ਅਮਰੀਕਾ ਦੇ ਇਕ ਸਕੂਲ ਵਿਚ ਹੱਤਿਆਵਾਂ ਕਰਨੀ ਚਹੁੰਦੀ ਸੀ ਅਧਿਆਪਕਾ,ਪੁਲਿਸ ਨੇ ਹਿਰਾਸਤ ਵਿਚ ਲਿਆ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 15 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇੰਡਿਆਨਾ ਰਾਜ ਦੇ ਇਕ ਸਕੂਲ ਦੀ ਅਧਿਆਪਕਾ ਦੀ ਵਿਦਿਆਰਥੀਆਂ ਤੇ ਸਟਾਫ ਦੀਆਂ ਹੱਤਿਆਵਾਂ ਕਰਨ ਤੋਂ ਬਾਅਦ ਖੁਦ ਵੱਲੋਂ ਖੁਦਕੁੱਸ਼ੀ ਕਰਨ ਦੀ ਯੋਜਨਾ ਸੀ ਪਰੰਤੂ ਸਮੇ ਸਿਰ ਪਤਾ ਲੱਗ ਜਾਣ ਕਾਰਨ ਕੋਈ ਅਣਹੋਣੀ ਵਾਪਰਨ ਤੋਂ ਪਹਿਲਾਂ ਹੀ ਪੁਲਿਸ ਨੇ ਅਧਿਆਪਕਾ ਨੂੰ ਹਿਰਾਸਤ ਵਿਚ ਲੈ ਲਿਆ। ਈਸਟ ਸ਼ਿਕਾਗੋ ਪੁਲਿਸ ਵਿਭਾਗ ਅਨੁਸਾਰ ਇਕ ਵਿਦਿਆਰਥੀ ਵੱਲੋਂ ਅਧਿਆਪਕ ਦੇ ਇਰਾਦੇ ਬਾਰੇ ਸਕੂਲ ਦੇ ਇਕ ਸਲਾਹਕਾਰ ਨੂੰ ਦੱਸਿਆ ਗਿਆ। ਇਸ ਵਿਦਿਆਰਥੀ ਨੇ ਦਸਿਆ ਕਿ ਅਧਿਆਪਕਾ ਨੇ 'ਕਿਲ ਲਿਸਟ' ਵੀ ਬਣਾਈ ਹੈ। ਸੂਚਨਾ ਮਿਲਣ 'ਤੇ ਪੁਲਿਸ ਸੇਂਟ ਸਟੇਨਿਸਲੌਸ ਕੈਥੋਲਿਕ ਐਲੀਮੈਂਟਰੀ ਸਕੂਲ ਵਿਚ ਸ਼ਾਮ 5 ਵਜੇ ਪੁੱਜੀ ਜਿਥੇ ਪ੍ਰਿੰਸੀਪਲ ਤੇ ਸਹਾਇਕ ਪ੍ਰਿੰਸੀਪਲ ਨੇ ਪੁਲਿਸ ਅਧਿਕਾਰੀਆਂ ਨੂੰ ਦਸਿਆ ਕਿ ਪੰਜਵੀਂ ਸ਼੍ਰੇਣੀ ਦੇ ਇਕ ਵਿਦਿਆਰਥੀ ਨੇ ਦਸਿਆ ਕਿ ਉਸ ਨੇ ਅਧਿਆਪਕਾ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਉਹ ਸਕੂਲ ਵਿਚ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ ਮਾਰਨ ਉਪਰੰਤ ਖੁਦ ਨੂੰ ਵੀ ਮਾਰ ਲਵੇਗੀ। ਵਿਦਿਆਰਥੀ ਨੇ ਦਸਿਆ ਕਿ ਅਧਿਆਪਕਾ ਨੇ ਕਥਿੱਤ ਤੌਰ 'ਤੇ ਇਕ 'ਕਿਲ ਲਿਸਟ' ਵੀ ਬਣਾਈ ਹੈ ਜਿਸ ਵਿਚ ਉਸ ਦਾ ਨਾਂ ਸਭ ਤੋਂ ਹੇਠਾਂ ਲਿਖਿਆ ਹੋਇਆ ਹੈ। ਪਿੰਸੀਪਲ ਅਨੁਸਾਰ ਅਧਿਆਪਕਾ ਨੂੰ ਤੁਰੰਤ ਕਲਾਸ ਰੂਮ ਵਿਚੋਂ ਹਟਾ ਦਿੱਤਾ ਗਿਆ ਜਿਸ ਨੂੰ ਬਾਅਦ ਵਿਚ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
ਪੁਲਿਸ ਨੇ ਉਸ ਕੋਲੋਂ 'ਕਿਲ ਲਿਸਟ' ਵੀ ਬਰਾਮਦ ਕਰ ਲਈ ਹੈ। ਸਕੂਲ ਨੇ ਜਾਰੀ ਇਕ ਵੱਖਰੇ ਬਿਆਨ ਵਿਚ ਕਿਹਾ ਹੈ ਕਿ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਸਾਡੀ ਉੱਚ ਤਰਜੀਹ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਸਕੂਲ ਦੀ ਇਮਾਰਤ ਸੁਰੱਖਿਅਤ ਹੈ ਤੇ ਕਲ ਤੋਂ ਕਲਾਸਾਂ ਆਮ ਵਾਂਗ ਲਾਈਆਂ ਜਾ ਸਕਦੀਆਂ ਹਨ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Comments (0)