ਸਿੱਖ ਪੰਚਾਇਤ ਵੱਲੋਂ ਸੰਗਤ ਨੂੰ ਜਨਰਲ ਬਾਡੀ ਵਿੱਚ ਸ਼ਾਮਲ ਹੋਣ ਲਈ ਅਪੀਲ

ਸਿੱਖ ਪੰਚਾਇਤ ਵੱਲੋਂ ਸੰਗਤ ਨੂੰ ਜਨਰਲ ਬਾਡੀ ਵਿੱਚ ਸ਼ਾਮਲ ਹੋਣ ਲਈ ਅਪੀਲ

ਫਰੀਮਾਂਟ/ਏ.ਟੀ. ਨਿਊਜ਼ :
ਗੁਰਦੁਆਰਾ ਸਾਹਿਬ ਫਰੀਮੌਂਟ ਦਾ ਪ੍ਰਬੰਧ 5 ਸੁਪਰੀਮ ਕੌਂਸਲ ਮੈਂਬਰਾਂ ਦੀ ਦੇਖ ਰੇਖ ਹੇਠ ਚੱਲਦਾ ਹੈ ਅਤੇ ਸੁਪਰੀਮ ਕੌਂਸਲ ਪੰਜ ਪਿਆਰਾ ਸਿਧਾਂਤ ਦੀ ਰੋਸ਼ਨੀ ਵਿੱਚ ਫ਼ੈਸਲੇ ਲੈਂਦੀ ਹੈ। ਫਰੀਮੌਂਟ ਦੀ ਸਾਧ ਸੰਗਤ ਵੱਲੋਂ 24 ਨਵੰਬਰ ਦਿਨ ਐਤਵਾਰ ਨੂੰ ਜਨਰਲ ਬਾਡੀ ਬੁਲਾਈ ਗਈ ਹੈ, ਜਿਸ ਵਿੱਚ ਸਾਧ ਸੰਗਤ ਨੇ ਫੈਸਲਾ ਕਰਨਾ ਹੈ ਕਿ ਪੰਜ ਸੁਪਰੀਮ ਕੌਂਸਲ ਮੈਂਬਰ ਸਰਬ-ਸੰਮਤੀ ਨਾਲ ਫ਼ੈਸਲੇ ਲੈਣਗੇ ਕਿ ਨਹੀਂ? ਯਾਦ ਰਹੇ ਮੌਜੂਦਾ ਸੁਪਰੀਮ ਕੌਂਸਲ ਦੋਫਾੜ ਹੋਣ ਕਰਕੇ ਸਰਬ-ਸੰਮਤੀ ਨਾਲ ਫ਼ੈਸਲੇ ਲੈਣ ਤੋਂ ਅਸਮਰਥ ਹੈ ਜੋ ਕਿ ਪੰਜ ਪਿਆਰਾ ਸਿਧਾਂਤ ਦੀ ਉਲੰਘਣਾ ਹੈ। ਤਿੰਨ ਸੁਪਰੀਮ ਕੌਂਸਲ ਮੈਂਬਰ, ਬੀਬੀ ਅਰਵਿੰਦਰ ਕੌਰ, ਹਰਮਿੰਦਰ ਸਿੰਘ ਤੇ ਕੁਲਜੀਤ ਸਿੰਘ ਬਹੁਸੰਮਤੀ ਨਾਲ ਫ਼ੈਸਲੇ ਲੈਣੇ ਚਾਹੁੰਦੇ ਹਨ ਜੋ ਕਿ ਦਸਵੇਂ ਪਾਤਿਸ਼ਾਹ ਵੱਲੋਂ ਪੰਥ ਦੀ ਅਗਵਾਈ ਲਈ ਦਿੱਤੇ ਪੰਜ ਪਿਆਰਾ ਸਿਧਾਂਤ ਦੀ ਸਿਰਫ਼ ਉਲੰਘਣਾ ਹੀ ਨਹੀਂ ਸਗੋਂ ਇਹ ਇੱਕ ਅਜਿਹੀ ਪਿਰਤ ਪਾ ਰਹੇ ਹਨ ਜਿਸ ਨਾਲ ਇਹ ਸਿਧਾਂਤ ਸਿਰਫ ਇੱਕ ਕਾਰਪੋਰੇਸ਼ਨ ਦਾ ਸਿਧਾਂਤ ਬਣ ਕੇ ਰਹਿ ਜਾਵੇਗਾ। ਗੁਰਮੀਤ ਸਿੰਘ, ਐਸ ਪੀ ਸਿੰਘ ਤੇ ਰਾਣਾ ਕਾਹਲੋਂ ਹੀ ਇਸ ਵਿਵਾਦ ਪਿੱਛੇ ਹਨ ਜੋ ਕਿ ਬਹੁਸੰਮਤੀ ਦੀ ਵਕਾਲਤ ਕਰਦੇ ਹਨ। ਇਹਨਾਂ ਦਾ ਮੁਫ਼ਾਦ ਗੁਰਦੁਆਰਾ ਸਾਹਿਬ ਦੇ ਪ੍ਰਬੰਧ 'ਤੇ ਕਾਬਜ਼ ਹੋਣਾ ਹੈ ਚਾਹੇ ਗੁਰਸਿਧਾਂਤ ਨੂੰ ਤਿਲਾਂਜਲੀ ਹੀ ਕਿਉਂ ਨਾ ਦੇਣੀ ਪਵੇ। 
ਸਿੱਖ ਪੰਚਾਇਤ ਦੇ ਭਾਈ ਜਸਜੀਤ ਸਿੰਘ ਨੇ ਕਿਹਾ ਕਿ ਉਹ ਸੁਪਰੀਮ ਕੌਂਸਲ ਨੂੰ ਬੇਨਤੀ ਕਰਦੇ ਹਨ ਕਿ ਉਹ ਪੰਜ ਪਿਆਰਾ ਸਿਧਾਂਤ ਦੀ ਰੋਸ਼ਨੀ ਵਿੱਚ ਸਰਬ-ਸੰਮਤੀ ਨਾਲ ਮਾਰਚ 08, 2020 ਤੱਕ ਫ਼ੈਸਲੇ ਲੈ ਲੈਣ ਤਾਂ ਇਸ ਵਿੱਚ ਸਾਰਿਆਂ ਦੀ ਭਲਾਈ ਹੈ। ਉਨ੍ਹਾਂ ਕਿਹਾ ਕਿ ਬਹੁਸੰਮਤੀ ਨਾਲ ਫ਼ੈਸਲੇ ਬਿਲਕੁਲ ਮਨਜ਼ੂਰ ਨਹੀਂ। ਉਹਨਾਂ ਨੇ ਸਾਧ ਸੰਗਤ ਨੂੰ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਐਸਪੀ ਅਤੇ ਰਾਣਾ ਕਾਹਲੋਂ ਗੁਰਦੁਆਰਾ ਸਾਹਿਬ ਵਿੱਚ ਝਗੜਾ ਕਰਾਉਣਾ ਚਾਹੁੰਦੇ ਹਨ, ਇਸ ਲਈ ਇਹਨਾਂ ਨੇ ਉਸੇ ਦਿਨ ਸ਼ਹੀਦਾਂ ਦਾ ਨਾਮ ਵਰਤ ਕੇ ਇੱਕ ਨਸਲਕੁਸ਼ੀ ਕਾਨਫਰੰਸ ਰੱਖਕੇ ਬਾਹਰੋਂ ਬੰਦੇ ਸੱਦਣ ਦਾ ਬਹਾਨਾ ਬਣਾਇਆ ਹੈ। ਭਾਈ ਜਸਜੀਤ ਸਿੰਘ ਨੇ ਕਿਹਾ ਕਿ ਜਨਰਲ ਬਾਡੀ ਕਰਾਉਣ ਦਾ ਸਾਡੇ ਕੋਲ ਸਿਧਾਂਤਕ ਹੱਕ ਹੈ ਅਤੇ ਜੇ ਕੋਈ ਉਸ ਵਿੱਚ ਵਿਘਨ ਪਾਉਂਦਾ ਹੈ ਜਾਂ ਝਗੜਾ ਕਰਦਾ ਹੈ ਤਾਂ ਉਸ ਵਿੱਚ ਸਾਡਾ ਦੋਸ਼ ਨਹੀਂ ਹੋਵੇਗਾ। ਉਹਨਾਂ ਨੇ ਸਾਧ ਸੰਗਤ ਨੂੰ ਅਪੀਲ ਕੀਤੀ ਕਿ 24 ਨਵੰਬਰ ਦਿਨ ਐਤਵਾਰ ਨੂੰ ਸਵੇਰੇ 11:00 ਵਜੇ ਗੁਰਦੁਆਰਾ ਸਾਹਿਬ ਫਰੀਮੌਂਟ ਪਹੁੰਚੋ ਤਾਂ ਜੋ ਭਵਿੱਖ ਦੇ ਫ਼ੈਸਲੇ ਲਏ ਜਾਣ।