ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣ ਦਾ ਪੰਥਕ ਆਗੂਆਂ ਨੇ ਕੀਤਾ ਵਿਰੋਧ

ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣ ਦਾ ਪੰਥਕ ਆਗੂਆਂ ਨੇ ਕੀਤਾ ਵਿਰੋਧ

 ਬੰਦੀ ਸਿੰਘਾਂ ਨੁੰ ਰਿਹਾਅ ਕਰਨ ਦੀ ਥਾਂ ਬਲਾਤਕਾਰੀਆਂ ਨੂੰ ਪਰੋਲ ਦੇ ਰਹੀ ਸਰਕਾਰ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 17 ਜੂਨ (ਮਨਪ੍ਰੀਤ ਸਿੰਘ ਖਾਲਸਾ): ਡੇਰਾ ਸਿਰਸਾ ਦੇ ਮੁੱਖੀ ਅਤੇ ਬਲਾਤਕਾਰ, ਕਤਲ ਦੇ ਦੋਸ਼ਾਂ ਵਿਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਪੈਰੋਲ ਤੇ ਇਕ ਮਹੀਨੇ ਲਈ ਰਿਹਾ ਕਰਣ ਨਾਲ ਪੰਥਕ ਹਲਕਿਆਂ ਵਿਚ ਰੋਸ਼ ਪਾਇਆ ਜਾ ਰਿਹਾ ਹੈ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਕਤਲ ਤੇ ਬਲਾਤਕਾਰ ਸਮੇਤ ਸੰਗੀਨ ਜ਼ੁਰਮਾਂ ਅਧੀਨ ਜਿਸ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਕੇਸ ਦਰਜ ਕੀਤੇ ਗਏ ਹਨ, ਉਸਨੂੰ ਪੈਰੋਲ ’ਤੇ ਰਿਹਾਅ ਕਰਨ ਦੀ ਥਾਂ ਸਰਕਾਰ ਨੁੰ ਚਾਹੀਦਾ ਹੈ ਕਿ ਉਮਰ ਕੈਦਾਂ ਕੱਟ ਚੁੱਕੇ ਬੰਦੀ ਸਿੰਘਾਂ ਨੁੰ ਰਿਹਾਅ ਕਰੇ।

ਕਮੇਟੀ ਵਲੋਂ ਜਾਰੀ ਬਿਆਨ ਵਿਚ ਕਾਲਕਾ ਨੇ ਕਿਹਾ ਕਿ ਡੇਰਾ ਮੁਖੀ ਕੁਝ ਸਾਲ ਪਹਿਲਾਂ ਹੀ ਜੇਲ ਵਿਚ ਬੰਦ ਸੀ ਤੇ ਅੱਜ ਉਸਨੂੰ ਪੈਰੋਲ ਦੇ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਉਸਨੁੰ ਪੈਰੋਲ ਦੇਣ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿਚ ਦੋ ਤਰੀਕੇ ਦੇ ਕਾਨੂੰਨ ਚਲ ਰਹੇ ਹਨ। ਇਕ ਉਹ ਜਿਹੜੇ ਸਰਕਾਰਾਂ ਨਾਲ ਸੰਬੰਧ ਰੱਖਦੇ ਹੋਣ ਤੇ ਦੂਜੇ ਪਾਸੇ ਉਹ ਜੋ 25, 27 ਸਾਲ ਤੋਂ ਜੇਲਾਂ ਵਿਚ ਬੰਦ ਹਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਜਾਗੋ ਪਾਰਟੀ ਦੇ ਮੁੱਖੀ ਸਰਦਾਰ ਮੰਜੀਤ ਸਿੰਘ ਜੀਕੇ ਅਤੇ ਅਖੰਡ ਕੀਰਤਨੀ ਜੱਥੇ ਦੇ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਸਰਕਾਰ ਵਲੋਂ ਸਿੱਖਾਂ ਨਾਲ ਦੋਹਰਾ ਵਰਤਾਵ ਕੀਤਾ ਜਾ ਰਿਹਾ ਹੈ ਇਕ ਪਾਸੇ ਤਾਂ ਓਹ ਸਿੱਖਾਂ ਦੇ ਵਫਦਾਂ ਨਾਲ ਮੁਲਾਕਾਤ ਕਰਦੀ ਹੈ ਤੇ ਦੂਜੇ ਪਾਸੇ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਸਿੱਖ ਕੈਦੀਆਂ ਨੂੰ ਪੈਰੋਲ ਦੇਣੀ ਤਾਂ ਦੂਰ ਉਨ੍ਹਾਂ ਲਈ ਗੱਲਬਾਤ ਕਰਣ ਲਈ ਸਮਾਂ ਵੀਂ ਨਹੀਂ ਦੇ ਰਹੀ ਜਿਸਦਾ ਸਾਨੂੰ ਬਹੁਤ ਰੋਸ ਹੈ । ਉਨ੍ਹਾਂ ਕਿਹਾ ਬਲਾਤਕਾਰੀ, ਕਾਤਿਲ ਅਤੇ ਦਸਮ ਪਾਤਸਾਹ ਵਾਂਗ ਰੂਪ ਧਰ ਸਿੱਖ ਕੌਮ ਦੇ ਜਜਬਾਤਾਂ ਨਾਲ ਖੇਡਣ ਵਾਲਾ ਰਾਮਰਹੀਮ ਨੂੰ 2017 ਵਿਚ ਉਮਰਕੈਦ ਦੀ ਸਜ਼ਾ ਵਿਚ ਬੰਦ ਕੀਤਾ ਗਿਆ ਸੀ ਤੇ ਸਿਰਫ ਚਾਰ ਪੰਜ ਸਾਲਾਂ ਵਿਚ ਉਸਨੂੰ ਦੋ ਵਾਰੀ ਪੈਰੋਲ ਦੇ ਦਿੱਤੀ ਗਈ ਜਦਕਿ ਸਿੱਖ ਕੈਦੀ ਜੋ ਪਿਛਲੇ 27-28 ਸਾਲਾਂ ਤੋਂ ਬੰਦ ਹਨ ਜਮਾਨਤ ਦੇਣਾ ਤਾਂ ਦੂਰ ਪੈਰੋਲ ਤਕ ਨਹੀਂ ਦਿੱਤੀ ਗਈ । ਸਰਕਾਰ ਨੂੰ ਸਿੱਖਾਂ ਨਾਲ ਦੋਹਰਾ ਵਰਤਾਵ ਕਰਣ ਦੀ ਥਾਂ ਸਿੱਖ ਮਸਲਿਆਂ ਨੂੰ ਹੱਲ ਕਰਣ ਦੀ ਤਰਜੀਹ ਦੇਣੀ ਚਾਹੀਦੀ ਹੈ ।

ਉਹਨਾਂ ਕਿਹਾ ਕਿ ਉਹ ਦੇਸ਼ ਦੀ ਕਾਨੂੰਨ ਵਿਵਸਥਾ ’ਤੇ ਕੋਈ ਸਵਾਲ ਨਹੀਂ ਚੁੱਕ ਰਹੇ ਪਰ ਸਾਡੇ ਦਿਲਾਂ ਵਿਚ ਰੋਸ ਹੈ ਕਿ ਜਿਹੜੀ ਬਹੁਤ ਵੱਡੀ ਲੜਾਈ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨਾਂ ਦੀਆਂ ਪੈਰੋਲਾਂ ਤੇ ਜੇਲਾਂ ਤਬਦੀਲ ਕਰਨ ਬਾਰੇ ਅਸੀਂ ਲੜ ਰਹੇ ਹਾਂ, ਉਸ ਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਕੌਮ ਦੇ ਜੁਝਾਰੂ ਜੋ ਜੇਲਾਂ ਵਿਚ ਬੰਦ ਹਨ, ਉਹਨਾਂ ਨੁੰ ਕਦੇ ਪੈਰੋਲ ਨਹੀਂ ਮਿਲੀ ਪਰ ਜੋ ਡੇਰਾ ਸਿਰਸਾ ਮੁਖੀ ਵਰਗੇ ਬੰਦੇ ਸਮਾਜ ਦੇ ਨਾਂ ’ਤੇ ਧੱਬਾ ਹਨ ਜਿਹਨਾਂ ਨੇ ਆਪਣੇ ਆਸ਼ਰਮ ਵਿਚ ਆਈਆਂ ਕੁੜੀਆਂ ਨੂੰ ਬੇਪੱਤ ਕੀਤਾ, ਉਹਨਾਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ।ਉਕਤ ਆਗੂਆਂ ਨੇ ਕਿਹਾ ਕਿ ਅਸੀਂ ਸਰਕਾਰ ਤੱਕ ਵੀ ਇਹ ਪਹੁੰਚ ਕਰਾਂਗੇ ਕਿ ਇਸ ਗੱਲ ਦਾ ਨੋਟਿਸ ਲਿਆ ਜਾਵੇ ਅਤੇ ਅਜਿਹੇ ਸਮਾਜ ਵਿਰੋਧੀਆਂ ਨੂੰ ਪੈਰੋਲ ਨਾ ਦਿੱਤੀ ਜਾਵੇ ਬਲਕਿ ਜਿਹੜੇ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲਾਂ ਵਿਚ ਬੰਦ ਹਨ, ਉਹਨਾਂ ਨੁੰ ਤੁਰੰਤ ਰਿਹਾਅ ਕੀਤਾ ਜਾਵੇ।