ਰਾਜਸਥਾਨ, ਹਰਿਆਣੇ ਲਈ ਨਹਿਰਾਂ ਭਰ ਕੇ ਜਾ ਰਹੀਆਂ ਨੇ ਪਰ ਪੰਜਾਬ ਦੇ ਖੇਤ ਪਾਣੀ ਲਈ ਤਰਸੇ
ਬਠਿੰਡਾ: ਪੰਜਾਬ ਦੇ ਮਾਲਵਾ ਖਿੱਤੇ ਵਿੱਚ ਕਿਸਾਨਾਂ ਨੂੰ ਨਹਿਰੀ ਪਾਣੀ ਨਾ ਮਿਲਣ ਕਰਕੇ ਖੇਤ ਪਾਣੀ ਨੂੰ ਤਰਸ ਗਏ ਹਨ। ਮਾਲਵੇ ’ਚ ਕਿਸਾਨ ਨਹਿਰੀ ਪਾਣੀ ਦਾ ਰੌਲਾ ਪਾ ਰਹੇ ਹਨ ਪਰ ਖੇਤੀ ਮਹਿਕਮਾ ਇਸ ਤੋਂ ਅਣਜਾਣ ਹੈ। ਖੇਤੀ ਮਹਿਕਮਾ ਆਖ ਰਿਹਾ ਹੈ ਕਿ ਕਿਧਰੇ ਨਹਿਰੀ ਪਾਣੀ ਦਾ ਸੰਕਟ ਨਹੀਂ ਹੈ ਜਦੋਂ ਕਿ ਬਠਿੰਡਾ ਨਹਿਰ ਸਣੇ ਕਰੀਬ 96 ਰਜਵਾਹੇ ਤੇ ਮਾਈਨਰਾਂ ਇਸ ਵੇਲੇ ਸੁੱਕੀਆਂ ਪਈਆਂ ਹਨ। ਬਠਿੰਡਾ ਨਹਿਰ ਮੰਡਲ ਅਧੀਨ ਕਰੀਬ ਸੱਤ ਜ਼ਿਲ੍ਹੇ ਪੈਂਦੇ ਹਨ ਤੇ ਇਸ ਅਧੀਨ ਕੁੱਲ 8.20 ਲੱਖ ਏਕੜ ਰਕਬਾ ਪੈਂਦਾ ਹੈ ਜਿਸ ’ਚੋਂ 6.90 ਲੱਖ ਏਕੜ ਰਕਬਾ ਖੇਤੀ ਅਧੀਨ ਹੈ। ਨਰਮਾ ਪੱਟੀ ’ਚ ਖੇਤੀ ਮਹਿਕਮਾ ਚਾਰ ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਹੋਣ ਦਾ ਦਾਅਵਾ ਕਰਦਾ ਹੈ ਜਦੋਂਕਿ ਬਾਕੀ ਰਕਬੇ ’ਚ ਕਿਸਾਨ ਝੋਨਾ ਲਾਉਣ ਦੀ ਤਿਆਰੀ ’ਚ ਹਨ।
ਇੱਥੇ ਦੇਖਣ ਨੂੰ ਮਿਲਿਆ ਹੈ ਕਿ ਰਾਜਸਥਾਨ ਫੀਡਰ ਅਤੇ ਗੰਗ ਕੈਨਾਲ ਜੋ ਰਾਜਸਥਾਨ ਨੂੰ ਪਾਣੀ ਲੈ ਕੇ ਜਾਂਦੀਆਂ ਹਨ ਉਹਨਾਂ ਵਿੱਚ ਪੂਰਾ ਪਾਣੀ ਜਾ ਰਿਹਾ ਹੈ ਪਰ ਸਰਹਿੰਦ ਫੀਡਰ ਵਿੱਚ ਪਾਣੀ ਬੰਦ ਕਰ ਦਿੱਤਾ ਗਿਆ ਹੈ। ਇਸ ਬੰਦੀ ਨਾਲ ਬਠਿੰਡਾ ਵਿੱਚ ਪੀਣ ਵਾਲਾ ਪਾਣੀ ਸਟੋਰ ਕਰਨ ਵਾਲੀਆਂ ਝੀਲਾਂ ਵੀ ਹੇਠਲੇ ਪੱਧਰ 'ਤੇ ਪਹੁੰਚ ਗਈਆਂ ਹਨ।
ਪਿੰਡ ਦਿਆਲਪੁਰਾ ਮਿਰਜ਼ਾ ਦੇ ਤੀਰਥ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਖੇਤ ਪਾਣੀ ਬਿਨਾਂ ਤਿਹਾਏ ਹਨ ਤੇ ਹਰੇ ਚਾਰੇ ਦੇ ਖੇਤ ਸੁੱਕਣ ਲੱਗੇ ਹਨ। ਉਨ੍ਹਾਂ ਆਖਿਆ ਕਿ ਲੋੜ ਵੇਲੇ ਨਹਿਰ ਮਹਿਕਮਾ ਸਫਾਈ ਦੀ ਮੁਹਿੰਮ ਵਿੱਢ ਲੈਂਦਾ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਬਠਿੰਡਾ ਨਹਿਰ ’ਚ ਇਸ ਵੇਲੇ ਕਰੀਬ 250 ਕਿਊਸਿਕ ਪਾਣੀ ਚੱਲ ਰਿਹਾ ਹੈ ਜੋ ਪੀਣ ਵਾਲੇ ਪਾਣੀ ਵਾਸਤੇ ਰਾਖਵਾਂ ਹੈ ਜਦੋਂਕਿ ਇਸ ਨਹਿਰ ’ਚ ਗਰਮੀ ਦੇ ਸੀਜਨ ਵਿਚ 2300 ਕਿਊਸਿਕ ਤੱਕ ਪਾਣੀ ਚੱਲਦਾ ਹੈ। ਸ਼ਹਿਰ ਦੇ ਮਾਡਲ ਟਾਊਨ ਦੇ ਫੇਜ਼ ਤਿੰਨ ਦੇ ਬਾਸ਼ਿੰਦੇ ਸਾਬਕਾ ਐਸ.ਡੀ.ਓ ਮਲਕੀਤ ਸਿੰਘ ਦਾ ਕਹਿਣਾ ਸੀ ਕਿ ਫੇਜ ਤਿੰਨ ਦੇ ਇਲਾਕੇ ਵਿਚ ਤਾਂ ਹੁਣ ਸਿਰਫ਼ ਇੱਕ ਘੰਟਾ ਪਾਣੀ ਦਿੱਤਾ ਜਾ ਰਿਹਾ ਹੈ। ਪੇਂਡੂ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਬੰਦੀ ਜਿਆਦਾ ਦਿਨ ਚੱਲੀ ਤਾਂ ਪੇਂਡੂ ਜਲ ਘਰ ਵੀ ਡਰਾਈ ਹੋ ਜਾਣਗੇ।
ਮਾਨਸਾ ਡਵੀਜ਼ਨ ’ਚ ਵਿਚ ਇੱਕ ਰਜਵਾਹਾ ਉੱਡਤ ਮੂਸਾ ਸਿੰਘ ਕਰੀਬ ਤਿੰਨ ਚਾਰ ਦਿਨਾਂ ਤੋਂ ਬੰਦ ਹੈ। ਇਸ ਅਧੀਨ ਪੈਂਦੇ ਕਰੀਬ ਦਰਜਨਾਂ ਪਿੰਡਾਂ ਵਿਚ ਨਹਿਰੀ ਪਾਣੀ ਦਾ ਸੰਕਟ ਬਣ ਗਿਆ ਹੈ। ਖੇਤੀ ਸੈਕਟਰ ’ਚ ਨਹਿਰੀ ਪਾਣੀ ਦੀ ਕਮੀ ਕਰਕੇ ਬਿਜਲੀ ਦੀ ਮੰਗ ਵਧ ਗਈ ਹੈ। ਪੰਜਾਬ ਸਰਕਾਰ ਨੇ 13 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਸਮਾਂ ਦਿੱਤਾ ਹੈ ਤੇ ਉਸ ਦਿਨ ਤੋਂ ਹੀ ਖੇਤਾਂ ਨੂੰ 8 ਘੰਟੇ ਬਿਜਲੀ ਸਪਲਾਈ ਸ਼ੁਰੂ ਹੋਣੀ ਹੈ। ਮਾਲਵੇ ’ਚ ਇਸ ਵੇਲੇ ਤਿਉਣਾ ਰਜਵਾਹਾ, ਰਾਏਕੇ ਫੀਡਰ, ਬਹਿਮਣ, ਬਠਿੰਡਾ, ਭਦੌੜ, ਢਪਾਲੀ, ਫੂਲ ਰਜਬਾਹਾ ਆਦਿ ਤੋਂ ਇਲਾਵਾ 96 ਮਾਈਨਰਾਂ ਤੇ ਰਜਵਾਹੇ ਸੁੱਕੇ ਹਨ। ਕੁਝ ’ਚ ਥੋੜਾ ਪਾਣੀ ਚੱਲ ਵੀ ਰਿਹਾ ਹੈ। ਬਠਿੰਡਾ ਮੰਡਲ ਦੇ ਨਹਿਰੀ ਐਕਸੀਅਨ ਗੁਰਜਿੰਦਰ ਬਾਹੀਆ ਦਾ ਕਹਿਣਾ ਸੀ ਕਿ ਰਜਵਾਹਿਆਂ ’ਚ ਸਫਾਈ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਬੰਦੀ ਕੀਤੀ ਗਈ ਹੈ।
ਨਹਿਰੀ ਪਾਣੀ ਖਾਤਰ ਕਿਸਾਨਾਂ ਨੇ ਕੀਤਾ ਚੱਕਾ ਜਾਮ
ਨਹਿਰ ਸੰਘਰਸ਼ ਕਮੇਟੀ ਬੋਹਾ ਦੇ ਸੱਦੇ ’ਤੇ ਅੱਜ ਨਹਿਰੀ ਪਾਣੀ ਦੇ ਸੰਕਟ ਨਾਲ ਜੂਝ ਰਹੇ ਬੋਹਾ ਖੇਤਰ ਦੇ ਕਿਸਾਨਾਂ ਨੇ ਬੋਹਾ ਰਜਬਾਹਾ ਦੇ ਗਾਦੜਪੱਤੀ ਪੁਲ ਕੋਲ ਬੁਢਲਾਡਾ-ਰਤੀਆ ਮੁੱਖ ਸੜਕ ’ਤੇ ਧਰਨਾ ਦੇ ਕੇ ਛੇ ਘੰਟੇ ਲਈ ਚੱਕਾ ਜਾਮ ਜਾਮ ਕਰ ਦਿੱਤਾ। ਖੇਤਰ ਦੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨ ਪਹਿਲਾਂ ਅਨਾਜ ਮੰਡੀ ਬੋਹਾ ਵਿੱਚ ਇੱਕਠੇ ਹੋਏ ਤੇ ਫਿਰ ਪੰਜਾਬ ਸਰਕਾਰ ਤੇ ਨਹਿਰੀ ਵਾਗ ਵਿਰੁੱਧ ਨਾਅਰੇ ਮਾਰਦੇ ਹੋਏ ਸੜਕ ’ਤੇ ਜਾਮ ਲਾ ਦਿੱਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਬੋਹਾ ਖੇਤਰ ਦੇ ਕਿਸਾਨ ਇਸ ਵੇਲੇ ਨਹਿਰੀ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਜ਼ਮੀਨਾਂ ਨਹਿਰੀ ਪਾਣੀ ਦੀ ਘਾਟ ਕਾਰਨ ਲਗਾਤਾਰ ਬੰਜਰ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੋਹਾ ਰਜਬਾਹੇ ਲਈ 287 ਕਿਊਸਕ ਪਾਣੀ ਮਨਜੂਰਸ਼ੁੱਦਾ ਹੈ, ਪਰ ਇਹ ਪਾਣੀ ਪੂਰੀ ਮਿਕਦਾਰ ਤੋਂ ਬਹੁਤ ਘੱਟ ਛੱਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੋਹਾ ਰਜਬਾਹੇ ’ਚ ਪਾਣੀ ਦੀ ਲੰਮੀ ਬੰਦੀ ਲਾ ਕੇ ਕਿਸਾਨਾਂ ਨੂੰ ਵਾਰ ਵਾਰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਖੇਤਰ ਦੇ ਕਿਸਾਨਾਂ ਦੀ ਨਹਿਰੀ ਪਾਣੀ ਦੀ ਸੱਮਸਿਆ ਦਾ ਹੱਲ ਨਾ ਕੀਤਾ ਤਾਂ ਕਿਸਾਨ ਫੈਸਲਾਕੁਨ ਸੰਘਰਸ਼ ਦਾ ਪ੍ਰੋਗਰਾਮ ਉਲੀਕਣਗੇ।
ਧਰਨੇ ’ਚ ਪਹੁੰਚ ਕੇ ਸਬ ਡਿਵੀਜਨ ਸਰਦੂਲਗੜ੍ਹ ਦੇ ਐਸ.ਡੀ.ਐਮ. ਲਤੀਫ ਅਹਿਮਦ ਨੇ ਨਹਿਰੀ ਸੰਘਰਸ਼ ਕਮੇਟੀ ਵੱਲੋਂ ਮੰਗ ਪੱਤਰ ਲਿਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਡਿਪਟੀ ਕਮਿਸ਼ਨਰ ਮਾਨਸਾ 11 ਜੂਨ ਨੂੰ ਸੰਘਰਸ਼ ਕਮੇਟੀ ਨਾਲ ਮੀਟਿੰਗ ਕਰਕੇ ਨਹਿਰੀ ਪਾਣੀ ਸਬੰਧੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਐਸਡੀਐਮ ਦੇ ਵਿਸ਼ਵਾਸ ਤੋਂ ਮਗਰੋਂ ਧਰਨਾ ਚੁੱਕ ਲਿਆ ਗਿਆ।
ਨਿਸ਼ਚਿਤ ਮਾਤਰਾ ਅਨੁਸਾਰ ਪਾਣੀ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
ਪਿੰਡ ਭੰਮੇ ਖੁਰਦ ਦੇ ਕਿਸਾਨ ਆਗੂ ਕਸ਼ਮੀਰ ਸਿੰਘ ਭੰਮਾ, ਕੁਲਦੀਪ ਸਿੰਘ ਗੋਰਾ ਤੇ ਲਖਵੀਰ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਨਹਿਰੀ ਵਿਭਾਗ ਦੀ ਕੋਟੜਾ ਨਹਿਰ ਦੀ ਉੱਡਤ ਬਰਾਂਚ ਦੀ ਟੇਲ ’ਤੇ ਸਥਿਤ ਝੁਨੀਰ ਖੇਤਰ ਦੇ ਤਿੰਨ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਨਿਸ਼ਚਿਤ ਮਾਤਰਾ ਤੋਂ 40 ਤੋਂ 60 ਫ਼ੀਸਦੀ ਤੱਕ ਘੱਟ ਮਿਲਣ ਕਾਰਨ ਪ੍ਰੇਸ਼ਾਨ ਹਨ। ਕਿਸਾਨ ਵਫ਼ਦ ਨੇ ਦੱਸਿਆ ਕਿ ਟੇਲ ਤੇ ਨਹਿਰ ਦੀ ਸਫ਼ਾਈ ਨਾ ਹੋਣ ਕਾਰਨ ਤੇ ਹੋਰ ਤਕਨੀਕੀ ਘਾਟਾ ਕਾਰਨ ਨਰਮੇ ਦੀ ਫ਼ਸਲ ਦੀ ਬਿਜਾਈ ਦੇ ਮੌਕੇ ਵੀ ਟੇਲ ਤੇ ਸਥਿਤ ਪਿੰਡਾਂ ਦੇ ਕਿਸਾਨ ਢੁਕਵਾਂ ਪਾਣੀ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਬਹੁਤੇ ਕਿਸਾਨਾਂ ਨੇ ਤਾਂ ਨਹਿਰੀ ਪਾਣੀ ਦੀ ਭਾਰੀ ਤੋਟ ਕਾਰਨ ਧਰਤੀ ਹੇਠਲੇ ਭਾਰੇ ਤੇ ਖਾਰੇ ਪਾਣੀ ਦੀ ਮਜ਼ਬੂਰੀ ਵੱਸ ਹੋ ਕੇ ਵਰਤੋਂ ਕਰਕੇ ਨਰਮੇ, ਹਰੇ-ਚਾਰੇ ਤੇ ਮੌਸਮੀ ਸਬਜ਼ੀਆਂ ਦੀ ਬਿਜਾਈ ਤਾਂ ਕਰ ਲਈ ਸੀ ਪਰ ਹੁਣ ਗਰਮੀ ਦੇ ਦਿਨਾਂ ’ਚ ਵੀ ਨਹਿਰੀ ਪਾਣੀ ਦੀ ਭਾਰੀ ਘਾਟ ਕਾਰਨ ਨਰਮਾ, ਹਰੇ ਚਾਰੇ ਤੇ ਸਬਜ਼ੀਆਂ ਦੀ ਫ਼ਸਲ ਜਿੱਥੇ ਸੁੱਕਣ ਲੱਗੀ ਹੈ, ਉੱਥੇ ਪਸ਼ੂਆਂ ਲਈ ਪੀਣ ਵਾਲੇ ਪਾਣੀ ਦੀ ਭਾਰੀ ਘਾਟ ਹੈ।
ਇਸ ਖੇਤਰ ਦੀਆਂ ਬਹੁਤੀਆਂ ਜਲ ਸਪਲਾਈ ਸਕੀਮਾਂ ’ਚ ਵੀ ਲੋੜ ਅਨੁਸਾਰ ਨਹਿਰੀ ਪਾਣੀ ਨਹੀਂ ਪਹੁੰਚਦਾ ਜਿਸ ਕਾਰਨ ਲੋਕਾਂ ਨੂੰ ਇਸ ਤੇਜ਼ ਗਰਮੀ ਦੇ ਦਿਨਾਂ ’ਚ ਪੀਣ ਵਾਲੇ ਪਾਣੀ ਦੀ ਭਾਰੀ ਘਾਟ ਰਹਿੰਦੀ ਹੈ। ਕਿਸਾਨ ਆਗੂਆਂ ਤੇ ਆਮ ਲੋਕਾਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਨਹਿਰੀ ਪਾਣੀ ਦੀ ਸਪਲਾਈ ਕਰਨਾ ਨਹਿਰੀ ਵਿਭਾਗ ਦੀ ਜ਼ਿੰਮੇਵਾਰੀ ਹੈ। ਕਿਸਾਨ ਵਫ਼ਦ ਨੇ ਕਿਹਾ ਕਿ ਲਿੰਕ ਨਹਿਰਾਂ ਦੀਆਂ ਟੇਲ ’ਤੇ ਸਥਿਤ ਪਿੰਡਾਂ ਦੇ ਕਿਸਾਨ ਭਾਵੇਂ ਦਿਨ-ਰਾਤ ਮਿਹਨਤ ਕਰਦੇ ਹਨ ਪਰ ਪਾਣੀ ਦੀ ਤੋਟ ਕਾਰਨ ਉਨ੍ਹਾਂ ਦੀ ਖੇਤੀ ਦੀ ਕਾਸ਼ਤ ਤਬਾਹੀ ਦੇ ਕੰਢੇ ’ਤੇ ਪੁੱਜ ਚੁੱਕੀ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)