ਵਾਲੇ ਸਾਡੇ ਬਜ਼ੁਰਗ ਵੀ ਵੱਡੀ ਗਿਣਤੀ ਵਿਚ ਹਾਲੇ ਜ਼ਿੰਦਾ ਹਨ, ਜੋ ਸਾਡੇ ਕੋਲ ਪੁਰਾਣਾ ਮਨੁੱਖੀ ਖ਼ਜ਼ਾਨਾ ਹਨ।
ਹਲਕਾ ਗੁਰੂ ਹਰਸਹਾਏ ਦੇ ਬਜ਼ੁਰਗ ਮਨਜਿੰਦਰ ਸਿੰਘ ਨੂੰ ਹਾਲੇ ਵੀ ਜ਼ਿੰਦਗੀ ਛੋਟੀ ਲੱਗ ਰਹੀ ਹੈ। ਉਸ ਦੀ ਉਮਰ ਪੂਰੇ 120 ਵਰ੍ਹਿਆਂ ਦੀ ਹੋ ਗਈ ਹੈ। ਫਿਰ ਵੀ ਉਸ ਦਾ ਰੰਗਲੀ ਦੁਨੀਆ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ। ਉਸ ਨੇ ਜ਼ਿੰਦਗੀ ਦੇ ਹਰ ਰੰਗ ਵੇਖ ਲਏ ਹਨ। ਜ਼ਿੰਦਗੀ ਦੇ ਆਖ਼ਰੀ ਮੋੜ ‘ਤੇ ਖੜ੍ਹੇ ਇਸ ਬਜ਼ੁਰਗ ਦੀ ਜਿਉਣ ਦੀ ਲਾਲਸਾ ਹਾਲੇ ਮਰੀ ਨਹੀਂ।ਇਸੇ ਹਲਕੇ ਦਾ ਰਵਿੰਦਰ ਸਿੰਘ 122 ਵਰ੍ਹਿਆਂ ਦਾ ਹੋ ਗਿਆ ਹੈ, ਜੋ ਭਰਿਆ ਪਰਿਵਾਰ ਛੱਡ ਕੇ ਹਾਲਾਂ ਰੁਖ਼ਸਤ ਨਹੀਂ ਹੋਣਾ ਚਾਹੁੰਦਾ।
ਮਿਲੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਇਸ 255 ਬਜ਼ੁਰਗ ਅਜਿਹੇ ਹਨ ਜਿਨ੍ਹਾਂ ਦੀ ਉਮਰ 117 ਸਾਲਾਂ ਤੋਂ ਉੱਪਰ ਹੈ, ਜਿਨ੍ਹਾਂ ਵਿਚ 108 ਔਰਤਾਂ ਹਨ ਜਦੋਂ ਕਿ 147 ਪੁਰਸ਼ ਹਨ। ਭੁੱਚੋ ਹਲਕੇ ਦਾ ਹਜ਼ਾਰਾ ਸਿੰਘ 119 ਵਰ੍ਹਿਆਂ ਦਾ ਹੈ ਅਤੇ ਧਰਮਕੋਟ ਹਲਕੇ ਦਾ ਗੁਰਤਾਰ ਸਿੰਘ ਵੀ 119 ਵਰ੍ਹਿਆਂ ਦਾ ਹੈ। ਇਨ੍ਹਾਂ ਬਜ਼ੁਰਗਾਂ ਦੇ ਲੰਮੇ ਚੌੜੇ ਪਰਿਵਾਰ ਹਨ। ਭਾਵੇਂ ਹੁਣ ਸਰੀਰਕ ਤੌਰ ‘ਤੇ ਖੜਸੁੱਕ ਦਰਖ਼ਤ ਵਾਂਗ ਹਨ ਪਰ ਉਨ੍ਹਾਂ ਦੀ ਅੰਦਰਲਾ ਜਜ਼ਬਾ ਹਰਾ ਭਰਿਆ ਹੈ। ਰਾਏਕੋਟ ਹਲਕੇ ਦੀ ਨਸੀਬ ਕੌਰ ਦੇ ਚੰਗੇ ਭਾਗ ਹਨ ਕਿ ਉਸ ਦੀ ਉਮਰ 107 ਸਾਲ ਹੈ। ਏਦਾਂ ਦੇ ਟਾਵੇਂ ਬਜ਼ੁਰਗ ਹੀ ਬਚੇ ਹਨ। ਬਠਿੰਡਾ ਦੇ ਕਸਬਾ ਫੂਲ ਦਾ ਗੁਰਦਿਆਲ ਸਿੰਘ ਹੁਣ 116 ਵਰ੍ਹਿਆਂ ਦਾ ਹੈ, ਜਿਸ ਦੀ ਹੁਣ ਸੱਤਵੀਂ ਪੀੜ੍ਹੀ ਚੱਲ ਰਹੀ ਹੈ। ਪਰਿਵਾਰ ਵਾਲੇ ਦੱਸਦੇ ਹਨ ਕਿ ਉਹ ਹਾਲੇ ਵੀ ਤੁਰ ਕੇ ਰੋਜ਼ਾਨਾ ਗੁਰੂ ਘਰ ਜਾਂਦਾ ਹੈ ਅਤੇ ਕਦੇ ਕੋਈ ਬਿਮਾਰੀ ਨੇੜੇ ਨਹੀਂ ਲੱਗੀ ਹੈ।
ਪੰਜਾਬ ਵਿਚ 468 ਬਜ਼ੁਰਗ ਔਰਤਾਂ ਉਹ ਹਨ, ਜਿਨ੍ਹਾਂ ਦੀ ਉਮਰ 105 ਸਾਲ ਦੇ ਆਸ ਪਾਸ ਹੈ। ਇਵੇਂ ਹੀ ਪੰਜਾਬ ਵਿਚ 5500 ਦੇ ਕਰੀਬ ਉਹ ਬਜ਼ੁਰਗ ਹਨ ਜਿਨ੍ਹਾਂ ਨੇ ਜ਼ਿੰਦਗੀ ਦਾ ਸੈਂਕੜਾ ਮਾਰ ਲਿਆ ਹੈ ਅਤੇ ਉਨ੍ਹਾਂ ਦੀ ਉਮਰ 100 ਸਾਲ ਤੋਂ 102 ਸਾਲ ਦੇ ਦਰਮਿਆਨ ਹੈ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ. ਰਵੀ ਰਵਿੰਦਰ ਦਾ ਪ੍ਰਤੀਕਰਮ ਸੀ ਕਿ ਇਨਸਾਨੀ ਫ਼ਿਤਰਤ ਹੈ ਕਿ ਮਨੁੱਖ ਦੀ ਜ਼ਿੰਦਗੀ ਨੂੰ ਜਿਉਣ ਦੀ ਸੱਧਰ ਕਦੇ ਮਰਦੀ ਨਹੀਂ। ਅੰਦਰਲਾ ਜਜ਼ਬਾ ਅਤੇ ਇੱਛਾ ਸ਼ਕਤੀ ਬਹੁਤੀਆਂ ਸਰੀਰਕ ਅਲਾਮਤਾਂ ਨੂੰ ਢਾਹ ਲੈਂਦੀ ਹੈ। ਪੁਰਾਣੇ ਖਾਣ ਪੀਣ ਦੇ ਤੌਰ ਤਰੀਕੇ ਅਤੇ ਕੁਦਰਤ ਦੇ ਨੇੜੇ ਹੋਣ ਕਰਕੇ ਸੌ ਦੀ ਉਮਰ ਪਾਰ ਕਰਨ ਵਾਲੇ ਬਹੁਤੇ ਬਜ਼ੁਰਗ ਹਨ। ਉਨ੍ਹਾਂ ਮਸ਼ਵਰਾ ਦਿੱਤਾ ਕਿ ਲੰਮੀ ਜ਼ਿੰਦਗੀ ਜਿਉਣ ਵਾਲੇ ਬਜ਼ੁਰਗਾਂ ‘ਤੇ ਬਕਾਇਦਾ ਮੈਡੀਕਲ ਨਜ਼ਰੀਏ ਤੋਂ ਵੀ ਖੋਜ ਹੋਣੀ ਚਾਹੀਦੀ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਰੰਗਪੁਰਾ ਦੀ ਬਜ਼ੁਰਗ ਜੋੜੀ ਥੋੜ੍ਹਾਂ ਸਮਾਂ ਪਹਿਲਾਂ ਹੀ ਜਹਾਨੋਂ ਗਈ ਹੈ। ਹਰਰੰਗਪੁਰਾ ਦਾ ਭਗਵਾਨ ਸਿੰਘ 111 ਵਰ੍ਹਿਆਂ ਦਾ ਸੀ ਜਦੋਂ ਕਿ ਉਸ ਦੀ ਪਤਨੀ ਧੰਨ ਕੌਰ ਦੀ ਉਮਰ ਉਸ ਤੋਂ ਜ਼ਿਆਦਾ ਸੀ। ਦੋਵੇਂ ਮੀਆਂ-ਬੀਵੀ ਇਸ ਵਰ੍ਹੇ ਗੁਜ਼ਰ ਗਏ ਹਨ। ਗੁਰਦਾਸਪੁਰ ਦੇ ਕਾਦੀਆਂ ਹਲਕੇ ਦਾ ਫ਼ਤਿਹ ਸਿੰਘ ਵੀ ਇਸ ਵੇਲੇ 111 ਵਰ੍ਹਿਆਂ ਦਾ ਹੈ। ਹਰ ਵਰ੍ਹੇ ਏਦਾ ਦੇ ਬਜ਼ੁਰਗ ਭਰਿਆ ਸੰਸਾਰ ਛੱਡ ਕੇ ਜਾ ਰਹੇ ਹਨ। ਪੰਜਾਬ ਵਿਚ ਜੋ ਆਜ਼ਾਦੀ ਤੋਂ ਥੋੜ੍ਹੀ ਵੱਡੀ ਉਮਰ ਦੇ ਬਜ਼ੁਰਗ ਹਨ ਉਨ੍ਹਾਂ ਦੀ ਗਿਣਤੀ 4.88 ਲੱਖ ਬਣਦੀ ਹੈ, ਜਿਨ੍ਹਾਂ ਵਿਚ 2.46 ਲੱਖ ਬਜ਼ੁਰਗ ਪੁਰਸ਼ ਅਤੇ 2.42 ਲੱਖ ਔਰਤਾਂ ਹਨ। ਇਨ੍ਹਾਂ ਬਜ਼ੁਰਗਾਂ ਦਾ ਜਨਮ ਵੰਡ ਦੌਰਾਨ ਜਾਂ ਫਿਰ ਵੰਡ ਦੇ ਨੇੜੇ ਹੋਇਆ। ਪੰਜਾਬ ਦੇ ਹਰ ਜ਼ਿਲ੍ਹੇ ਵਿਚ ਵਡੇਰੇ ਉਮਰ ਦੇ ਬਜ਼ੁਰਗ ਹਨ। ਪੰਚਾਇਤ ਯੂਨੀਅਨ ਦੇ ਸਾਬਕਾ ਆਗੂ ਬਲਦੇਵ ਸਿੰਘ ਝੰਡੂਕੇ ਦਾ ਕਹਿਣਾ ਸੀ ਕਿ ਮਾਲਵੇ ਵਿਚ ਤਾਂ ਰਵਾਇਤ ਹੈ ਕਿ ਜਦੋਂ ਵੀ ਕੋਈ ਬਜ਼ੁਰਗ ਲੰਮੀ ਉਮਰ ਭੋਗ ਕੇ ਸਰੀਰ ਛੱਡਦਾ ਹੈ, ਤਾਂ ਉਸ ਦੇ ਭੋਗ ਸਮਾਗਮਾਂ ‘ਤੇ ਮਠਿਆਈ ਪਕਾਈ ਜਾਂਦੀ ਹੈ।
16 ਹਜ਼ਾਰ ਤੋਂ ਵੱਧ ਹਨ ਪ੍ਰਕਾਸ਼ ਸਿੰਘ ਬਾਦਲ ਦੇ ਹਾਣੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਵਿਰੋਧੀਆਂ ਨੂੰ ਇਹ ਖਬਰ ਨਾ-ਖੁਸ਼ਗਵਾਰ ਲੱਗ ਸਕਦੀ ਹੈ ਕਿ ਉਮਰ ਦੇ ਲਿਹਾਜ਼ ਨਾਲ ਪੰਜਾਬ ਵਿਚ ਉਨ੍ਹਾਂ ਦੇ ਹਾਣੀਆਂ ਦੀ ਗਿਣਤੀ 16 ਹਜ਼ਾਰ ਤੋਂ ਵੀ ਵੱਧ ਹੈ। ਪ੍ਰਕਾਸ਼ ਸਿੰਘ ਬਾਦਲ ਆਪਣੀ ਵਡੇਰੀ ਉਮਰ ਕਾਰਨ ਅਕਸਰ ਹੀ ਚਰਚਾ ਵਿਚ ਰਹਿੰਦੇ ਹਨ। ਉਨ੍ਹਾਂ ਦੀ ਉਮਰ 93 ਸਾਲ ਹੈ। ਅੰਕੜਿਆਂ ਮੁਤਾਬਕ ਬਾਦਲ ਦੀ ਉਮਰ ਦੇ ਇਸ ਵੇਲੇ ਪੰਜਾਬ ਵਿਚ 16,277 ਬਜ਼ੁਰਗ (ਪੁਰਸ਼) ਹਨ। ਸਾਬਕਾ ਮੁੱਖ ਮੰਤਰੀ ਬਾਦਲ ਨੇ ਪਟਿਆਲਾ ਰੈਲੀ ਦੀ ਤਿਆਰੀ ਦੌਰਾਨ ਆਪਣੀ ਉਮਰ ਦੀ ਗੱਲ ਨੂੰ ਬਹੁਤ ਉਭਾਰਿਆ ਸੀ। ਉਨ੍ਹਾਂ ਤਕਰੀਬਨ ਹਰ ਮੀਟਿੰਗ ਵਿਚ ਆਖਿਆ ਕਿ ਉਹ 93 ਵਰ੍ਹਿਆਂ ਦਾ ਹੋ ਕੇ ਤਿਆਰੀ ਵਿਚ ਜੁਟਿਆ ਹੋਇਆ ਹੈ, ਕਿਉਂਕਿ ਕਾਂਗਰਸ ਸਰਕਾਰ ਨੇ ਵੋਟ ਦਾ ਹੱਕ ਵੀ ਪੰਜਾਬੀਆਂ ਤੋਂ ਖੋਹ ਲਿਆ ਹੈ। ਹਾਸੇ-ਹਾਸੇ ਵਿਚ ਵੀ ਬਾਦਲ ਕਈ ਦਫ਼ਾ ਆਖ ਚੁੱਕੇ ਹਨ ਕਿ ਉਹ ਤਾਂ ਹਾਲੇ ਜਵਾਨ ਹਨ।
Comments (0)