ਖਾਲਿਸਤਾਨੀ ਲਹਿਰ ਦੀ ਦਾਸਤਾਨ - ਖਾੜਕੂ ਆਗੂ ਵੱਸਣ ਸਿੰਘ ਜ਼ਫਰਵਾਲ ਦੀ ਜ਼ਬਾਨੀ

ਖਾਲਿਸਤਾਨੀ ਲਹਿਰ ਦੀ ਦਾਸਤਾਨ - ਖਾੜਕੂ ਆਗੂ ਵੱਸਣ ਸਿੰਘ ਜ਼ਫਰਵਾਲ ਦੀ ਜ਼ਬਾਨੀ

ਇਹ ਲੇਖ ਪੰਜਾਬ ਵਿੱਚ ਚੱਲੀ ਖਾਲਿਸਤਾਨੀ ਲਹਿਰ (1978-92) ਵਿੱਚ ਇੱਕ ਬਹੁਤ ਵੱਡੀ ਅੱਤਵਾਦੀ ਜਥੇਬੰਦੀ ਖਾਲਿਸਤਾਨ ਕਮਾਂਡੋ ਫੋਰਸ (ਜ਼ਫਰਵਾਲ) ਦੇ ਆਗੂ ਰਹੇ ਵੱਸਣ ਸਿੰਘ ਜ਼ਫਰਵਾਲ ਨਾਲ 19 ਜਨਵਰੀ 2017 ਵਿੱਚ ਹੋਈ ਵਿਸਥਾਰਪੂਰਵਕ ਇੰਟਰਵਿਊ ’ਤੇ ਆਧਾਰਿਤ ਹੈ।

ਇਸ ਵਿੱਚ ਮੇਰੇ ਨਾਲ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਕ ਯੁਰਜਨਮੇਅਰ ਸਨ। ਇਹ ਇੰਟਰਵਿਊ ਵੱਸਣ ਸਿੰਘ ਜਫਰਵਾਲ ਦੇ ਆਪਣੇ ਖੇਤਾਂ ਵਿੱਚ ਬਣੇ ਹੋਏ ਇੱਕ ਘਰ ਵਿੱਚ ਕੀਤੀ ਗਈ। ਇਸ ਦਾ ਮੁੱਖ ਕਾਰਨ ਉਸ ਸਮੇਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਅਤੇ ਉਨ੍ਹਾਂ ਨਾਲ ਸੰਬੰਧਤ ਵੇਰਵੇ ਦਾ ਪਤਾ ਲਾਉਣਾ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਨਾਲ ਸੰਬੰਧਤ ਖਾਲਿਸਤਾਨ ਦੀ ਲਹਿਰ ਬਾਰੇ ਸੈਂਕੜੇ ਕਿਤਾਬਾਂ ਤੇ ਹਜ਼ਾਰਾਂ ਆਰਟੀਕਲ ਲਿਖੇ ਗਏ ਹਨ। ਇਨ੍ਹਾਂ ਵਿੱਚ ਖਾਲਿਸਤਾਨ ਲਹਿਰ ਦੇ ਪੈਦਾ ਹੋਣ ਦੇ ਬਹੁਤ ਸਾਰੇ ਕਾਰਨ ਦੱਸੇ ਗਏ ਹਨ ਪਰ ਇਹ ਲਹਿਰ ਇਕਦਮ ਕਿਵੇਂ ਖ਼ਤਮ ਹੋ ਗਈ, ਇਸ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਸਾਡਾ ਮਕਸਦ ਉਸ ਲਹਿਰ ਵਿੱਚ ਇੱਕ ਵੱਡਾ ਕਿਰਦਾਰ ਨਿਭਾਉਣ ਵਾਲੇ ਵਿਅਕਤੀ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਲੈਣਾ ਸੀ।

ਵੱਸਣ ਸਿੰਘ ਜ਼ਫਰਵਾਲ, ਗੁਰਦਾਸਪੁਰ ਦੇ ਨੇੜੇ ਪਿੰਡ ਜ਼ਫਰਵਾਲ ਦੇ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਸੰਬੰਧਤ ਹੈ। ਉਸ ਦੀਆਂ ਦੋ ਭੈਣਾਂ ਤੇ ਤਿੰਨ ਭਰਾ ਹਨ ਤੇ ਉਨ੍ਹਾਂ ਦੀ ਕੁੱਲ ਜ਼ਮੀਨ 10-12 ਏਕੜ ਹੈ। ਉਹ ਅੱਠ ਜਮਾਤ ਤਕ ਪੜ੍ਹਿਆ ਹੋਇਆ ਹੈ। ਉਸ ਦੇ ਪਰਿਵਾਰ ਦਾ ਪਿਛੋਕੜ ਅਕਾਲੀ ਹੈ। ਉਸ ਦੇ ਦਾਦੇ ਨੇ ਪੰਜਾਬੀ ਸੂਬਾ ਲਹਿਰ ਵਿੱਚ ਹਿੱਸਾ ਲਿਆ ਤੇ ਪਿਤਾ ਨੇ ਅਕਾਲੀ ਦਲ ਵੱਲੋਂ ਸਤਲੁਜ-ਯਮਨਾ ਲਿੰਕ ਨਹਿਰ ਦੀ ਉਸਾਰੀ ਦੇ ਖਿਲਾਫ਼ ਕਪੂਰੀ ਮੋਰਚੇ ਵਿੱਚ ਹਿੱਸਾ ਲਿਆ। ਪੰਦਰਾਂ ਸਾਲ ਦੀ ਉਮਰ ਵਿੱਚ ਉਹ ਆਪਣੇ ਪਿੰਡ ਦੇ ਨੇੜਲੇ ਕਸਬੇ ਧਾਰੀਵਾਲ ਵਿੱਚ ਅੰਗਰੇਜ਼ੀ ਸਾਮਰਾਜ ਦੇ ਸਮੇਂ ਵਿੱਚ ਬਣੀ ਹੋਈ ਕੱਪੜੇ ਦੀ ਮਿੱਲ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ’ਤੇ ਲੱਗ ਗਿਆ। ਉਸ ਨੇ ਉੱਥੇ ਤਕਰੀਬਨ 10 ਸਾਲ ਤਕ ਨੌਕਰੀ ਕੀਤੀ। ਉਸ ਮਿਲ ਵਿੱਚ ਮਜ਼ਦੂਰਾਂ ਦੇ ਨੇਤਾ ਕਾਮਰੇਡ ਰਾਜਕੁਮਾਰ ਦੇ ਦੋ ਵਾਰੀ 1977 ਤੇ 1980 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਧਾਰੀਵਾਲ ਤੋਂ ਵਿਧਾਇਕ ਚੁਣੇ ਜਾਣ ਕਰਕੇ ਉਸ ਵਿੱਚ ਵੀ ਰਾਜਨੀਤਕ ਖਾਹਿਸ਼ ਪੈਦਾ ਹੋਈ। ਇਸੇ ਖ਼ਾਹਿਸ਼ ਦੀ ਪੂਰਤੀ ਲਈ ਉਹ ਇੱਕ ਵਾਰ ਇਸ ਮਿਲ ਵਿੱਚ ਕੰਮ ਕਰਦੇ 6000 ਵਰਕਰਾਂ ਦੀ ਜਥੇਬੰਦੀ ਦਾ ਉਪ-ਪ੍ਰਧਾਨ ਚੁਣਿਆ ਗਿਆ। ਪਰ ਛੇਤੀ ਹੀ ਹਾਲਾਤ ਬਦਲ ਗਏ ਤੇ ਉਹ ਨੌਕਰੀ ਛੱਡ ਕੇ ਉਸ ਸਮੇਂ ਪੰਜਾਬ ਵਿੱਚ ਚੱਲ ਰਹੀ ਲਹਿਰ ਦਾ ਹਿੱਸਾ ਬਣ ਗਿਆ।

1984 ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ। ਇਨ੍ਹਾਂ ਹਾਲਾਤ ਵਿੱਚ ਹੀ ਵਸਣ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਪਰ ਉਹ ਪੁਲਿਸ ਵਾਲਿਆਂ ਨੂੰ ਰਿਸ਼ਵਤ ਦੇ ਕੇ ਬਾਹਰ ਆ ਗਿਆ। ਥੋੜ੍ਹੇ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਪੁਲਿਸ ਉਸ ਨੂੰ ਦੁਬਾਰਾ ਫੜਨਾ ਚਾਹੁੰਦੀ ਹੈ, ਇਸ ਲਈ ਉਹ ਘਰ ਛੱਡ ਕੇ ਚਲਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਔਰਤਾਂ ਸਮੇਤ ਫੜ ਕੇ ਲੈ ਗਈ। ਉਸ ਉੱਪਰ ਅੱਗਜ਼ਨੀ ਤੇ ਬੱਸਾਂ ਸਾੜਨ ਦਾ ਦੋਸ਼ ਲਗਾਇਆ ਗਿਆ ਸੀ। ਉਸਦੇ ਪਿਤਾ ’ਤੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਅਤੇ ਪੰਜ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ 1989 ਵਿੱਚ ਹਾਈਕੋਰਟ ਦੇ ਆਦੇਸ਼ ਨਾਲ ਉਸਦੀ ਰਿਹਾਈ ਹੋਈ। ਪੁਲਿਸ ਦੁਆਰਾ ਪਰਿਵਾਰ ’ਤੇ ਕਾਫ਼ੀ ਤਸ਼ੱਦਦ ਕੀਤਾ ਗਿਆ। ਉਸਦੇ ਮੁਤਾਬਕ ਉਹ ਉਸ ਸਮੇਂ ਤਕ ਕਿਸੇ ਵੀ ਖਾੜਕੂ ਸਰਗਰਮੀ ਵਿੱਚ ਸ਼ਾਮਲ ਨਹੀਂ ਸੀ। ਇਹ ਪੁਲਿਸ ਦਾ ਜ਼ੁਲਮ ਹੀ ਸੀ ਕਿ ਉਸ ਨੂੰ ਘਰ ਬਾਰ ਛੱਡਣਾ ਪਿਆ ਤੇ ਬਾਅਦ ਵਿੱਚ ਖਾਲਿਸਤਾਨੀ ਲਹਿਰ ਦਾ ਹਿੱਸਾ ਬਣਨਾ ਪਿਆ। ਉਸਦੇ ਮੁਤਾਬਕ 25 ਸਾਲ ਦੀ ਉਮਰ ਤਕ ਉਹ ਗੁਰਦਾਸਪੁਰ ਸ਼ਹਿਰ ਕੇਵਲ ਦੋ ਵਾਰੀ ਹੀ ਗਿਆ ਸੀ। ਉਹ ਇਸ ਸਮੇਂ ਤਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਨਹੀਂ ਮਿਲਿਆ ਸੀ ।

ਘਰ ਛੱਡਣ ਵੇਲੇ ਉਸਦੀ ਉਮਰ 25 ਸਾਲ ਦੀ ਸੀ। ਇਸ ਸਮੇਂ ਵਿੱਚ ਉਸਦੀ ਮੁਲਾਕਾਤ ਹੋਰ ਮੁੰਡਿਆਂ ਤੋਂ ਇਲਾਵਾ ਤਰਸੇਮ ਸਿੰਘ ਕੋਹਾੜ, ਜੋ ਬਾਅਦ ਵਿੱਚ ਖਾਲਿਸਤਾਨ ਲਿਬਰੇਸ਼ਨ ਆਰਮੀ ਦਾ ਮੁਖੀ ਬਣਿਆ, ਨਾਲ ਹੋਈ। ਉਨ੍ਹਾਂ ਦਿਨਾਂ ਵਿੱਚ ਉਹ ਦੋਵੇਂ ਸਾਈਕਲ ’ਤੇ ਪਿੰਡੋ ਪਿੰਡ ਆਪਣੀ ਜਾਨ ਬਚਾਉਣ ਤੇ ਘਰੋਂ ਭੱਜੇ ਹੋਏ ਮੁੰਡਿਆਂ ਨੂੰ ਜਥੇਬੰਦ ਕਰਕੇ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੀਆਂ ਵਧੀਕੀਆਂ ਦਾ ਬਦਲਾ ਲੈਣ ਲਈ ਯਤਨ ਕਰਦੇ ਰਹੇ ਤੇ ਖਾਲਿਸਤਾਨੀ ਲਿਬਰੇਸ਼ਨ ਆਰਮੀ ਬਣਾਈ। ਇਸ ਸਮੇਂ ਵਿੱਚ ਹੀ ਉਹ ਦਮਦਮੀ ਟਕਸਾਲ ਦੇ ਨੇਤਾਵਾਂ ਦੇ ਸੰਪਰਕ ਵਿੱਚ ਆਇਆ। ਇਸ ਤੋਂ ਬਾਅਦ ਇੱਕ ਸਾਂਝੀ ਰਣਨੀਤੀ ਵਿੱਚ ਉਸਨੇ ਉਨ੍ਹਾਂ ਨਾਲ ਮਿਲ ਕੇ ਨਵੰਬਰ 1985 ਵਿੱਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹਿਤਾ ਵਿੱਚ ਇੱਕ ਵੱਡਾ ਪੰਥਕ ਸੰਮੇਲਨ ਕੀਤਾ। ਇਸ ਸੰਮੇਲਨ ਵਿੱਚ ਫ਼ੌਜ ਦੀ ਦਰਬਾਰ ਸਾਹਿਬ ਵਿੱਚ ਹੋਈ ਕਾਰਵਾਈ ਵਿੱਚ ਤੇ ਉਸ ਤੋਂ ਪਹਿਲਾਂ ਸ਼ਹੀਦ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸੰਮੇਲਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਲੋਕਾਂ ਦੇ ਭਾਰੀ ਸਮਰਥਨ ਤੋਂ ਬਾਅਦ 26 ਜਨਵਰੀ 1986 ਨੂੰ ਅਕਾਲ ਤਖ਼ਤ ’ਤੇ ਹੋਏ ਸਰਬੱਤ ਖਾਲਸਾ ਵਿੱਚ ਵੀ ਉਸਨੇ ਵੱਡਾ ਰੋਲ ਅਦਾ ਕੀਤਾ। ਸਰਬੱਤ ਖ਼ਾਲਸਾ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਹੀ ਰਹਿਣ ਲੱਗ ਪਿਆ। ਇਸਦਾ ਮੁੱਖ ਕਾਰਨ ਉਸ ਸਮੇਂ ਦੇ ਅਕਾਲ ਤਖ਼ਤ ਦੇ ਜਥੇਦਾਰ ਦਾ ਦਮਦਮੀ ਟਕਸਾਲ ਦੇ ਆਗੂਆਂ ਨਾਲ ਬਹੁਤ ਨੇੜੇ ਦੇ ਸੰਬੰਧ ਸਨ।

ਇਸੇ ਹੀ ਸਮੇਂ ਵਿੱਚ ਡਾ. ਸੋਹਨ ਸਿੰਘ ਵੱਲੋਂ ਪੰਥਕ ਕਮੇਟੀ ਬਣਾਈ ਜਾਂਦੀ ਹੈ ਜਿਸ ਵਿੱਚ ਵੱਸਣ ਸਿੰਘ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਇਸੇ ਕਮੇਟੀ ਨੇ ਹੀ ਸਭ ਤੋਂ ਪਹਿਲਾਂ 29 ਅਪਰੈਲ 1986 ਨੂੰ ਖਾਲਿਸਤਾਨ ਦੀ ਸਥਾਪਤੀ ਦਾ ਐਲਾਨ ਕੀਤਾ ਸੀ। ਉਸਦੇ ਮੁਤਾਬਕ ਉਹ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨ ਇਸ ਮਤੇ ਦੇ ਖ਼ਿਲਾਫ਼ ਸਨ। ਉਹ ਚਾਹੁੰਦੇ ਸਨ ਕਿ ਸਿੱਖਾਂ ਵਿੱਚ ਜਾ ਕੇ ਇੱਕ ਰਾਏ ਤਿਆਰ ਕੀਤੀ ਜਾਵੇ ਤੇ ਫਿਰ ਇਸਦਾ ਐਲਾਨ ਕੀਤਾ ਜਾਵੇ। ਪਰ ਉਨ੍ਹਾਂ ਦੇ ਕਹਿਣ ਅਨੁਸਾਰ ਡਾਕਟਰ ਸੋਹਨ ਸਿੰਘ ਕਿਸੇ ਵੱਡੇ ਦਬਾਅ ਹੇਠ ਸੀ। ਉਸਦੇ ਕਹਿਣ ਮੁਤਾਬਕ ਇਸ ਸਮੇਂ ਤਕ ਪੰਥਕ ਕਮੇਟੀ ਵਿੱਚ ਧੜੇਬੰਦੀ ਤੇ ਸਰਕਾਰੀ ਏਜੰਸੀਆਂ ਦਾ ਦਖਲ ਵਧ ਗਿਆ ਸੀ। ਇਸ ਸਮੇਂ ਵਿੱਚ ਉਹ ਜਥੇਬੰਦੀ ਤੋਂ ਵੱਖ ਹੋ ਗਿਆ ਤੇ ਨਵੀਂ ਜਥੇਬੰਦੀ ਖਾਲਿਸਤਾਨ ਕਮਾਂਡੋ ਫੋਰਸ, ਜਿਸਦੇ ਪਹਿਲੇ ਮੁਖੀ ਮਨਬੀਰ ਸਿੰਘ ਚਹੇੜੂ ਸਨ, ਵਿੱਚ ਸ਼ਾਮਲ ਹੋ ਗਿਆ। ਥੋੜ੍ਹੀ ਦੇਰ ਬਾਅਦ ਇਹ ਜਥੇਬੰਦੀ ਕਈ ਹਿੱਸਿਆਂ ਵਿੱਚ ਵੰਡੀ ਗਈ ਤੇ ਉਸਦੇ ਇੱਕ ਹਿੱਸੇ ਦਾ ਮੁਖੀ ਵੱਸਣ ਸਿੰਘ ਜ਼ਫਰਵਾਲ ਬਣਿਆ। ਇਸ ਜਥੇਬੰਦੀ ਵਿੱਚ ਸੈਕੜੇ ਮੁੰਡੇ ਸ਼ਾਮਲ ਹੋਏ ਤੇ ਇਹ ਉਸ ਸਮੇਂ ਵਿੱਚ ਬਹੁਤ ਹੀ ਵਡੀ ਖਾੜਕੂ ਜਥੇਬੰਦੀ ਦੇ ਤੌਰ ’ਤੇ ਉੱਭਰੀ। 1986 ਤੋਂ ਬਾਅਦ ਤੇ ਖ਼ਾਸ ਕਰਕੇ 1987 ਵਿੱਚ ਖਾਲਿਸਤਾਨੀ ਜਥੇਬੰਦੀਆਂ ਦੁਆਰਾ ‘ਸਮਾਜ ਸੁਧਾਰ ਲਹਿਰ’ ਚਲਾਈ। ਇਸਦੇ ਨਾਲ ਪੰਜਾਬ ਵਿੱਚ ਅਕਾਲੀ ਸਰਕਾਰ ਨੂੰ ਬਰਤਰਫ਼ ਕਰ ਦਿੱਤਾ ਗਿਆ ਤੇ ਪੰਜਾਬ ਫਿਰ ਇੱਕ ਵਾਰੀ ਹਨੇਰ ਕੋਠੜੀ ਵੱਲ ਧੱਕ ਦਿੱਤਾ ਗਿਆ। 1987-1992 ਦਾ ਉਹ ਸਮਾਂ ਹੈ ਜਦੋਂ ਪੰਜਾਬ ਦੇ ਲੋਕ ਸਰਕਾਰੀ ਤੇ ਗ਼ੈਰ-ਸਰਕਾਰੀ ਹਿੰਸਾ ਦੇ ਸ਼ਿਕਾਰ ਹੋਏ। ਲੋਕਾਂ ਉੱਤੇ ਹੋਏ ਸਰਕਾਰੀ ਜ਼ੁਲਮਾਂ ਦੇ ਕਾਰਨ ਹੀ ਪੰਜਾਬ ਵਿੱਚ ਖਾਲਿਸਤਾਨ ਲਹਿਰ ਨੂੰ ਧਕਾ ਲੱਗਾ।

 ਇਨ੍ਹਾਂ ਹਾਲਾਤ ਵਿੱਚ ਆਪਣੀ ਸੁਰੱਖਿਆ ਨੂੰ ਸਾਹਮਣੇ ਰੱਖ ਕੇ ਜ਼ਫਰਵਾਲ ਨੇ ਪਾਕਿਸਤਾਨ ਚਲੇ ਜਾਣ ਦੀ ਸਕੀਮ ਬਣਾਈ। ਉਹ 27 ਅਗਸਤ 1987 ਦੀ ਰਾਤ ਨੂੰ ਡੇਰੇ ਬਾਬੇ ਨਾਨਕ ਵਾਲੇ ਪਾਸੇ ਤੋਂ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸਜ਼ ਇੰਟੈਲੀਜੈਂਟ ਦੀ ਮਦਦ ਨਾਲ ਲਾਹੌਰ ਪਹੁੰਚ ਗਿਆ। ਉਸਦੇ ਮੁਤਾਬਕ ਉੱਥੇ ਜਾਣ ਤੋਂ ਪਹਿਲਾਂ ਉਸ ਦੀ ਪਾਕਿਸਤਾਨ ਵਿੱਚ ਕਿਸੇ ਨਾਲ ਕੋਈ ਜਾਣ ਪਛਾਣ ਨਹੀਂ ਸੀ। ਉਹ 1987 ਤੋਂ 1995 ਤਕ ਪਾਕਿਸਤਾਨ ਵਿੱਚ ਲਾਹੌਰ ਸ਼ਹਿਰ ਤੋਂ ਬਾਹਰ ਆਈ ਐੱਸ ਐੱਸ ਦੀ ਨਿਗਰਾਨੀ ਵਿੱਚ ਇੱਕ ਘਰ ਵਿੱਚ ਰਿਹਾ।ਇੱਥੇ ਇਹ ਦੱਸਣਾ ਬਣਦਾ ਹੈ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ ਪਾਕਿਸਤਾਨ ਨੇ ਖਾਲਿਸਤਾਨੀ ਜਥੇਬੰਦੀਆਂ ਵਾਸਤੇ ਹਥਿਆਰਾਂ ਦੀ ਸਪਲਾਈ ਤੇ ਘਰੋਂ ਦੌੜ ਕੇ ਗਏ ਮੁੰਡਿਆਂ ਦੀ ਸਿਖਲਾਈ ਲਈ ਕਈ ਕੈਂਪ ਸਥਾਪਤ ਕੀਤੇ ਸਨ। ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੀ 553 ਕਿਲੋਮੀਟਰ ਦੀ ਹੱਦ ’ਤੇ ਉਸ ਸਮੇਂ ਕੰਡਿਆਲੀ ਤਾਰ ਨਹੀਂ ਲੱਗੀ ਹੋਈ ਸੀ। ਉਸ ਸਮੇਂ ਤਕ ਉਸਦੀ ਜਥੇਬੰਦੀ ਪੰਜਾਬ ਵਿੱਚ ਤਕਰੀਬਨ 12-13 ਹੋਰ ਜਥੇਬੰਦੀਆਂ ਵਿੱਚ ਸਭ ਤੋਂ ਵਡੀ ਜਥੇਬੰਦੀ ਬਣ ਗਈ ਸੀ।

ਉਸਦੇ ਕਹਿਣ ਮੁਤਾਬਕ ਪਾਕਿਸਤਾਨ ਪਹੁੰਚਣ ਤੋਂ ਬਾਅਦ ਉਹ ਆਪਣੀ ਜਥੇਬੰਦੀ ਦੀਆਂ ਕਾਰਵਾਈਆਂ ਤੋਂ ਬਿਲਕੁਲ ਅਨਜਾਣ ਹੋ ਗਿਆ। ਸ਼ੁਰੂ ਵਿੱਚ ਉਹ ਜ਼ਿਆਦਾ ਸਮਾਂ ਪਾਕਿਸਤਾਨ ਖੁਫੀਆ ਏਜੰਸੀ ਦੀ ਨਿਗਰਾਨੀ ਵਿੱਚ ਘਰ ਵਿੱਚ ਹੀ ਬਤੀਤ ਕਰਦਾ ਸੀ। ਪਰ ਹੌਲੀ ਹੌਲੀ ਉਹ ਉਨ੍ਹਾਂ ਦੀ ਨਿਗਰਾਨੀ ਹੇਠ ਲਾਹੌਰ ਅਤੇ ਹੋਰ ਥਾਵਾਂ ’ਤੇ ਸਥਿਤ ਧਾਰਮਿਕ ਅਸਥਾਨਾਂ ’ਤੇ ਪੰਜਾਬ ਤੋਂ ਆਏ ਸ਼ਰਧਾਲੂਆਂ ਨੂੰ ਮਿਲ ਕੇ ਜਾਣਕਾਰੀ ਪ੍ਰਾਪਤ ਕਰਦਾ ਸੀ। ਇਹ ਸਾਰਾ ਕੁਝ ਖੁਫੀਆ ਤੰਤਰ ਦੀ ਨਿਗਰਾਨੀ ਹੇਠ ਹੀ ਹੁੰਦਾ ਸੀ। ਇਸ ਤੋਂ ਇਲਾਵਾ ਉਸ ਨੂੰ ਭਾਰਤੀ ਪੰਜਾਬ ਤੋਂ ਛਪਦੇ ਅੱਠ ਦਿਨ ਪੁਰਾਣੇ ਅਖ਼ਬਾਰ ਪੜ੍ਹਨ ਲਈ ਦਿੱਤੇ ਜਾਂਦੇ ਸਨ। ਉਹ ਥੋੜ੍ਹੇ ਸਮੇਂ ਵਿੱਚ ਹੀ ਅਜਿਹੇ ਹਾਲਾਤ ਵਿੱਚ ਰਹਿਣ ਤੋਂ ਤੰਗ ਆ ਚੁੱਕਾ ਸੀ। ਇਸਦੇ ਨਾਲ ਹੀ ਪੰਜਾਬ ਵਿੱਚ ਲੋਕਾਂ ਦੀ ਖਾਲਿਸਤਾਨੀ ਜਥੇਬੰਦੀਆਂ ਤੇ ਸਰਕਾਰੀ ਦਹਿਸ਼ਤਵਾਦ ਨਾਲ ਹੋ ਰਹੀ ਤਬਾਹੀ ਵੀ ਉਸ ਨੂੰ ਝੰਜੋੜ ਰਹੀ ਸੀ। ਪਰ ਉਹ ਇਸ ਹਾਲਾਤ ਵਿੱਚ ਬਿਲਕੁਲ ਅਸਹਿਜ ਮਹਿਸੂਸ ਕਰ ਰਿਹਾ ਸੀ। ਥੋੜ੍ਹੇ ਸਮੇਂ ਬਾਅਦ ਪੰਜਾਬ ਤੋਂ ਆਉਂਦੇ ਮੁੰਡਿਆਂ ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ। ਇਨ੍ਹਾਂ ਵਿੱਚੋਂ ਜ਼ਿਆਦਾ ਉੱਥੋਂ ਡਰ ਕੇ ਘਰੋਂ ਭੱਜੇ ਹੋਏ ਸਨ ਤੇ ਇੱਥੇ ਖੁਫੀਆ ਏਜੰਸੀ ਦੀ ਨਿਗਰਾਨੀ ਵਿੱਚ ਰੱਖੇ ਜਾਂਦੇ ਸਨ। ਉਨ੍ਹਾਂ ਤੋਂ ਵੀ ਪੰਜਾਬ ਦੇ ਹਾਲਾਤ ਦੀਆਂ ਖ਼ਬਰਾਂ ਸੁਣ ਕੇ ਬਹੁਤ ਤਕਲੀਫ਼ ਹੁੰਦੀ ਸੀ। ਮੁੰਡਿਆਂ ਦਾ ਉਸ ਨੂੰ ਲਗਾਤਾਰ ਮਿਲਣ ਦਾ ਦੌਰ ਤਕਰੀਬਨ 1990 ਤਕ ਰਿਹਾ। ਇਸ ਤੋਂ ਪਿੱਛੋਂ ਸਰਹੱਦ ’ਤੇ ਕੰਡਿਆਲੀ ਤਾਰ ਲੱਗਣ ਕਰਕੇ ਪਾਕਿਸਤਾਨ ਵਿੱਚ ਚਲਾਏ ਜਾਂਦੇ ਸਿਖਲਾਈ ਕੈਂਪਾਂ ’ਤੇ ਵੀ ਰੋਕ ਲੱਗਣੀ ਸ਼ੁਰੂ ਹੋ ਗਈ। ਮੁੰਡਿਆਂ ਦਾ ਬਾਰਡਰ ਤੋਂ ਇੱਧਰ ਓਧਰ ਜਾਣਾ ਬਹੁਤ ਮੁਸ਼ਕਲ ਤੇ ਜੋਖ਼ਮ ਭਰਿਆ ਹੋ ਗਿਆ। ਇਸਦੇ ਨਾਲ ਹੀ ਪੰਜਾਬ ਵਿੱਚ ਪੁਲਿਸ ਤੇ ਨੀਮ ਫ਼ੌਜੀ ਦਸਤੇ ਦੀ ਕਾਰਵਾਈ ਬਹੁਤ ਤੇਜ਼ ਹੋ ਗਈ। ਇਸ ਕਰਕੇ ਪੰਜਾਬ ਵਿੱਚ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਦੋਨਾਂ ਪਾਸਿਆਂ ਤੋਂ ਹਿੰਸਾ ਦਾ ਸ਼ਿਕਾਰ ਬਣ ਗਏ ਤੇ ਖਾਲਿਸਤਾਨ ਦੇ ਨਾਂ ’ਤੇ ਲੜੀ ਜਾਂਦੀ ਲਹਿਰ ਕਮਜ਼ੋਰ ਹੋ ਗਈ। ਇਨ੍ਹਾਂ ਹਾਲਾਤ ਵਿੱਚ ਪਾਕਿਸਤਾਨ ਦੀ ਦਿਲਚਸਪੀ ਪੰਜਾਬ ਵਿੱਚ ਘਟ ਗਈ। ਇਸੇ ਸਮੇਂ ਵਿੱਚ ਭਾਰਤ ਦੇ ਸੂਬੇ ਕਸ਼ਮੀਰ ਵਿੱਚ ਖਾੜਕੂ ਕਾਰਵਾਈਆਂ ਸ਼ੁਰੂ ਹੋ ਗਈਆਂ ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀਆਂ ਤੇ ਹੋਰ ਤਾਣੇ ਬਾਣੇ ਨੇ ਆਪਣਾ ਜ਼ਿਆਦਾ ਧਿਆਨ ਕਸ਼ਮੀਰ ਵਾਲੇ ਪਾਸੇ ਲਗਾ ਦਿੱਤਾ। ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਕਦੇ ਵੀ ਆਜ਼ਾਦ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੋ ਸਕਦਾ। ਉਸਦਾ ਮੁੱਖ ਕਾਰਨ ਹਿੰਦੋਸਤਾਨੀ ਫ਼ੌਜਾਂ ਨੂੰ ਪੰਜਾਬ ਵਿੱਚ ਉਲਝਾ ਕੇ ਕਸ਼ਮੀਰ ਵਿੱਚ ਅੱਤਵਾਦੀ ਸਰਗਰਮੀਆਂ ਨੂੰ ਤੇਜ਼ ਕਰਨਾ ਸੀ। ਇਸਦੇ ਨਾਲ ਹੀ ਉਸ ਪ੍ਰਤੀ ਪਾਕਿਸਤਾਨੀ ਏਜੰਸੀ ਦਾ ਵਰਤਾਰਾ ਵੀ ਬਦਲ ਗਿਆ। ਇਸ ਬਦਲੇ ਵਰਤਾਰੇ ਤੋਂ ਬਾਅਦ ਉਸਦਾ ਇਸ ਲਹਿਰ ਵਿੱਚੋਂ ਮਨ ਉਚਾਟ ਹੋ ਗਿਆ।

1992 ਵਿੱਚ ਪੰਜਾਬ ਵਿੱਚ ਚੋਣਾਂ ਤੋਂ ਬਾਅਦ ਪੰਜਾਬ ਦੇ ਹਾਲਾਤ ਬਹੁਤ ਨਾਟਕੀ ਢੰਗ ਨਾਲ ਬਦਲਣ ਲੱਗੇ ਤੇ ਵੇਖਦਿਆਂ ਵੇਖਦਿਆਂ ਹੀ ਲਹਿਰ ਆਲੋਪ ਹੋ ਗਈ। ਇਸ ਸਮੇਂ ਵਿੱਚ ਰਾਜਨੀਤਕ ਸ਼ਾਸਨ ਨੇ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਨੂੰ ਇਸ ਲਹਿਰ ਦਾ ਖਾਤਮਾ ਕਰਨ ਵਾਸਤੇ ਕਿਸੇ ਵੀ ਹੱਦ ਤਕ ਜਾਣ ਦੀ ਇਜਾਜ਼ਤ ਦਿੱਤੀ। ਸਰਕਾਰੀ ਅੱਤਵਾਦ ਰਾਹੀਂ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ।1992 ਤੋਂ 1995 ਦਾ ਸਮਾਂ ਉਸਨੇ ਬਹੁਤ ਮਾਯੂਸੀ ਤੇ ਉਦਾਸੀ ਵਿੱਚ ਬਤੀਤ ਕੀਤਾ। ਉਹ ਆਪਣੇ ਆਪ ਨੂੰ ਬਹੁਤ ਅਸਹਿਜ ਮਹਿਸੂਸ ਕਰ ਰਿਹਾ ਸੀ। ਇਸੇ ਸਮੇਂ ਵਿੱਚ ਉਸਨੇ ਪਾਕਿਸਤਾਨ ਛੱਡ ਕੇ ਕਿਸੇ ਪੱਛਮੀ ਦੇਸ਼ ਵਿੱਚ ਚਲੇ ਜਾਣ ਦਾ ਫ਼ੈਸਲਾ ਕੀਤਾ। ਉਸ ਨੂੰ ਲਗਦਾ ਸੀ ਕਿ ਸ਼ਾਇਦ ਪੱਛਮੀ ਦੇਸ਼ਾਂ ਵਿੱਚ ਖਾਲਿਸਤਾਨੀ ਲਹਿਰ ਨੂੰ ਕਾਫ਼ੀ ਹਮਾਇਤ ਹੋਵੇਗੀ ਤੇ ਉਹ ਉਸ ਲਹਿਰ ਨੂੰ ਹੋਰ ਤਕੜਾ ਕਰਨ ਵਿੱਚ ਮਦਦ ਕਰੇਗਾ। ਇੱਥੇ ਦੱਸਣਾ ਬਣਦਾ ਹੈ ਕਿ ਉਸ ਸਮੇਂ ਤਕ ਪੰਜਾਬ ਤੋਂ ਕਾਫੀ ਜ਼ਿਆਦਾ ਮੁੰਡੇ ਵੱਖ ਵੱਖ ਤਰੀਕਿਆਂ ਰਾਹੀਂ ਯੂਰਪ ਦੇ ਦੇਸ਼ਾਂ ਤੇ ਅਮਰੀਕਾ, ਕੈਨੇਡਾ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨੇ ਰਾਜਸੀ ਸ਼ਰਨ ਪ੍ਰਾਪਤ ਕੀਤੀ।

ਜ਼ਫਰਵਾਲ ਦੇ 1995 ਵਿੱਚ ਪਾਕਿਸਤਾਨ ਤੋਂ ਬਾਹਰ ਜਾਣ ਲਈ ਜ਼ਰੂਰੀ ਕਾਗ਼ਜ਼ਾਤ ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਤਿਆਰ ਕੀਤੇ ਸਨ। ਇਨ੍ਹਾਂ ਵਿੱਚ ਇੱਕ ਕੈਨੇਡੀਅਨ ਪਾਸਪੋਰਟ ਸੀ। ਸਭ ਤੋਂ ਪਹਿਲਾਂ ਉਸ ਨੂੰ ਲਾਹੌਰ ਤੋਂ ਕਰਾਚੀ ਤਕ ਜਹਾਜ਼ ਰਾਹੀਂ ਪਹੁੰਚਾਇਆ ਗਿਆ। ਇਸ ਤੋਂ ਬਾਅਦ ਉਹ ਕਰਾਚੀ ਤੋਂ ਪਾਕਿਸਤਾਨ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਪਹਿਲਾਂ ਹੀ ਤੈਅ ਕੀਤੀ ਜਗ੍ਹਾ ਸਵਿਟਜ਼ਰਲੈਂਡ ਦੇ ਸ਼ਹਿਰ ਯਿਊਰਿਕ ਪਹੁੰਚ ਗਿਆ। ਇੱਕ ਗਿਣੀ ਮਿਥੀ ਸਕੀਮ, ਜਿਹੜੀ ਉਨ੍ਹਾਂ ਦਿਨਾਂ ਵਿੱਚ ਕਾਫੀ ਪ੍ਰਚਲਿਤ ਸੀ, ਉਸਨੇ ਉੱਥੇ ਹਵਾਈ ਜਹਾਜ਼ ਤੋਂ ਉੱਤਰਦੇ ਸਮੇਂ ਆਪਣਾ ਪਾਸਪੋਰਟ ਤੇ ਸੰਬੰਧਤ ਕਾਗ਼ਜ਼ ਪਾੜ ਦਿੱਤੇ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸਦੇ ਨਾਲ ਹੀ ਉਸ ਨੇ ਆਪਣੀ ਬੋਲੀ ਵਿੱਚ ਭਾਰਤ ਵਿੱਚ ਸਿੱਖਾਂ ਨਾਲ ਹੁੰਦੇ ਜ਼ੁਲਮ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਜ਼ਿਕਰ ਕੀਤਾ। ਹਵਾਈ ਅੱਡੇ ’ਤੇ ਤਾਇਨਾਤ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉੱਥੇ ਹੀ ਇੱਕ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ। ਉਸ ਸਮੇਂ ਕੋਈ ਵੀ ਅਧਿਕਾਰੀ ਉਸਦੀ ਭਾਸ਼ਾ ਨੂੰ ਨਹੀਂ ਸਮਝ ਰਿਹਾ ਸੀ। ਇਸ ਲਈ ਅਗਲੇ ਦਿਨ ਪੁਲਿਸ ਨੇ ਇੱਕ ਦੋ-ਭਾਸ਼ੀਆ ਵਿਅਕਤੀ ਦਾ ਬੰਦੋਬਸਤ ਕੀਤਾ ਜਿਹੜਾ ਪੰਜਾਬੀ ਤੇ ਉੱਥੋਂ ਦੀ ਸਥਾਨਕ ਭਾਸ਼ਾ ਸਮਝ ਸਕਦਾ ਸੀ। ਉਸ ਦੀ ਗਾਥਾ ਸੁਣਨ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਆਰਜ਼ੀ ਤੌਰ ’ਤੇ ਉੱਥੇ ਰੁਕਣ ਦੀ ਇਜਾਜ਼ਤ ਦੇ ਦਿੱਤੀ। ਇਸ ਤੋਂ ਬਾਅਦ ਉਸ ਨੂੰ ਰੇਲਗੱਡੀ ਰਾਹੀਂ ਯਿਊਰਿਕ ਸ਼ਹਿਰ ਵਿੱਚ ਲਿਜਾਇਆ ਗਿਆ ਤੇ ਉੱਥੇ ਪਹਿਲਾਂ ਹੀ ਬਣੇ ਇੱਕ ਸ਼ਰਨਾਰਥੀ ਕੈਂਪ ਵਿੱਚ ਡੱਕ ਦਿੱਤਾ ਗਿਆ। ਇਸ ਕੈਂਪ ਵਿੱਚ ਸੌਣ ਲਈ ਇੱਕ ਵੱਖਰਾ ਕਮਰਾ ਤੇ ਰਹਿਣ ਦਾ ਪੂਰਾ ਬੰਦੋਬਸਤ ਸੀ। ਇਸ ਤੋਂ ਬਾਅਦ ਉਸ ਦੇਸ਼ ਵਿੱਚ ਇਸ ਲਹਿਰ ਨਾਲ ਜੁੜੇ ਲੋਕਾਂ ਨੂੰ ਪਤਾ ਲੱਗਾ ਤੇ ਉਨ੍ਹਾਂ ਨੂੰ ਮਿਲਣ ਲਈ ਆਉਣ ਲੱਗ ਪਏ। ਇਸਦਾ ਮੁੱਖ ਕਾਰਨ ਇਹ ਸੀ ਕਿ ਜਫਰਵਾਲ ਉਸ ਸਮੇਂ ਤਕ ਖਾਲਿਸਤਾਨੀ ਲਹਿਰ ਦਾ ਇੱਕ ਵੱਡਾ ਲੀਡਰ ਬਣ ਚੁੱਕਾ ਸੀ ਤੇ ਉਸਦੇ ਨਾਂ ਨਾਲ ਚਲਦੀ ਖਾੜਕੂ ਜਥੇਬੰਦੀ ਦੀ ਪੰਜਾਬ ਤੇ ਪੰਜਾਬ ਤੋਂ ਬਾਹਰ ਵਸਦੇ ਲੋਕਾਂ ਵਿੱਚ ਬਹੁਤ ਦਹਿਸ਼ਤ ਸੀ।

ਇਸ ਜਗ੍ਹਾ ਵਿੱਚ ਉਸ ਉੱਪਰ ਪਾਕਿਸਤਾਨ ਦੇ ਉਲਟ ਬਾਹਰ ਜਾਣ ਦੀ ਕੋਈ ਪਾਬੰਦੀ ਨਹੀਂ ਸੀ ਤੇ ਨਾ ਹੀ ਵਾਰ ਵਾਰ ਪੁਲਿਸ ਨੂੰ ਸੂਚਿਤ ਕਰਨਾ ਪੈਂਦਾ ਸੀ। ਉਸਦੀ ਯਾਦ ਮੁਤਾਬਕ ਇਨ੍ਹਾਂ ਛੇ ਸਾਲਾਂ (1995-2001) ਵਿੱਚ ਉਸ ਸ਼ਹਿਰ ਦਾ ਪੁਲਿਸ ਮੁਖੀ ਕੇਵਲ ਇੱਕ ਵਾਰ ਹੀ ਮਿਲਣ ਲਈ ਆਇਆ ਸੀ। ਉਸਦੀ ਅਨਪੜ੍ਹਤਾ ਉਸਦਾ ਘਰੋਂ ਬਾਹਰ ਨਿਕਲਣ ਤੇ ਆਮ ਲੋਕਾਂ ਨਾਲ ਮਿਲਣ ਦੇ ਰਸਤੇ ਵਿੱਚ ਬਹੁਤ ਵੱਡੀ ਰੁਕਾਵਟ ਸੀ। ਉਸ ਨੂੰ ਆਪਣੇ ਵਿਚਾਰ ਪ੍ਰਗਟ ਕਰਨ ’ਤੇ ਕੋਈ ਪਾਬੰਦੀ ਨਹੀਂ ਸੀ। ਉਸਨੇ ਕਈ ਵਾਰੀ ਆਪਣੇ ਨਾਲ 7-8 ਲੋਕ ਲੈ ਕੇ ਹੇਗ ਵਿੱਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਦੇ ਦਫਤਰ ਅੱਗੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਮੁਜਾਹਰੇ ਕੀਤੇ। ਪਰ ਇਨ੍ਹਾਂ ਦਾ ਉੱਥੇ ਕੋਈ ਅਸਰ ਦਿਖਾਈ ਨਹੀਂ ਦਿੰਦਾ ਸੀ। ਇਸਦੇ ਨਾਲ ਹੀ ਲੰਮਾ ਸਮਾਂ ਘਰ ਪਰਿਵਾਰ ਤੋਂ ਦੂਰ ਰਹਿਣ ਦਾ ਦੁੱਖ ਵੀ ਉਸਦੇ ਮਨ ’ਤੇ ਬੋਝ ਬਣਦਾ ਜਾ ਰਿਹਾ ਸੀ। ਉਸਦੇ ਮੁਤਾਬਕ 1987 ਵਿੱਚ ਦੇਸ਼ ਛੱਡਣ ਤੋਂ ਬਾਅਦ ਉਸਦਾ ਕਦੇ ਵੀ ਆਪਣੇ ਪਰਿਵਾਰ ਜਾਂ ਨਜ਼ਦੀਕੀਆਂ ਨਾਲ ਕੋਈ ਰਾਬਤਾ ਜਾਂ ਗੱਲਬਾਤ ਨਹੀਂ ਹੋਈ। ਉਹ ਆਪਣੀ ਜ਼ਿੰਦਗੀ ਬਹੁਤ ਸ਼ਾਨਦਾਰ ਤਰੀਕੇ ਨਾਲ ਜੀਅ ਰਿਹਾ ਸੀ। ਉਸ ਨੂੰ ਰਾਜਨੀਤਕ ਸ਼ਰਨਾਰਥੀ ਦੇ ਤੌਰ ’ਤੇ ਚੰਗਾ ਗੁਜ਼ਾਰਾ ਭੱਤਾ ਮਿਲਦਾ ਸੀ ਤੇ ਕਿਸੇ ਕਿਸਮ ਦੀ ਕੋਈ ਰੋਕ ਟੋਕ ਨਹੀਂ ਸੀ। ਪਰ ਉਸ ਨੂੰ ਪਰਿਵਾਰ ਤੇ ਕੌਮ ਦੀ ਚਿੰਤਾ ਸਤਾ ਰਹੀ ਸੀ। ਉਹ ਪੰਜਾਬ ਵਾਪਸ ਆ ਕੇ ਲਹਿਰ ਨੂੰ ਦੁਬਾਰਾ ਉਸਾਰਨ ਬਾਰੇ ਸੋਚ ਰਿਹਾ ਸੀ। ਇਸ ਕਰਕੇ ਉਸਨੇ ਆਪਣੇ ਆਪ ਹੀ ਜਨਵਰੀ 2001 ਵਿੱਚ ਵਾਪਸ ਪੰਜਾਬ ਆਉਣ ਦਾ ਫ਼ੈਸਲਾ ਕਰ ਲਿਆ।

ਉਸਨੇ ਵਾਪਸ ਆਉਣ ਵਾਸਤੇ ਲੋੜੀਂਦੇ ਕਾਗ਼ਜ਼ ਪੱਤਰ ਤਿਆਰ ਕੀਤੇ। ਇਸ ਕੰਮ ਵਿੱਚ ਉਸਦੇ ਨੇੜਲੇ ਸਹਿਯੋਗੀਆਂ ਨੇ ਇਟਲੀ ਵਿੱਚ ਰਹਿ ਰਹੇ ਇੱਕ ਭਾਰਤੀ ਦੇ ਮਿਆਦ ਪੁਗਾ ਚੁੱਕੇ ਪਾਸਪੋਰਟ ਦਾ ਬੰਦੋਬਸਤ ਕੀਤਾ। ਉਸ ਉੱਪਰ ਜਫਰਵਾਲ ਦੀ ਫੋਟੋ ਲਗਾ ਕੇ ਪਾਸਪੋਰਟ ਦੇ ਗੁੰਮ ਹੋਣ ਦੀ ਪੁਲਿਸ ਰਿਪੋਰਟ ਲਿਖਵਾ ਦਿੱਤੀ। ਇਸ ਰਿਪੋਰਟ ਦੇ ਆਧਾਰ ’ਤੇ ਉਸਦੇ ਭਾਰਤ ਵਾਪਸ ਆਉਣ ਦੇ ਕਾਗ਼ਜ਼ਾਤ ਤਿਆਰ ਕੀਤੇ ਤੇ ਉਹ ਇੱਕ ਪਾਸੇ ਦੀ ਟਿਕਟ ਖਰੀਦ ਕੇ ਜਨਵਰੀ 2001 ਦੇ ਅਖੀਰਲੇ ਹਫ਼ਤੇ ਵਿੱਚ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚ ਗਿਆ। ਉਸਦੇ ਦੱਸਣ ਮੁਤਾਬਕ ਹਵਾਈ ਅੱਡੇ ’ਤੇ ਉਹ ਬਿਨਾਂ ਕਿਸੇ ਰੋਕ ਟੋਕ ਦੇ ਇੰਮੀਗਰੇਸ਼ਨ ਅਤੇ ਸੁਰੱਖਿਆ ਦਸਤਿਆਂ ਦੀ ਮੌਜੂਦਗੀ ਵਿੱਚ ਹਵਾਈ ਅੱਡੇ ਤੋਂ ਬਾਹਰ ਆ ਗਿਆ। ਉਸਨੇ ਆਪਣੇ ਆਉਣ ਦੀ ਖ਼ਬਰ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਸੀ। ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਉਹ ਆਪਣੇ ਪੁਰਾਣੇ ਦੋਸਤ ਨੂੰ ਮਿਲਿਆ। ਪੰਜਾਬ ਵਿੱਚ ਬਦਲੇ ਹੋਏ ਹਾਲਾਤ ਉਸਦੇ ਵਾਸਤੇ ਬਹੁਤ ਹੈਰਾਨ ਕਰਨ ਵਾਲੀ ਗੱਲ ਸੀ। ਇਹ ਸੋਚ ਕੇ ਉਸਨੇ ਬਹੁਤ ਦੁੱਖ ਮਹਿਸੂਸ ਕੀਤਾ ਕਿ ਜਿਸ ਕਾਰਜ ਵਾਸਤੇ ਉਸਨੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦਾਅ ’ਤੇ ਲਾਈ ਸੀ ਤੇ ਸੈਂਕੜੇ ਮੁਸੀਬਤਾਂ ਝੱਲੀਆਂ ਸਨ, ਪੰਜਾਬ ਦੇ ਲੋਕ ਕਿਵੇਂ ਇਹ ਸਭ ਕੁਝ ਭੁਲਾ ਬੈਠੇ ਹਨ।

ਪੰਜਾਬ ਆਉਣ ਤੋਂ ਬਾਅਦ ਉਹ ਬੜੀ ਆਸਾਨੀ ਨਾਲ ਇੱਧਰ ਉੱਧਰ ਘੁੰਮਦਾ ਰਿਹਾ। ਸਵਿਟਜ਼ਰਲੈਂਡ ਦੀ ਪੁਲਿਸ ਨੂੰ ਉਸਦੇ ਲਾਪਤਾ ਹੋਣ ਦੀ ਖ਼ਬਰ ਉਸਦੇ ਉੱਥੋਂ ਜਾਣ ਤੋਂ ਦੋ ਹਫ਼ਤੇ ਬਾਅਦ ਪਤਾ ਲਗਦੀ ਹੈ। ਉਸਦੇ ਕਹੇ ਮੁਤਾਬਕ ਹੋ ਸਕਦਾ ਕਿ ਉਸਨੇ ਇਹ ਖ਼ਬਰ ਭਾਰਤੀ ਖੁਫੀਆ ਤੰਤਰ ਨੂੰ ਦੇ ਦਿੱਤੀ ਹੋਵੇਗੀ। ਇਸ ਤੋਂ ਬਾਅਦ ਭਾਰਤੀ ਏਜੰਸੀਆਂ ਤੇ ਪੁਲਿਸ ਕਾਫ਼ੀ ਚੌਕਸ ਹੋ ਗਈ ਤੇ ਉਸ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸੇ ਹੀ ਕੜੀ ਵਿੱਚ ਤਕਰੀਬਨ ਦੋ ਮਹੀਨੇ ਬਾਅਦ ਅਪਰੈਲ ਦੇ ਸ਼ੁਰੂ ਵਿੱਚ ਉਸ ਨੂੰ ਅੰਮ੍ਰਿਤਸਰ ਬੱਸ ਸਟੈਂਡ ਦੇ ਬਾਹਰ ਬਣੇ ਢਾਬੇ ਤੋਂ ਸ਼ਾਮ ਨੂੰ ਖਾਣਾ ਖਾਂਦੇ ਸਮੇਂ ਬੜੇ ਨਾਟਕੀ ਢੰਗ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਇਸਦਾ ਇੱਕ ਕਾਰਨ ਇਹ ਵੀ ਸੀ ਕਿ ਉਸਨੇ ਅੰਮ੍ਰਿਤਸਰ ਆ ਕੇ ਇੱਕ ਫਰਜ਼ੀ ਦਸਤਾਵੇਜ਼ ਨਾਲ ਮੋਬਾਇਲ ਫੋਨ ਦਾ ਕੁਨੈਕਸ਼ਨ ਲਿਆ ਸੀ। ਇਹ ਗੱਲ ਪੁਲਿਸ ਦੇ ਧਿਆਨ ਵਿੱਚ ਆ ਗਈ ਸੀ ਤੇ ਇਸੇ ਆਧਾਰ ’ਤੇ ਉਸ ਉੱਪਰ ਨਿਗਰਾਨੀ ਰੱਖੀ ਗਈ। ਫੜੇ ਜਾਣ ਤੋਂ ਬਾਅਦ ਪੁਲਿਸ ਉਸ ਨੂੰ ਬੀ-ਡਵੀਜ਼ਨ ਠਾਣੇ ਵਿੱਚ ਲੈ ਗਈ ਤੇ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕਰਕੇ 14 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ, ਜਿਹੜਾ ਬਾਅਦ ਵਿੱਚ ਫਿਰ 14 ਦਿਨਾਂ ਲਈ ਵਧਾ ਦਿੱਤਾ ਗਿਆ। ਉਸ ਸਮੇਂ ਉਸ ਨੂੰ 11 ਸੰਗੀਨ ਕੇਸਾਂ ਵਿੱਚ ਨਾਮਜ਼ਦ ਕੀਤਾ, ਜਿਨ੍ਹਾਂ ਵਿੱਚ ਕਤਲ, ਅਗਵਾਕਾਰੀ, ਲੁੱਟ-ਖਸੁੱਟ, ਦੇਸ਼ ਦੇ ਖਿਲਾਫ਼ ਬਗ਼ਾਵਤ ਆਦਿ ਧਾਰਾਵਾਂ ਲਾਈਆਂ ਗਈਆਂ ਸਨ। ਇਸ ਸਮੇਂ ਦੌਰਾਨ ਉਸ ਨੂੰ ਪੰਜਾਬ ਦੇ ਵੱਖ ਵੱਖ ਪੁਲਿਸ ਥਾਣਿਆਂ ਵਿੱਚ ਲਿਜਾ ਕੇ ਹਰ ਤਰੀਕੇ ਨਾਲ ਪੁੱਛ-ਪੜਤਾਲ ਕੀਤੀ ਤੇ ਬਾਅਦ ਵਿੱਚ ਜੇਲ੍ਹ ਭੇਜ ਦਿੱਤਾ। ਜੇਲ੍ਹ ਵਿੱਚੋਂ ਉਹ ਦੋ ਸਾਲ ਬਾਅਦ ਜ਼ਮਾਨਤ ’ਤੇ ਬਾਹਰ ਆ ਗਿਆ। ਸਾਡੀ ਮੁਲਾਕਾਤ ਹੋਣ ਤਕ ਉਸਦੇ ਦੱਸੇ ਮੁਤਾਬਕ ਉਹ ਸਾਰੇ ਕੇਸਾਂ ਵਿੱਚੋਂ ਬਾਇੱਜ਼ਤ ਬਰੀ ਹੋ ਗਿਆ ਸੀ।

ਇਸ ਤੋਂ ਬਾਅਦ ਵੱਸਣ ਸਿੰਘ ਜ਼ਫਰਵਾਲ ਦੀਆਂ ਸਰਗਰਮੀਆਂ ਧਾਰਮਿਕ ਅਤੇ ਸਮਾਜਕ ਮੁੱਦਿਆਂ ਉੱਤੇ ਹੀ ਕੇਂਦ੍ਰਿਤ ਰਹੀਆਂ ਹਨ। ਪਿਛਲੇ ਸਾਲਾਂ ਵਿੱਚ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਵਿੱਚ ਬਣੀ ਜਥੇਬੰਦੀ ਅਤੇ ਬਾਅਦ ਵਿੱਚ ਹੋਏ ਸਰਬੱਤ ਖਾਲਸੇ ਦਾ ਉਹ ਹਿੱਸਾ ਰਹੇ ਹਨ। ਇਨ੍ਹਾਂ ਸਰਗਰਮੀਆਂ ਕਰਕੇ ਉਨ੍ਹਾਂ ਦੀ ਪੁਲਿਸ ਵੱਲੋਂ ਕਈ ਵਾਰ ਪੁੱਛਗਿੱਛ ਅਤੇ ਛੋਟੇ ਮੋਟੇ ਕੇਸ ਪਾ ਦਿੱਤੇ ਜਾਂਦੇ ਰਹੇ ਹਨ।

ਇਸ ਸਾਰੀ ਲਹਿਰ ਤੇ ਆਪਣੇ ਤਜਬਰੇ ਸਾਂਝੇ ਕਰਦਿਆਂ ਹੋਇਆਂ ਵੱਸਣ ਸਿੰਘ ਜ਼ਫਰਵਾਲ ਕਹਿੰਦਾ ਹੈ ਕਿ “ਸਾਕਾ ਨੀਲਾ ਤਾਰਾ” ਦਾ ਦੁਖਾਂਤ ਤੇ ਉਸ ਤੋਂ ਬਾਅਦ ਪੁਲਿਸ ਦਾ ਉਨ੍ਹਾਂ ਨੂੰ ਘਰੋਂ ਚੁੱਕਣਾ, ਪੁਲਿਸ ਤੇ ਨੀਮ ਫ਼ੌਜੀ ਦਲਾਂ ਵੱਲੋਂ ਬੇਕਸੂਰ ਲੋਕਾਂ ਉੱਤੇ ਤਸ਼ੱਦਦ ਅਤੇ ਦਮਦਮੀ ਟਕਸਾਲ ਵੱਲ ਝੁਕਾਅ ਕਰਕੇ ਉਹ ਇਸ ਲਹਿਰ ਵਿੱਚ ਸ਼ਾਮਲ ਹੋਇਆ ਸੀ। ਇਹ ਉਹ ਸਮਾਂ ਸੀ ਜਦੋਂ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ ਆਪਣੇ ਆਪ ਮੈਦਾਨ ਵਿੱਚ ਆ ਗਏ ਸਨ ਤੇ ਲਹਿਰ ਨੂੰ ਆਮ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਸੀ। ਸ਼ੁਰੂ ਸ਼ੁਰੂ ਵਿੱਚ ਜ਼ਿਆਦਾਤਰ ਹਥਿਆਰ ਪੁਲਿਸ ਦੇ ਹੋਮਗਾਰਡਾਂ ਦੇ ਜਵਾਨਾਂ ਤੋਂ ਖੋਹੇ ਜਾਂਦੇ ਸਨ ਪਰ ਬਾਅਦ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਹਥਿਆਰਾਂ ਦੀ ਸਪਲਾਈ ਸ਼ੁਰੂ ਹੋ ਗਈ ਸੀ। ਇਸਦੇ ਨਾਲ ਹੀ ਕੁਝ ਪੁਲਿਸ ਵਾਲੇ ਨੌਕਰੀ ਛੱਡ ਕੇ ਲਹਿਰ ਵਿੱਚ ਦਾਖਲ ਹੋ ਗਏ ਸਨ। ਇਸ ਤੋਂ ਇਲਾਵਾ ਕੁਝ ਆਮ ਲੋਕਾਂ ਦੇ ਲਾਇਸੰਸੀ ਹਥਿਆਰ ਵੀ ਖੋਹੇ ਸਨ। ਪਹਿਲਾਂ ਪਹਿਲ ਹਥਿਆਰ ਪ੍ਰਾਪਤ ਕਰਨ ਵਿੱਚ ਮੁਸ਼ਕਲ ਹੁੰਦੀ ਸੀ ਪਰ ਬਾਅਦ ਵਿੱਚ ਕੋਈ ਸਮੱਸਿਆ ਨਹੀਂ ਆਈ।

ਜਦੋਂ ਵੱਸਣ ਸਿੰਘ ਜ਼ਫਰਵਾਲ ਨੂੰ ਲਹਿਰ ਦੇ ਪਤਨ ਬਾਰੇ ਪੁੱਛਿਆ ਗਿਆ ਤਾਂ ਉਸਨੇ ਇਸਦੇ ਬਹੁਤ ਸਾਰੇ ਕਾਰਨ ਦੱਸੇ। ਸਭ ਤੋਂ ਵੱਡਾ ਕਾਰਨ ਜਥੇਬੰਦੀਆਂ ਦੀ ਆਪਸੀ ਖਹਿਬਾਜ਼ੀ ਤੇ ਰੰਜਸ਼ ਸੀ। ਇਸਦੇ ਨਾਲ ਹੀ ਜਥੇਬੰਦੀਆਂ ਵਿੱਚ ਮਾੜੇ ਅਨਸਰਾਂ ਨਾਲ ਸਰਕਾਰੀ ਏਜੰਸੀਆਂ ਦੇ ਲੋਕ ਵੜ ਗਏ। 1987 ਤੋਂ ਬਾਅਦ ਲੋਕਾਂ ਉੱਤੇ ਜ਼ਬਰਦਸਤੀ ਸਮਾਜ ਸੁਧਾਰ ਲਾਗੂ ਕਰਨ ਤੋਂ ਬਾਅਦ ਖਾੜਕੂ ਜਥੇਬੰਦੀਆਂ ਦੀ ਗਿਣਤੀ ਬਹੁਤ ਵਧ ਗਈ ਤੇ ਇਸਦੇ ਨਾਲ ਹੀ ਇਨ੍ਹਾਂ ਜਥੇਬੰਦੀਆਂ ਵਿੱਚ ਧੜੇਬੰਦੀ ਵੀ ਵਧ ਗਈ। ਇਹ ਉਹ ਸਮਾਂ ਸੀ ਜਦੋਂ ਕਿਸੇ ਵੀ ਜਥੇਬੰਦੀ ਦੇ ਮੁਖੀ ਜਾਂ ਅਹੁਦੇਦਾਰ ਦਾ ਥੱਲੇ ਕੰਮ ਕਰਦੇ ਮੁੰਡਿਆਂ ’ਤੇ ਕੋਈ ਕੰਟਰੋਲ ਨਹੀਂ ਸੀ। ਇਸ ਕਾਰਣ ਤੇ ਸਰਕਾਰੀ ਹਿੰਸਾ ਕਾਰਣ ਲੋਕਾਂ ਦੀ ਲਹਿਰ ਪ੍ਰਤੀ ਹਮਦਰਦੀ ਨਾ ਰਹੀ ।

ਆਪਣੀ ਜਥੇਬੰਦੀ ਦੁਆਰਾ ਕੀਤੇ ਕੰਮਾਂ ਬਾਰੇ ਵੱਸਣ ਸਿੰਘ ਜ਼ਫਰਵਾਲ ਕਹਿੰਦਾ ਹੈ ਕਿ ਉਨ੍ਹਾਂ ਨੇ ਕਿਸੇ ਬੇਕਸੂਰ ਦਾ ਕਤਲ ਨਹੀਂ ਕੀਤਾ ਤੇ ਸਰਕਾਰੀ ਅਤੇ ਲੋਕਾਂ ਉੱਤੇ ਜ਼ੁਲਮ ਕਰਨ ਵਾਲਿਆਂ ਨੂੰ ਸਬਕ ਸਿਖਾਇਆ। ਉਹ ਇਹ ਵੀ ਮੰਨਦਾ ਹੈ ਕਿ ਬਾਅਦ ਵਿੱਚ ਹਾਲਾਤ ਅਜਿਹੇ ਬਣ ਗਏ ਸਨ ਜਦੋਂ ਕੋਈ ਵੀ ਕਿਸੇ ਦੇ ਕਾਬੂ ਹੇਠ ਨਹੀਂ ਸੀ। ਜਿੰਨਾ ਚਿਰ ਉਹ ਪੰਜਾਬ ਵਿੱਚ ਰਿਹਾ, ਉਸਨੇ ਮਾੜਾ ਕੰਮ ਕਰਨ ਵਾਲੇ ਅਨਸਰਾਂ ਨੂੰ ਜਥੇਬੰਦੀ ਵਿੱਚੋਂ ਬੇਦਖਲ ਕੀਤਾ ਤੇ ਉਨ੍ਹਾਂ ਨੇ ਅਜਿਹਾ ਨਾ ਕਰਨ ਵਾਸਤੇ ਚਿਤਾਵਨੀ ਦਿੱਤੀ। ਪਰ ਬਾਅਦ ਵਿੱਚ ਲਹਿਰ ਅਤੇ ਜਥੇਬੰਦੀ ਵਿੱਚ ਬਹੁਤ ਸਾਰੇ ਲੋਟੂ ਤੇ ਮਾੜੇ ਕਿਰਦਾਰ ਵਾਲੇ ਬੰਦੇ ਵੜ ਗਏ, ਜਿਨ੍ਹਾਂ ਦੇ ਕਾਰਨਾਮਿਆਂ ਕਰਕੇ ਲਹਿਰ ਬਦਨਾਮ ਹੋ ਗਈ।