ਸਿੱਧੂ ’ਦਾ ਕਾਂਗਰਸ ਵਿਚ ਸਿਆਸੀ ਭਵਿੱਖ ਹੋ ਸਕਦੈ ਖਤਮ !

ਸਮੁਚੀ ਪੰਜਾਬ ਕਾਂਗਰਸ ਕੈਪਟਨ ਦੀ ਪਿਠ ਉਪਰ ਖਲੌਤੀ
ਬੰਗਾਲ ,ਅਸਾਮ ਦੀ ਹਾਰ ਕਾਰਣ ਰਾਹੁਲ ਗਾਂਧੀ ਕਮਜੋਰ
ਸਿੱਧੂ ਦੇ ਵਿਧਾਇਕ ਪਰਗਟ ਸਿੰਘ ਸਾਥੀ ਬਣੇ
ਵਿਸ਼ੇਸ਼ ਰਿਪੋਟ
ਚਾਰ ਸੂਬਿਆਂ ਦੇ ਚੋਣ ਨਤੀਜਿਆਂ ਕਾਰਨ ਕਾਂਗਰਸ ਹਾਈਕਮਾਨ, ਖਾਸ ਤੌਰ ’ਤੇ ਰਾਹੁਲ ਗਾਂਧੀ ਨੂੰ ਮਜ਼ਬੂਤੀ ਮਿਲਣੀ ਸੀ ਪਰ ਕਾਂਗਰਸ ਉਸ ਕੇਰਲ ਵਿਚ ਵੀ ਹਾਰ ਗਈ ਜਿਥੇ ਹਰ 5 ਸਾਲ ਬਾਅਦ ਸੱਤਾ ਦੀ ਤਬਦੀਲੀ ਦਾ ਇਤਿਹਾਸ ਰਿਹਾ ਹੈ। ਕੇਰਲ ’ਚ ਧੂੰਆਂਧਾਰ ਪ੍ਰਚਾਰ ਦੇ ਬਾਵਜੂਦ ਉਹ ਕਾਂਗਰਸ ਦੇ ਗਠਜੋੜ ਨੂੰ ਜਿੱਤ ਨਹੀਂ ਦਿਵਾ ਸਕੇ। ਕਾਂਗਰਸ ਦੀ ਇਸ ਹਾਰ ਕਾਰਨ ਯਕੀਨੀ ਤੌਰ ’ਤੇ ਪਾਰਟੀ ’ਚ ਰਾਹੁਲ ਦੀ ਸਥਿਤੀ ਕਮਜ਼ੋਰ ਹੋਈ ਹੈ। ਉਨ੍ਹਾਂ ਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸ਼ਰਤਾਂ ਮੁਤਾਬਿਕ ਚੱਲਣਾ ਹੋਵੇਗਾ।ਹੁਣ ਤਕ ਸਿੱਧੂ ਨੂੰ ਅਹਿਮੀਅਤ ਦਿੰਦੀ ਆ ਰਹੀ ਹਾਈਕਮਾਨ ਲਈ ਹੁਣ ਉਨ੍ਹਾਂ ਨੂੰ ਵਧੇਰੇ ਦੇਰ ਤਕ ਅਹਿਮੀਅਤ ਦੇਣੀ ਸੌਖੀ ਨਹੀਂ ਹੋਵੇਗੀ। ਸਿੱਧੂ ਜੇ ਪੰਜਾਬ ਕਾਂਗਰਸ ’ਚ ਟਿਕੇ ਰਹਿਣਾ ਚਾਹੁੰਣਗੇ ਤਾਂ ਉਨ੍ਹਾਂ ਨੂੰ ਕੈਪਟਨ ਮੁਤਾਬਿਕ ਕੰਮ ਕਰਨਾ ਹੋਵੇਗਾ। ਸਿੱਧੂ ਨੂੰ ਵਧੇਰੇ ਅਹਿਮੀਅਤ ਦੇ ਕੇ ਕੈਪਟਨ ਖੁਦ ਲਈ ਸਿਆਸੀ ਖਾਈ ਨਹੀਂ ਪੁੱਟਣਾ ਚਾਹੁੰਣਗੇ। ਅਜਿਹੀ ਹਾਲਤ ’ਚ ਸਿੱਧੂ ਦੇ ਸਾਹਮਣੇ ਕਾਂਗਰਸ ਤੋਂ ਵਿਦਾਇਗੀ ਤੋਂ ਇਲਾਵਾ ਕੋਈ ਹੋਰ ਸਿਆਸੀ ਰਾਹ ਨਹੀਂ ਬਚੇਗਾ। ਕੈਪਟਨ ਨੇ ਕਦੇ ਵੀ ਖੁੱਲ੍ਹ ਕੇ ਗਾਂਧੀ ਪਰਿਵਾਰ ਦਾ ਵਿਰੋਧ ਨਹੀਂ ਕੀਤਾ ਹੈ। ਉਹ ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੀ ਹਮਾਇਤ ਕਰਨ ਵਾਲੇ ਮੁੱਖ ਮੰਤਰੀਆ ’ਚ ਸ਼ਾਮਲ ਰਹੇ ਹਨ ਪਰ ਇਸ ਦੇ ਬਦਲੇ ਉਹ ਪੰਜਾਬ ’ਚ ਕਾਂਗਰਸ ਹਾਈਕਮਾਨ ਵੱਲੋਂ ਕਿਸੇ ਤਰ੍ਹਾਂ ਦਾ ਦਖਲ ਨਹੀਂ ਚਾਹੁੰਦੇ। ਉਹ ਪੰਜਾਬ ’ਚ ਪਾਰਟੀ ਪ੍ਰਧਾਨ ਵੀ ਆਪਣੀ ਮਰਜ਼ੀ ਦਾ ਹੀ ਚਾਹੁੰਦੇ ਹਨ। ਨਾਲ ਹੀ ਪਾਰਟੀ ਦਾ ਇੰਚਾਰਜ ਵੀ, ਟਿਕਟਾਂ ਦੀ ਵੰਡ ਤੋਂ ਲੈ ਕੇ ਚੋਣ ਪ੍ਰਚਾਰ ਇੰਚਾਰਜ ਅਤੇ ਚੋਣ ਪ੍ਰਚਾਰ ਮੁਹਿੰਮ ਤਕ ਸਭ ਕੁਝ ਉਹ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਨ।ਅਸਲ ’ਚ 4 ਸੂਬਿਆਂ ਅਤੇ ਯੂ. ਟੀ. ਪੁੱਡੂਚੇਰੀ ਦੇ ਚੋਣ ਨਤੀਜਿਆਂ ਬਾਰੇ ਨੂੰ ਪਹਿਲਾਂ ਤੋਂ ਹੀ ਅੰਦਾਜ਼ਾ ਹੋ ਗਿਆ ਸੀ। ਇਸੇ ਕਾਰਨ ਉਨ੍ਹਾਂ ਸਿੱਧੂ ਬਾਰੇ ਆਪਣਾ ਰੁੱਖ ਹਮਲਾਵਰ ਕਰ ਲਿਆ। ਉਨ੍ਹਾਂ ਸਿੱਧੂ ਨੂੰ ਸਿਆਸੀ ਹੈਸੀਅਤ ਦੱਸਣ ਲਈ ਪਟਿਆਲਾ ਤੋਂ ਹੀ ਚੋਣ ਲੜਨ ਦੀ ਚੁਣੌਤੀ ਦੇ ਦਿੱਤੀ ਹੈ। ਦੂਜੇ ਪਾਸੇ ਸਿੱਧੂ ਨੇ ਕੈਪਟਨ ਨੂੰ 2016 ਵਿਚ ਦਿੱਤਾ ਬਿਆਨ ਯਾਦ ਕਰਵਾਇਆ ਹੈ। ਸਿੱਧੂ ਨੇ ਕਿਹਾ ਹੈ ਕਿ ਵੱਡੇ-ਵੱਡੇ ਵਾਅਦੇ ਤਾਂ ਕੀਤੇ ਪਰ ਨਿਕਲਿਆ ਕੁੱਝ ਵੀ ਨਹੀਂ। ਦਰਅਸਲ ਸਿੱਧੂ ਨੇ ਸੋਸ਼ਲ ਮੀਡੀਆ ’ਤੇ 2016 ਅਤੇ 2021 ਦੀ ਆਡਿਟ ਕੀਤੀ ਹੋਈ ਵੀਡੀਓ ਸਾਂਝੀ ਕੀਤੀ ਹੈ। 2016 ਦੀ ਇਸ ਵੀਡੀਓ ਵਿਚ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਹਨ ਕਿ ਜੇਕਰ ਉਨ੍ਹਾਂ ਦੀ ਪੰਜਾਬ ਵਿਚ ਸਰਕਾਰ ਬਣਦੀ ਹੈ ਤਾਂ ਉਹ ਬਹਿਬਲ ਕਲਾਂ ਅਤੇ ਬੇਅਦਬੀ ਦੀ ਜਾਂਚ ਕਰਵਾਉਣਗੇ ਅਤੇ ਇਸ ਵਿਚ ਬਾਦਲ ਦੋਸ਼ੀ ਨਿਕਲਣਗੇ। ਮੁੱਖ ਮੰਤਰੀ ਆਖ ਰਹੇ ਹਨ ਕਿ ਬਾਦਲਾਂ ਨੇ ਬਰਗਾੜੀ ਵਿਚ ਗੋਲ਼ੀ ਚਲਵਾਈ ਸੀ ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਵੀਡੀਓ ਵਿਚ ਕੈਪਟਨ ਕਹਿ ਰਹੇ ਹਨ ਕਿ ਬਰਗਾੜੀ ’ਚ ਪੁਲਸ ਨੂੰ ਗੋਲ਼ੀ ਚਲਾਉਣ ਦਾ ਹੁਕਮ ਐੱਸ. ਪੀ. ਨੇ ਦਿੱਤਾ ਸੀ ਪਰ ਐੱਸ. ਪੀ. ਨੂੰ ਹੁਕਮ ਮੁੱਖ ਮੰਤਰੀ ਨੇ ਦਿੱਤਾ ਸੀ।ਇਸ ਤੋਂ ਇਲਾਵਾ ਇਸੇ ਵੀਡੀਓ ਵਿਚ 2021 ਦੀ ਇਕ ਹੋਰ ਵੀਡੀਓ ਜੋੜੀ ਗਈ ਹੈ, ਜਿਸ ਵਿਚ ਮੁੱਖ ਮੰਤਰੀ ਆਖ ਰਹੇ ਹਨ ਕਿ ਇਹ ਹੁਣ ਕਹਿਣ ਦੀਆਂ ਗੱਲਾਂ ਹਨ ਕਿ ਬਾਦਲਾਂ ਨੂੰ ਫੜ ਕੇ ਅੰਦਰ ਦੇ ਦਿਓ। ਉਹ ਏਦਾਂ ਕਿੱਦਾਂ ਕਿਸੇ ਨੂੰ ਫੜ ਕੇ ਅੰਦਰ ਕਰ ਸਕਦੇ ਹਨ। ਉਹ ਸਿਰਫ ਐੱਸ.ਆਈ. ਟੀ. ਬਣਾ ਸਕਦੇ ਹਨ ਕਿ ਪਰ ਐੱਸ. ਆਈ. ਟੀ. ਦੇ ਕੰਮ ਵਿਚ ਦਖ਼ਲ ਨਹੀਂ ਕਰ ਸਕਦੇ।
ਇਸ ਤੋਂ ਇਲਾਵਾ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਹਾਈਕੋਰਟ ਦੇ ਜੱਜ ਨੂੰ ਨਹੀਂ ਚੁਣਿਆ, ਫ਼ੈਸਲੇ ਨੂੰ ਗ਼ਲਤ ਆਖਣਾ ਹੀ ਕਾਫੀ ਨਹੀਂ, ਨਾਕਾਮੀ ਸਰਕਾਰੀ ਕਾਰਜਕਾਰੀ ਅਥਾਰਟੀ ਦੀ ਹੈ। ਉਨ੍ਹਾਂ ਕਿਹਾ ਕਿ ਮੇਰਾ ਸਟੈਂਡ ਕੱਲ੍ਹ, ਅੱਜ ਤੇ ਆਉਣ ਵਾਲੇ ਕੱਲ੍ਹ ਨੂੰ ਵੀ ਇਹੀ ਰਹੇਗਾ। ਪੰਜਾਬ ਦੀ ਰੂਹ ਲਈ ਇਨਸਾਫ਼ ! ਬਾਦਲਾਂ ਨੂੰ ਪੰਥ 'ਚੋਂ ਛੇਕਣ ਲਈ ਉਹ ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬ ਨੂੰ ਸਾਲ 2018 ’ਚ ਚਿੱਠੀ ਲਿਖ ਚੁੱਕੇ ਹਨ।ਕਾਂਗਰਸ ਨੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਪੰਜਾਬ ਦਾ ਇੰਚਾਰਜ ਬਣਾ ਕੇ ਨਵਜੋਤ ਸਿੱਧੂ ਦੇ ਮੁੜ ਵਸੇਬੇ ਲਈ ਭੇਜਿਆ ਸੀ। ਰਾਵਤ ਦੇ ਸਭ ਯਤਨਾਂ ਦੇ ਬਾਵਜੂਦ ਅਮਰਿੰਦਰ ਸਿੰਘ ਨੇ ਸਿੱਧੂ ਦੀ ਮੁੜ ਏਕਤਾ ਨਹੀਂ ਹੋਈ । ਕੈਪਟਨ ਅਮਰਿੰਦਰ ਸਿੰਘ ਕਾਰਨ ਸਿੱਧੂ ਨਾ ਤਾਂ ਉਪ ਮੁੱਖ ਮੰਤਰੀ ਬਣ ਸਕੇ ਅਤੇ ਨਾ ਹੀ ਉਨ੍ਹਾਂ ਨੂੰ ਸੂਬਾਈ ਇੰਚਾਰਜ ਬਣਾਇਆ ਗਿਆ। ਉਲਟਾ ਸਿੱਧੂ ਦੀਆਂ ਸੋਸ਼ਲ ਮੀਡੀਆ ਪੋਸਟਸ ਨੂੰ ਆਧਾਰ ਬਣਾ ਕੇ ਉਨ੍ਹਾਂ ਵਿਰੁੱਧ ਅਨੁਸ਼ਾਸਨਾਤਮਿਕ ਕਾਰਵਾਈ ਕਰਨ ਦੀ ਵੱਖਰੀ ਤਿਆਰੀ ਕੀਤੀ ਗਈ ਹੈ। ਅਸਲ ’ਚ ਕੈਪਟਨ ਨੂੰ ਉਮੀਦ ਹੈ ਕਿ ਅਗਲੇ ਸਾਲ ਚੋਣਾਂ ’ਚ ਕਾਂਗਰਸ ਲਗਾਤਾਰ ਦੂਜੀ ਵਾਰ ਸੱਤਾ ’ਚ ਆ ਸਕਦੀ ਹੈ। ਉਦੋਂ ਉਨ੍ਹਾਂ ਨੂੰ ਚੁਣੌਤੀ ਦੇਣ ਵਾਲਾ ਕੋਈ ਨੇਤਾ ਨਹੀਂ ਹੋਣਾ ਚਾਹੀਦਾ। ਕੈਪਟਨ ਨੂੰ ਲੱਗ ਰਿਹਾ ਹੈ ਕਿ ਸਿੱਧੂ ਉਨ੍ਹਾਂ ਦੇ ਰਾਹ ’ਚ ਰੋੜੇ ਅਟਕਾ ਸਕਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਸਿੱਧੂ ਨੂੰ ਵੀ ਕੋਈ ਵੀ ਅਹੁਦਾ ਦੇਣ ਤੋਂ ਨਾਂਹ ਕਰ ਦਿੱਤੀ ਹੈ।
ਕੈਪਟਨ ਨਾਲ ਕਾਂਗਰਸੀ ਮੰਤਰੀ ਤੇ ਵਿਧਾਇਕ , ਸਿੱਧੂ ਤੋਂ ਬਣਾਈ ਦੂਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਸ਼ੁਰੂ ਹੋਈ ਸੀਤ ਜੰਗ ਨੂੰ ਦੇਖਦਿਆਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਸਿੱਧੂ ਤੋਂ ਦੂਰੀ ਬਣਾ ਲਈ ਹੈ। ਕਾਂਗਰਸੀ ਸੂਤਰਾਂ ਅਨੁਸਾਰ ਕੈਪਟਨ ਨੇ ਸਿੱਧੂ ਵਲੋਂ ਬਰਗਾੜੀ ਤੇ ਬਹਿਬਲ ਕਲਾਂ ਪੁਲਸ ਫਾਇਰਿੰਗ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਦੇਖਦਿਆਂ ਉਨ੍ਹਾਂ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਤੋਂ ਬਾਅਦ ਜਵਾਬੀ ਸਿਆਸੀ ਵਾਰ ਕੀਤਾ ਹੈ।ਸਿੱਧੂ ਨਾਲ ਇਸ ਵੇਲੇ ਵਿਧਾਇਕ ਪਰਗਟ ਸਿੰਘ ਹੀ ਖੁੱਲ੍ਹ ਕੇ ਸਾਹਮਣੇ ਆਏ ਹਨ। ਕੈਪਟਨ ਦਾ ਖੇਮਾ ਵੀ ਪੂਰੀ ਤਰ੍ਹਾਂ ਸਿੱਧੂ ਨੂੰ ਮਿਲਣ ਵਾਲਿਆਂ ’ਤੇ ਨਜ਼ਰ ਰੱਖ ਰਿਹਾ ਹੈ। ਹੁਣ ਕਿਉਂਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ, ਇਸ ਲਈ ਮੁੱਖ ਮੰਤਰੀ ਵਲੋਂ ਅਗਲੇ ਕੁਝ ਦਿਨਾਂ ਵਿਚ ਸਿੱਧੂ ਦੀ ਬਿਆਨਬਾਜ਼ੀ ਦਾ ਮਾਮਲਾ ਕਾਂਗਰਸੀ ਲੀਡਰਸ਼ਿਪ ਸਾਹਮਣੇ ਚੁੱਕਿਆ ਜਾ ਸਕਦਾ ਹੈ। ਅਜੇ ਤਕ ਕੇਂਦਰੀ ਲੀਡਰਸ਼ਿਪ ਨੇ ਇਸ ਮਾਮਲੇ ਵਿਚ ਕੋਈ ਦਖ਼ਲ ਨਹੀਂ ਦਿੱਤਾ।
ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਚੁੱਪ ਵੱਟੀ ਹੋਈ ਹੈ ਪਰ ਇਸ ਵਾਰ ਕੈਪਟਨ ਸਿੱਧੂ ਨਾਲ ਆਰ-ਪਾਰ ਦੀ ਲੜਾਈ ਲੜਨ ਦੇ ਰੋਹ ਵਿਚ ਆ ਚੁੱਕੇ ਹਨ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਕਾਂਗਰਸੀ ਮੰਤਰੀਆਂ ਨੇ ਵੀ ਸਿੱਧੂ ਦੇ ਮਾਮਲੇ ’ਚ ਮੁੱਖ ਮੰਤਰੀ ਨੂੰ ਪੂਰਾ ਸਮਰਥਨ ਦਿੱਤਾ ਹੈ।
ਬਘੇਲ ਸਿੰਘ ਧਾਲੀਵਾਲ ਪੱਤਰਕਾਰ
Comments (0)