ਦਿੱਲੀ ਹਿੰਸਾ: ਜ਼ਖਮੀਆਂ ਨੂੰ ਹਸਪਤਾਲ ਵੀ ਨਹੀਂ ਲਿਜਾਣ ਦੇ ਰਹੀ ਪੁਲਸ

ਦਿੱਲੀ ਹਿੰਸਾ: ਜ਼ਖਮੀਆਂ ਨੂੰ ਹਸਪਤਾਲ ਵੀ ਨਹੀਂ ਲਿਜਾਣ ਦੇ ਰਹੀ ਪੁਲਸ

ਨਵੀਂ ਦਿੱਲੀ: ਦਿੱਲੀ ਦੀ ਹਿੰਸਾ ਵਿਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਲਈ ਰਾਤ 1/30 ਵਜੇ ਦੇ ਕਰੀਬ ਦਿੱਲੀ ਹਾਈ ਕੋਰਟ ਨੇ ਇਕ ਵਕੀਲ ਦੀ ਅਪੀਲ 'ਤੇ ਸੁਣਵਾਈ ਕਰਕੇ ਪੁਲਸ ਨੂੰ ਹੁਕਮ ਜਾਰੀ ਕੀਤੇ ਕਿ ਜ਼ਖਮੀਆਂ ਨੂੰ ਹਸਪਤਾਲ ਤਕ ਪਹੁੰਚਾਇਆ ਜਾਵੇ। ਦਿੱਲੀ ਦੇ ਮੁਸਤਫਾਬਾਦ ਇਲਾਕੇ 'ਚ ਹੋਈ ਹਿੰਸਾ ਵਿਚ ਜ਼ਖਮੀ ਹੋਏ 20 ਦੇ ਕਰੀਬ ਲੋਕਾਂ ਨੂੰ ਨੇੜੇ ਸਥਿਤ ਅਲ ਹਿੰਦ ਹਸਪਤਾਲ ਵਿਚ ਰੱਖਿਆ ਗਿਆ ਸੀ। ਪਰ ਇਹ ਹਸਪਤਾਲ ਛੋਟਾ ਹੋਣ ਕਰਕੇ ਇੱਥੇ ਇਲਾਜ ਲਈ ਜ਼ਰੂਰੀ ਸਾਜ਼ੋ-ਸਮਾਨ ਨਹੀਂ ਸੀ। ਇੱਥੇ ਲਿਆਂਦੇ ਜ਼ਖਮੀਆਂ ਵਿਚੋਂ 2 ਦੀ ਮੌਤ ਹੋ ਚੁੱਕੀ ਸੀ। ਪਰ ਇਸ ਹਸਪਤਾਲ ਤੋਂ ਜ਼ਖਮੀਆਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਣ ਲਈ ਐਂਬੂਲੈਂਸ ਨੂੰ ਇਸ ਇੱਥੇ ਨਹੀਂ ਆਉਣ ਦਿੱਤਾ ਜਾ ਰਿਹਾ ਸੀ। ਪੁਲਸ ਵੱਲੋਂ ਐਂਬੂਲੈਂਸ ਨੂੰ ਰਾਹ ਵਿਚ ਹੀ ਰੋਕੀ ਰੱਖਿਆ ਗਿਆ। 

ਅਲ ਹਿੰਦ ਹਸਪਤਾਲ ਵੱਲੋਂ ਇਸ ਹਾਲਾਤ ਸਬੰਧੀ ਇਕ ਸੁਨੇਹਾ ਪਾ ਕੇ ਜਾਣਕਾਰੀ ਦਿੱਤੀ ਗਈ ਕਿ ਲੋਕ ਇਲਾਜ਼ ਤੋਂ ਬਿਨ੍ਹਾਂ ਮਰ ਰਹੇ ਹਨ ਤੇ ਪੁਲਸ ਐਂਬੂਲੈਂਸ ਨੂੰ ਆਉਣ ਨਹੀਂ ਦੇ ਰਹੀ। ਹਾਈ ਕੋਰਟ ਦੇ ਹੁਕਮਾਂ ਮਗਰੋਂ ਪੁਲਸ ਨੇ ਜ਼ਖਮੀਆਂ ਨੂੰ ਇਸ ਹਸਪਤਾਲ ਤੋਂ ਵੱਡੇ ਹਸਪਤਾਲਾਂ 'ਚ ਤਬਦੀਲ ਕੀਤਾ। 

ਪੁਲਸ ਦੀ ਇਸ ਘਟੀਆ ਕਾਰਗੁਜ਼ਾਰੀ ਨੂੰ ਸਹਿਣ ਕਰਨ ਵਾਲੇ ਡਾ. ਹਰਜੀਤ ਸਿੰਘ ਭੱਟੀ ਨੇ ਆਪਣੇ ਟਵਿੱਟਰ ਖਾਤੇ 'ਤੇ ਲਿਖਿਆ, "ਸਾਡੇ ਲੋਕਤੰਤਰ ਲਈ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਮੈਡੀਕਲ ਏਡ ਦੇਣ ਲਈ ਵੀ ਸਾਨੂੰ ਅਦਾਲਤੀ ਦਖਲ ਦੀ ਲੋੜ ਪੈ ਰਹੀ ਹੈ।" ਦੱਸ ਦਈਏ ਕਿ ਜਿਹਨਾਂ ਐਂਬੂਲੈਂਸਾਂ ਨੂੰ ਪੁਲਸ ਨੇ ਰੋਕ ਕੇ ਰੱਖਿਆ ਸੀ ਉਹਨਾਂ ਵਿਚ ਇਕ ਐਂਬੂਲੈਂਸ ਡਾ. ਹਰਜੀਤ ਸਿੰਘ ਭੱਟੀ ਦੀ ਵੀ ਸੀ।