ਕੈਨੇਡਾ ਦੇ ਸਿੱਖ ਮੰਤਰੀ ਦਰਸ਼ਨ ਸਿੰਘ ਕੰਗ ਛੇੜਛਾੜ ਦੇ ਦੋਸ਼ਾਂ ‘ਚ ਘਿਰੇ

ਕੈਨੇਡਾ ਦੇ ਸਿੱਖ ਮੰਤਰੀ ਦਰਸ਼ਨ ਸਿੰਘ ਕੰਗ ਛੇੜਛਾੜ ਦੇ ਦੋਸ਼ਾਂ ‘ਚ ਘਿਰੇ

ਟੋਰਾਂਟੋ/ਬਿਊਰੋ ਨਿਊਜ਼ :
ਪਿਛਲੇ ਕੁਝ ਦਿਨਾਂ ਤੋਂ ਕੈਨੇਡੀਅਨ ਮੀਡੀਆ ਵਿਚ ਸਿੱਖ ਸਿਆਸਤਦਾਨ ਸੁਰਖੀਆਂ ਵਿਚ ਹੈ ਪਰ ਇਸ ਦੇ ਤੱਤ ਸਾਰ ‘ਸ਼ਾਬਾਸ਼ੀ’ ਵਾਲੇ ਨਹੀਂ ‘ਨਮੋਸ਼ੀ’ ਵਾਲੇ ਹਨ। ਕੈਲਗਰੀ ਤੋਂ ਲਿਬਰਲ ਪਾਰਟੀ ਦੇ ਐਮਪੀ ਦਰਸ਼ਨ ਸਿੰਘ ਕੰਗ (66) ਉਤੇ ਉਸ ਦੇ ਦਫ਼ਤਰ ਵਿਚ ਕੰਮ ਕਰਦੀ ਲੜਕੀ ਵੱਲੋਂ ਜਿਸਮਾਨੀ ਛੇੜਛਾੜ ਦੇ ਦੋਸ਼ ਲਾਏ ਗਏ ਹਨ ਅਤੇ ਇਸ ਦੀ ਜਾਂਚ ਚਲ ਰਹੀ ਹੈ। ਬੇਸ਼ਕ ਇਨ੍ਹਾਂ ਦੋਸ਼ਾਂ ਨੂੰ ਸ੍ਰੀ ਕੰਗ ਨੇ ਨਕਾਰਿਆ ਹੈ ਪਰ ਵਿਰੋਧੀ ਧਿਰਾਂ ਉਸ ਦੀ ਫੌਰੀ ਬਰਖਾਸਤਗੀ ਮੰਗ ਰਹੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਸੈੱਲ ਨੂੰ ਆਪਣੀ ਕਾਰਵਾਈ ਕਰ ਲੈਣ ਦਿਉ। ਉਧਰ ਸੰਸਦ ਮੈਂਬਰ ਨੇ ਆਖਿਆ ਹੈ ਕਿ ਉਹ ਅਜਿਹੇ ਬੇਬੁਨਿਆਦ ਦੋਸ਼ਾਂ ਕਾਰਨ ਮਾਨਸਿਕ ਬੋਝ ਹੇਠ ਹੈ ਅਤੇ ਮੈਡੀਕਲ ਛੁੱਟੀ ‘ਤੇ ਚਲਾ ਗਿਆ ਹੈ। ਸ੍ਰੀ ਕੰਗ ‘ਤੇ ਦੋਸ਼ਾਂ ਦਾ ਮਾਮਲਾ ਅਗਸਤ ਦੇ ਸ਼ੁਰੂ ਵਿਚ ਬਾਹਰ ਆਇਆ ਜਦੋਂ ਉਸ ਦੇ ਸਟਾਫ ਵਿਚ ਕੰਮ ਕਰਦੀ ਕੁੜੀ ਨੇ ਪਾਰਲੀਮੈਂਟ ਦੇ ਮਨੁੱਖੀ ਸਰੋਤ ਅਫ਼ਸਰ ਕੋਲ ਸ਼ਿਕਾਇਤ ਕੀਤੀ। ‘ਟੋਰਾਂਟੋ ਸਟਾਰ’ ਮੁਤਾਬਕ ਸ੍ਰੀ ਕੰਗ ਨੇ ਇਹ ਗੱਲ ਦਬਾਈ ਰੱਖਣ ਲਈ ਪੀੜਤ ਲੜਕੀ ਨੂੰ ਇਕ ਲੱਖ ਡਾਲਰ ਤਕ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ। ਲੜਕੀ ਸ੍ਰੀ ਕੰਗ ਦੀ ਵਿਧਾਇਕੀ ਵੇਲੇ ਤੋਂ ਹੀ ਉਸ ਦੇ ਸਟਾਫ ਨਾਲ ਜੁੜੀ ਹੋਈ ਸੀ ਅਤੇ ਲੜਕੀ ਦਾ ਪਿਤਾ ਉਸ ਦਾ ਨਜ਼ਦੀਕੀ ਦੋਸਤ ਹੈ। ਪੀੜਤ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਚਾਰ-ਪੰਜ ਸਾਲ ਤੋਂ ਐਮਪੀ ਵੱਲੋਂ ਕੁੜੀ ਨੂੰ ਤੰਗ ਕੀਤਾ ਜਾ ਰਿਹਾ ਸੀ। ਕੇਂਦਰ ਦੀ ਸਿਆਸਤ ਵਿਚ ਆਉਣ ਤੋਂ ਪਹਿਲਾਂ ਸ੍ਰੀ ਕੰਗ 2008 ਤੋਂ 2015 ਤਕ ਅਲਬਰਟਾ ਤੋਂ ਵਿਧਾਇਕ ਵੀ ਰਹੇ। ਸ੍ਰੀ ਕੰਗ ਨੇ ਆਖਿਆ ਕਿ ਉਹ ਹਰ ਕੀਮਤ ‘ਤੇ ਆਪਣੇ ਅਕਸ ਅਤੇ ਵੱਕਾਰ ਨੂੰ ਬਚਾਵੇਗਾ।