ਭਰਾ ਦੇ ਕਤਲ ਤੋਂ ਬਾਅਦ ਵੀ ਪਿੱਛੇ ਨਹੀਂ ਹਟੀ ਸੀ ਪੀੜਤ ਸਾਧਵੀ

ਭਰਾ ਦੇ ਕਤਲ ਤੋਂ ਬਾਅਦ ਵੀ ਪਿੱਛੇ ਨਹੀਂ ਹਟੀ ਸੀ ਪੀੜਤ ਸਾਧਵੀ

ਚੰਡੀਗੜ੍ਹ/ਬਿਊਰੋ ਨਿਊਜ਼ :
ਗਵਾਹ ਨੰਬਰ-5 ਜਾਂ ਫਿਰ ਉਸ ਦੀ ਪਛਾਣ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖ਼ਿਲਾਫ਼ ਮਾਮਲੇ ਦੀ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਬਣੀ ਸਾਧਵੀ ਵਜੋਂ ਹੈ। ਕਈ ਸਾਲਾਂ ਤਕ ਆਪਣੇ ਨਾਲ ਹੁੰਦੀਆਂ ਵਧੀਕੀਆਂ ਪ੍ਰਤੀ ਉਹ ਖਾਮੋਸ਼ ਰਹੀ ਪਰ 10 ਜੁਲਾਈ 2002 ਨੂੰ ਉਸ ਨੇ ਹੱਡਬੀਤੀ ਸੁਣਾਉਣ ਦਾ ਫ਼ੈਸਲਾ ਲਿਆ। ਭਰਾ ਨਾਲ ਅੰਤਾਂ ਦਾ ਮੋਹ ਸੀ ਜਿਸ ਨੇ ਡੇਰੇ ਪ੍ਰਤੀ ਅਥਾਹ ਸ਼ਰਧਾ ਕਰਕੇ ਉਸ ਨੂੰ ਸਾਧਵੀ ਬਣਵਾਇਆ ਸੀ ਪਰ ਉਸ ਦੇ ਕਤਲ ਨੇ ਭੈਣ ਨੂੰ ਝੰਜੋੜ ਕੇ ਰੱਖ ਦਿੱਤਾ। ਕੁਰੂਕਸ਼ੇਤਰ ਆਧਾਰਤ ਵਕੀਲ ਸੁਦੇਸ਼ ਕੁਮਾਰੀ ਮੁਤਾਬਕ ਭਰਾ ਦੇ ਕਤਲ ਤੋਂ ਇਹ ਸਾਧਵੀ ਅਜਿਹੀ ਹਿੱਲੀ ਕਿ ਉਸ ਨੇ ਇਨਸਾਫ਼ ਲਈ ਨਰਕ ਤਕ ਜਾਣ ਦਾ ਫ਼ੈਸਲਾ ਲੈ ਲਿਆ। ਉਹ ਅਕਸਰ ਆਖਦੀ, ”ਤੁਸੀਂ ਸੋਚ ਨਹੀਂ ਸਕਦੇ ਕਿ ਡੇਰੇ ਵਿਚ ਕਿਹੋ ਜਿਹਾ ਸਮਾਂ ਬਿਤਾਇਆ ਹੈ।” ਉਸ ਨੂੰ ਹਰਿਆਣਾ ਪੁਲੀਸ ‘ਤੇ ਭਰੋਸਾ ਨਹੀਂ ਸੀ ਅਤੇ ਉਹ ਸੀਬੀਆਈ ਤੋਂ ਪੂਰੇ ਮਾਮਲੇ ਦੀ ਜਾਂਚ ਚਾਹੁੰਦੀ ਸੀ। ਭਰਾ ਨੂੰ ਜਦੋਂ ਡੇਰੇ ਵਿਚ ਭੈਣ ‘ਤੇ ਗੁਜ਼ਰੇ ਮਾੜੇ ਸਮੇਂ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਭੈਣ ਨੂੰ ਘਰ ਲੈ ਆਇਆ ਅਤੇ ਹੱਥ ਪੀਲੇ ਕਰ ਦਿੱਤੇ।
ਤਰਕਸ਼ੀਲ ਆਗੂ ਅਤੇ ਭਰਾ ਦੇ ਕਤਲ ਕੇਸ ਵਿਚ ਗਵਾਹ ਮਾਸਟਰ ਬਲਵੰਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਭਰਾ ਦਾ ਇਲਾਕੇ ਵਿਚ ਪੂਰਾ ਪ੍ਰਭਾਵ ਸੀ ਅਤੇ ਉਸ ਨੇ ਡੇਰਾ ਮੁਖੀ ਦਾ ਸ਼ਰਧਾਲੂ ਬਣਨ ਲਈ ਕਈਆਂ ਨੂੰ ਪ੍ਰੇਰਿਆ ਸੀ। ਉਸ ਨੂੰ ਜਦੋਂ 2001 ਵਿਚ ਭੈਣ ਦੇ ਦਰਦਾਂ ਦਾ ਪਤਾ ਲੱਗਿਆ ਤਾਂ ਉਹ ਬਿਲਕੁਲ ਟੁੱਟ ਗਿਆ ਅਤੇ ਡੇਰਾ ਮੁਖੀ ਦਾ ਪਰਦਾਫ਼ਾਸ਼ ਕਰਨਾ ਚਾਹੁੰਦਾ ਸੀ। ਮਾਸਟਰ ਮੁਤਾਬਕ ਸ਼ੁਰੂ ਵਿਚ ਉਸ ਨੇ ਇਸ ਦੀ ਜਾਣਕਾਰੀ ਆਪਣੇ ਜੀਜੇ ਨਾਲ ਸਾਂਝੀ ਕੀਤੀ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਸਮੇਤ ਹੋਰ ਥਾਵਾਂ ‘ਤੇ ਚਿੱਠੀ ਵੀ ਭਰਾ ਨੇ ਹੀ ਪਾਈ ਸੀ ਤਾਂ ਜੋ ਭੈਣ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਇਸੇ ਆਧਾਰ ‘ਤੇ ਡੇਰਾ ਮੁਖੀ ਖ਼ਿਲਾਫ਼ ਜਿਸਮਾਨੀ ਸ਼ੋਸ਼ਣ ਦਾ ਕੇਸ ਦਰਜ ਕੀਤਾ ਗਿਆ ਸੀ। ਪੀੜਤਾ ਦੇ ਕਾਲਜ ਦਿਨਾਂ ਦੀ ਸਹੇਲੀ ਬਲਜੀਤ ਕੌਰ ਨੇ ਚੇਤੇ ਕਰਦਿਆਂ ਕਿਹਾ ਕਿ ਉਹ ਹੁਸ਼ਿਆਰ ਲੜਕੀ ਸੀ ਪਰ ਸਾਦਾ ਜੀਵਨ ਜਿਉਂਦੀ ਸੀ। ਉਸ ਮੁਤਾਬਕ ਉਹ ਇੰਨੀ ਸੋਹਣੀ ਸੁਨੱਖੀ ਸੀ ਕਿ ਉਸ ਦੇ ਮੁਕਾਬਲੇ ਦੀ ਕੋਈ ਫਿਲਮ ਅਦਾਕਾਰਾ ਦਿਖਾਈ ਨਹੀਂ ਦਿੰਦੀ। ਉਹ ਹੈਰਾਨ ਹੈ ਕਿ ਸਾਦ ਮੁਰਾਦੀ ਲੜਕੀ ਨਾਲ ਧਰਮ ਵਾਲੀ ਥਾਂ ‘ਤੇ ਗਲਤ ਕਾਰਾ ਹੋ ਸਕਦਾ ਹੈ।