ਦਿੱਲੀ ਗੁਰਦੁਆਰਾ ਕਮੇਟੀ ਚੋਣਾਂ : 46 ਹਲਕਿਆਂ ‘ਚ 3,80,091 ਵੋਟਰ ਕਰਨਗੇ ਅਧਿਕਾਰਾਂ ਦੀ ਵਰਤੋਂ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ  : 46 ਹਲਕਿਆਂ ‘ਚ 3,80,091 ਵੋਟਰ ਕਰਨਗੇ ਅਧਿਕਾਰਾਂ ਦੀ ਵਰਤੋਂ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 26 ਫਰਵਰੀ ਨੂੰ ਹੋਣੀਆਂ ਹਨ। ਦਿੱਲੀ ਗੁਰਦੁਆਰਾ ਚੋਣ ਵਿਭਾਗ ਦੀ ਸੂਚੀ ਮੁਤਾਬਕ ਇਸ ਵਾਰ ਸਿਰਫ 3 ਲੱਖ 80 ਹਜ਼ਾਰ 91 ਵੋਟਰ ਹਨ, ਜਿਨ੍ਹਾਂ ਵਿਚੋਂ 1 ਲੱਖ 92 ਹਜ਼ਾਰ 691 ਮਰਦ ਤੇ 1 ਲੱਖ 87 ਹਜ਼ਾਰ 691 ਔਰਤ ਵੋਟਰ ਹਨ ਜਦਕਿ ਸਾਲ 2013 ਦੀਆਂ ਪਿਛਲੀਆਂ ਚੋਣਾਂ ਵਿਚ ਕੁੱਲ 4 ਲੱਖ 11 ਹਜ਼ਾਰ 218 ਵੋਟਰ ਸਨ। ਦਿੱਲੀ ਗੁਰਦੁਆਰਾ ਐਕਟ-1971 ਹੋਂਦ ਵਿਚ ਆਉਣ ਉਪਰੰਤ ਹੁਣ ਤੱਕ ਦਿੱਲੀ ਕਮੇਟੀ ਦੀਆਂ 6 ਵਾਰ ਆਮ ਚੋਣਾਂ ਹੋ ਚੁੱਕੀਆਂ ਹਨ ਤੇ ਹੁਣ 7ਵੀਂ ਵਾਰ 26 ਫਰਵਰੀ, 2017 ਨੂੰ ਦਿੱਲੀ ਦੇ ਸਿੱਖ ਵੋਟਰ ਆਪਣੀ ਵੋਟ ਦੀ ਵਰਤੋਂ ਕਰਦੇ ਹੋਏ ਦਿੱਲੀ ਦੇ 46 ਹਲਕਿਆਂ ਦੇ ਨੁਮਾਇੰਦੇ ਚੁਣਨਗੇ। ਭਾਰਤ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਐਕਟ-1971 ਦੀ ਧਾਰਾ 3 ਤਹਿਤ ਸਥਾਪਤ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਮਨੋਰਥ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਤੇ ਕਮੇਟੀ ਅਧੀਨ ਵਿਦਿਅਕ ਅਦਾਰਿਆਂ ਦੀ ਸੇਵਾ-ਸੰਭਾਲ ਕਰਨਾ ਹੈ। ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਵਿਭਾਗ ਵੱਲੋਂ ਹਰ 4 ਸਾਲ ਬਾਅਦ ਆਮ ਚੋਣਾਂ ਕਰਵਾਏ ਜਾਣ ਦਾ ਨਿਯਮ ਹੈ ਤੇ ਦਿੱਲੀ ਗੁਰਦੁਆਰਾ ਐਕਟ ਲਾਗੂ ਹੋਣ ਉਪਰੰਤ ਪਹਿਲੀਆਂ ਗੁਰਦੁਆਰਾ ਚੋਣਾਂ 30 ਮਾਰਚ 1975 ਵਿਚ ਹੋਈਆਂ ਸਨ ਤੇ 28 ਅਪ੍ਰੈਲ 1975 ਨੂੰ ਪਹਿਲੀ ਗੁਰਦੁਆਰਾ ਕਮੇਟੀ ਹੋਂਦ ਵਿਚ ਆਈ ਸੀ। ਉਸ ਤੋਂ ਬਾਅਦ ਕਈ ਵਾਰ ਆਮ ਚੋਣਾਂ ਸਮੇਂ ਸਿਰ ਨਹੀਂ ਹੋ ਸਕੀਆ, ਜਿਸ ਕਾਰਨ ਜਿਹੜੀਆਂ ਚੋਣਾਂ 4 ਸਾਲ ਦੇ ਨਿਯਮ ਮੁਤਾਬਕ 11 ਵਾਰ ਹੋ ਸਕਦੀਆਂ ਸਨ, ਉਹ ਹਾਲੇ 6 ਵਾਰ ਹੀ ਹੋ ਸਕੀਆਂ ਹਨ ਤੇ ਪਿਛੋਕੜ ਵਿਚ ਕਈ ਵਾਰ ਲੰਮੇ ਸਮੇਂ ਤੱਕ ਚੋਣਾਂ ਵਿਚ ਦੇਰੀ ਹੁੰਦੀ ਰਹੀ ਹੈ। ਪਿਛਲੀਆਂ ਗੁਰਦੁਆਰਾ ਚੋਣਾਂ ਜਨਵਰੀ 2013 ਵਿਚ ਹੋਈਆਂ ਸਨ ਤੇ ਹੁਣ 4
ਸਾਲ ਬਾਅਦ ਅਗਲੀਆਂ ਚੋਣਾਂ ਤਕਰੀਬਨ ਤੈਅ ਸਮੇਂ ‘ਤੇ ਹੀ ਹੋ ਰਹੀਆਂ ਹਨ। ਗੁਰਦੁਆਰਾ ਚੋਣਾਂ ਲਈ ਦਿੱਲੀ ਨੂੰ 46 ਹਲਕਿਆਂ ਵਿਚ ਵੰਡਿਆ ਗਿਆ ਹੈ ਤੇ ਹੁਣ ਪਿਛਲੇ ਵਰ੍ਹੇ ਇਨ੍ਹਾਂ ਹਲਕਿਆਂ ਦੀ ਮੁੜ ਤੋਂ ਹੱਦਬੰਦੀ ਕੀਤੀ ਗਈ ਹੈ, ਜਿਸ ਕਾਰਨ ਤਕਰੀਬਨ ਹਰੇਕ ਹਲਕੇ ਦੇ ਸਿਆਸੀ ਸਮੀਕਰਨਾਂ ਵਿਚ ਭਾਰੀ ਬਦਲਾਅ ਆ ਗਿਆ ਹੈ। ਦਿੱਲੀ ਕਮੇਟੀ ਵਾਸਤੇ 46 ਮੈਂਬਰਾਂ ਦੀ ਚੋਣ ਸਿੱਖ ਵੋਟਰਾਂ ਵੱਲੋਂ ਵੋਟ ਰਾਹੀਂ ਕੀਤੀ ਜਾਂਦੀ ਹੈ ਤੇ ਚੋਣ ਨਤੀਜੇ ਆਉਣ ਉਪਰੰਤ 15 ਦਿਨ ਦੇ ਅੰਦਰ ਚੋਣ ਡਾਇਰੈਕਟਰ ਵੱਲੋਂ 46 ਚੁਣੇ ਹੋਏ ਮੈਂਬਰਾਂ ਦੀ ਮੀਟਿੰਗ ਸੱਦੀ ਜਾਂਦੀ ਹੈ, ਜਿਸ ਵਿਚ 9 ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ। ਇਨ੍ਹਾਂ 9 ਮੈਂਬਰਾਂ ਵਿਚ 4 ਤਖਤਾਂ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ 1 ਨੁਮਾਇਦਾ ਸ਼੍ਰੋਮਣੀ ਕਮੇਟੀ ਦਾ ਹੁੰਦਾ ਹੈ ਤੇ ਦਿੱਲੀ ਦੀਆਂ ਰਜਿਸਟਰਡ ਸਿੰਘ ਸਭਾਵਾਂ ਦੇ 2 ਪ੍ਰਧਾਨ ਲਾਟਰੀ ਰਾਹੀਂ ਮੈਂਬਰ ਮਨੋਨੀਤ ਹੁੰਦੇ ਹਨ। ਇਸ ਤੋਂ ਇਲਾਵਾ ਦਿੱਲੀ ਦੇ ਚੁਣੇ ਗਏ 46 ਮੈਂਬਰਾਂ ਵੱਲੋਂ ਦਿੱਲੀ ਦੇ 2 ਸਿੱਖ ਪ੍ਰਤੀਨਿਧੀਆਂ ਨੂੰ ਵੋਟਾਂ ਰਾਹੀਂ ਚੁਣ ਕੇ ਨਾਮਜ਼ਦ ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਕੁੱਲ 55 ਮੈਂਬਰਾਂ ਵਾਲੀ ਕਮੇਟੀ ਤਿਆਰ ਹੋ ਜਾਂਦੀ ਹੈ। 55 ਮੈਂਬਰੀ ਕਮੇਟੀ ਤਿਆਰ ਹੋਣ ਉਪਰੰਤ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵੱਲੋਂ 15 ਦਿਨ ਦੇ ਅੰਦਰ ਕਮੇਟੀ ਦੀ ਪਹਿਲੀ ਮੀਟਿੰਗ ਸੱਦੀ ਜਾਂਦੀ ਹੈ, ਜਿਸ ਵਿਚ ਦਿੱਲੀ ਕਮੇਟੀ ਦੇ 5 ਮੁਖੀ ਅਹੁਦੇਦਾਰਾਂ ਤੇ ਕਾਰਜਕਾਰੀ ਬੋਰਡ ਦੇ 10 ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਇਸ ਕਾਰਜਕਾਰੀ ਬੋਰਡ ਦੀ ਮਿਆਦ 2 ਸਾਲ ਦੀ ਹੁੰਦੀ ਹੈ ਤੇ 2 ਸਾਲ ਬਾਅਦ ਨਵੇਂ ਅਹੁਦੇਦਾਰਾਂ ਤੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਦੀ ਚੋਣ ਮੁੜ ਤੋਂ ਗੁਰਦੁਆਰਾ ਚੋਣ ਵਿਭਾਗ ਵੱਲੋਂ ਕਰਵਾਈ ਜਾਂਦੀ ਹੈ। ਦਿੱਲੀ ਗੁਰਦੁਆਰਾ ਚੋਣਾਂ ਵਿਚ ਹਿੱਸਾ ਲੈਣ ਲਈ ਉਮੀਦਵਾਰ ਦੀ ਉਮਰ 25 ਤੋਂ ਵੱਧ ਹੋਣੀ ਚਾਹੀਦੀ ਹੈ ਤੇ ਉਹ ਅੰਮ੍ਰਿਤਧਾਰੀ, ਭਾਰਤ ਦਾ ਨਾਗਰਿਕ ਤੇ ਗੁਰਦੁਆਰਾ ਵੋਟਰ ਸੂਚੀ ਵਿਚ ਉਸ ਦਾ ਨਾਂਅ ਦਰਜ ਹੋਣਾ ਚਾਹੀਦਾ ਹੈ। ਉਹ ਪਤਿਤ, ਪਾਗਲ ਜਾ ਦਿਵਾਲੀਆ ਨਾ ਹੋਵੇ, ਸਜ਼ਾ ਯਾਫਤਾ ਨਾ ਹੋਵੇ ਤੇ ਦਿੱਲੀ ਕਮੇਟੀ ਜਾਂ ਦਿੱਲੀ ਦੇ ਕਿਸੇ ਹੋਰ ਸਥਾਨਕ ਗੁਰਦੁਆਰੇ ਦਾ ਮੁਲਾਜ਼ਮ ਨਾ ਹੋਵੇ। ਇਸ ਤੋਂ ਇਲਾਵਾ ਉਸ ਨੂੰ ਪੰਜਾਬੀ ਪੜ੍ਹਨੀ ਤੇ ਲਿਖਣੀ ਆਉਣੀ ਚਾਹੀਦੀ ਹੈ।