ਟਰੰਪ ਦੇ ਬਿਆਨ ਤੋਂ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਬੱਚਿਆਂ ਦੇ ‘ਸੁਪਨੇ’ ਪੂਰੇ ਹੋਣ ਦੀ ਆਸ ਬੱਝੀ

ਟਰੰਪ ਦੇ ਬਿਆਨ ਤੋਂ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਬੱਚਿਆਂ ਦੇ ‘ਸੁਪਨੇ’ ਪੂਰੇ ਹੋਣ ਦੀ ਆਸ ਬੱਝੀ

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ਼ਾਰਾ ਕੀਤਾ ਹੈ ਕਿ ਉਹ ਮੁਲਕ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ 10 ਤੋਂ 12 ਸਾਲ ਦੇ ਬੱਚਿਆਂ, ਜਿਨ੍ਹਾਂ ਨੂੰ ‘ਡਰੀਮਰਜ਼’ ਵੀ ਕਿਹਾ ਜਾਂਦਾ ਹੈ, ਨੂੰ ਕਾਨੂੰਨੀ ਨਾਗਰਿਕਤਾ ਦੇਣ ਲਈ ਰਾਹ ਪੱਧਰਾ ਕਰਨ ਵਾਸਤੇ ਤਿਆਰ ਹਨ। ਟਰੰਪ ਦੀ ਇਸ ਪੇਸ਼ਕਦਮੀ ਦਾ ਮੁਲਕ ਵਿੱਚ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਦੇ ਦਾਖ਼ਲ ਹੋਣ ਵਾਲੇ ਹਜ਼ਾਰਾਂ ਭਾਰਤੀਆਂ ਨੂੰ ਵੀ ਲਾਹਾ ਮਿਲ ਸਕਦਾ ਹੈ। ਅਮਰੀਕਾ ਵਿੱਚ ਇਸ ਵੇਲੇ 6.9 ਲੱਖ ਦੇ ਕਰੀਬ ਪਰਵਾਸੀ ਹਨ, ਜੋ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਹਨ। ਇਨ੍ਹਾਂ ਪਰਵਾਸੀਆਂ ‘ਚ ਭਾਰਤੀ ਮੂਲ ਦੇ ਹਜ਼ਾਰਾਂ ਲੋਕ ਵੀ ਸ਼ਾਮਲ ਹਨ।
‘ਡਰੀਮਰਜ਼’ ਸ਼ਬਦ ਬਿਨਾਂ ਦਸਤਾਵੇਜ਼ਾਂ ਤੋਂ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਪਰਵਾਸ ਕਰਨ ਵਾਲੇ ਲੋਕਾਂ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਦੁਵੱਲੇ ਕਾਨੂੰਨ ‘ਡਰੀਮ ਐਕਟ’ ‘ਚੋਂ ਨਿਕਲਿਆ ਸੀ, ਜਿਸ ਦੀ ਤਜਵੀਜ਼ ਸਭ ਤੋਂ ਪਹਿਲਾਂ 2001 ਵਿੱਚ ਰੱਖੀ ਗਈ ਸੀ। ਇਸ ਕਾਨੂੰਨ ਤਹਿਤ ਡਰੀਮਰਜ਼ ਨੂੰ ਕੁਝ ਸ਼ਰਤਾਂ ਨਾਲ ਨਾਗਰਿਕਤਾ ਦਿੱਤੀ ਜਾਣੀ ਸੀ, ਪਰ ਇਹ ਬਿੱਲ ਕਦੇ ਪਾਸ ਨਹੀਂ ਹੋਇਆ।
ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਲਈ ਸਵਿਟਜ਼ਰਲੈਂਡ ਰਵਾਨਾ ਹੋਣ ਤੋਂ ਪਹਿਲਾਂ ਵ੍ਹਾਈਟ ਹਾਊਸ ਵਿੱਚ ਕਾਹਲੀ ‘ਚ ਸੱਦੀ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਕੋਈ ਰਾਹ ਕੱਢਾਂਗੇ। ਆਉਣ ਵਾਲੇ 10 ਤੋਂ 12 ਸਾਲਾਂ ਦੇ ਅਰਸੇ ਦੌਰਾਨ, ਇਹ ਹੋ ਕੇ ਰਹੇਗਾ।’ ਟਰੰਪ ਨੇ ਕਿਹਾ, ‘ਇਹ ਕਾਨੂੰਨ ਸਖ਼ਤ ਮਿਹਨਤ ਕਰਨ ਵਾਲੇ ਪਰਵਾਸੀਆਂ ਲਈ ‘ਹੱਲਾਸ਼ੇਰੀ’ ਹੋਵੇਗਾ ਤੇ ਉਨ੍ਹਾਂ ਨੂੰ ਦੱਸ ਦਿਉ ਕਿ ਘਬਰਾਉਣ ਦੀ ਕੋਈ ਲੋੜ ਨਹੀਂ।’ ਹਾਲਾਂਕਿ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਮਗਰੋਂ ਕਿਹਾ ਕਿ ਇਸ ਮੁੱਦੇ ‘ਤੇ ਅਜੇ ਕੋਈ ਆਖਰੀ ਫ਼ੈਸਲਾ ਲਿਆ ਜਾਣਾ ਹੈ।