ਸੰਗਰੂਰ ਵਿਚ ਸਿਮਰਨਜੀਤ ਸਿੰਘ , ਹੇਅਰ-ਖਹਿਰਾ ਵਿਚੋਂ ਕੋਣ ਸੀਟ ਕਢੇਗਾ

ਸੰਗਰੂਰ ਵਿਚ ਸਿਮਰਨਜੀਤ ਸਿੰਘ , ਹੇਅਰ-ਖਹਿਰਾ ਵਿਚੋਂ ਕੋਣ ਸੀਟ ਕਢੇਗਾ

*ਕੀ ਮਾਨ ਦੂਜੀ ਵਾਰ ਇਤਿਹਾਸ ਰਚ ਸਕਣਗੇ

*ਸਾਬਕਾ ਵਿਧਾਇਕ  ਗੋਲਡੀ  ਆਪ ਵਿਚ ਸ਼ਾਮਲ ,ਖਹਿਰੇ ਲਈ ਚੈਲਿੰਜ ਬਣਿਆ

ਲੋਕ ਸਭਾ ਹਲਕਾ ਸੰਗਰੂਰ ਵਿੱਚ ਇਸ ਵਾਰ ਦਿਲਚਸਪ ਮੁਕਾਬਲਾ ਹੋਣ ਵਾਲਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਹੋਣ ਕਰਕੇ ਸਭ ਦੀਆਂ ਨਜ਼ਰਾਂ ਇਸ ਹਲਕੇ ਉੱਪਰ ਹਨ। ਇਸ ਦੇ ਨਾਲ ਹੀ ਸਵਾਲ ਇਹ ਵੀ ਅਹਿਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਇਸੇ ਹਲਕੇ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੁਬਾਰਾ ਬਾਜੀ ਮਾਰ ਸਕਣਗੇ ਜਾਂ ਫਿਰ ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਮੈਦਾਨ ਵਿੱਚ ਉਤਾਰਨ ਨਾਲ ਸਮੀਕਰਨ ਬਦਲ ਜਾਣਗੇ।ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਿਆਸੀ ਭੇੜ ਮਾਨ ਤੇ ਆਪ ਦੇ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਚਾਲੇ ਹੋ ਸਕਦਾ ਹੈ ,ਕਿਉਂਕਿ ਕਾਂਗਰਸੀ ਬਾਗੀ ਖਹਿਰਾ ਲਈ ਸਿਰਦਰਦੀ ਪੈਦਾ ਕਰ ਸਕਦੇ ਹਨ। ਜੋ ਪੰਥਕ ਵੋਟ ਖਹਿਰਾ ਦੇ ਹਕ ਵਿਚ ਭੁਗਤਣੀ ਸੀ ਉਹ ਖਹਿਰਾ ਦੇ ਮਾੜੇ ਸਿਆਸੀ ਹਾਲਾਤ ਕਾਰਣ ਮਾਨ ਦੇ ਹੱਕ ਵਿਚ ਭੁਗਤ ਸਕਦੀ ਹੈ।ਹਾਲਾਂ ਕਿ ਪਹਿਲਾਂ ਜਾਪਦਾ ਸੀ ਕਿ ਖਹਿਰਾ ਪੰਥਕ ਵੋਟ ਆਪਣੇ ਹਕ ਵਿਚ ਭੁਗਤਾਕੇ ਮਾਨ ਦਾ ਵਡਾ ਨੁਕਸਾਨ ਕਰਨਗੇ।ਪਰ ਕਾਂਗਰਸ ਦੇ ਬਾਗੀਆਂ ਕਾਰਣ ਖਹਿਰਾ ਨੂੰ ਵਡੇ ਚੈਲਿੰਜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਹੁਣੇ ਜਿਹੇ ਲੋਕ ਸਭਾ ਟਿਕਟ ਨਾ ਮਿਲਣ ਤੋਂ ਨਰਾਜ਼ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂਰਾ  ਹੁਣੇ ਜਿਹੇ ਪਾਰਟੀ ਛੱਡਕੇ ਆਪ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਕਿਹਾ ਇਹ ਜਾ ਰਿਹਾ ਹੈ ਕਿ ਜੇ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਲੋਕਸਭਾ ਸੀਟ ਜਿੱਤਦੇ ਹਨ ਤਾਂ ਗੋਲਡੀ ਨੂੰ ਬਰਨਾਲਾ ਸੀਟ ਦੀ ਪੇਸ਼ਕਸ਼ ਹੋ ਸਕਦੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਗੋਲਡੀ ਆਪ ਵਿਚ ਸ਼ਾਮਲ ਹੋਣ ਕਾਰਣ ਕਾਂਗਰਸ ਕਮਜੋਰ ਹੋ ਸਕਦੀ ਹੈ ਤਾਂ ਆਪ ਦਾ ਪਲੜਾ ਵੀ ਭਾਰੀ ਹੋ ਸਕਦਾ ਹੈ।

ਅਕਾਲੀ ਦਲ ਬਾਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਦੀ ਇਸ ਸੀਟ ਉਪਰ ਸਥਿਤੀ ਚੰਗੀ ਨਹੀਂ ਕਿਉਂਕਿ ਢੀਂਡਸਾ ਪਰਿਵਾਰ ਬਾਦਲ ਦਲ ਤੋ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇਣ ਕਾਰਣ ਨਰਾਜ਼ ਹੈ।ਉਸਨੇ ਝੂੰਦਾ ਦੀ ਮਦਦ ਨਾ ਕਰਨ ਦਾ ਐਲਾਨ ਕੀਤਾ ਹੋਇਆ ਹੈ।ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਢੀਂਡਸਾ ਪਰਿਵਾਰ ਰਿਸ਼ਤੇਦਾਰੀ ਕਾਰਣ ਆਪ ਦੇ ਉਮੀਦਵਾਰ ਮੀਤ ਹੇਅਰ ਦੀ ਮਦਦ ਉਪਰ ਜਾ ਸਕਦੇ ਹਨ।ਕੁਝ ਕੁ ਦਾ ਕਹਿਣਾ ਹੈ ਕਿ ਢੀਂਡਸਾ ਪਰਿਵਾਰ ਮਾਨ ਦੀ ਵਿਚ ਹਮਾਇਤ ਕਰ ਸਕਦੇ ਹਨ।ਬਾਦਲ ਦਲ ਦੂਸਰੀ ਵਾਰ ਭਾਜਪਾ ਬਿਨਾਂ  ਇਹ ਸੀਟ ਲੜ ਰਿਹਾ ਹੈ।

ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜਿਨ੍ਹਾਂ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ, ਉਨ੍ਹਾਂ ਦੀ ਧਰਮ ਪਤਨੀ ਅਤੇ ਸਾਬਕਾ ਕੈਬਨੇਟ ਮੰਤਰੀ ਪਰਮਿੰਦਰ ਢੀਂਡਸਾ ਦੀ ਧਰਮ ਪਤਨੀ ਰਿਸ਼ਤੇਦਾਰੀ ਵਿਚ ਇੱਕ ਦੂਜੇ ਦੀਆਂ ਭੈਣਾਂ ਲੱਗਦੀਆਂ ਹਨ ।ਪਰ ਢੀਂਡਸਾ ਪਰਿਵਾਰ ਦਾ ਕਹਿਣਾ ਹੈ ਕਿ ਉਹ ਅਕਾਲੀ ਉਮੀਦਵਾਰ ਦੀ ਮਦਦ ਵੀ ਨਹੀਂ ਕਰਨਗੇ।ਚੁਪ ਰਹਿਣਗੇ।

ਸਿਮਰਨਜੀਤ ਸਿੰਘ ਮਾਨ ਨੇ ਖਡੂਰ ਸਾਹਿਬ ਹਲਕੇ ਤੋਂ ਅੰਮ੍ਰਿਤ ਪਾਲ ਸਿੰਘ ਨੂੰ ਹਮਾਇਤ ਦੇਕੇ ਆਪਣੀ ਸਥਿਤੀ ਸੰਗਰੂਰ ਮਜਬੂਤ ਕਰ ਲਈ ਹੈ,ਕਿਉਂਕਿ ਵਾਰਿਸ ਪੰਜਾਬ ਦੀ ਜਥੇਬੰਦੀ ਵੀ ਮਾਨ ਦੀ ਹਮਾਇਤ ਉਪਰ ਆ ਜਾਵੇਗੀ ,ਜਿਸ ਦਾ ਸਿਖ ਨੌਜਵਾਨਾਂ ਵਿਚ ਮਜਬੂਤ ਆਧਾਰ ਹੈ।ਸੰਗਰੂਰ ਹਲਕੇ  ਵਿੱਚ ਸਿੱਖ ਬਹੁਗਿਣਤੀ ਵਿੱਚ ਹਨ। 2011 ਦੀ ਜਨਗਣਨਾ ਅਨੁਸਾਰ ਸੰਗਰੂਰ ਜ਼ਿਲ੍ਹੇ ਦੀ ਕੁੱਲ ਆਬਾਦੀ 1,655,169 ਹੈ। ਸੰਗਰੂਰ ਦੀ 65.10% ਆਬਾਦੀ ਸਿੱਖ ਹੈ।  ਹਿੰਦੂ ਕੁੱਲ ਆਬਾਦੀ ਦਾ 23.53% ਬਣਦੇ ਹਨ।

ਮੁਸਲਮਾਨ 10.82%

ਈਸਾਈ 0.15%

ਸਿੱਖ 65.10%

ਬੋਧੀ 0.02%

ਜੈਨ 0.19%

ਹੋਰ 0.06 %

ਮੁਸਲਮਾਨ ਤੇ ਪੰਥਕ ਸੋਚ ਵਾਲੀ ਵੋਟ ਉਪਰ ਬਾਦਲ ਦਲ ਨਾਲੋਂ ਅਕਾਲੀ ਦਲ ਅੰਮ੍ਰਿਤਸਰ ਜ਼ਿਆਦਾ ਪ੍ਰਭਾਵ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਮੁੜ ਚੋਣ ਮੈਦਾਨ ਵਿਚ ਨਿੱਤਰੇ ਹਨ ਜਿਨ੍ਹਾਂ ਵੱਲੋਂ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾਈ ਹੋਈ ਹੈ। ਸੰਨ 2022 ਦੀ ਜ਼ਿਮਨੀ ਚੋਣ ਵਿਚ ਮਾਨ ਨੇ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਫਸਵੇਂ ਮੁਕਾਬਲੇ ਵਿਚ 5822 ਵੋਟਾਂ ਨਾਲ ਹਰਾਇਆ ਸੀ। 

ਇਸ ਦੇ ਨਾਲ ਹੀ ਬਸਪਾ ਵੱਲੋਂ ਡਾ. ਮੱਖਣ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ ਜੋ ਸਿਹਤ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਹਨ। ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿੱਤਰੇ ਹਨ ਤੇ ਪੰਜਾਬੀ ਗਾਇਕ ਹਾਕਮ ਬਖਤੜੀਵਾਲਾ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ। ਕਾਂਗਰਸ ਵੱਲੋਂ ਵਿਜੇ ਇੰਦਰ ਸਿੰਗਲਾ ਨੇ ਚੋਣ ਲੜੀ ਸੀ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਸੀ। ਵਿਜੇ ਇੰਦਰ ਸਿੰਗਲਾ ਨੂੰ 38.52 ਫ਼ੀਸਦੀ ਵੋਟਾਂ ਪਈਆਂ ਸਨ ਜਦਕਿ ਢੀਂਡਸਾ ਨੂੰ 34.13 ਫ਼ੀਸਦੀ ਵੋਟਾਂ ਮਿਲੀਆਂ ਸਨ। 

ਇਸ ਦੇ ਨਾਲ ਹੀ ਜੇ ਗੱਲ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਇਹਨਾਂ ਚੋਣਾਂ ਵਿਚ ਆਪ  ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਤ ਹਾਸਲ ਕੀਤੀ ਸੀ। ਭਗਵੰਤ ਮਾਨ ਨੇ 48.7 ਫ਼ੀਸਦੀ ਵੋਟਾਂ ਹਾਸਲ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਢੀਂਡਸਾ ਨੂੰ ਹਰਾਇਆ ਸੀ। ਸੁਖਦੇਵ ਸਿੰਘ ਢੀਂਡਸਾ ਨੂੰ ਸਿਰਫ਼ 29.23 ਫੀਸਦੀ ਵੋਟਾਂ ਹੀ ਮਿਲੀਆਂ ਸਨ। 

ਸਾਲ 2019 ਵਿਚ ਵੀ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਹੀ ਜਿੱਤੇ ਸਨ ਪਰ ਇਸ ਸਾਲ ਉਹਨਾਂ ਨੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਹਰਾਇਆ ਸੀ। ਆਪ ਉਮੀਦਵਾਰ ਭਗਵੰਤ ਮਾਨ ਨੂੰ 37.40 ਫੀਸਦੀ ਵੋਟਾਂ ਮਿਲੀਆਂ ਸਨ ਜਦਕਿ ਕੇਵਲ ਸਿੰਘ ਢਿੱਲੋਂ ਨੂੰ ਸਿਰਫ਼ 27. 43 ਫ਼ੀਸਦੀ ਵੋਟਾਂ ਹੀ ਮਿਲੀਆਂ ਸਨ। 

ਇਸ ਦੇ ਨਾਲ ਹੀ ਦੱਸ ਦਈਏ ਕਿ ਸਾਲ 2022 ਵਿਚ ਲੋਕ ਸਭਾ ਦੀ ਜ਼ਿਮਨੀ ਚੋਣ ਵੀ ਹੋਈ ਸੀ। ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਜਿੱਤੇ ਸਨ। ਉਹਨਾਂ ਨੂੰ 35.61 ਫ਼ੀਸਦੀ ਵੋਟਾਂ ਮਿਲੀਆਂ ਸਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ 34.79 ਫ਼ੀਸਦੀ ਵੋਟਾਂ ਮਿਲੀਆਂ ਸਨ।  ਕੁਛ ਵੀ ਹੈ ਕਿ ਇਸ ਵਾਰ ਵੀ ਸਿਮਰਨਜੀਤ ਸਿੰਘ ਮਾਨ ਦੀ ਸਥਿਤੀ ਮਜਬੂਤ ਹੈ।ਖਹਿਰਾ ,ਮੀਤ ਹੇਅਰ ਨਾਲ ਸਖਤ ਟਕਰ ਹੋਵੇਗੀ।ਜਿਤ ਹਾਰ ਦਾ ਫੈਸਲਾ ਭਵਿੱਖ ਦੇ ਗਰ਼ਭ ਵਿਚ ਹੈ।