ਚੀਨ ਨੇ ਭਾਰਤ 'ਤੇ ਮੜਿਆ ਲੜਾਈ ਦਾ ਕਸੂਰ, ਕਿਸੇ ਚੀਨੀ ਫੌਜੀ ਦੀ ਨਹੀਂ ਮੰਨੀ ਮੌਤ; ਭਾਰਤ ਦੇ 13 ਫੌਜੀਆਂ ਦੀ ਮੌਤ ਦੀ ਰਿਪੋਰਟ

ਚੀਨ ਨੇ ਭਾਰਤ 'ਤੇ ਮੜਿਆ ਲੜਾਈ ਦਾ ਕਸੂਰ, ਕਿਸੇ ਚੀਨੀ ਫੌਜੀ ਦੀ ਨਹੀਂ ਮੰਨੀ ਮੌਤ; ਭਾਰਤ ਦੇ 13 ਫੌਜੀਆਂ ਦੀ ਮੌਤ ਦੀ ਰਿਪੋਰਟ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੋਮਵਾਰ ਰਾਤ ਨੂੰ ਲੱਦਾਖ ਵਿਚ ਵਿਵਾਦਤ ਸਰਹੱਦ 'ਤੇ ਚੀਨ ਅਤੇ ਭਾਰਤੀ ਫੌਜੀਆਂ ਦਰਮਿਆਨ ਹੋਈ ਹੱਥੋ ਹੱਥ ਲੜਾਈ ਸਬੰਧੀ ਚੀਨ ਦੇ ਵਿਦੇਸ਼ ਮਹਿਕਮੇ ਨੇ ਬਿਆਨ ਜਾਰੀ ਕਰਦਿਆਂ ਭਾਰਤ 'ਤੇ ਸਰਹੱਦੀ ਹੱਦ ਦੀ ਉੇਲੰਘਣਾ ਦਾ ਦੋਸ਼ ਲਾਇਆ ਹੈ। ਚੀਨ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਜ਼ਹਾਓ ਲੀਜੀਅਨ ਨੇ ਕਿਹਾ ਕਿ ਭਾਰਤੀ ਫੌਜੀ ਸਰਹੱਦ ਦੀ ਤੈਅ ਲਕੀਰ ਲੰਘ ਕੇ ਚੀਨ ਵਾਲੇ ਪਾਸੇ ਆਏ ਸਨ ਜਿਸ ਤੋਂ ਬਾਅਦ ਇਹ ਲੜਾਈ ਹੋਈ। 

ਇਸ ਲੜਾਈ ਵਿਚ ਭਾਰਤ ਦੇ ਇਕ ਕਰਨਲ ਅਤੇ ਦੋ ਹੋਰ ਫੌਜੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਭਾਰਤੀ ਮੀਡੀਆ ਵੱਲੋਂ ਇਹ ਖਬਰ ਫੈਲਾਈ ਗਈ ਕਿ ਇਸ ਲੜਾਈ ਵਿਚ ਚੀਨ ਦੇ ਪੰਜ ਫੌਜੀ ਵੀ ਮਾਰੇ ਗਏ ਹਨ ਪਰ ਚੀਨ ਦੇ ਸਰਕਾਰੀ ਬਿਆਨ ਨੇ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ। ਹਲਾਂਕਿ ਬਿਆਨ ਵਿਚ ਫੌਜੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

"ਦਾ ਟੈਲੀਗ੍ਰਾਫ" ਅਖਬਾਰ ਨੇ ਖੂਫੀਆ ਸੂਤਰਾਂ ਦੇ ਹਵਾਲੇ ਨਾਲ ਖਬਰ ਛਾਪੀ ਹੈ ਕਿ ਲੱਦਾਖ ਦੀ ਗਾਲਵਾਨ ਵੈਲੀ ਵਿਚ ਬੀਤੀ ਰਾਤ ਦੀ ਲੜਾਈ 'ਚ ਭਾਰਤ ਦੇ ਕੁੱਲ 13 ਫੌਜੀ ਮਾਰੇ ਗਏ ਹਨ। ਇਸ ਤੋਂ ਇਲਾਵਾ ਇਹ ਵੀ ਛਾਪਿਆ ਗਿਆ ਹੈ ਕਿ 32 ਭਾਰਤੀ ਫੌਜੀਆਂ ਨੂੰ ਚੀਨ ਨੇ ਬੰਦੀ ਬਣਾ ਲਿਆ ਸੀ, ਜਿਹਨਾਂ ਨੂੰ ਬਾਅਦ ਵਿਚ ਭਾਰਤ ਹਵਾਲੇ ਕੀਤਾ ਗਿਆ ਅਤੇ ਚਾਰ ਹੋਰ ਫੌਜੀ ਲਾਪਤਾ ਦੱਸੇ ਗਏ ਸਨ। 

ਚੀਨੀ ਮਿਲਟਰੀ ਦੇ ਬੁਲਾਰੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਿਛਲੇ ਦਿਨਾਂ ਦੌਰਾਨ ਭਾਰਤ ਅਤੇ ਚੀਨ ਦੇ ਫੌਜੀ ਅਫਸਰਾਂ ਦਰਮਿਆਨ ਹੋਈਆਂ ਬੈਠਕਾਂ ਵਿਚ ਹੋਏ ਸਮਝੌਤੇ ਨੂੰ ਤੋੜਦਿਆਂ ਇਕ ਵਾਰ ਫੇਰ ਤੈਅ ਸਰਹੱਦੀ ਲਕੀਰ (ਐਲ.ਏ.ਸੀ) ਲੰਘ ਕੇ ਚੀਨ ਦੇ ਇਲਾਕੇ ਵਿਚ ਆ ਗਏ ਸਨ। ਉਹਨਾਂ ਦੋਸ਼ ਲਾਇਆ ਕਿ ਭਾਰਤੀ ਫੌਜੀਆਂ ਵੱਲੋਂ ਚੀਨੀ ਫੌਜੀਆਂ ਨੂੰ ਲੜਾਈ ਲਈ ਉਕਸਾਇਆ ਗਿਆ। 

ਉਹਨਾਂ ਦੋਸ਼ ਲਾਇਆ ਕਿ ਭਾਰਤੀ ਫੌਜ ਆਪਣੀ ਜ਼ਬਾਨ ਤੋਂ ਮੁੱਕਰੀ ਹੈ ਤੇ ਪਿਛਲੇ ਦਿਨਾਂ ਦੌਰਾਨ ਦੋਵਾਂ ਦੇਸ਼ਾਂ ਦੇ ਫੌਜੀ ਅਫਸਰਾਂ ਦਰਮਿਆਨ ਹੋਏ ਸਮਝੌਤਿਆਂ ਨੂੰ ਤੋੜਿਆ ਹੈ। 

ਫੌਜ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਨੂੰ ਇਹ ਹਮਲਾਵਰ ਰੁੱਖ ਛੱਡ ਕੇ ਗੱਲ ਬਾਤ ਰਾਹੀਂ ਮਸਲਾ ਹੱਲ ਕਰਨ ਵੱਲ ਮੁੜਨਾ ਚਾਹੀਦਾ ਹੈ। 

ਚੀਨ ਦੇ ਵਿਦੇਸ਼ ਮਹਿਕਮੇ ਨੇ ਵੀ ਇਹੋ ਗੱਲ ਕਹੀ ਹੈ ਜੋ ਫੌਜ ਦੇ ਬੁਲਾਰੇ ਨੇ ਕਹੀ। 

ਭਾਰਤੀ ਵਿਦੇਸ਼ ਮਹਿਕਮੇ ਨੇ ਚੀਨ 'ਤੇ ਹਮਲਾਵਰ ਰੁੱਖ ਅਪਨਾਉਣ ਦਾ ਦੋਸ਼ ਲਾਇਆ ਹੈ। ਭਾਰਤੀ ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨ ਪਹਿਲਾਂ ਤੈਅ ਹੱਦਾਂ ਦੀ ਉਲੰਘਣਾ ਕਰ ਰਿਹਾ ਹੈ। 

ਭਾਰਤ ਨੇ ਕਿਹਾ ਕਿ ਉਹਨਾਂ ਦੇ ਫੌਜੀ ਭਾਰਤੀ ਇਲਾਕੇ ਵਿਚ ਹੀ ਸਨ ਤੇ ਚੀਨ ਦੇ ਫੌਜੀਆਂ ਨੇ ਭਾਰਤੀ ਇਲਾਕੇ ਵਿਚ ਦਾਖਲ ਹੋ ਕੇ ਇਹ ਹਮਲਾ ਕੀਤਾ ਹੈ। ਭਾਰਤ ਨੇ ਕਿਹਾ ਕਿ ਚੀਨ ਪਹਿਲਾਂ ਤੈਅ ਹੱਦਾਂ ਨੂੰ ਮੰਨੇ ਅਤੇ ਭਾਰਤ ਅਮਨ ਤੇ ਸ਼ਾਂਤੀ ਚਾਹੁੰਦਾ ਹੈ।