ਮਾਮਲਾ ਸਿੱਖਜ਼ ਫਾਰ ਜਸਟਿਸ' ਤੋਂ 1.60 ਕਰੋੜ ਡਾਲਰ ਫੰਡ ਪ੍ਰਾਪਤ ਕਰਨ ਦਾ

ਮਾਮਲਾ ਸਿੱਖਜ਼ ਫਾਰ ਜਸਟਿਸ' ਤੋਂ 1.60 ਕਰੋੜ ਡਾਲਰ ਫੰਡ ਪ੍ਰਾਪਤ ਕਰਨ ਦਾ

ਦਿੱਲੀ ਦੇ ਉਪ-ਰਾਜਪਾਲ ਨੇ ਕੀਤੀ ਸਿਫਾਰਸ਼ ਕਿ ਕੇਜਰੀਵਾਲ ਖ਼ਿਲਾਫ਼ ਐਨ.ਆਈ.ਏ. ਜਾਂਚ ਕਰੇ

*ਆਪ ਆਗੂ ਭਾਰਦਵਾਜ ਬੋਲੇ- 'ਹਾਰ ਦੇ ਡਰ ਕਾਰਣ ਭਾਜਪਾ ਲਗਾ ਰਹੀ ਏ ਝੂਠੇ ਦੋਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ- ਦਿੱਲੀ ਦੇ ਉਪ-ਰਾਜਪਾਲ ਵੀ.ਕੇ. ਸਕਸੈਨਾ ਨੇ ਹੁਣੇ ਜਿਹੇ ਪਾਬੰਦੀਸ਼ੁਦਾ ਜਥੇਬੰਦੀ 'ਸਿੱਖਜ਼ ਫਾਰ ਜਸਟਿਸ' ਤੋਂ ਸਿਆਸੀ ਫੰਡ ਪ੍ਰਾਪਤ ਕਰਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਐਨ.ਆਈ.ਏ. ਜਾਂਚ ਦੀ ਸਿਫ਼ਾਰਸ਼ ਕੀਤੀ ਹੈ। ਕੇਂਦਰੀ ਗ੍ਰਹਿ ਸਕੱਤਰ ਨੂੰ ਲਿਖੇ ਪੱਤਰ 'ਚ ਲੈਫਟੀਨੈਂਟ ਗਵਰਨਰ ਦੇ ਸਕੱਤਰੇਤ ਨੇ ਕਿਹਾ ਕਿ ਸਕਸੈਨਾ ਨੂੰ ਸ਼ਿਕਾਇਤ ਮਿਲੀ ਸੀ ਕਿ 'ਆਪ' ਪਾਰਟੀ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਖ਼ਾਲਿਸਤਾਨੀ ਸਮੂਹਾਂ ਤੋਂ 1.60 ਕਰੋੜ ਡਾਲਰ ਦੀ ਫੰਡਿੰਗ ਪ੍ਰਾਪਤ ਕੀਤੀ ਸੀ।ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਇਹ ਮੁੱਦਾ ਉਠਿਆ ਸੀ। ਉਸ ਸਮੇਂ ਤਤਕਾਲੀ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ, ਕਿ ਸਿੱਖ ਫਾਰ ਜਸਟਿਸ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਹੈ ਅਤੇ ਚੋਣਾਂ ਵਿੱਚ ਵੀ ਪਾਰਟੀ ਨੂੰ ਫੰਡ ਵੀ ਦੇ ਰਹੀ ਹੈ। ਦਰਅਸਲ, ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ 20 ਫਰਵਰੀ 2022 ਨੂੰ ਹੋਣੀ ਸੀ। ਇਸ ਤੋਂ ਠੀਕ ਪਹਿਲਾਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਕ ਪੱਤਰ ਸਾਹਮਣੇ ਆਇਆ ਸੀ, ਜੋ ਉਨ੍ਹਾਂ ਨੇ ਵੋਟਿੰਗ ਤੋਂ ਦੋ ਦਿਨ ਪਹਿਲਾਂ 18 ਫਰਵਰੀ 2022 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਸੀ। ਇਸ ਪੱਤਰ ਵਿਚ ਉਨ੍ਹਾਂ ਨੇ ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੇ ਉਸੇ ਪੱਤਰ ਦਾ ਹਵਾਲਾ ਦਿੱਤਾ ਸੀ, ਜਿਸ ਬਾਰੇ ਐੱਲ.ਜੀ. ਚੰਨੀ ਨੇ ਲਿਖਿਆ ਸੀ ਕਿ ਪੰਨੂ ਦਾ ਇਹ ਪੱਤਰ ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਸੀ ਅਤੇ ਇਸ ਵਿੱਚ ਕਿਹਾ ਗਿਆ ਸੀ ਕਿ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਹੈ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਇਹ ਜਥੇਬੰਦੀ 2022 ਦੀਆਂ ਚੋਣਾਂ ਵਿੱਚ ਵੀ ਆਪ ਪਾਰਟੀ ਦਾ ਸਮਰਥਨ ਕਰ ਰਹੀ ਹੈ।

ਚੰਨੀ ਨੇ ਆਪਣੇ ਪੱਤਰ ਵਿੱਚ ਕਿਹਾ ਸੀ ਕਿ ਇਹ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਲਈ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਚੰਨੀ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਵਿੱਚ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ। ਚੰਨੀ ਨੇ ਆਪਣੇ ਪੱਤਰ ਵਿੱਚ ਇਹ ਵੀ ਲਿਖਿਆ ਸੀ ਕਿ ਆਪ ਪਾਰਟੀ ਦੇ ਸੰਸਥਾਪਕ ਮੈਂਬਰ ਕੁਮਾਰ ਵਿਸ਼ਵਾਸ ਨੇ ਵੀ ਕੇਜਰੀਵਾਲ ਦੇ ਖਾਲਿਸਤਾਨੀਆਂ ਨਾਲ ਸਬੰਧਾਂ ਦੇ ਦੋਸ਼ ਲਾਏ ਹਨ। ਇਨ੍ਹਾਂ ਦੋਸ਼ਾਂ ਦੀ ਵੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। 

ਯਾਦ ਰਹੇ ਕਿ ਪ੍ਰੋਫੈਸਰ ਭੁੱਲਰ, ਜੋ ਕਿ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਹੈ, ਨੂੰ 1993 ਦੌਰਾਨ ਦਿੱਲੀ ਵਿਚ ਹੋਏ ਬੰਬ ਧਮਾਕੇ 'ਵਿਚ 9 ਲੋਕਾਂ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਨ੍ਹਾਂ ਨੂੰ 25 ਅਗਸਤ 2001 ਨੂੰ ਇਕ ਟਾਡਾ ਅਦਾਲਤ ਵਲੋਂ ਮੌਤ ਦੀ ਸਜ਼ਾ ਸੁਣਾਈ ਗਈ ਸੀ ਤੇ ਸੁਪਰੀਮ ਕੋਰਟ ਦੁਆਰਾ ਉਸ ਦੀ ਮੌਤ ਦੀ ਸਜ਼ਾ ਨੂੰ ਘਟਾ ਦਿੱਤੇ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਭੁੱਲਰ ਨੂੰ ਜੂਨ 2015 ਦੌਰਾਨ ਸਿਹਤ ਕਾਰਨਾਂ ਕਰਕੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਸੀ। 

ਸੂਤਰਾਂ ਅਨੁਸਾਰ ਰਾਜਪਾਲ ਸਕਸੈਨਾ ਨੇ ਪੱਤਰ ਵਿਚ ਕਿਹਾ ਹੈ ਕਿ ਸ਼ਿਕਾਇਤਕਰਤਾ ਵਲੋਂ ਜੋੜੇ ਗਏ ਇਲੈਕਟ੍ਰਾਨਿਕ ਸਬੂਤਾਂ ਲਈ ਫੋਰੈਂਸਿਕ ਜਾਂਚ ਸਮੇਤ ਹੋਰ ਜਾਂਚ ਦੀ ਲੋੜ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਸ਼ਿਕਾਇਤ ਇਕ ਮੁੱਖ ਮੰਤਰੀ ਵਿਰੁੱਧ ਕੀਤੀ ਗਈ ਹੈ ਤੇ ਇਕ ਪਾਬੰਦੀਸ਼ੁਦਾ ਸੰਗਠਨ ਤੋਂ ਪ੍ਰਾਪਤ ਸਿਆਸੀ ਫੰਡਿੰਗ ਨਾਲ ਸਬੰਧਿਤ ਹੈ। ਇਹ ਕਦਮ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਬਾਰੇ ਵਿਚਾਰ ਕਰਨ ਤੋਂ ਇਕ ਦਿਨ ਪਹਿਲਾਂ ਆਇਆ ਹੈ। 'ਆਪ' ਮੁਖੀ, ਜੋ ਤਿਹਾੜ ਜੇਲ੍ਹ 'ਚ ਬੰਦ ਹਨ, ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 21 ਮਾਰਚ ਨੂੰ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਇਹ ਸ਼ਿਕਾਇਤ ਖ਼ਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੁਆਰਾ ਜਾਰੀ ਕੀਤੀ ਗਈ ਵੀਡੀਓ ਦਾ ਹਵਾਲਾ ਦਿੰਦੀ ਹੈ, ਜਿਸ ਵਿਚ ਉਸ ਨੇ ਦੋਸ਼ ਲਗਾਇਆ ਸੀ ਕਿ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਨੇ 2014 ਤੋਂ 2022 ਦਰਮਿਆਨ ਖ਼ਾਲਿਸਤਾਨੀ ਸਮੂਹਾਂ ਤੋਂ 16 ਮਿਲੀਅਨ ਡਾਲਰ ਪ੍ਰਾਪਤ ਕੀਤੇ ਹਨ। ਐਲ.ਜੀ. ਨੂੰ ਦਿੱਤੀ ਸ਼ਿਕਾਇਤ ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਕੇਜਰੀਵਾਲ ਨੇ 2014 ਵਿਚ ਆਪਣੀ ਫੇਰੀ ਦੌਰਾਨ ਗੁਰਦੁਆਰਾ ਰਿਚਮੰਡ ਹਿੱਲਜ਼ ਨਿਊਯਾਰਕ ਵਿਖੇ ਖ਼ਾਲਿਸਤਾਨੀ ਆਗੂਆਂ ਨਾਲ ਬੰਦ ਕਮਰਾ ਮੀਟਿੰਗਾਂ ਕੀਤੀਆਂ ਸਨ। ਕੇਜਰੀਵਾਲ ਨੇ 'ਆਪ' ਨੂੰ ਕਾਫ਼ੀ ਵਿੱਤੀ ਸਹਾਇਤਾ ਦੇ ਬਦਲੇ ਖ਼ਾਲਿਸਤਾਨੀ ਸਮਰਥਕਾਂ ਨੂੰ ਭੁੱਲਰ ਦੀ ਰਿਹਾਈ ਕਰਵਾਉਣ ਦਾ ਵਾਅਦਾ ਕੀਤਾ ਸੀ। ਸੂਤਰਾਂ ਅਨੁਸਾਰ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਪੋਸਟਾਂ ਦੀ ਇਕ ਲੜੀ ਵਿਚ ਇਕ ਸਾਬਕਾ 'ਆਪ' ਵਰਕਰ ਮੁਨੀਸ਼ ਕੁਮਾਰ ਰਾਏਜ਼ਾਦਾ ਨੇ ਵੀ ਖ਼ਾਲਿਸਤਾਨੀ ਨੇਤਾਵਾਂ ਨਾਲ ਕੇਜਰੀਵਾਲ ਦੀ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

  ਆਪ ਪਾਰਟੀ ਦੇ ਆਗੂ ਦਾ ਪ੍ਰਤੀਕਰਮ

 ਦਿੱਲੀ ਦੀ ਆਪ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਦਾ ਕਹਿਣਾ ਹੈ ਕਿ ਪੰਜਾਬ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਮੁੱਦਾ ਉਠਾਇਆ ਜਾ ਰਿਹਾ ਹੈ, ਜਦਕਿ ਇਹ ਪੂਰੀ ਤਰ੍ਹਾਂ ਨਾਲ ਝੂਠੇ ਅਤੇ ਬੇਬੁਨਿਆਦ ਦੋਸ਼ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਸੀ, ਹੁਣ ਦੇਸ਼ ਦੇ ਲੋਕ ਵੀ ਜਵਾਬ ਦੇਣਗੇ। ਭਾਰਦਵਾਜ ਨੇ ਇਹ ਵੀ ਕਿਹਾ ਕਿ ਅਮਿਤ ਸ਼ਾਹ ਨੇ ਕਿਹਾ ਸੀ ਕਿ ਉਹ ਜਾਂਚ ਕਰਨਗੇ, ਪਰ ਜਾਂਚ ਵਿਚ ਕੁੱਝ ਨਹੀਂ ਨਿਕਲਿਆ ਸੀ। ਦਰਅਸਲ, ਭਾਜਪਾ ਹਾਰ ਦੇ ਡਰ ਕਰਕੇ ਇਹ ਸਭ ਇਲਜ਼ਾਮ ਲਗਾ ਰਹੀ ਹੈ। ਭਾਰਦਵਾਜ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਕਿਹਾ ਕਿ ਐਲੀ ਸਾਬ੍ਹ ਭਾਜਪਾ ਦੇ ਏਜੰਟ ਹਨ। ਸੀਐਮ ਕੇਜਰੀਵਾਲ ਦੇ ਖਿਲਾਫ ਹੁਣ ਇੱਕ ਹੋਰ ਵੱਡੀ ਸਾਜਸ਼ ਰਚੀ ਜਾ ਰਹੀ ਹੈ। ਦਰਅਸਲ, ਭਾਜਪਾ ਦਿੱਲੀ ਤੋਂ ਆਪਣੀ ਲੋਕ ਸਭਾ ਸੀਟ ਹਾਰ ਰਹੀ ਹੈ। ਹਾਰ ਦਾ ਮੂੰਹ ਦੇਖ ਕੇ ਹੁਣ ਭਾਜਪਾ ਬੌਖਲਾ ਗਈ ਹੈ ਅਤੇ ਇਸ ਤਰ੍ਹਾਂ ਦੀਆਂ ਸਾਜਸ਼ਾਂ ਰਚ ਰਹੀ ਹੈ।