ਮੋਦੀ ਰੈਲੀ ਦੌਰਾਨ ਕਿਸਾਨਾਂ ਦਾ ਵਿਰੋਧ ਤੇ ਖ਼ਰਾਬ ਮੌਸਮ ਬਣਿਆ ਮੁਸੀਬਤ, ਕੇਂਦਰ ਦਾ ਮੰਗਾਂ ਮੰਗਣ ਲਈ ਲਿਖਤੀ ਭਰੋਸਾ

ਮੋਦੀ ਰੈਲੀ ਦੌਰਾਨ ਕਿਸਾਨਾਂ ਦਾ ਵਿਰੋਧ ਤੇ ਖ਼ਰਾਬ ਮੌਸਮ ਬਣਿਆ ਮੁਸੀਬਤ, ਕੇਂਦਰ ਦਾ ਮੰਗਾਂ ਮੰਗਣ ਲਈ ਲਿਖਤੀ ਭਰੋਸਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਫਿਰੋਜ਼ਪੁਰ: ਖੇਤੀ ਕਾਨੂੰਨ ਰੱਦ ਕੀਤੇ ਜਾਣ ਤੋਂ ਬਾਅਦ ਵੀ ਲੱਗਦਾ ਹੈ ਕਿ ਕਿਸਾਨਾਂ ਦਾ ਰੋਹ ਅਜੇ ਠੰਢਾ ਨਹੀਂ ਪਿਆ। ਕਿਸਾਨਾਂ ਦੇ ਵਿਰੋਧ ਅਤੇ ਖ਼ਰਾਬ ਮੌਸਮ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਪੰਜਾਬ ਦੇ ਫਿਰੋਜ਼ਪਰ ਸ਼ਹਿਰ ਦੇ ਦੌਰੇ ਉੱਤੇ ਆ ਰਹੇ ਹਨ।ਭਾਵੇਂ ਕਿ ਅਧਿਕਾਰਤ ਤੌਰ ਉੱਤੇ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਪਰ ਇਸ ਸਮਾਗਮ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।

3 ਖੇਤੀ ਕਾਨੂੰਨਾਂ ਖ਼ਿਲਾਫ਼ ਕਰੀਬ ਡੇਢ ਸਾਲ ਤੱਕ ਚੱਲੇ ਕਿਸਾਨ ਸੰਘਰਸ਼ ਦੀ ਪੰਜਾਬ ਦੇ ਕਿਸਾਨਾਂ ਨੇ ਅਗਵਾਈ ਕੀਤੀ ਹੈ।ਜਿਸ ਕਾਰਨ ਭਾਜਪਾ ਨੂੰ ਪੰਜਾਬ ਵਿਚ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਪਹਿਲਾਂ ਪੰਜਾਬ ਦੌਰਾ ਹੈ ਅਤੇ ਭਾਜਪਾ ਦਾ ਵੱਡਾ ਸਿਆਸੀ ਪ੍ਰੋਗਰਾਮ।ਦੂਜੇ ਪਾਸੇ ਲੱਗਦਾ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੋਂ ਬਾਅਦ ਵੀ ਪੰਜਾਬ ਵਿਚ ਕਿਸਾਨਾਂ ਦਾ ਰੋਹ ਅਜੇ ਠੰਢਾ ਨਹੀਂ ਪਿਆ।ਪ੍ਰਧਾਨ ਮੰਤਰੀ ਦੇ ਸਵਾਗਤ ਲਈ ਲਗਾਏ ਗਏ ਪੋਸਟਰ ਕਈ ਜਗ੍ਹਾ ਵਿਰੋਧ ਵਜੋਂ ਫਾੜ ਦਿੱਤੇ ਗਏ ਹਨ।ਐੱਮਐੱਸਪੀ ਦੀ ਲੀਗਲ ਗਾਰੰਟੀ, ਅੰਦੋਲਨ ਦੌਰਾਨ ਦਰਜ ਕੇਸ ਵਾਪਸ ਲੈਣ ਅਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੀ ਬਰਖ਼ਾਸਤਗੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਮੋਦੀ ਦੇ ਪੰਜਾਬ ਦੌਰੇ ਦਾ ਵਿਰੋਧ ਕਰ ਰਹੀਆਂ ਹਨ।ਸੋਸ਼ਲ ਮੀਡੀਆ ਉੱਤੇ ਵੀ ਕਈ ਅਜਿਹੇ ਵੀਡੀਓ ਚੱਲ ਰਹੇ ਹਨ , ਜਿਸ ਵਿੱਚ ਕਿਸਾਨ ਵੱਖ ਵੱਖ ਥਾਵਾਂ ਉੱਤੇ ਮੋਦੀ ਰੈਲੀ ਦੇ ਪੋਸਟਰ ਲਾਉਣ ਵਾਲਿਆਂ ਨੂੰ ਰੋਕ ਰਹੇ ਹਨ।

11 ਜਥੇਬੰਦੀਆਂ ਕਰ ਰਹੀਆਂ ਵਿਰੋਧ

ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ 9 ਕਿਸਾਨ ਜਥੇਬੰਦੀਆਂ ਅਤੇ ਇਨ੍ਹਾਂ ਨਾਲ ਤਾਲਮੇਲ ਕਰਕੇ ਚੱਲਣ ਵਾਲੀ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਸੂਬੇ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।ਮਾਝੇ ਤੇ ਸਰਹੱਦੀ ਜਿਲ੍ਹੇ ਵਿੱਚ ਚੰਗਾ ਦਬਦਬਾ ਰੱਖਣ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 4 ਜਨਵਰੀ ਤੋਂ ਹੀ ਮਾਰਚ ਅਤੇ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਸਨ।ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਪੰਜਾਬ ਵਿੱਚ ਚੋਣਾਂ ਨਾ ਲੜਨ ਵਾਲੀਆਂ 9 ਕਿਸਾਨ ਜਥੇਬੰਦੀਆਂ ਮੋਦੀ ਦੀ ਰੈਲੀ ਦਾ ਵਿਰੋਧ ਕਰ ਰਹੀਆਂ ਹਨ।ਇਸ ਮੌਕੇ ਪੰਜਾਬ ਭਰ ਵਿੱਚ ਫਿਰੋਜ਼ਪੁਰ ਨੂੰ ਜਾਣ ਵਾਲੀਆਂ ਸੜਕਾਂ ਉੱਤੇ ਜਾਮ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣ ਦੀ ਯੋਜਨਾ ਹੈ।ਫਿਰੋਜ਼ਪੁਰ ਖੇਤਰ ਵਿੱਚ 4 ਜਨਵਰੀ ਨੂੰ ਕਿਸਾਨਾਂ ਦੇ ਸੜਕਾਂ ਉੱਤੇ ਮਾਰਚ ਦੇਖੇ ਜਾ ਰਹੇ ਹਨ। ਭਾਵੇਂ ਕਿ ਸਰਕਾਰ ਵਲੋਂ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਕਿਰਤੀ ਕਿਸਾਨ ਯੂਨੀਅਨ ਵੱਲੋਂ ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਵਿਰੋਧ ਬਲਾਕ ਪੱਧਰ ਉਤੇ ਹੋਵੇਗਾ।ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਜ਼ਿਲ੍ਹਾ ਪੱਧਰ ਉਤੇ ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ।ਕਿਰਤੀ ਕਿਸਾਨ ਯੂਨੀਅਨ ਦੇ ਉਪ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਮੋਦੀ ਦੀ ਪੰਜਾਬ ਫੇਰੀ ਉਤੇ ਸੰਯੁਕਤ ਸਮਾਜ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਵਿੱਢੀ ਗਈ ਚੁੱਪ ਉੱਤੇ ਹੈਰਾਨੀ ਵੀ ਪ੍ਰਗਟਾਈ।

ਕਿਸਾਨ ਮੁੱਖ ਤੌਰ ਉੱਤੇ ਜੋ ਮੰਗਾਂ ਕਰ ਰਹੇ ਹਨ, ਉਹ ਇਸ ਤਰ੍ਹਾਂ ਹਨ:ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਉੱਤੇ ਦਰਜ ਪੁਲਿਸ ਕੇਸ ਰੱਦ ਹੋਣ ਲਖੀਮਪੁਰ ਖੀਰੀ ਦੀ ਘਟਨਾ ਦਾ ਇਨਸਾਫ਼ ਹੋਵੇ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਹਟਾਇਆ ਜਾਵੇ।ਐਮਐਸਪੀ ਕਾਨੂੰਨ ਉੱਤੇ 15 ਜਨਵਰੀ ਤੱਕ ਕਮੇਟੀ ਬਣੇ।ਪ੍ਰਧਾਨ ਮੰਤਰੀ ਦੀ ਸਾਰੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਵੇ।ਪੰਜਾਬ ਦੇ ਕਿਸਾਨਾਂ  ਨੇ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ  ਦਾ ਵਿਰੋਧ ਮੁਲਤਵੀ ਕਰ ਦਿੱਤਾ ਹੈ। ਇਸ ਸਬੰਧੀ ਮੰਗਲਵਾਰ ਰਾਤ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ। ਇਸ ਵਿੱਚ ਫੈਸਲਾ ਕੀਤਾ ਗਿਆ ਕਿ 15 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ 15 ਜਨਵਰੀ ਤੋਂ ਪਹਿਲਾਂ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨੀ ਗਾਰੰਟੀ ਵਾਲੀ ਕਮੇਟੀ ਬਣਾਈ ਜਾਵੇਗੀ। ਕਿਸਾਨਾਂ ਨੂੰ ਇਹ ਵੀ ਭਰੋਸਾ ਦਿੱਤਾ ਗਿਆ ਕਿ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਅੰਦੋਲਨ ਦੌਰਾਨ ਦਰਜ ਕੀਤੇ ਗਏ ਕੇਸ 31 ਜਨਵਰੀ ਤੱਕ ਵਾਪਸ ਲੈ ਲਏ ਜਾਣਗੇ। ਫਿਰੋਜ਼ਪੁਰ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਮੀਟਿੰਗ ਹੋਈ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।