ਸੈਨਹੋਜ਼ੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀਆਂ ਆਪਹੁਦਰੀਆਂ ਵਿਰੁੱਧ ਸੰਗਤ ਵਲੋਂ ਮਤੇ ਪਾਸ

ਸੈਨਹੋਜ਼ੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀਆਂ ਆਪਹੁਦਰੀਆਂ ਵਿਰੁੱਧ ਸੰਗਤ ਵਲੋਂ ਮਤੇ ਪਾਸ


ਸੈਨਹੋਜ਼ੇ/ਏ.ਟੀ. ਨਿਊਜ਼ :
17 ਨਵੰਬਰ ਨੂੰ ਸੈਨਹੋਜ਼ੇ ਗੁਰਦੁਆਰਾ ਸਾਹਿਬ ਦੀ ਜਨਰਲ ਬਾਡੀ ਦੇ ਮੈਂਬਰਾਂ ਅਤੇ ਆਮ ਸੰਗਤ ਦੀ ਸਿੱਖ ਗੁਰਦੁਆਰਾ ਸਾਹਿਬ ਸੈਨਹੋਜ਼ੇ, ਕੈਲੀਫੋਰਨੀਆ ਵਿਖੇ ਇਕ ਖੁਲ੍ਹੀ ਮੀਟਿੰਗ ਹੋਈ। ਗੁਰਦੁਆਰਾ ਸਾਹਿਬ ਦੇ ਮਾਮਲਿਆਂ, ਮੌਜੂਦਾ ਕੋਰਟ ਕੇਸ, ਗੁਰਦੁਆਰਾ ਚੋਣ ਰੋਕਣ ਬਾਰੇ ਅਦਾਲਤ ਦੇ ਆਦੇਸ਼ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਚੱਲ ਰਹੇ ਵੋਟਰ ਧੋਖਾਧੜੀ ਦੇ ਕੇਸ ਬਾਰੇ ਵਿਚਾਰ ਵਟਾਂਦਰੇ ਹੋਏ।
ਸੰਗਤ ਅਤੇ ਜਨਰਲ ਬਾਡੀ ਦੇ ਮੈਂਬਰਾਂ ਨੇ ਰੋਸ ਪਰਗਟ ਕੀਤਾ ਕਿ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਦਾਲਤ ਦੇ ਕੇਸਾਂ ਵਿਚ ਗੁਰਦੁਆਰਾ ਸੰਪਤੀ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਸੰਗਤ ਦੇ ਮੈਂਬਰਾਂ ਨੂੰ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕਰਦੀ ਹੈ, ਖ਼ਾਸਕਰ ਜੋ ਉਨ੍ਹਾਂ ਦਾ ਵਿਰੋਧ ਕਰਦੇ ਹਨ।
ਜਨਰਲ ਬਾਡੀ ਦੀ ਮੀਟਿੰਗ ਬੁਲਾਉਣ ਦੀ ਸ਼ਕਤੀ ਸਮੇਤ, ਗੁਰਦੁਆਰਾ ਸਾਹਿਬ ਨਾਲ ਜੁੜੇ ਸਾਰੇ ਮੁੱਦਿਆਂ ਦੇ ਹੱਲ ਲਈ ਜਨਰਲ ਬਾਡੀ ਦੀ ਭੂਮਿਕਾ ਅਤੇ ਅਧਿਕਾਰ ਦੀ ਪੁਸ਼ਟੀ ਕੀਤੀ।
ਸੰਗਤਾਂ ਨੂੰ ਇਹ ਵੀ ਯਾਦ ਕਰਾਇਆ ਕਿ ਸਾਲਾਨਾ ਜਨਰਲ ਬਾਡੀ ਦੀ ਬੈਠਕ ਸਾਲ 2016 ਤੋਂ ਨਹੀਂ ਸੱਦੀ ਗਈ ਹੈ ਅਤੇ ਉਦੋਂ ਵੀ ਕਿਸੇ ਵੀ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਸੰਵਿਧਾਨ ਦੀ ਪਾਲਣਾ ਕੀਤੇ ਬਿਨਾਂ ਹੀ ਕੁਝ ਮਤੇ ਪਾਸ ਕੀਤੇ ਸਨ।
ਇਸ ਵਿਸ਼ਾਲ ਇਕੱਠ ਨੇ ਫੈਸਲਾ ਕੀਤਾ ਕਿ ਸਿੱਖ ਰਹਿਤ ਮਰਿਆਦਾ, ਸਿੱਖੀ ਸਿਧਾਂਤਾਂ ਦੁਆਰਾ ਬੜੀ ਨਿਮਰਤਾ ਨਾਲ ਸਾਰੇ ਮੁੱਦਿਆਂ ਨੂੰ ਹੱਲ ਕਰਾਂਗੇ ਜਿਵੇਂ ਕਿ ਹਾਲ ਹੀ ਵਿੱਚ ਮਾਣਯੋਗ ਅਦਾਲਤ ਦੁਆਰਾ ਸਲਾਹ ਦਿੱਤੀ ਗਈ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਅਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਦੇ ਸ਼ੁਭ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦਾ ਇਸ ਉਪਰਾਲੇ ਨੂੰ ਆਰੰਭ ਕਰਨ ਅਤੇ ਪੂਰੀ ਦੁਨੀਆ ਦੇ ਸਿੱਖਾਂ ਦੀ ਮੰਗ ਨੂੰ ਪੂਰਾ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੀਟਿੰਗ ਵਿਚ ਫੈਸਲਾ ਕੀਤਾ ਕਿ ਜਿੰਨੀ ਜਲਦੀ ਹੋ ਸਕੇ, ਗੁਰਦੁਆਰਾ ਸਾਹਿਬ ਦੀ ਜਨਰਲ ਬਾਡੀ ਦੀ ਮੀਟਿੰਗ ਬੁਲਾਈ ਜਾਵੇ ਅਤੇ ਲੋੜ ਪੈਣ 'ਤੇ ਅਦਾਲਤ ਦੀ ਨਿਗਰਾਨੀ ਹੇਠ ਵੀ ਹੋ ਸਕਦੀ ਹੈ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਸਾਹਿਬ ਵਿਖੇ ਨਿਰਪੱਖ ਪ੍ਰਬੰਧਨ ਪ੍ਰਕਿਰਿਆ ਦੀ ਸਥਾਪਨਾ ਕੀਤੀ
ਜਾਵੇਗੀ। ਕੋਰਟ ਕੇਸਾਂ ਵਿਚ ਗੁਰਦੁਆਰਾ ਸਾਹਿਬ ਦੀ ਸੰਪਤੀ ਦੀ ਬਰਬਾਦੀ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣਗੇ।
ਕਾਬਜ਼ ਧੜੇ ਵਲੋਂ ਨਿੱਜੀ ਸੁਰੱਖਿਆ ਅਮਲੇ ਵਰਤ ਕੇ ਸੰਗਤਾਂ ਨੂੰ ਡਰਾਉਣ ਧਮਕਾਉਣ ਅਤੇ ਸ਼ਾਂਤੀ ਭੰਗ ਕਰਕੇ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਦੀ ਅਕਸਰ ਉਲੰਘਣਾ ਕਰਨ ਦੇ ਕੰਮਾਂ ਦੀ ਨਿਖੇਧੀ ਕੀਤੀ ਗਈ।