ਸੈਨਹੋਜ਼ੇ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਵਿਚ ਸੰਗਤ ਵੱਲੋਂ ਵੱਡੇ ਬਦਲਾਅ ਦਾ ਪ੍ਰਗਟਾਵਾ 

ਸੈਨਹੋਜ਼ੇ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਵਿਚ ਸੰਗਤ ਵੱਲੋਂ ਵੱਡੇ ਬਦਲਾਅ ਦਾ ਪ੍ਰਗਟਾਵਾ 

ਸੈਨਹੋਜ਼ੇ/ਏਟੀ ਨਿਊਜ਼: ਲੰਘੇ ਐਤਵਾਰ “ਸਾਧ ਸੰਗਤ ਸਲੇਟ” ਵੱਲੋਂ ਸੈਨਹੋਜ਼ੇ ਗੁਰਦੁਆਰਾ ਸਾਹਿਬ ਦੀਆਂ 22 ਸਤੰਬਰ ਨੂੰ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖਦਿਆਂ, ਆਰੀਆ ਰੈਸਟੋਰਂੈਟ ਮਿਲਪੀਟਸ ਵਿੱਚ ਸਿੱਖ ਸੰਗਤਾਂ ਦਾ ਇੱਕ ਇਕੱਠ ਬੁਲਾਇਆ ਗਿਆ ਸੀ। ਭਾਰੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਇਨ੍ਹਾਂ ਚੋਣਾਂ ਵਿਚ ਵੱਡੇ ਬਦਲਾਅ ਦਾ ਪ੍ਰਗਟਾਵਾ ਕਰਦਿਆਂ “ਸਾਧ ਸੰਗਤ ਸਲੇਟ” ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਦਾ ਫੈਸਲਾ ਕੀਤਾ।

ਜ਼ਿਕਰਯੋਗ ਹੈ ਕਿ ਮੌਜੂਦਾ ਪ੍ਰਬੰਧਕ ਪਿਛਲੇ ਲੰਬੇ ਸਮੇਂ ਤੋਂ ਪਰਿਵਾਰਕ ਰੂਪ ਵਿਚ ਪੀੜ੍ਹੀ ਦਰ ਪੀੜ੍ਹੀ ਕਬਜ਼ਾ ਜਮਾ ਕੇ ਬੈਠੇ ਹੋਏ ਹਨ ਅਤੇ ਨਵੇਂ ਕਿਸੇ ਸੰਗਤ ਮੈਂਬਰ ਨੂੰ ਮੌਕਾ ਨਹੀਂ ਦੇ ਰਹੇ। ਇਸੇ ਸੰਦਰਭ ਵਿਚ ਮੌਜੂਦਾ ਪ੍ਰਬੰਧਕਾਂ ਨੇ ਗੁਰਦੁਆਰਾ ਸਾਹਿਬ ਦੇ ਸੰਵਿਧਾਨ ਵਿਚ ਖਤਰਨਾਕ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਰ ਰਹੇ ਹਨ।  ਅਜਿਹਾ ਕਰਕੇ ਮੌਜੂਦਾ ਪ੍ਰਬੰਧਕ 'ਗੁਰੂ ਕੀ ਗੋਲਕ' ਦਾ ਲੱਖਾਂ ਡਾਲਰ ਅਦਾਲਤਾਂ ਵਿਚ ਉਜਾੜ ਰਹੇ ਹਨ । 

ਇਸ ਇਕੱਠ ਵਿਚ ਮੌਜੂਦਾ ਪ੍ਰਬੰਧਕਾਂ ਵੱਲੋਂ ਸੰਵਿਧਾਨ ਵਿਚ ਦੁਬਾਰਾ ਖਤਰਨਾਕ ਤਬਦੀਲੀ ਸਬੰਧੀ ਘਰਾਂ ਵਿਚ ਪਾਈਆਂ ਗਈਆਂ ਚਿੱਠੀਆਂ ਅਤੇ ਵਿਰੋਧੀ ਧਿਰ ਨੂੰ ਵੋਟਰ ਸੂਚੀ ਅਤੇ ਵੋਟਰ ਸੂਚੀ ਨਾਲ ਸਬੰਧਤ ਰਿਕਾਰਡ ਨਾ ਦੇਣ ਕਾਰਨ ਗੁੱਸੇ ਭਰੀ ਚਰਚਾ ਚਲਦੀ ਸੁਣੀ ਗਈ । ਯਾਦ ਰਹੇ ਕਿ ਮੌਜੂਦਾ ਪ੍ਰਬੰਧਕ ਆਪਣਾ ਪੱਕੇ ਤੌਰ 'ਤੇ ਕਬਜ਼ਾ ਜਮਾਉਣ ਲਈ ਦੁਬਾਰਾ ਫਿਰ ਸੰਵਿਧਾਨ ਵਿਚ ਖਤਰਨਾਕ ਤਬਦੀਲੀ ਕਰਨ ਦਾ ਪ੍ਰਸਤਾਵ ਬੈਲਟ ਪੇਪਰ 'ਤੇ ਲਿਆ ਰਹੇ ਹਨ।

ਇਸ ਭਾਰੀ ਗਿਣਤੀ ਵਿਚ ਹੋਏ ਇਕੱਠ ਵਿਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਮੌਜੂਦਾ ਪ੍ਰਬੰਧਕਾਂ ਨੂੰ ਗੁਰਦੁਆਰਾ ਸਾਹਿਬ ਸੈਨਹੋਜ਼ੇ ਤੋਂ ਲਾਂਭੇ ਕਰਨ ਦਾ ਤਹੱਈਆ ਕੀਤਾ ਅਤੇ ਸਾਧ ਸੰਗਤ ਸਲੇਟ ਦੇ ਨਵੇ ਉਮੀਦਵਾਰਾਂ ਨੂੰ ਜਿਤਾਉਣ ਲਈ ਸੰਗਤ ਨੂੰ ਅਪੀਲ ਕੀਤੀ । ਸਾਰੇ ਬੁਲਾਰਿਆਂ ਵੱਲੋਂ ਮੌਜੂਦਾ ਪ੍ਰਬੰਧਕਾਂ ਦੇ ਤਾਨਸ਼ਾਹੀ ਰਵੱਈਏ ਅਤੇ ਪੱਕਿਆਂ ਤੌਰ 'ਤੇ ਕਬਜ਼ਾ ਜਮਾਉਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸੰਗਤ ਨੂੰ ਸੰਵਿਧਾਨ ਵਿਚ ਖਤਰਨਾਕ ਤਬਦੀਲੀਆਂ ਦੇ ਪ੍ਰਸਤਾਵ ਨੂੰ ਮੁਕੰਮਲ ਤੌਰ 'ਤੇ ਰੱਦ ਕਰਨਾ ਚਾਹੀਦਾ ਹੈ ਤਾਂ ਕਿ ਗੁਰਦੁਆਰਾ ਸਾਹਿਬ ਸੰਗਤੀ ਪ੍ਰਬੰਧ ਹੇਠ ਹੀ ਰਹੇ ।

22 ਸਤੰਬਰ ਨੂੰ ਹੋ ਰਹੀਆਂ ਚੋਣਾਂ ਬਾਰੇ ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਪ੍ਰਬੰਧਕਾਂ ਵੱਲੋਂ ਚੋਣਾਂ ਕਰਵਾਉਣ ਲਈ ਜੋ ਕਥਿਤ ਇਲੈਕਸ਼ਨ ਕਮੇਟੀ ਬਣਾਈ ਹੋਈ ਹੈ, ਉਸ ਵਿਚ  ਵਿਰੋਧੀ ਧਿਰ ਦਾ ਕੋਈ ਵੀ ਮੈਂਬਰ ਨਹੀਂ ਲਿਆ ਗਿਆ ਅਤੇ ਨਾ ਹੀ ਇਲੈਕਸ਼ਨ ਕਮੇਟੀ ਬਣਾਉਣ ਸਮੇਂ ਵਿਰੋਧੀ ਧਿਰ ਨੂੰ ਪੁੱਛਿਆ ਹੀ ਗਿਆ। ਬੁਲਾਰਿਆਂ ਨੇ ਦੋਸ਼ ਲਾÀੁਂਦਿਆਂ ਕਿਹਾ ਕਿ ਇਲੈਕਸ਼ਨ ਕਮੇਟੀ ਭੁਪਿੰਦਰ ਸਿੰਘ ਬਾਬ ਢਿੱਲੋਂ ਦੀ ਕਠਪੁਤਲੀ ਬਣ ਕੇ ਹੀ ਚੱਲ ਰਹੀ ਹੈ। ਇਲੈਕਸ਼ਨ ਕਮੇਟੀ ਨੇ ਵਿਰੋਧੀ ਧਿਰ ਨੂੰ ਵੋਟਾਂ ਬਣਾਉਣ ਦਾ ਵੀ ਪੂਰਾ ਮੌਕਾ ਨਹੀਂ ਦਿੱਤਾ ਅਤੇ ਸੰਗਤ ਨੂੰ ਲੰਬੀਆਂ ਲਾਈਨਾਂ ਵਿਚ ਲੰਬਾ ਸਮਾਂ ਖੜ੍ਹ ਕੇ ਵੋਟਾਂ ਬਣਾਉਣੀਆਂ ਪਈਆਂ ਅਤੇ ਕਈਆਂ ਨੂੰ ਅਤਿ ਦੀ ਗਰਮੀ ਵਿਚ ਬਿਨਾ ਵੋਟ ਬਣਾਏ ਹੀ ਘਰ ਵਾਪਸ ਜਾਣਾ ਪਿਆ। ਹੈਰਾਨੀ ਦੀ ਗੱਲ ਤਾਂ ਇਹ ਵੀ ਦੇਖਣ ਨੂੰ ਮਿਲੀ ਕਿ ਮੌਜੂਦਾ ਪ੍ਰਬੰਧਕਾਂ ਨੇ ਸਕਿਉਰਿਟੀ ਲਾ ਕੇ ਵੋਟਾਂ ਬਣਾਉਣ ਸਮੇਂ ਸੰਗਤਾਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ।

ਇਸ ਮੌਕੇ ਪ੍ਰਿਤਪਾਲ ਸਿੰਘ, ਜਸਵੰਤ ਸਿੰਘ ਹੋਠੀ, ਬੀਬੀ ਸੁਰਿੰਦਰਜੀਤ ਕੌਰ, ਬੀਬੀ ਗੁਰਮੀਤ ਕੌਰ ਛੀਨਾ, ਤਰਲੋਚਨ ਸਿੰਘ ਦੁਪਾਲਪੁਰ, ਇੰਦਰਜੀਤ ਸਿੰਘ ਥਿੰਦ, ਜਸਪਾਲ ਸਿੰਘ ਸੈਣੀ, ਭਾਈ ਰਾਮ ਸਿੰਘ, ਮਹਿੰਦਰ ਸਿੰਘ ਮਾਨ, ਮਝੈਲ ਸਿੰਘ ਸਰਾਂ, ਗੁਰਦਿਆਲ ਸਿੰਘ ਨੂਰਪੁਰੀ, ਰਾਜ ਬਡਵਾਲ, ਜਗਜੀਤ ਸਿੰਘ ਗੁਰਾਇਆਂ, ਬਲਬੀਰ ਸਿੰਘ ਟੁੱਟ, ਬਲਕਾਰ ਸਿੰਘ, ਸਰਨਪਾਲ ਸਿੰਘ ਬੈਂਸ ਅਤੇ ਬਲਬੀਰ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਾਧ ਸੰਗਤ ਸਲੇਟ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਦੀ ਸੰਗਤ ਨੂੰ ਅਪੀਲ ਕੀਤੀ। ਸਟੇਜ ਸਕੱਤਰ ਦੀ ਸੇਵਾ ਮਨਪ੍ਰੀਤ ਸਿੰਘ ਬਦੇਸ਼ਾ ਨੇ ਨਿਭਾਈ ਅਤੇ ਸਾਧ ਸੰਗਤ ਸਲੇਟ ਦੇ ਸਾਰੇ ਉਮੀਦਵਾਰਾਂ ਦੀ ਜਾਣ-ਪਛਾਣ ਵੀ ਕਰਵਾਈ ਗਈ।