ਪੁਲਸ ਦੀ ਕੁੱਟਮਾਰ ਬਾਰੇ ਬੋਲਣ 'ਤੇ ਐਮਐਲਏ ਸਿਮਰਜੀਤ ਸਿੰਘ ਬੈਂਸ ਦੀ ਸੁਰੱਖਿਆ ਵਾਪਸ ਲਈ

ਪੁਲਸ ਦੀ ਕੁੱਟਮਾਰ ਬਾਰੇ ਬੋਲਣ 'ਤੇ ਐਮਐਲਏ ਸਿਮਰਜੀਤ ਸਿੰਘ ਬੈਂਸ ਦੀ ਸੁਰੱਖਿਆ ਵਾਪਸ ਲਈ

ਲੋਕ ਇਨਸਾਫ ਪਾਰਟੀ ਦੇ ਐਮਐਲਏ ਸਿਮਰਜੀਤ ਸਿੰਘ ਬੈਂਸ ਵੱਲੋਂ ਲਾਕਡਾਊਨ ਦੌਰਾਨ ਪੁਲਸ ਵੱਲੋਂ ਲੋਕਾਂ ਨਾਲ ਕੀਤੀ ਜਾਂਦੀ ਕੁੱਟਮਾਰ 'ਤੇ ਸਵਾਲ ਚੁੱਕਣ ਮਗਰੋਂ ਉਹਨਾਂ ਨੂੰ ਦਿੱਤੀ ਗਈ ਪੁਲਸ ਸੁਰੱਖਿਆ ਵਾਪਸ ਲੈ ਲਈ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲਸ ਦਰਮਿਆਨ ਹੋਈ ਝੜਪ ਬਾਰੇ ਬੋਲਦਿਆਂ ਉਹਨਾਂ ਕਿਹਾ ਸੀ ਕਿ ਇਹ ਘਟਨਾ ਪੰਜਾਬ ਪੁਲਸ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਕੁੱਟਮਾਰ ਦਾ ਨਤੀਜਾ ਹੈ। 

ਜਿੱਥੇ ਕੱਲ੍ਹ ਸਾਰੀਆਂ ਪਾਰਟੀਆਂ ਵੱਲੋਂ ਪੁਲਸ ਦੀ ਸਖਤੀ ਵਧਾਉਣ ਦੀ ਵਕਾਲਤ ਕੀਤੀ ਜਾ ਰਹੀ ਸੀ ਉੱਥੇ ਸਿਮਰਜੀਤ ਸਿੰਘ ਬੈਂਸ ਨੇ ਸਥਾਪਤੀ ਦੇ ਉਲਟ ਜਾਂਦਿਆਂ ਪੁਲਸ ਵੱਲੋਂ ਕੀਤੀ ਜਾਂਦੀ ਲੋਕਾਂ ਦੀ ਕੁੱਟਮਾਰ ਦਾ ਮਸਲਾ ਚੁੱਕਿਆ ਸੀ। 

ਸਿਮਰਜੀਤ ਸਿੰਘ ਬੈਂਸ ਦੇ ਇਸ ਬਿਆਨ ਤੋਂ ਗੁੱਸੇ ਵਿਚ ਆਏ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਨੇ ਸਿਮਰਜੀਤ ਬੈਂਸ ਖਿਲਾਫ ਮਾਮਲਾ ਦਰਜ ਕਰਨ ਦੇ ਬਿਆਨ ਦਿੱਤੇ ਸਨ। ਇਹਨਾਂ ਮੰਤਰੀਆਂ ਵਿਚ ਅਰੁਣਾ ਚੌਧਰੀ, ਬਲਬੀਰ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਗਲਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਂ ਸ਼ਾਮਲ ਹਨ। 

ਸਿਮਰਜੀਤ ਸਿੰਘ ਬੈਂਸ ਨੇ ਅੱਜ ਵੀ ਆਪਣੇ ਬਿਆਨ 'ਤੇ ਕਾਇਮ ਰਹਿੰਦਿਆਂ ਕਿਹਾ ਕਿ ਉਹਨਾਂ ਦੇ ਬਿਆਨ ਦੀ ਵਿਆਖਿਆ ਗਲਤ ਕੀਤੀ ਗਈ। ਉਹਨਾਂ ਕਿਹਾ ਕਿ ਉਹ ਹੱਥ ਕੱਟਣ ਦੀ ਘਟਨਾ ਦੀ ਨਿੰਦਾ ਕਰਦੇ ਹਨ ਤੇ ਉਹਨਾਂ ਪੁਲਸ 'ਤੇ ਹਮਲੇ ਦਾ ਸਮਰਥਨ ਨਹੀਂ ਕੀਤਾ ਸੀ ਪਰ ਉਹ ਇਸ ਬਿਆਨ 'ਤੇ ਕਾਇਮ ਹਨ ਕਿ ਪੁਲਸ ਲੋਕਾਂ ਨਾਲ ਮਾੜਾ ਵਰਤਾਓ ਕਰ ਰਹੀ ਹੈ ਜਿਸ ਕਾਰਨ ਲੋਕਾਂ ਵਿਚ ਪੁਲਸ ਖਿਲਾਫ ਨਰਾਜ਼ਗੀ ਹੈ।

ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹਨਾਂ ਨੂੰ ਪੁਲਸ ਸੁਰੱਖਿਆ ਇਕ ਐਮਐਲਏ ਹੋਣ ਨਾਤੇ ਵਿਧਾਨ ਸਭਾ ਦੇ ਨਿਯਮਾਂ ਮੁਤਾਬਕ ਮਿਲੀ ਹੋਈ ਸੀ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਡੀਜੀਪੀ ਨੂੰ ਪੁੱਛ ਚੁੱਕੇ ਹਨ ਕਿ ਉਹਨਾਂ ਤੋਂ ਸੁਰੱਖਿਆ ਕਿਸ ਅਧਾਰ 'ਤੇ ਵਾਪਸ ਲਈ ਗਈ ਹੈ ਪਰ ਉਹਨਾਂ ਕਿਹਾ ਕਿ ਕੋਈ ਜਵਾਬ ਨਹੀਂ ਮਿਲਿਆ ਹੈ। 

ਲੁਧਿਆਣਾ ਪੁਲਸ ਕਮਿਸ਼ਨਰ ਰਕੇਸ਼ ਅਗਰਵਾਲ ਨੇ ਕਿਜਾ ਕਿ ਸਿਮਰਜੀਤ ਸਿੰਘ ਬੈਂਸ ਦੀ ਸੁਰੱਖਿਆ ਵਿਚ ਲਾਏ ਚਾਰ ਗੰਨਮੈਨਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ ਕਿਉਂਕਿ ਉਹਨਾਂ ਦੇ ਕੱਲ੍ਹ ਵਾਲੇ ਬਿਆਨ ਨੇ ਪੰਜਾਬ ਪੁਲਸ ਦੀ ਤੌਹੀਨ ਕੀਤੀ ਹੈ।

ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਕਿੜ ਕੱਢਣ ਲਈ ਉਹਨਾਂ ਦੇ ਬਿਆਨ ਨੂੰ ਜਾਣ ਬੁੱਝ ਕੇ ਸਿਆਸੀ ਰੰਗਤ ਦੇ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਖਿਲਾਫ ਸਿਟੀ ਸੈਂਟਰ ਘੁਟਾਲੇ ਸਬੰਧੀ ਉਹਨਾਂ ਵੱਲੋਂ ਕੀਤੀ ਕਾਰਵਾਈ ਕਰਕੇ ਇਹ ਸਭ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਮੰਤਰੀਆਂ ਦੀਆਂ ਧਮਕੀਆਂ ਦੀ ਪ੍ਰਵਾਹ ਨਹੀਂ ਕਰਦੇ ਤੇ ਨਾ ਹੀ ਉਹ ਗੰਨਮੈਨਾਂ ਦੇ ਸਹਾਰੇ 'ਤੇ ਰਾਜਨੀਤੀ ਕਰਦੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।