ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਏ ਜਾਣ ਲਈ ਏਜੀਪੀਸੀ ਵਲੋਂ ਸਮੂਹ ਜਗਤ ਦਾ ਸ਼ੁਕਰਾਨਾ
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਪੂਰਨ ਤੌਰ
‘ਤੇ ਲਾਗੂ ਕਰਕੇ ਸਮੂਹ ਸੰਗਤ ਨੂੰ ਦੁਬਿਧਾ ‘ਚੋਂ ਕੱਢਣ ਦੀ ਕੀਤੀ ਅਪੀਲ
ਫ਼ਰੀਮਾਂਟ/ਬਿਊਰੋ ਨਿਊਜ਼:
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਨੇ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਹਿੰਦੁਸਤਾਨ ਸਮੇਤ ਵਿਦੇਸ਼ਾਂ ‘ਚ 5 ਜਨਵਰੀ ਨੂੰ ਸਾਹਿਬ-ਏ-ਕਮਾਲ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਉਣ ‘ਤੇ ਸਮੂਹ ਜਗਤ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਏਜੀਪੀਸੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਸਿੱਖ ਜਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਜਾਰੀ ਅਪੀਲ ‘ਚ ਉਨ੍ਹਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ-2003 ਨੂੰ ਪੂਰਨ ਤੌਰ ‘ਤੇ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਿਆ ਕਿਹਾ ਕਿ ਮਨਾਏ ਜਾਣ ਵਾਲੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜਿਆਂ ਦੀ ਉਲਝਣ ‘ਚੋਂ ਸਮੂੰਹ ਜਗਤ ਨੂੰ ਕੱਢਣਾ ਅਤਿਅੰਤ ਜਰੂਰੀ ਹੋ ਗਿਆ ਹੈ।
ਏਜੀਪੀਸੀ ਨੇ ਜ਼ੋਰ ਦੇ ਕਿਹਾ ਕਿ ਪੰਥ ਨੂੰ ਭਰੋਸਾ ‘ਚ ਲਏ ਬਿਨ੍ਹਾਂ ਮੂਲ ਕੈਲੰਡਰ ‘ਚ ਕੀਤੀਆਂ ਗਈਆ ਤਬਦੀਲੀਆਂ ਨਾਲ ਗੁਰਪੁਰਬ ਤੇ ਹੋਰ ਦਿਹਾੜੇ ਉਲਝ ਕੇ ਰਹਿ ਗਏ ਹਨ, ਇਸ ਲਈ ਮੂਲ ਕੈਲੰਡਰ ਦਾ ਲਾਗੂ ਹੋਣਾ ਬਹੁਤ ਜਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਨਾਨਕਸ਼ਾਹੀ ਕੈਲੰਡਰ ਨੂੰ ਪੂਰਨ ਤੌਰ ‘ਤੇ ਲਾਗੂ ਕੀਤਾ ਹੁੰਦਾ ਤਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਪ੍ਰਤੀ ਬਣਿਆ ਵਿਵਾਦ ਵੀ ਨਹੀਂ ਸੀ ਉਪਜਨਾ। ਉਨ੍ਹਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਈ ਉਲਝਣ ਦਾ ਕਾਰਨ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਪੂਰਨ ਤੌਰ ‘ਤੇ ਸੋਧਾਂ ਕਰਕੇ ਸਹੀ ਤਰੀਕੇ ਨਾਲ ਲਾਗੂ ਨਾ ਕਰਨਾ ਹੈ। ਉਨ੍ਹਾਂ ਮੰਗ ਕਰਦਿਆ ਕਿਹਾ ਜਦੋਂ ਤੱਕ ਨਾਨਕਸ਼ਾਹੀ ਕੈਲੰਡਰ ਸਹੀ ਢੰਗ ਨਾਲ ਜਾਰੀ ਨਹੀਂ ਹੁੰਦਾ, ਉਦੋਂ ਤੱਕ ਸਮੂੰਹ ਜਗਤ ਨੂੰ ਅਜਿਹੀ ਉਲਝਣ ਦਾ ਸਾਹਮਣਾ ਕਰਨਾ ਪਵੇਗਾ।
ਏਜੀਪੀਸੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਅਤੇ ਕੋਆਡੀਨੇਟਰ ਸ. ਪ੍ਰਿਤਪਾਲ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਸਿੱਖ ਲਈ ਉਚ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਿੱਖਾਂ ਨੇ 5 ਜਨਵਰੀ ਨੂੰ ਦਸਮ ਪਿਤਾ ਦਾ ਗੁਰਪੁਰਬ ਮਨਾਉਣ ਦਾ ਫੈਸਲਾ ਕੀਤਾ ਹੈ। ਜਦ ਕਿ ਕਈ ਸਿੱਖਾਂ ਨੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 25 ਦਸੰਬਰ 2017 ਨੂੰ ਮਨਾ ਲਿਆ ਹੈ। ਸਿੱਖ ਕੌਮ ਨੂੰ ਇਸ ਉਲਝ ‘ਚੋਂ ਕੱਢਣ ਲਈ ਸੋਚ-ਵਿਚਾਰ ਕੇ ਦਿਹਾੜਿਆਂ ਤੇ ਗੁਰਪੁਰਬ ਦਾ ਇਕ ਸਮਾਂ ਮਿਥਿਆ ਜਾਵੇ ਤਾਂ ਜੋ ਸਮੂੰਹ ਜਗਤ ਤਿਉਹਾਰ ਨੂੰ ਇਕਜੁਟਤਾ ਨਾਲ ਮਨਾ ਸਕੇ।
ਅਮਰੀਕਾ ਦੇ ਦੋਹਾਂ ਸਿੱਖ ਲੀਡਰਾਂ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦੇ ਹਨ ਅਤੇ ਇਹ ਸਮਝਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਰੇ ਤਖ਼ਤਾਂ ਅਤੇ ਸਮੂਹ ਸਿੱਖ ਸੰਗਤ ਨਾਲ ਵਿਚਾਰ ਕਰਕੇ ਇਸ ਸੰਜੀਦਾ ਧਾਰਮਿਕ ਮੁੱਦੇ ‘ਤੇ ਫ਼ੈਸਲੇ ਲਈ ਇਕ ਆਮ ਸਹਿਮਤੀ ਬਣਾਉਣਗੇ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਪੰਥ ‘ਚ ਕਿਸੇ ਤਰ੍ਹਾਂ ਦੇ ਵਲ-ਵਲੇਵੇ ਪਏ ਰਹਿਣ ਇਸ ਕਰਕੇ ਇਸ ਤਰ੍ਹਾਂ ਦੇ ਮਸਲੇ ਜਲਦ ਤੋਂ ਜਲਦ ਹੱਲ ਹੋਣੇ ਚਾਹੀਦੇ ਹਨ।
Comments (0)