ਅਮਰੀਕਾ ਦੇ ਮਿਨੀਸੋਟਾ ਰਾਜ ਵਿਚ ਇਕ ਸਟੇਟ ਸੈਨੇਟਰ ਵਿਰੁੱਧ ਪਹਿਲਾ ਦਰਜਾ ਸ਼ੱਕੀ ਚੋਰੀ ਦੇ ਅਪਰਾਧ ਤਹਿਤ ਮਾਮਲਾ ਦਰਜ

ਅਮਰੀਕਾ ਦੇ ਮਿਨੀਸੋਟਾ ਰਾਜ ਵਿਚ ਇਕ ਸਟੇਟ ਸੈਨੇਟਰ ਵਿਰੁੱਧ ਪਹਿਲਾ ਦਰਜਾ ਸ਼ੱਕੀ ਚੋਰੀ ਦੇ ਅਪਰਾਧ ਤਹਿਤ ਮਾਮਲਾ ਦਰਜ
ਕੈਪਸ਼ਨ ਸਟੇਟ ਸੈਨੇਟਰ ਨਿਕੋਲ ਮਿਸ਼ੈਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮਿਨੀਸੋਟਾ ਰਾਜ ਵਿਚ ਇਕ ਸਟੇਟ ਸੈਨੇਟਰ ਵਿਰੁੱਧ ਆਪਣੀ ਮਤਰੇਈ ਮਾਂ ਦੇ ਘਰ ਵਿਚ ਸੰਨ ਲਾ ਕੇ ਅੰਦਰ ਵੜਨ ਤੇ ਸ਼ੱਕੀ ਚੋਰੀ ਦੇ ਅਪਰਾਧ ਤਹਿਤ ਮਾਮਲਾ ਦਰਜ ਹੋਣ ਦੀ ਖਬਰ ਹੈ। ਡੈਟਰਾਇਟ ਲੇਕਸ ਖੇਤਰ ਵਿਚ ਪੁਲਿਸ ਮੌਕੇ ਉਪਰ ਪੁੱਜੀ ਤਾਂ ਸਟੇਟ ਸੈਨੇਟਰ ਨਿਕੋਲ ਮਿਸ਼ੈਲ ਘਰ ਦੇ ਤਹਿਖਾਨੇ ਵਿਚ ਸੀ। ਉਸ ਨੇ ਕਾਲੇ ਕਪੜੇ ਪਾਏ ਹੋਏ ਸਨ ਤੇ ਕਾਲਾ ਟੋਪ ਲਿਆ ਹੋਇਆ ਸੀ। ਗ੍ਰਿਫਤਾਰ ਕਰ ਲੈਣ ਉਪਰੰਤ 49 ਸਾਲਾ ਮਿਸ਼ੈਲ ਨੇ ਕਿਹਾ ਕਿ ਉਹ ਆਪਣੇ ਪਿਤਾ ਦੀਆਂ ਕੁਝ ਵਸਤਾਂ ਲੈਣ ਆਈ ਸੀ ਜਿਨਾਂ ਨਾਲ ਮੇਰਾ ਜਜ਼ਬਾਤੀ ਲਗਾਅ ਹੈ। ਉਸ ਨੇ ਪੁਲਿਸ ਅਫਸਰਾਂ ਨੂੰ ਕਿਹਾ ਕਿ ਸਪਸ਼ਟ ਤੌਰ 'ਤੇ ਇਸ ਸਮੇ ਉਹ ਚੰਗਾ ਅਨੁਭਵ ਨਹੀਂ ਕਰ ਰਹੀ, ਉਹ ਜਾਣਦੀ ਹੈ ਉਸ ਨੇ ਕੁਝ ਮਾੜਾ ਕੀਤਾ ਹੈ ਪਰੰਤੂ ਹਾਲ ਹੀ ਵਿਚ ਉਸ ਦੇ ਪਿਤਾ ਦੀ ਹੋਈ ਮੌਤ ਤੋਂ ਬਾਅਦ ਮਤਰੇਈ ਮਾਂ ਨੇ ਮੇਰੇ ਤੇ ਮੇਰੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ ਸੀ ਤੇ ਉਸ ਨੇ ਬੋਲਣਾ ਚਲਣਾ ਬੰਦ ਕਰ ਦਿੱਤਾ ਸੀ। ਮੈ ਕੁਝ ਤਸਵੀਰਾਂ ਤੇ ਪਿਤਾ ਦੀਆਂ ਅਸਥੀਆਂ ਲੈਣ ਆਈ ਸੀ ਜਿਨਾਂ ਨਾਲ ਮੇਰੀ ਜਜ਼ਬਾਤੀ ਸਾਂਝ ਹੈ। ਮਿਸ਼ੈਲ ਨੂੰ ਬਿਨਾਂ ਬਾਂਡ ਦੇ ਰਿਹਾਅ ਕਰ ਦਿੱਤਾ ਗਿਆ। ਉਸ ਉਪਰ ਹੋਰ ਸ਼ਰਤਾਂ ਤੋਂ ਇਲਾਵਾ ਇਕ ਸ਼ਰਤ ਇਹ ਲਾਈ ਗਈ ਹੈ ਕਿ ਉਹ ਮਤਰੇਈ ਮਾਂ ਨਾਲ ਕੋਈ ਸੰਪਰਕ ਨਹੀਂ ਕਰੇਗੀ। ਮਿਨੀਸੋਟਾ ਕੋਰਟ ਰਿਕਾਰਡ ਅਨੁਸਾਰ ਉਸ ਵਿਰੁੱਧ ਮਾਮਲੇ ਦੀ ਸੁਣਵਾਈ 10 ਜੂਨ ਨੂੰ ਹੋਵੇਗੀ।