ਗੈਂਗਸਟਰ ਤੋਂ ਸਿਆਸਤਦਾਨ ਬਣੇ ਲੱਖਾ ਸਿਧਾਣਾ  ਬਣਨਾ ਚਾਹੁੰਦੇ ਨੇ ਐੱਮਐੱਲਏ 

ਗੈਂਗਸਟਰ ਤੋਂ ਸਿਆਸਤਦਾਨ ਬਣੇ ਲੱਖਾ ਸਿਧਾਣਾ  ਬਣਨਾ ਚਾਹੁੰਦੇ ਨੇ ਐੱਮਐੱਲਏ 

*ਲੱਖਾ ਸਿਧਾਣਾ ਮਾਂ ਬੋਲੀ ਦੀ ਵੀ ਗੱਲ ਕਰਦੇ ਹਨ ਤੇ ਪਾਣੀਆਂ ਨੂੰ ਬਚਾਉਣ ਦੀ ਵੀ *ਆਪ ਪਾਰਟੀ ਦੇ ਸੁਖਬੀਰ ਸਿੰਘ, ਕਾਂਗਰਸ ਦੀ ਡਾ਼ ਮਨੋਜ ਬਾਲਾ, ਭਾਜਪਾ ਦੇ ਦਿਆਲ ਸੋਢੀ ਤੇ  ਸ਼ਿਰੋਮਣੀ ਅਕਾਲੀ ਦਲ ਦੇ ਜਗਮੀਤ ਬਰਾੜ  ਨਾਲ ਮੁਕਾਬਲਾ ਫਸਵਾਂਂ                                             

ਗੈਂਗਸਟਰ ਤੋਂ ਸਿਆਸਤਦਾਨ ਬਣੇ 42 ਸਾਲਾ ਲੱਖਾ ਸਿਧਾਣਾ ਨੂੰ  ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚਾ ਵੱਲੋਂ ਮੌੜ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਹਾਲਾਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਸੰਯੁਕਤ ਕਿਸਾਨ ਮੋਰਚਾ ਨੂੰ ਮਾਨਤਾ ਮਿਲਣ ਵਿੱਚ ਦੇਰੀ ਕਾਰਨ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਸਾਬਕਾ ਗੈਂਗਸਟਰ ਲੱਖਾ ਸਿਧਾਣਾ ਉੱਤੇ ਵੱਖ-ਵੱਖ ਸੂਬਿਆਂ ਵਿਚ 14 ਅਪਰਾਧਿਕ ਮਾਮਲੇ ਦਰਜ ਹਨ।  ਸਭ ਤੋਂ ਤਾਜ਼ਾ ਮਾਮਲਿਆਂ ਵਿਚ ਪਿਛਲੇ ਸਾਲ ਦਿੱਲੀ ਵਿਖੇ ਗਣਤੰਤਰ ਦਿਵਸ 'ਤੇ ਕਿਸਾਨਾਂ ਦੇ ਵਿਰੋਧ ਦੌਰਾਨ ਲਾਲ ਕਿਲ੍ਹੇ ਦੀ ਹਿੰਸਾ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਨੂੰ ਲੈ ਕੇ ਸੀ।ਹੁਣ ਤੱਕ ਉਨ੍ਹਾਂ ਨੂੰ ਦੋ ਮਾਮਲਿਆਂ ਵਿਚ ਸਜ਼ਾ ਹੋ ਚੁੱਕੀ ਹੈ।

ਕਿਸਾਨੀ ਅੰਦੋਲਨ ਦੀਆਂ ਗੱਲਾਂ ਕਰਦੇ ਲੱਖਾ ਸਿਧਾਣਾ ਲੋਕਾਂ ਨੂੰ ਯਾਦ ਕਰਾਉਂਦੇ ਹਨ ਕਿ ਉਹ ਛੇ ਮਹੀਨੇ ਘਰੋਂ ਬਾਹਰ ਰਹੇ ਜਦੋਂ ਕਿ ਦਿੱਲੀ ਪੁਲਿਸ ਉਨ੍ਹਾਂ ਦੀ ਤਲਾਸ਼ ਕਰ ਰਹੀ ਸੀ ਤੇ ਲੱਖ ਰੁਪਏ ਸਿਰ 'ਤੇ ਇਨਾਮ ਸੀ।ਉਨ੍ਹਾਂ ਨੇ ਕਿਹਾ,''ਮੈਂ ਵੀ ਬਹਾਨਾ ਬਣਾ ਕੇ ਘਰ ਬੈਠ ਸਕਦਾ ਸੀ ਪਰ ਪੂਰੇ ਪੰਜਾਬ ਗਿਆ ਤੇ ਲੋਕਾਂ ਨੂੰ ਦਿੱਲੀ ਵਲ ਕਾਫ਼ਲੇ ਬੰਨ੍ਹ ਕੇ ਤੋਰਿਆ ਕਿਉਂਕਿ ਕਿਸਾਨੀ ਅੰਦੋਲਨ ਜਿੱਤਣਾ ਬਹੁਤ ਜ਼ਰੂਰੀ ਸੀ। ਇਹ ਅੰਦੋਲਨ ਹਾਰਨ ਦਾ ਮਤਲਬ ਸੀ ਪੰਜਾਬ ਦਾ ਤਬਾਹ ਹੋ ਜਾਣਾ।''ਉਹ ਇਸ ਪੇਂਡੂ ਸੀਟ ਦੇ ਵੋਟਰਾਂ ਨੂੰ ਅਪੀਲ ਕਰਦੇ ਹਨ ਕਿ ਲੋਕ ਉਨ੍ਹਾਂ ਨੂੰ ਜਿਤਾਉਣ ਤਾਂ ਜੋ ਉਹ ਪੰਜਾਬ ਵਿਰੋਧੀਆਂ' ਦਾ ਮੁਕਾਬਲਾ ਕਰ ਸਕਣ।ਉਹ ਇੱਕ ਰੈਲੀ ਵਿਚ ਕਹਿ ਰਹੇ ਸੀ,''ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਕਦੇ ਤਾਂ ਸਕੂਲਾਂ ਨੂੰ ਘੇਰਿਆ, ਕਦੇ ਅਫ਼ਸਰਾਂ ਨੂੰ ਤੇ ਕਦੇ ਗੰਦਾ ਪਾਣੀ ਫੈਲਾ ਰਹੀਆਂ ਫ਼ੈਕਟਰੀਆਂ ਨੂੰ। ਪਰ ਲੋਕ ਪੁਲਿਸ ਨੂੰ ਬੁਲਾ ਲੈਂਦੇ ਹਨਜੇ ਤੁਸੀਂ ਮੈਨੂੰ ਐਮ ਐਲ ਏ ਬਣਾ ਦੇਵੋ ਤਾਂ ਇਸ ਦੇ ਨਾਲ ਮੈਨੂੰ ਤਾਕਤ ਮਿਲੇਗੀ, ਅਧਿਕਾਰ ਮਿਲੇਗਾ ਕਿ ਮੈਂ ਇਹ ਸਾਰੇ ਮੁੱਦੇ ਕਾਨੂੰਨੀ ਤੌਰ ਤੇ ਚੁੱਕ ਸਕਾਂ।"

ਲੱਖਾ ਸਿਧਾਣਾ ਨੇ ਮੌੜ ਵਿਚ ਆਪਣੀ ਇੱਕ ਰੌਬਿਨਹੁੱਡ ਵਾਲੀ ਇਮੇਜ ਬਣਾਈ ਹੈ ਤੇ ਦਾਅਵਾ ਕਰਦੇ ਹਨ ਕਿ ਉਹ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਹਨ। ਟਰੈਕਟਰ ਤੇ ਉਹ ਜਦੋਂ ਉਹ ਰੈਲੀ ਵਾਲੀ ਥਾਂ 'ਤੇ ਪਹੁੰਚਦੇ ਤਾਂ ਲੋਕ ਉਨ੍ਹਾਂ ਦਾ ਗਰਮ-ਜੋਸ਼ੀ ਨਾਲ ਸਵਾਗਤ ਕਰਦੇ ।ਆਪਣੇ ਭਾਸ਼ਣਾਂ ਵਿਚ ਲੱਖਾ ਸਿਧਾਣਾ ਮਾਂ ਬੋਲੀ ਦੀ ਵੀ ਗੱਲ ਕਰਦੇ ਹਨ ਤੇ ਪਾਣੀਆਂ ਨੂੰ ਬਚਾਉਣ ਦੀ ਵੀ, ਜੋ ਕਿ ਇੱਥੇ ਵੱਡਾ ਮੁੱਦਾ ਹੈ।ਲੱਖਾ  ਪਹਿਲੀ ਵਾਰ ਚੋਣ ਨਹੀਂ ਲੜ ਰਹੇ। ਸਾਲ 2012 ਵਿੱਚ, ਲੱਖਾ ਸਿਧਾਣਾ ਨੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ  ਦੇ ਉਮੀਦਵਾਰ ਵਜੋਂ ਰਾਮਪੁਰਾ ਫ਼ੁਲ ਹਲਕੇ ਤੋਂ ਆਪਣੀ ਪਹਿਲੀ ਚੋਣ ਲੜੀ ਸੀ ਜੋ ਉਹ ਹਾਰ ਗਏ ਸੀ। ਮੁਕਾਬਲਾ ਇਸ ਵਾਰ ਵੀ ਬਹੁਤ ਫਸਵਾਂ ਹੈ। ਮੌੜ ਤੋਂ ਕੁਲ ਮਿਲਾ ਕੇ 15 ਉਮੀਦਵਾਰ ਮੁਕਾਬਲੇ ਵਿਚ ਹਨ। ਇਨ੍ਹਾਂ ਵਿਚ ਆਪ ਪਾਰਟੀ ਦੇ ਸੁਖਬੀਰ ਸਿੰਘ, ਕਾਂਗਰਸ ਦੀ ਡਾ਼ ਮਨੋਜ ਬਾਲਾ ਬੰਸਲ, ਭਾਜਪਾ ਦੇ ਦਿਆਲ ਸੋਢੀ ਤੇ ਸ਼ਿਰੋਮਣੀ ਅਕਾਲੀ ਦਲ ਦੇ ਜਗਮੀਤ ਸਿੰਘ ਬਰਾੜ ਸ਼ਾਮਿਲ ਹਨ। 

 

 ਪ੍ਰਗਟ ਸਿੰਘ ਟੁੁਣਕੀ    

 ਜੰਡਿਆਲਾ ਗੁਰੂ