ਮੌੜ ਮੰਡੀ ਬੰਬ ਕਾਂਡ ਦਹਿਸ਼ਤੀ ਕਾਰਵਾਈ ਕਰਾਰ

ਮੌੜ ਮੰਡੀ ਬੰਬ ਕਾਂਡ ਦਹਿਸ਼ਤੀ ਕਾਰਵਾਈ ਕਰਾਰ

ਮਰਨ ਵਾਲਿਆਂ ਦੀ ਗਿਣਤੀ 6 ਹੋਈ
ਮੌੜ ਮੰਡੀ (ਬਠਿੰਡਾ)/ਬਿਊਰੋ ਨਿਊਜ਼ :
ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਮੌੜ ਮੰਡੀ ਪਹੁੰਚ ਕੇ ਉਸ ਥਾਂ ਦਾ ਨਿਰੀਖਣ ਕੀਤਾ ਜਿੱਥੇ ਇਕ ਮਾਰੂਤੀ ਕਾਰ ਵਿਚ ਫਿੱਟ ਕੀਤੇ ਬੰਬਾਂ ਦੇ ਧਮਾਕੇ ਹੋਣ ਨਾਲ ਇਕ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦੋਂਕਿ ਡੇਢ ਦਰਜਨ ਦੇ ਕਰੀਬ ਵਿਅਕਤੀ, ਜਿਸ ਵਿਚ ਬੱਚੇ ਵੀ ਸ਼ਾਮਲ ਸਨ, ਗੰਭੀਰ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਵਿਚੋਂ ਪ੍ਰਾਪਤ ਰਿਪੋਰਟ ਅਨੁਸਾਰ ਦੋ ਹੋਰ ਦੀ ਮੌਤ ਹੋ ਗਈ ਹੈ, ਜਿਸ ਨਾਲ ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 6 ਤੱਕ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਅੱਧੀ ਦਰਜਨ ਤੋਂ ਵੱਧ ਜ਼ਖ਼ਮੀਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਘਟਨਾ ਵਾਲੀ ਜਗ੍ਹਾ ‘ਤੇ ਪੁੱਜੇ ਤੇ ਉਨ੍ਹਾਂ ਨੇ ਅਧਿਕਾਰੀਆਂ ਤੋਂ ਸਥਿਤੀ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਕਿਹਾ ਕਿ ਇਸ ਕਾਰ ਧਮਾਕੇ ਦੀ ਜਾਂਚ ਲਈ ਫੋਰੈਂਸਿਕ ਟੀਮ ਆਪਣੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਧਮਾਕੇ ਲਈ ਕਿਸ ਚੀਜ਼ ਦੀ ਵਰਤੋਂ ਹੋਈ ਇਸ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ ਪਰ ਜੋ ਵੀ ਹੋਇਆ ਹੈ ਉਹ ਬਹੁਤ ਜ਼ਿਆਦਾ ਦੁਖਦ ਹੈ। ਜਦ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਇਸ ਧਮਾਕੇ ਵਿਚ ਕਿਸੇ ਅੱਤਵਾਦੀ ਸੰਗਠਨ ਦਾ ਹੱਥ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਸ ਬਾਰੇ ਸਹੀ ਤਰੀਕੇ ਨਾਲ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ। ਇਸ ਤੋਂ ਬਾਅਦ ਡੀ.ਜੀ.ਪੀ. ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਪੁਲੀਸ ਆਪਣੀ ਜਾਂਚ ਵਿਚ ਲੱਗੀ ਹੋਈ ਹੈ ਅਤੇ ਬਹੁਤ ਜਲਦੀ ਇਸ ਧਮਾਕੇ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾ ਲਿਆ ਜਾਵੇਗਾ। ਅਰੋੜਾ ਨੇ ਕਿਹਾ ਕਿ ਇਹ ਬੰਬ ਕਾਂਡ ਗਿਣੀ ਮਿਥੀ ਯੋਜਨਾ ਨਾਲ ਕੀਤਾ ਗਿਆ ਹੈ ਤੇ ਇਸ ਪਿੱਛੇ ਦਹਿਸ਼ਤਗਰਦਾਂ ਦਾ ਹੱਥ ਸੰਭਵ ਹੈ। ਉਨ੍ਹਾਂ ਕਿਹਾ ਕਿ ਮੌਕੇ ਦੀ ਸਥਿਤੀ ਤੋਂ ਸਪਸ਼ਟ ਹੈ ਕਿ ਕਾਂਗਰਸ ਦੇ ਆਗੂ ਹਰਿਮੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਇਸ ਬੰਬ ਕਾਂਡ ਦੀ ਜਾਂਚ ਲਈ ਕੇਂਦਰੀ ਵਿਸ਼ੇਸ਼ ਜਾਂਚ ਏਜੰਸੀ ਦਾ ਸਹਿਯੋਗ ਵੀ ਲਵੇਗੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਬਾਅਦ ਸਾਰੇ ਪੰਜਾਬ ਵਿਚ ਵਿਸ਼ੇਸ਼ ਚੌਕਸੀ ਰੱਖਣ ਦਾ ਸੰਦੇਸ਼ ਦੇ ਕੇ ਚੋਣਾਂ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਦਿਨ ਰਾਤ ਲਈ ਸਖ਼ਤ ਕਰ ਦਿੱਤਾ ਗਿਆ ਹੈ। ਅਰੋੜਾ ਨੇ ਕਿਹਾ ਕਿ ਵਿਸਫੋਟਕ ਮਾਹਰਾਂ ਨੇ ਮੌਕੇ ਤੋਂ ਨਮੂਨੇ ਲੈ ਕੇ ਇਨ੍ਹਾਂ ਨੂੰ ਲੈਬਾਰਟਰੀ ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਧਮਾਕੇ ਵਿਚ ਮਰਨ ਵਾਲਿਆਂ ਦੀ ਸ਼ਨਾਖ਼ਤ ਹਰਪਾਲ ਸਿੰਘ ਪਾਲੀ ਜੋ ਕਿ ਮੌੜ ਮੰਡੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦਾ ਨਜ਼ਦੀਕੀ ਸਾਥੀ ਤੇ ਉਸ ਦੇ ਮੌੜ ਚੋਣ ਦਫ਼ਤਰ ਦਾ ਇੰਚਾਰਜ ਸੀ। ਪਾਲੀ ਬਠਿੰਡਾ ਦੇ ਇਕ ਵਕੀਲ ਦੇ ਮੁਨਸ਼ੀ ਵਜੋਂ ਕੰਮ ਕਰਦਾ ਸੀ ਤੇ ਪਿੰਡ ਜੱਸੀ ਬਾਗ ਵਾਲੀ ਜ਼ਿਲ੍ਹਾ ਬਠਿੰਡਾ ਦਾ ਵਸਨੀਕ ਸੀ। ਮੌੜ ਮੰਡੀ ਵਿਚ ਰੱਦੀ ਚੁਗ ਕੇ ਗੁਜ਼ਾਰਾ ਕਰਨ ਵਾਲਾ ਅਸ਼ੋਕ ਕੁਮਾਰ ਤੇ ਉਸ ਦੀ ਪੁੱਤਰੀ ਬਰਖ਼ਾ ਜੋ ਆਰਥਿਕ ਮਦਦ ਲੈਣ ਲਈ ਸ. ਜੱਸੀ ਨੂੰ ਮਿਲਣ ਲਈ ਉਸ ਦੀ ਚੋਣ ਰੈਲੀ ਵਿਚ ਪਹੁੰਚੇ ਸਨ, ਦੀ ਵੀ ਬੰਬ ਧਮਾਕੇ ਵਿਚ ਮੌਤ ਹੋ ਗਈ ਸੀ। ਜਪਸਿਮਰਨ ਸਿੰਘ (14), ਸੌਰਵ (13) ਤੇ ਰਿਪਨਦੀਪ (15) ਦੀ ਵੱਖੋ-ਵੱਖ ਹਸਪਤਾਲਾਂ ਵਿਚ ਮੌਤ ਹੋ ਗਈ। ਮ੍ਰਿਤਕਾਂ ਦਾ ਮੌੜ ਮੰਡੀ ਸਮਸ਼ਾਨਘਾਟ ਵਿਚ ਪੋਸਟ ਮਾਰਟਮ ਦੇ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਆਮ ਆਦਮੀ ਪਾਰੀ ਦੇ ਉਮੀਦਵਾਰ ਜਗਦੇਵ ਸਿੰਘ ਕਮਾਲੂ ਤੇ ਮੌੜ ਮੰਡੀ ਦੇ ਸ਼ਹਿਰੀ ਹਾਜ਼ਰ ਸਨ।
ਬੰਬ ਕਾਂਡ ਦੇ ਵਿਰੋਧ ਵਿਚ ਮੌੜ ਮੰਡੀ ਦੇ ਬਾਜ਼ਾਰ ਮੁਕੰਮਲ ਬੰਦ ਰਹੇ। ਲੋਕਾਂ ਨੇ ਪੰਜਾਬ ਪੁਲੀਸ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਂਗਰਸ ਦੇ ਵਰਕਰਾਂ ਨੇ ਬੰਬ ਧਮਾਕੇ ਦੇ ਵਿਰੋਧ ਵਿਚ ਸ਼ਹਿਰ ਵਿਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਤੇ ਸੁਰੱਖਿਆ ਪ੍ਰਬੰਧਾਂ ਵਿਚ ਢਿੱਲ ਵਰਤਣ ਦੇ ਦੋਸ਼ ਲਾਏ। ਕਾਂਗਰਸੀ ਆਗੂਆਂ ਦਾ ਦੋਸ਼ ਸੀ ਕਿ ਪੰਜਾਬ ਪੁਲੀਸ ਤੇ ਕੇਂਦਰੀ ਸੁਰੱਖਿਆ ਦਲਾਂ ਦੀ ਤਾਇਨਾਤੀ ਦੇ ਬਾਵਜੂਦ ਕਾਰ ਬੰਬ ਧਮਾਕਾ ਹੋਣ ਨਾਲ ਚੋਣਾਂ ਮੌਕੇ ਕੀਤੇ ਸੁਰੱਖਿਆ ਪ੍ਰਬੰਧਾਂ ‘ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹ ਜਾਂਦੇ ਲੋਕਾਂ ਦੀ ਤਲਾਸ਼ੀ ਲਈ ਜਾਂਦੀ ਹੈ ਪਰ ਸ. ਜੱਸੀ ਦੇ ਪਾਸ ਖੜ੍ਹੀ ਇਕ ਲਾਵਾਰਿਸ ਕਾਰ, ਜਿਸ ਨੂੰ ਪਾਸੇ ਹਟਾਉਣ ਲਈ ਰੈਲੀ ਦੀ ਸਟੇਜ ਤੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ, ਵੱਲ ਉੱਥੇ ਮੌਜੂਦ ਪੁਲੀਸ ਕਰਮਚਾਰੀਆਂ ਨੇ ਧਿਆਨ ਨਹੀਂ ਦਿੱਤਾ। ਹਰਮਿੰਦਰ ਸਿੰਘ ਜੱਸੀ ਜੋ ਕਿ ਮੌੜ ਮੰਡੀ ਵਿਚ ਹਾਜ਼ਰ ਸਨ ਨੇ, ਇਸ ਬੰਬ ਕਾਂਡ ਨੂੰ ਮਨੁੱਖਤਾ ਵਿਰੋਧੀ ਘਿਨਾਉਣਾ ਜ਼ੁਰਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਉਸ ਦੀ ਕਿਸੇ ਨਾਲ ਦੁਸ਼ਮਣੀ ਹੈ ਤਾਂ ਉਹ ਉਸ ਨੂੰ ਕਿਤੇ ਵੀ ਮਾਰ ਦਿੰਦੇ ਪਰ ਮਾਸੂਮ ਬੱਚਿਆਂ ਦੀ ਉਨ੍ਹਾਂ ਵੱਲੋਂ ਕੀਤੀ ਹੱਤਿਆ ਦੇ ਪਾਪ ਦੀ ਉਨ੍ਹਾਂ ਨੂੰ ਪ੍ਰਮਾਤਮਾ ਵੱਲੋਂ ਸਜ਼ਾ ਮਿਲੇਗੀ। ਜੱਸੀ ਨੇ ਕਿਹਾ ਕਿ ਮਾਰੂਤੀ ਕਾਰ ਵਿਚ ਬੰਬ ਫਿੱਟ ਕਰਕੇ ਉਸ ਦੀ ਕਾਰ ਤੇ ਉਸ ਦੇ ਸੁਰੱਖਿਆ ਸਟਾਫ਼ ਨੂੰ ਉਡਾਉਣ ਦੀ ਸਾਜ਼ਿਸ ਸੀ। ਉਨ੍ਹਾਂ ਕਿਹਾ ਕਿ ਉਸ ਦੀ ਕਾਰ ਨੂੰ ਨੁਕਸਾਨ ਪਹੁੰਚਿਆ ਹੈ ਤੇ ਉਸ ਦੇ ਸੁਰੱਖਿਆ ਕਰਮੀਆਂ ਨੂੰ ਸੱਟਾਂ ਲੱਗੀਆਂ ਹਨ। ਇਸ ਤੋਂ ਪਿੱਛੋਂ ਸ. ਜੱਸੀ, ਪੁਲੀਸ ਮੁਖੀ ਸੁਰੇਸ਼ ਅਰੋੜਾ ਨਾਲ ਬੰਬ ਕਾਂਡ ਵਿਚ ਮਾਰੇ ਗਏ ਮ੍ਰਿਤਕਾਂ ਦੇ ਘਰ ਅਫ਼ਸੋਸ ਕਰਨ ਗਏ। ਇਸ ਮੌਕੇ ਪੰਜਾਬ ਪੁਲੀਸ ਬਠਿੰਡਾ ਜ਼ੋਨ ਦੇ ਆਈ.ਜੀ. ਨਵਲ ਕਿਸ਼ੋਰ, ਡੀ.ਆਈ.ਜੀ. ਯੁਰਿੰਦਰ ਸਿੰਘ ਹੇਅਰ, ਐਸ.ਐਸ.ਪੀ. ਬਠਿੰਡਾ ਸਵੱਪਨ ਸ਼ਰਮਾ, ਐਸ.ਡੀ.ਐਮ. ਲਾਤੀਫ਼ ਅਹਿਮਦ ਵੀ ਹਾਜ਼ਰ ਸਨ। ਇਸ ਦੌਰਾਨ ਹੀ ਬਠਿੰਡਾ ਜ਼ਿਲ੍ਹੇ ਦੇ ਸੀਨੀਅਰ ਕਪਤਾਨ ਪੁਲੀਸ ਸਵੱਪਨ ਸ਼ਰਮਾ ਨੇ ਦੱਸਿਆ ਕਿ ਬੰਬ ਕਾਂਡ ਲਈ ਵਰਤੀ ਗਈ ਮਾਰੂਤੀ ਕਾਰ ਦੇ ਇੰਜਣ ਤੇ ਚੈਸੀ ਨੰਬਰ ਤੋਂ ਇਸ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਥਾਣਾ ਮੌੜ ਮੰਡੀ ਦੀ ਪੁਲੀਸ ਨੇ ਇਸ ਘਟਨਾ ਦੇ ਸਬੰਧ ਵਿਚ ਮੁਕੱਦਮਾ ਦਰਜ ਕੀਤਾ ਹੈ ਤੇ ਕੁਝ ਸ਼ੱਕੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰ ‘ਤੇ ਪੀ.ਬੀ. 05 ਸੀ. 8973 ਨੰਬਰ ਦੀ ਫ਼ਰਜ਼ੀ ਪਲੇਟ ਲੱਗੀ ਹੋਈ ਸੀ। ਇਹ ਨੰਬਰ ਕਿਸੇ ਸਕੂਟਰ ਦਾ ਹੈ। ਮੌੜ ਮੰਡੀ ਵਿਚ ਬੰਬ ਨਿਰੋਧਕ ਦਸਤਾ ਬੁਲਾਇਆ ਗਿਆ, ਜਿਨ੍ਹਾਂ ਨੇ ਸੜਕ ਦੀ ਚੌੜਾਈ ਮਾਪਣ ਦੇ ਨਾਲ ਧਮਾਕੇ ਵਾਲੀ ਘਟਨਾ ਦੀ ਵੀਡੀਓਗ੍ਰਾਫੀ ਕਰਵਾਈ ਤੇ ਫੋਰੈਂਸਿਕ ਜਾਂਚ ਲਈ ਖਿਲਰੇ ਸਾਮਾਨ ਦੇ ਟੁਕੜੇ ਇਕੱਠੇ ਕੀਤੇ। ਬੰਬ ਨਿਰੋਧਕ ਦਸਤੇ ਨੇ ਘਟਨਾ ਸਥਾਨ ਤੋਂ ਇਕ ਪ੍ਰੈਸ਼ਰ ਕੁੱਕਰ ਵੀ ਬਰਾਮਦ ਕੀਤਾ ਜਿਸ ਵਿੱਚੋਂ ਪੱਠੇ ਕੁਤਰਨ ਵਾਲੀ ਮਸ਼ੀਨ ਦੀ ਗਰਾਰੀ, ਬੈਰਿੰਗ, ਬੈਟਰੀ ਤੇ ਲੋਹੇ ਦੇ ਹੋਰ ਵੀ ਘਾਤਕ ਕਲ-ਪੁਰਜੇ ਬਰਾਮਦ ਕੀਤੇ, ਜਿਨ੍ਹਾਂ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜਿਆ ਜਾਵੇਗਾ।
ਇਸ ਮੌਕੇ ਇੱਕਠੇ ਹੋਏ ਲੋਕ ਸੁੱਰਖਿਆ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਖਫ਼ਾ ਸਨ ਤੇ ਭੀੜ ਨੂੰ ਖਿੰਡਾਉਣ ਲਈ ਵਰਤੇ ਗਏ ਹਲਕੇ ਬਲ ਵਿਰੁੱਧ ਨਾਰਾਜ਼ ਸਨ। ਇਸ ਮੌਕੇ ਐਸ.ਐਸ.ਪੀ. ਬਠਿੰਡਾ ਨੇ ਗੁੱਸੇ ਵਿਚ ਆਏ ਲੋਕਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਮੁਲਜ਼ਮ ਜਲਦੀ ਹੀ ਪੁਲੀਸ ਪਕੜ ਵਿਚ ਹੋਣਗੇ।
ਮੌੜ ਮੰਡੀ ਹਲਕੇ ਦੇ ਵਿਧਾਇਕ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਇਹ ਬੰਬ ਕਾਂਡ ਅੱਤਵਾਦੀ ਕਾਰਵਾਈ ਹੈ। ਇਸ ਦੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਆਰਥਿਕ ਮਦਦ ਤੇ ਹੋਰ ਸਹਾਇਤਾ ਦੇਣ ਲਈ ਚੋਣ ਕਮਿਸ਼ਨ ਤੇ ਮੁੱਖ ਸਕੱਤਰ ਨਾਲ ਗੱਲਬਾਤ ਜਾਰੀ ਹੈ। ਘਟਨਾ ਸਮੇਂ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਹਰਮਿੰਦਰ ਸਿੰਘ ਜੱਸੀ ਚੋਣ ਪ੍ਰਚਾਰ ਖ਼ਤਮ ਹੋਣ ਦੇ ਬਾਅਦ ਰਾਤ 8.30 ਵਜੇ ਆਪਣੀ ਕਾਰ ਵਿਚ ਬੈਠਾਬ ਜਾਣ ਲੱਗੇ ਤਾਂ ਕਾਰ ਵਿਚ ਦੋ ਵੱਡੇ ਧਮਾਕੇ ਹੋਏ ਤੇ ਅੱਗ ਦੀਆਂ ਉੱਚੀਆਂ ਲਪਟਾਂ ਨਿਕਲੀਆਂ। ਘਟਨਾ ਮੌਕੇ ਬਿਜਲੀ ਵੀ ਚਲੀ ਗਈ ਤੇ ਹਰ ਪਾਸੇ ਚੀਕ ਚਿਹਾੜਾ ਮਚ ਗਿਆ ਅਤੇ ਰੈਲੀ ਵਿਚੋਂ ਪਰਤ ਰਹੇ ਲੋਕ ਇਸ ਧਮਾਕੇ ਦੀ ਮਾਰ ਵਿਚ ਆ ਗਏ ਤੇ ਕਈਆਂ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਤੇ ਉਹ ਬੁਰੀ ਤਰ੍ਹਾਂ ਝੁਲਸੇ ਗਏ ਪਰ ਸ. ਜੱਸੀ ਇਸ ਘਟਨਾ ਵਿਚ ਵਾਲ-ਵਾਲ ਬਚ ਗਏ।
ਸਰਕਾਰ ਨੇ ਜੱਸੀ ਨੂੰ ਬੁਲਟ ਪਰੂਫ਼ ਗੱਡੀ ਭੇਜੀ :
ਚੰਡੀਗੜ੍ਹ : ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ ਸਪਸ਼ਟ ਤੌਰ ‘ਤੇ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨਿਸ਼ਾਨੇ ‘ਤੇ ਸਨ ਕਿਉਂਕਿ ਉਨ੍ਹਾਂ ਦੀ ਡੇਰਾ ਸਿਰਸਾ ਨਾਲ ਨੇੜਲੀ ਰਿਸ਼ਤੇਦਾਰੀ ਵੀ ਹੈ। ਪੁਲੀਸ ਸੂਤਰਾਂ ਦਾ ਮੰਨਣਾ ਹੈ ਕਿ ਉਕਤ ਕਾਰਵਾਈ ਨਾਲ ਦੋਸ਼ੀ ਸ਼ਾਇਦ ਡੇਰਾ ਸੱਚਾ ਸੌਦਾ ਦੀ 13 ਮੈਂਬਰੀ ਕਮੇਟੀ ਦੀ ਚੋਣਾਂ ਵਿਚ ਸਮਰਥਨ ਦੇਣ ਲਈ ਹੋਣ ਵਾਲੀ ਮੀਟਿੰਗ ‘ਤੇ ਪ੍ਰਭਾਵ ਪਾਉਣਾ ਤੇ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਸਨ। ਪੁਲੀਸ ਸੂਤਰਾਂ ਨੇ ਦੱਸਿਆ ਕਿ ਜੱਸੀ ਜਿਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਕੇਂਦਰੀ ਸੁਰੱਖਿਆ ਬਲਾਂ ਦੀ ਸੁਰੱਖਿਆ ਮਿਲੀ ਹੋਈ ਹੈ ਅਤੇ ਰਾਜ ਸਰਕਾਰ ਵੱਲੋਂ ਬੁਲਟ ਪਰੂਫ ਗੱਡੀ ਵੀ ਮੁਹੱਈਆ ਕੀਤੀ ਹੋਈ ਸੀ, ਵੱਲੋਂ ਕੁੱਝ ਦਿਨ ਪਹਿਲਾਂ ਆਪਣੀ ਗੱਡੀ ਖ਼ਰਾਬ ਹੋ ਜਾਣ ਕਾਰਨ ਵਾਪਸ ਭੇਜ ਦਿੱਤੀ ਸੀ, ਪਰ ਵਿਭਾਗ ਕੋਲ ਕੋਈ ਵਾਧੂ ਗੱਡੀ ਉਪਲਬਧ ਨਾ ਹੋਣ ਕਾਰਨ ਉਨ੍ਹਾਂ ਨੂੰ ਦੂਸਰੀ ਗੱਡੀ ਨਹੀਂ ਭੇਜੀ ਜਾ ਸਕੀ ਸੀ। ਸਰਕਾਰ ਵੱਲੋਂ ਉਨ੍ਹਾਂ ਨੂੰ ਇੱਕ ਹੋਰ ਬੁਲਟ ਪਰੂਫ਼ ਗੱਡੀ ਭਿਜਵਾ ਦਿੱਤੀ ਗਈ ਤਾਂ ਜੋ ਉਨ੍ਹਾਂ ਨੂੰ ਲੁੜੀਂਦੀ ਸੁਰੱਖਿਆ ਮੁਹੱਈਆ ਕੀਤੀ ਜਾਵੇ ਤੇ ਉਨ੍ਹਾਂ ਨਾਲ ਤਾਇਨਾਤ ਸੁਰੱਖਿਆ ਨੂੰ ਵੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸੂਚਨਾ ਅਨੁਸਾਰ ਬੰਬ ਧਮਾਕਾ ਕੇਵਲ ਇੱਕ ਹੀ ਹੋਇਆ ਅਤੇ ਦੂਸਰਾ ਧਮਾਕਾ ਜੋ ਹੋਇਆ ਉਹ ਗੱਡੀ ਦੀ ਪੈਟਰੋਲ ਟੈਂਕੀ ਦੇ ਫਟਣ ਕਾਰਨ ਹੋਇਆ ਦੱਸਿਆ ਜਾਂਦਾ ਹੈ। ਪੁਲੀਸ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮੌਕੇ ‘ਤੇ ਗੋਲੀ ਚੱਲਣ ਦੀ ਕੋਈ ਘਟਨਾ ਨਹੀਂ ਹੋਈ ਤੇ ਜੋ ਕਾਰਤੂਸ ਪੁਲੀਸ ਨੇ ਇਕੱਠੇ ਕੀਤੇ ਉਹ ਜ਼ਖ਼ਮੀ ਸੀ.ਆਰ.ਪੀ.ਐੱਫ. ਦੇ ਜਵਾਨ ਦੇ ਸਨ, ਜੋ ਉਸ ਦੇ ਡਿੱਗਣ ਕਾਰਨ ਖਿੱਲਰ ਗਏ ਸਨ। ਪੁਲੀਸ ਸੂਤਰਾਂ ਨੇ ਕਿਹਾ ਕਿ ਇਸ ਘਟਨਾ ਵਿਚ ਇੱਕ ਕੁੱਕਰ ਜਿਸ ਵਿਚ ਲੋਹੇ ਦਾ ਕਚਰਾ ਭਰ ਕੇ ਰੱਖਿਆ ਸੀ, ਉਸ ਦੇ ਨਾ ਫਟਣ ਕਾਰਨ ਨੁਕਸਾਨ ਕਾਫ਼ੀ ਘੱਟ ਹੋਇਆ ਨਹੀਂ ਤਾਂ ਲੋਹੇ ਦਾ ਕਚਰਾ ਹੋਰ ਵੀ ਬਹੁਤ ਲੋਕਾਂ ਨੂੰ ਜ਼ਖ਼ਮੀ ਕਰ ਸਕਦਾ ਸੀ। ਪੁਲੀਸ ਸੂਤਰਾਂ ਦਾ ਮੰਨਣਾ ਹੈ ਕਿ ਹਾਲਾਂਕਿ ਉਹ ਇਸ ਘਟਨਾ ਨੂੰ ਅੱਤਵਾਦੀ ਘਟਨਾ ਸਮਝ ਕੇ ਹੀ ਜਾਂਚ ਕਰ ਰਹੇ ਹਨ, ਪਰ ਇਸ ਸਬੰਧੀ ਫੌਰੈਂਸਿਕ ਰਿਪੋਰਟ ਮਿਲਣ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋ ਸਕੇਗੀ।
ਬਾਦਲ ਬੋਲੇ-ਸ਼ਰਾਰਤੀ ਅਨਸਰਾਂ ਨੂੰ ਬਖ਼ਸ਼ਾਂਗੇ ਨਹੀਂ :
ਚੰਡੀਗੜ੍ਹ : ਬਠਿੰਡਾ ਵਿਚ ਮੌੜ ਵਿਖੇ ਹੋਏ ਧਮਾਕਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਬਹੁਤ ਔਖੀ ਹਾਸਲ ਕੀਤੀ ਅਮਨ-ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਲੋਕਾਂ ਨੂੰ ਸਮਾਜ ਵਿਰੋਧੀ ਅਨਸਰਾਂ ਤੋਂ ਸੁਚੇਤ ਕੀਤਾ ਜੋ ਸੂਬੇ ਵਿਚ ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਵਾਲੇ ਸੁਖਾਵੇਂ ਮਾਹੌਲ ਨੂੰ ਢਾਹ ਲਾਉਣ ਲਈ ਪੱਬਾਂ ਭਾਰ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਨੂੰ ਕਦੇ ਵੀ ਆਪਣੇ ਨਾਪਾਕ ਇਰਾਦਿਆਂ ਵਿਚ ਸਫਲ ਨਹੀਂ ਹੋਣ ਦੇਣਗੇ। ਬਾਦਲ ਨੇ ਸਪਸ਼ਟ ਸ਼ਬਦਾਂ ਵਿਚ ਆਖਿਆ ਕਿ ਇਸ ਘਿਨਾਉਣੇ ਜ਼ੁਰਮ ਵਿਚ ਸ਼ਾਮਲ ਸਾਰੇ ਦੋਸ਼ੀਆਂ ਨਾਲ ਕਾਨੂੰਨ ਮੁਤਾਬਕ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਸੁਖਬੀਰ ਨੇ ਕਿਹਾ- ਬੰਬ ਕਾਂਡ ਲਈ ‘ਆਪ’ ਜ਼ਿੰਮੇਵਾਰ :
ਲੰਬੀ : ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਮੌੜ ਮੰਡੀ ਬੰਬ ਕਾਂਡ ਲਈ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗਰਮ ਖ਼ਿਆਲੀਆਂ ਨਾਲ ਨੇੜਤਾ ਨੂੰ ਜ਼ਿੰਮੇਵਾਰ ਦੱਸਿਆ ਹੈ। ਸੁਖਬੀਰ ਦਾ ਕਹਿਣਾ ਹੈ ਕਿ ਕੇਜਰੀਵਾਲ ਵੋਟਾਂ ਖ਼ਾਤਰ ਗਰਮ ਖ਼ਿਆਲੀਆਂ ਨੂੰ ਖੁੱਲ੍ਹਾਂ ਦੇ ਕੇ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ।
ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਦੀ ਆਮਦ ਨਾਲ ਪੰਜਾਬ ਵਿਚ ਮਾਹੌਲ ਖ਼ਰਾਬ ਹੋਣ ਦੇ ਆਸਾਰ ਵੱਧ ਗਏ ਹਨ। ਪੰਜਾਬ ਵਿਚ ਵਾਪਰ ਰਹੀਆਂ ਮਾੜੀਆਂ ਘਟਨਾਵਾਂ ਦੀਆਂ ਕੜੀਆਂ ਅਰਵਿੰਦ ਕੇਜਰੀਵਾਲ ਨਾਲ ਜੁੜ ਰਹੀਆਂ ਹਨ। ਬਰਗਾੜੀ ਕਾਂਡ ਵਿਚ ‘ਨਾਮਜ਼ਦ’ ਨੌਜਵਾਨ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦਾ ‘ਆਪ’ ਵਿੱਚ ਸ਼ਾਮਲ ਹੋਣਾ ਅਤੇ ਕੇਜਰੀਵਾਲ ਦਾ ‘ਖ਼ਾਲਿਸਤਾਨੀ ਅਤਿਵਾਦੀ’ ਦੇ ਘਰ ਰੁਕਣਾ, ਉਨ੍ਹਾਂ ਦੀ ਮਨਸ਼ਾ ਨੂੰ ਉਜਾਗਰ ਕਰਦਾ ਹੈ। ਸੁਖਬੀਰ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਜ਼ਾਹਰ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਹਿੱਤਾਂ ਅਤੇ ਅਮਨ-ਸ਼ਾਂਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸ੍ਰੀ ਬਾਦਲ ਨੇ ‘ਆਪ’ ਨੂੰ ਖ਼ਾਲਿਸਤਾਨ ਪੱਖੀ ਕਰਾਰ ਦਿੰਦਿਆਂ ਕਿਹਾ ਕਿ ਲੰਬੀ ਹਲਕੇ ਤੋਂ ‘ਆਪ’ ਉਮੀਦਵਾਰ ਜਰਨੈਲ ਸਿੰਘ ਨੇ ਲੰਡਨ ਵਿੱਚ ਖ਼ਾਲਿਸਤਾਨੀ ਸਮਰਥਕਾਂ ਨਾਲ ਸਟੇਜ ਸਾਂਝੀ ਕੀਤੀ ਸੀ ਤੇ ਅਜਿਹਾ ਹੀ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਇੱਕ ਗੁਰਦੁਆਰੇ ਵਿੱਚ ਕੀਤਾ ਸੀ।
ਉਨ੍ਹਾਂ ਕਿਹਾ ਕਿ ਫੇਸਬੁੱਕ ‘ਤੇ ਸਰਬਤ ਖ਼ਾਲਸਾ 2015 ਦੇ ਪੇਜ ਦਾ ਨਾਂ ਬਦਲ ਕੇ ਆਮ ਆਦਮੀ ਪਾਰਟੀ, ਕੈਨੇਡਾ 2015 ਕਰ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਨੇ ਗਰਮ ਖ਼ਿਆਲੀਆਂ ਤੋਂ ਸਮਰਥਨ ਲੈਣ ਬਦਲੇ ‘ਆਪ’ ਸਰਕਾਰ ਬਣਨ ‘ਤੇ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਸੂਬੇ ਦਾ ਮਾਹੌਲ ਵਿਗੜਨ ਨਹੀਂ ਦਿੱਤਾ ਅਤੇ ਨਾ ਹੀ ਗਰਮ ਖ਼ਿਆਲੀਆਂ ਨੂੰ ਸਿਰ ਚੁੱਕਣ ਦਿੱਤਾ। ਅਮਨ-ਕਾਨੂੰਨ ਕਾਇਮ ਰੱਖਣ ਲਈ ਸਰਬਤ ਖ਼ਾਲਸਾ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਨੇ ਕੇਜਰੀਵਾਲ ‘ਤੇ ਕਾਂਗਰਸ ਦੀ ‘ਵੰਡੋ ਅਤੇ ਰਾਜ ਕਰੋ’ ਵਾਲੀ ਨੀਤੀ ਅਪਣਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜੇ ਉਹ ਗਰਮ ਖਿਆਲੀਆਂ ਦੀਆਂ ਵੋਟਾਂ ਅਤੇ ਹਮਾਇਤ ਲੈਣਾ ਚਾਹੁੰਦੇ ਹਨ ਤਾਂ ਖੁੱਲ੍ਹੇਆਮ ਕਹਿਣ। ਉਪ ਮੁੱਖ ਮੰਤਰੀ ਨੇ ਮੌੜ ਮੰਡੀ ਬੰਬ ਕਾਂਡ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਕਾਰ ਵਿੱਚ ਦੋ ਬੰਬ ਸਨ, ਜਿਨ੍ਹਾਂ ਵਿੱਚੋਂ ਇੱਕ ਨਹੀਂ ਫਟਿਆ। ਮੁੱਢਲੀ ਪੜਤਾਲ ਵਿਚ ਆਰ.ਡੀ.ਐਕਸ ਹੋਣ ਦੀ ਪੁਸ਼ਟੀ ਹੋਈ ਹੈ। ਸੁਖਬੀਰ ਬਾਦਲ ਨੇ ਜਨਤਾ ਨੂੰ ਅਪੀਲ ਕੀਤੀ ਕਿ ਗੁਰਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ ਦੀ ਰਖਵਾਲੀ ਕੀਤੀ ਜਾਵੇ ਕਿਉਂਕਿ ਸ਼ਰਾਰਤੀ ਅਨਸਰ ਹਾਲਾਤ ਵਿਗਾੜਨ ਵਾਲੀ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਪੁਲੀਸ ਮੁਖੀ ਨੂੰ ਸੂਬੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਪੁਖ਼ਤਾ ਕਰਨ ਦੇ ਨਿਰਦੇਸ਼ ਦਿੱਤੇ ਗਏੇ ਹਨ। ਜਦੋਂ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਟਵਿਟਰ ‘ਤੇ ਸੁਖਬੀਰ ਸਿੰਘ ਬਾਦਲ ਨੂੰ ‘ਅਪਰਾਧੀ’ ਕਰਾਰ ਦੇਣ ਬਾਰੇ ਪੁੱਛਿਆ ਤਾਂ ਸੁਖਬੀਰ ਨੇ ਕਿਹਾ ਕਿ ਕੇਜਰੀਵਾਲ ਝੂਠ ਬੋਲ ਰਿਹਾ ਹੈ ਤੇ ਉਹ ਉਸ ਦੀ ਕਿਸੇ ਗੱਲ ਬਾਰੇ ਜਵਾਬ ਨਹੀਂ ਦੇਣਾ ਚਾਹੁੰਦੇ।
ਜਰਨੈਲ ਸਿੰਘ ਬੋਲੇ-ਸੁਖਬੀਰ ਮੇਰੀ ਤਕਰੀਰ ਪੀਟੀਸੀ ‘ਤੇ ਵਿਖਾਵੇ :
‘ਆਪ’ ਉਮੀਦਵਾਰ ਜਰਨੈਲ ਸਿੰਘ ਨੇ ਸੁਖਬੀਰ ਵੱਲੋਂ ਉਨ੍ਹਾਂ ਦੀ ਖ਼ਾਲਿਸਤਾਨੀਆਂ ਨਾਲ ਸਾਂਝ ਦੇ ਲਾਏ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਲੰਡਨ ਵਿੱਚ 1984 ਦੇ ਸਿੱਖ ਕਤਲੇਆਮ ਦੀ ਯਾਦ ਵਿੱਚ ਰੱਖੇ ਸਮਾਗਮ ਵਿਚ ਹਿੱਸਾ ਲੈਣ ਗਏ ਸਨ। ਜੇ ਸੁਖਬੀਰ ਨੂੰ ਉਨ੍ਹਾਂ ਦੀ ਤਕਰੀਰ ‘ਤੇ ਇਤਰਾਜ਼ ਹੈ ਤਾਂ ਉਨ੍ਹਾਂ ਦੀ ਵੀਡੀਓ ਯੂ ਟਿਊਬ ਤੋਂ ਲੈ ਕੇ ਆਪਣੇ ਟੀ.ਵੀ ਚੈਨਲ ਪੀਟੀਸੀ ‘ਤੇ ਚਲਾਉਣ। ਜਰਨੈਲ ਸਿੰਘ ਨੇ ਦੋਸ਼ ਲਗਾਇਆ ਕਿ ਸੱਤਾ ਜਾਂਦੀ ਵੇਖ ਮੌੜ ਬੰਬ ਕਾਂਡ ਕਥਿਤ ਤੌਰ ‘ਤੇ ਬਾਦਲਾਂ ਨੇ ਕਰਵਾਇਆ ਹੈ। ਸਰਕਾਰ ਬਣਨ ‘ਤੇ ਪੜਤਾਲ ਕਰ ਕੇ ਬਾਦਲਾਂ ਨੂੰ ਜੇਲ੍ਹ ਭੇਜਿਆ ਜਾਵੇਗਾ।