ਸਿੱਖ ਇਤਿਹਾਸ ਦਾ ਅਹਿਮ ਇਤਿਹਾਸਕ ਦੁਖਾਂਤਕ ਕਾਂਡ ਛੋਟਾ ਘੱਲੂਘਾਰਾ
ਨਾ ਡਰੋ, ਨਾ ਡਰਾਓ' ਦੇ ਸਿਧਾਂਤ ਉੱਤੇ ਪਹਿਲਾਂ ਸਿੱਖ ਗੁਰੂ ਸਾਹਿਬਾਨਾਂ ਨੇ ਖ਼ੁਦ ਪਹਿਰਾ ਦਿੱਤਾ ਅਤੇ ਫਿਰ ਉਨ੍ਹਾਂ ਪਿੱਛੋਂ ਜਾਂਬਾਜ਼ ਸਿੱਖਾਂ ਨੇ ਆਪਣੇ ਗੁਰੂ ਸਾਹਿਬਾਨਾਂ ਦੇ ਪਦ ਚਿੰਨ੍ਹਾਂ ਉੱਪਰ ਚੱਲਦਿਆਂ ਤੇ ਅਮਲ ਕਰਦਿਆਂ ਹਰ ਤਰ੍ਹਾਂ ਦੇ ਜ਼ੁਲਮ ਨਾਲ ਪਹਿਲਾਂ ਸਬਰ ਸੰਤੋਖ ਤੇ ਸਹਿਣਸ਼ੀਲਤਾ ਨਾਲ ਟਾਕਰਾ ਕੀਤਾ ਅਤੇ ਜਦੋਂ ਜਾਬਰ ਫਿਰ ਵੀ ਜ਼ੁਲਮ ਕਰਨ ਤੋਂ ਨਾ ਟਲਦਾ ਤਾਂ ਫਿਰ ਤਲਵਾਰ ਉਠਾ ਕੇ ਅਜਿਹੇ ਜਾਬਰ ਨਾਲ ਲੋਹਾ ਲੈਣ ਤੋਂ ਵੀ ਗੁਰੇਜ਼ ਨਹੀਂ ਕੀਤਾ।
ਜ਼ਰਵਾਣਿਆਂ ਨੇ ਸਮੂਹਿਕ ਤੌਰ 'ਤੇ ਸਿੱਖਾਂ ਨੂੰ ਕਤਲੇਆਮ ਕਰਨ ਦੇ ਕਈ ਕਾਂਡ ਵੀ ਵਰਤਾਏ, ਜਿਨ੍ਹਾਂ ਨੂੰ ਸਿੱਖ ਇਤਿਹਾਸ 'ਚ 'ਘੱਲੂਘਾਰਿਆਂ' ਦਾ ਨਾਂਅ ਦਿੱਤਾ ਗਿਆ ਹੈ। 'ਛੋਟਾ ਘੱਲੂਘਾਰਾ' ਸਿੱਖ ਇਤਿਹਾਸ ਵਿਚ ਵਰਤਿਆ ਪਹਿਲਾ ਘੱਲੂਘਾਰਾ (ਮੰਡਰਾਇਆ ਘੋਰ ਸੰਕਟ) ਹੈ।
ਸੰਨ 1746 ਦੇ ਆਸ-ਪਾਸ ਦਾ ਸਮਾਂ ਵੀ ਇਕ ਅਜਿਹਾ ਸਮਾਂ ਸੀ, ਜਿਸ ਦੌਰਾਨ ਸਮੇਂ ਦੀ ਮੁਗ਼ਲ ਸਰਕਾਰ ਨੇ ਸਿੱਖਾਂ ਨੂੰ ਮਾਰ ਮੁਕਾ ਕੇ ਸਿੱਖ ਨਸਲਕੁਸ਼ੀ ਕਰਨ ਦੀ ਠਾਣੀ ਹੋਈ ਸੀ, ਜਿਸ ਲਈ ਹਰ ਹੀਲਾ ਵਰਤਿਆ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ। ਜਿਊਂਦੇ ਜਾਂ ਮਰੇ ਸਿੱਖ ਦੀ ਲੱਭਤ ਲਈ ਇਨਾਮ ਰੱਖੇ ਜਾ ਚੁੱਕੇ ਸਨ। ਸਿੱਖੀ ਦੀ ਪਛਾਣ ਮਲੀਅਮੇਟ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਸੀ। 'ਗੁੜ' ਨੂੰ 'ਰੋੜੀ' ਕਹਿਣ ਦੇ ਹੁਕਮ ਦੇ ਦਿੱਤੇ ਗਏ ਸਨ ਤਾਂ ਕਿ 'ਗੁੜ' ਆਖਦਿਆਂ ਲੋਕਾਂ ਦੇ ਮੂੰਹ 'ਚੋਂ ਭੁੱਲ-ਭੁਲੇਖੇ ਵੀ 'ਗੁਰ/ਗੁਰੂ' ਸ਼ਬਦ ਨਾ ਨਿਕਲ ਜਾਏ। ਇਸ ਦੇ ਉਚਾਰਨ ਕਰਨ ਵਾਲਿਆਂ ਨੂੰ ਦੰਡਿਤ ਕੀਤਾ ਜਾਣ ਲੱਗਾ ਸੀ। ਅਜਿਹੇ ਕਰੜੇ ਸਮੇਂ ਵੀ ਮੁਗ਼ਲ ਸਰਕਾਰ ਦੇ ਇੰਤਾਹ ਦੇ ਵਿਰੁੱਧ ਸਿੱਖਾਂ ਦੀ ਮੁੱਠੀ ਭਰ ਗਿਣਤੀ ਨੇ ਧਰਮ ਯੁੱਧ ਛੇੜਿਆ ਹੋਇਆ ਸੀ। ਜੰਗਲਾਂ ਅਤੇ ਘੋੜਿਆਂ ਦੀਆਂ ਕਾਠੀਆਂ ਨੂੰ ਹੀ ਆਪਣਾ ਵਸੇਬਾ ਬਣਾ ਕੇ ਜਾਂਬਾਜ਼ ਸਿੱਖਾਂ ਨੇ ਗੁਰੀਲੇ ਯੁੱਧ ਅਪਣਾਉਂਦਿਆਂ ਜਾਬਰ ਸਰਕਾਰ ਦੀ ਨੱਕ 'ਚ ਦਮ ਕੀਤਾ ਹੋਇਆ ਸੀ। ਭਾਈ ਬੋਤਾ ਸਿੰਘ ਤੇ ਗਰਜ਼ਾ ਸਿੰਘ ਵਰਗੇ ਇਕੱਲੇ-ਦੁਕੱਲੇ ਅਣਖੀ ਸੂਰੇ ਜਾਬਰ ਨੂੰ ਵੰਗਾਰਦੇ ਤੇ ਇਕ ਵੱਡੀ ਫ਼ੌਜ ਨਾਲ ਭਿੜਦੇ ਹੋਏ ਵੀਰ ਗਤੀ ਪ੍ਰਾਪਤ ਕਰ ਲੈਂਦੇ।
ਲਾਹੌਰ ਦੇ ਸੂਬੇਦਾਰ ਜ਼ਕਰੀਆਂ ਖ਼ਾਨ ਦੀ ਮੌਤ ਪਿੱਛੋਂ ਉਸ ਦੇ ਉੱਤਰ ਅਧਿਕਾਰੀਆਂ 'ਚ ਛਿੜੀ ਖਾਨਾਜੰਗੀ ਦਾ ਫਾਇਦਾ ਉਠਾਉਂਦਿਆਂ ਸਿੱਖ ਲਾਹੌਰ ਦੇ ਆਸਪਾਸ ਕਬਜ਼ਾ ਕਰਨ ਦੇ ਯਤਨ ਵਜੋਂ ਜੰਗਲਾਂ ਤੋਂ ਬਾਹਰ ਆਉਣ ਲੱਗੇ। ਇਸ ਦੀ ਕਨਸੌਅ ਜਦ ਯਹੀਆਂ ਖ਼ਾਨ ਨੂੰ ਮਿਲੀ ਤਾਂ ਉਸ ਨੇ ਵੀ ਸਿੱਖੀ ਦਾ ਖੁਰਾ-ਖੋਜ ਮਿਟਾਉਣ ਲਈ ਬੀੜਾ ਉਠਾ ਲਿਆ ਅਤੇ ਉਸ ਦੇ ਦੀਵਾਨ ਲਖਪਤ ਰਾਏ ਨੇ ਆਪਣੇ ਭਰਾ ਜਸਪਤ ਰਾਏ ਜੋ ਐਮਨਾਬਾਦ ਦਾ ਸਿਪਾਹ ਸਲਾਰ (ਫ਼ੌਜਦਾਰ) ਸੀ, ਨੂੰ ਸਿੱਖਾਂ ਉਤੇ ਹਮਲਾ ਕਰਨ ਲਈ ਭੇਜਿਆ, ਅੱਗੋਂ ਸਿੱਖਾਂ ਨੇ ਇਸ ਹਮਲਵਾਰ ਫ਼ੌਜ ਨੂੰ ਚੰਗਾ ਸਬਕ ਸਿਖਾਇਆ। ਭਾਈ ਨਿਬਾਹੂ ਸਿੰਘ ਨੇ ਦਲੇਰੀ ਵਰਤਦਿਆਂ ਹਾਥੀ 'ਤੇ ਸੱਜ-ਧੱਜ ਕੇ ਸਵਾਰ ਹੋਏ ਜਸਪਤ ਰਾਏ ਦੇ ਸਿਰ ਨੂੰ ਧੜ ਨਾਲੋਂ ਵੱਖ ਕਰਕੇ ਮਾਰ ਮੁਕਾਇਆ। ਜਸਪਤ ਰਾਏ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦਾ ਭਰਾ ਲਖਪਤ ਰਾਏ ਅੱਗ-ਬਗੂਲਾ ਹੋ ਉੱਠਿਆ ਅਤੇ ਉਸ ਨੇ ਪ੍ਰਣ ਕੀਤਾ ਕਿ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਤੱਕ ਨਾ ਹੀ ਸਿਰ ਉਤੇ ਪਗੜੀ ਬੰਨ੍ਹੇਗਾ ਅਤੇ ਨਾ ਹੀ ਆਪਣੇ ਆਪ ਨੂੰ ਖੱਤਰੀ ਬੁਲਵਾਏਗਾ। ਇਸ ਬਾਬਤ ਪੰਥ ਪ੍ਰਕਾਸ਼ 'ਚ ਇੰਜ ਵਰਨਣ ਮਿਲਦਾ ਹੈ:-
'ਜਬ ਸਿੰਘੋਂ ਨੇ ਜਸਪਤ ਮਾਰਾ।
ਲੁਟਿਓ ਏਮਨਾਬਾਦ ਨਿਹਾਰਾ।
ਲਖਪਤ ਜਾਇ ਬਿਜੇ ਖਾਂ ਪਾਸ।
ਪਗੜੀ ਸਿਰੋਂ ਉਤਾਰੀ ਖਾਸ।
ਕਸਮ ਉਠਾਇ ਕਹਯੋ ਇਮ ਖੀਜ।
ਮੈਂ ਜਬ ਲੌ ਸਿੰਘਹਿ ਨਿਰਬੀਜ।
ਨਹਿ ਕਰ ਲੈਹੋ, ਤਬ ਲੌ ਜਾਣ।
ਪਗੜੀ ਧਰਨੀ ਸਿਰ ਮੁਹਿ ਆਣ।'
ਇਸ ਤਰ੍ਹਾਂ ਭਰੇ-ਪੀਤੇ ਅਤੇ ਗ਼ੁੱਸੇ 'ਚ ਲੋਹਾ-ਲਾਖਾ ਹੋਇਆ ਲਖਪਤ ਰਾਇ ਇਕ ਵੱਡੀ ਫ਼ੌਜ (ਜੋ ਸਮੇਂ ਦੇ ਖ਼ਤਰਨਾਕ ਹਥਿਆਰਾਂ ਤੇ ਤੋਪਾਂ ਆਦਿ ਨਾਲ ਲੈਸ ਸੀ) ਨੂੰ ਲੈ ਕੇ ਸਿੱਖਾਂ ਉੱਤੇ ਹਮਲਾ ਕਰਨ ਲਈ ਤੁਰ ਪਿਆ। ਰਾਹ 'ਚ ਜੋ ਵੀ ਸਿੱਖ ਨਜ਼ਰੀਂ ਚੜ੍ਹਦਾ, ਉਸ ਨੂੰ ਮਾਰ ਮੁਕਾਉਂਦਾ ਹੋਇਆ ਅੱਗੇ ਵੱਧਦਾ ਆ ਰਿਹਾ ਸੀ। ਇਸ ਦੀ ਖ਼ਬਰ ਜਦ ਸਿੱਖਾਂ ਨੂੰ ਲੱਗੀ ਤਾਂ ਉਨ੍ਹਾਂ ਨੇ ਆਪਣੀ ਰਣਨੀਤੀ ਤਹਿਤ ਕਾਹਨੂੰਵਾਨ ਦੀ ਝੱਲ/ਛੰਭ/ਜੰਗਲਾਂ ਵੱਲ ਰੁਖ਼ ਕਰ ਲਿਆ। ਹਮਲਾਵਰ ਫ਼ੌਜ ਦੇ ਨੇੜੇ ਢੁੱਕਣ ਉੱਤੇ ਸਿੱਖਾਂ ਆਪਣੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਦੁਆਲੇ 'ਰੱਖਿਆ ਚੱਕਰ' ਬਣਾ ਲਿਆ। ਨਾਲ-ਨਾਲ ਹਮਲਾਵਰ ਦੁਸ਼ਮਣ ਦਾ ਟਾਕਰਾ ਕਰਦੀ ਹੋਈ ਇਹ ਸਿੱਖ ਵਹੀਰ ਹਿਮਾਲਿਆ ਦੇ ਜੰਗਲਾਂ ਵੱਲ ਪਿੱਛੇ ਹੱਟਦੀ ਰਹੀ ਪਰ ਪਹਾੜਾਂ ਦੀ ਤਿੱਖੀ ਚੜ੍ਹਾਈ ਕੰਧ ਬਣ ਗਈ ਅਤੇ ਪਹਾੜੀ ਰਾਜਿਆਂ ਦੀ ਹੱਦ ਬੰਦੀ ਸ਼ੁਰੂ ਹੋ ਗਈ। ਉੱਧਰ ਮੁਗ਼ਲ ਸਰਕਾਰ ਦਾ ਫ਼ਰਮਾਨ ਜਾਰੀ ਹੋ ਚੁੱਕਾ ਸੀ ਕਿ ਪਹਾੜੀ ਰਾਜੇ ਸਿੱਖਾਂ ਦੀ ਹਰਗਿਜ਼ ਵੀ ਕਿਸੇ ਤਰ੍ਹਾਂ ਦੀ ਮਦਦ ਨਾ ਕਰਨ। ਵੈਸੇ ਵੀ ਇਹ ਪਹਾੜੀ ਰਾਜੇ ਵੀ ਕਰੀਬ ਮੁੱਢ-ਕਦੀਮ ਤੋਂ ਸਿੱਖੀ ਨਾਲ ਖਾਰ ਹੀ ਖਾਂਦੇ ਆ ਰਹੇ ਸਨ। ਇਸ ਵਕਤ ਵੀ ਸਿੱਖਾਂ ਪ੍ਰਤੀ ਉਨ੍ਹਾਂ ਦੀ ਵਿਰੋਧਤਾ ਵੀ ਸਿਖ਼ਰਾਂ 'ਤੇ ਸੀ। ਰਾਵੀ ਵੀ ਭਰ ਜੋਬਨ 'ਚ ਵਹਿ ਰਹੀ ਸੀ। ਰਾਸ਼ਨ ਤੇ ਹਥਿਆਰਾਂ ਦੀ ਵੀ ਕਮੀ ਹੋ ਚੁੱਕੀ ਸੀ। ਭਾਵ ਇਹ ਸਿੱਖ ਵਹੀਰ ਸੰਕਟ 'ਚ ਪੂਰੀ ਤਰ੍ਹਾਂ ਘਿਰ ਚੁੱਕੀ ਸੀ। ਭੁੱਖਣ-ਭਾਣੇ ਸਿੱਖ ਫਿਰ ਵੀ ਇਸ ਬਿਪਤਾ ਦੀ ਘੜੀ 'ਚ ਸਿਰੜ ਕਾਇਮ ਰੱਖ ਕੇ ਟਾਕਰਾ ਜ਼ਰੂਰ ਕਰ ਰਹੇ ਸਨ ਪਰ ਹਮਲਾਵਰ ਫ਼ੌਜ ਭਾਰੂ ਪੈ ਗਈ। ਉਸ ਨੇ ਸੁਰੱਖਿਆ ਘੇਰਾ ਤੋੜ ਕੇ ਬੱਚਿਆਂ ਤੇ ਬਜ਼ੁਰਗਾਂ ਦਾ ਭਾਰੀ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। ਥੋੜ੍ਹੇ-ਬਹੁਤ ਬਚੇ-ਖੁਚੇ ਸਿੱਖ ਬਿਖੜੇ ਪੈਂਡੇ ਤਹਿ ਕਰਦੇ ਹੋਏ ਬਿਆਸ ਤੇ ਫਿਰ ਸਤਲੁਜ ਦਰਿਆ ਪਾਰ ਕਰ ਕੇ ਲੱਖੀ ਦੇ ਜੰਗਲਾਂ (ਮਾਲਵੇ) ਵੱਲ ਨਿਕਲ ਗਏ। ਮੰਡਰਾਏ ਇਸ ਘੋਰ ਸੰਕਟ 'ਚੋਂ ਉੱਭਰ ਕੇ ਸਿੱਖ ਜ਼ਬਰ ਦਾ ਸਿਰ ਫੇਂਹਣ ਲਈ ਫਿਰ ਤੋਂ ਵਿਉਂਤਬੰਦੀਆਂ ਕਰਨ 'ਚ ਜੁੱਟ ਗਏ ਤਾਂ ਕਿ ਹਲੀਮੀ ਰਾਜ ਕਾਇਮ ਹੋ ਸਕੇ।
ਇਤਿਹਾਸ ਅਨੁਸਾਰ ਸਿੱਖ ਇਤਿਹਾਸ 'ਚ ਵਾਪਰੇ ਇਸ ਕਤਲੋ-ਗਾਰਦ 'ਚ ਕਰੀਬ 7 ਹਜ਼ਾਰ ਸਿੱਖ ਸ਼ਹੀਦ ਹੋਏ ਅਤੇ 3 ਹਜ਼ਾਰ ਦੇ ਕਰੀਬ ਸਿੱਖਾਂ ਨੂੰ ਕੈਦ ਕਰ ਕੇ ਦਿੱਲੀ ਗੇਟ ਲਾਹੌਰ ਲਿਜਾ ਕੇ ਸਮੂਹਿਕ ਤੌਰ 'ਤੇ ਕਤਲ ਕਰ ਦਿੱਤਾ ਗਿਆ। ਇਹ ਸ਼ਹੀਦੀ ਸਥਾਨ 'ਸ਼ਹੀਦਗੰਜ' ਲਾਹੌਰ ਵਿਖੇ ਸਥਿਤ ਹੈ। ਜ਼ਰਵਾਣੇ ਵਲੋਂ ਢਾਹੇ ਇਸ ਭਿਆਨਕ ਖ਼ੂਨੀ ਕਹਿਰ ਨੂੰ ਸਿੱਖ ਇਤਿਹਾਸ 'ਚ 'ਛੋਟਾ ਘੱਲੂਘਾਰਾ' ਕਹਿ ਕੇ ਯਾਦ ਕੀਤਾ ਜਾਂਦਾ ਹੈ। ਇਸ ਖ਼ੂਨੀ ਸਾਕੇ ਦੇ ਸ਼ਹੀਦਾਂ ਦੀ ਯਾਦ 'ਚ ਇਕ ਆਲੀਸ਼ਾਨ ਯਾਦਗਾਰ ਦੇ ਰੂਪ 'ਚ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਵਿਖੇ 'ਛੋਟਾ ਘੱਲੂਘਾਰਾ' ਗੁਰਦੁਆਰਾ ਸੁਸ਼ੋਭਿਤ ਹੈ।
ਮਾਸਟਰ ਲਖਵਿੰਦਰ ਸਿੰਘ
-ਸਟੇਟ ਐਵਾਰਡੀ, ਪਿੰਡ ਨਿੱਕਾ ਰਈਆ (ਹਵੇਲੀਆਣਾ),
ਜ਼ਿਲ੍ਹਾ ਅੰਮ੍ਰਿਤਸਰ,
Comments (0)