ਬਾਬਾ ਬੇਦੀ ਵਲੋਂ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਅਨੰਦਪੁਰ ਤੋਂ ਜਸਬੀਰ ਸਿੰਘ ਗੜੀ ਦੀ ਹਮਾਇਤ

ਬਾਬਾ ਬੇਦੀ ਵਲੋਂ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਅਨੰਦਪੁਰ ਤੋਂ ਜਸਬੀਰ ਸਿੰਘ ਗੜੀ ਦੀ ਹਮਾਇਤ

ਪੰਥ ਦੀ ਇਕੋ ਜਥੇਬੰਦੀ ਉਸਾਰਨ ਤੇ ਸੰਘੀ ਢਾਂਚੇ ਨੂੰ ਮਜਬੂਤ ਕਰਨ ਵਲ ਵਧਣ ਪੰਥਕ ਧੜੇ -ਬਾਬਾ ਬੇਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਊਨਾ -ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਗੁਰੂ ਨਾਨਕ ਵੰਸ਼ਜ ਪੀੜ੍ਹੀ ਸਤਾਰਵੀਂ ਨੇ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਤੋਂ ਪੰਥਕ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਅਨੰਦਪੁਰ ਸਾਹਿਬ ਤੋਂ ਬਸਪਾ ਉਮੀਦਵਾਰ ਜਸਬੀਰ ਸਿੰਘ ਗੜ੍ਹੀ ਨੂੰ ਹਮਾਇਤ ਦਿੰਦਿਆਂ ਕਿਹਾ ਕਿ ਪੰਥ ਨੂੰ ਪੰਜਾਬ ਵਿਚੋਂ ਉਹੋ ਉਮੀਦਵਾਰ ਜਿਤਾਉਣੇ ਚਾਹੀਦੇ ਹਨ ਜੋ ਪੰਥ ਤੇ ਪੰਜਾਬ ਦਾ ਭਲਾ ਕਰ ਸਕਣ ਤੇ ਗੁਰਮਤਿ ਅਨੁਸਾਰ ਫਿਰਕਾਪ੍ਰਸਤੀ ਤੇ ਨਸਲਵਾਦ ਦੇ ਵਿਰੁਧ ਸਰਬੱਤ ਦੇ ਭਲੇ ਤੇ ਸਾਂਝੀਵਾਲਤਾ ਦੀ ਰਾਜਨੀਤੀ ਉਸਾਰ ਸਕਣ ਜਿਸ ਨਾਲ ਦਲਿਤਾਂ ਤੇ ਕਿਰਤੀਆਂ ਦਾ ਭਲਾ ਹੋਵੇ।ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਅਨੰਦਪੁਰ ਤੋਂ ਭਾਈ ਜਸਬੀਰ ਸਿੰਘ ਗੜੀ ਯੋਗ ਉਮੀਦਵਾਰ ਹਨ ਜੋ ਪੰਥ ਤੇ ਪੰਜਾਬ ਤੇ ਬਹੁਜਨ ,ਕਿਸਾਨੀ ਮਸਲਿਆਂ ਉਪਰ ਅਵਾਜ਼ ਬੁਲੰਦ ਕਰਦੇ ਰਹੇ ਹਨ।ਉਨ੍ਹਾਂ ਕਿਹਾ ਕਿ ਚੋਣ ਲੜ ਰਹੇ ਪੰਥਕ ਧੜਿਆਂ ਨੂੰ ਗਾਲੀ ਗਾਲੋਚ ਤੇ ਘਟੀਆ ਇਲਜ਼ਾਮਬਾਜੀ ਦੇ ਚੱਕਰਵਿਊ ਤੋਂ ਬਚਕੇ ਆਪਣੀ ਸਿਖ ਸਿਧਾਂਤਕ ਵਿਚਾਰਧਾਰਕ ਸੁੱਚਮ ਰੱਖਣਾ, ਵੋਟਾਂ ਲੈਣ ਨਾਲੋਂ ਆਪਣਾ ਕਿਰਦਾਰ ਕਾਇਮ ਰੱਖਣਾ ਤੇ ਮਜਬੂਤ ਗੁਰਮਤਿ ਨਾਲ ਲੈਸ ਜਥੇਬੰਦੀ ਦੀ ਉਸਾਰੀ ਵਲ ਵਧਣਾ ਕਈ ਗੁਣਾ ਜ਼ਿਆਦਾ ਮਹੱਤਤਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਥਕ ਤੇ ਪੰਜਾਬ ,ਕਿਸਾਨੀ ਮਸਲਿਆਂ ਦੇ ਮੁਦਿਆਂ ਉਪਰ ਆਪਣੀ ਨੀਤੀ ਤੇ ਵਿਚਾਰ ਫੋਕਸ ਕਰਨਾ ਚਾਹੀਦਾ ਹੈ ਜਿਸ ਨਾਲ ਸਮੂਹ ਪੰਜਾਬੀਆਂ ਵਿਚ ਪੰਥਕ ਧੜਿਆਂ ਦਾ ਅਕਸ ਤੇ ਵਿਸ਼ਵਾਸ ਕੇਂਦਰੀ ਨਾਇਕ ਵਾਲਾ ਬਣ ਸਕੇ। ਇਸ ਨਾਲ ਅਗੇ ਜਾਕੇ ਪੰਥ ਦੀ ਸਿਆਸੀ ਜਥੇਬੰਦੀ ਹੋਂਦ ਵਿਚ ਆ ਸਕੇਗੀ।ਸਿਖ ਨੌਜਵਾਨ ਇਸ ਸੰਬੰਧ ਵਿਚ ਗੁਰਮਤਿ ਅਨੁਸਾਰ ਜ਼ਿੰਮੇਵਾਰੀ ਨਿਭਾਉਣ ਲਈ ਸਰਗਰਮ ਹੋਣ ਤਾਂ ਹੀ ਪੰਥ ਤੇ ਪੰਜਾਬ ਦੇ ਹਕਾਂ ਦੀ ਰਾਖੀ ਕੀਤੀ ਜਾ ਸਕੇਗੀ।

 ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਥ ਲਈ ਸੰਘਰਸ਼ ਕਰਨ ਵਾਲੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੇ ਰੂਪ ਵਿਚ ਬਦਲ ਚੁਕੀ ਹੈ ਜੋ ਸੱਤਾ ਦੀ ਭੁਖ ਵਿਚ ਪੰਥ ,ਪੰਜਾਬ ,ਘੱਟਗਿਣਤੀ ਕੌਮਾਂ ,ਕਿਸਾਨਾਂ ਦੇ ਅਧਿਕਾਰਾਂ ਦੀ ਰਾਖੀ ਨਹੀਂ ਕਰ ਸਕੀ, ਪਾਣੀਆਂ ਦਾ ਮਸਲਾ,ਰਾਜਧਾਨੀ ਤੇ ਹੋਰ ਮਸਲੇ ਪਿਛਾਂਹ ਸੁੱਟ ਦਿੱਤੇ ਗਏ।ਆਪਣੀ ਸੂਬਾ ਪਛਾਣ ਨੂੰ ਤਿਆਗਕੇ ਅਕਾਲੀ ਦਲ ਬਾਦਲ ਕੇਂਦਰ ਸਰਕਾਰ ਨੇ ਵਿਕੇਂਦਰੀਕਰਨ ਜਿਹੇ ਸੰਵੇਦਨਸ਼ੀਲ ਮੁੱਦਿਆਂ ਤੇ ਉਹਨਾਂ ਦੇ ਭਾਈਵਾਲ ਬਣ ਗਏ।ਉਨ੍ਹਾਂ ਕਿਹਾ ਕਿ ਅੱਜ ਇਸ ਵਿਕੇਂਦਰੀਕਰਨ ਸਦਕਾਂ ਸੂਬਾਂ ਸਰਕਾਰਾਂ ਕੋਲ ਦਿਖਾਵੇ ਦੇ ਹੀ ਅਧਿਕਾਰ ਰਹਿ ਗਏ ਹਨ। 

ਬਾਬਾ ਬੇਦੀ ਨੇ ਕਿਹਾ ਕਿ ਲੰਮਾ ਸਮਾਂ ਰਾਜ ਸੱਤਾ ਵਿੱਚ ਰਹਿਣ ਸਦਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਰਾਜ ਕਾਲ ਦੌਰਾਨ ਵਾਪਰੀਆਂ ਅਤਿ ਸੰਵੇਦਨਸ਼ੀਲ ਘਟਨਾਵਾਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ,ਬਹਿਬਲ ਗੋਲੀ ਕਾਂਡ ,ਸਿਰਸਾ ਬਾਬੇ ਨਾਲ ਗਠਜੋੜ ਸਦਕਾ ਸਿੱਖ ਕੌਮ ਵਿਚੋਂ ਆਪਣੀ ਪਛਾਣ ਤਕਰੀਬਨ ਗੁਆ ਚੁੱਕਿਆ ਹੈ।ਇਸ ਨੇ ਅਕਾਲ ਤਖਤ ਤੇ ਸ੍ਰੋਮਣੀ ਕਮੇਟੀ ਦੀ ਖੁਦਮੁਖਤਿਆਰੀ ਭੰਗ ਕਰਕੇ ਆਪਣਾ ਪਰਿਵਾਰਕ ਵਿੰਗ ਬਣਾ ਲਿਆ ਹੈ ਅਤੇ ਸਿਖ ਪੰਥ ਤੇ ਸਚੀ ਪਾਤਸ਼ਾਹੀ ਦੇ ਕਟਿਹਰੇ ਵਿਚ ਦੋਸ਼ੀ ਸਿਧ ਹੋਏ ਹਨ ਤੇ ਸ੍ਰੋਮਣੀ ਅਕਾਲੀ ਦਲ ਨੂੰ ਆਤਮ- ਹਤਿਆ ਦੇ ਰਸਤੇ ਵਲ ਲੈ ਆਏ ਹਨ।ਇਹੀ ਕਾਰਣ ਹੈ ਕਿ ਸਿਖ ਜਗਤ ਵਿਚ ਉਨ੍ਹਾਂ ਪ੍ਰਤੀ ਕੋਈ ਹਮਦਰਦੀ ਨਹੀਂ ਬਚੀ।

ਬਾਬਾ ਬੇਦੀ ਨੇ ਕਿਹਾ ਕਿ ਪੰਜਾਬ ਵਿਚ ਲੋਕ ਸਭਾ ਲਈ1 ਜੂਨ ਨੂੰ ਵੋਟਾਂ ਪੈਣੀਆਂ ਹਨ। ਵੋਟਾਂ ਪੈਣ ਵਿਚ ਲਗਭਗ ਇਕ ਮਹੀਨੇ ਦਾ ਸਮਾਂ ਬਾਕੀ ਹੈ। ਇਸ ਸੰਬੰਧ ਵਿਚ ਚੋਣ ਲੜ ਰਹੇ ਪੰਥਕ ਧੜਿਆਂ ਨੂੰ ਪੰਜਾਬੀਆਂ ਤੇ ਪੰਥ ਨੂੰ ਇਹ ਸਪੱਸ਼ਟ ਸੁਨੇਹਾ ਦੇਣਾ ਚਾਹੀਦਾ ਹੈ ਕਿ ਪੰਥਕ ਉਮੀਦਵਾਰਾਂ ਦੀ ਪੰਥ ਤੇ ਪੰਜਾਬ ,ਪੰਜਾਬੀਅਤ ਨਾਲ ਠੋਸ ਪ੍ਰਤੀਬੱਧਤਾ ਹੈ। ਉਨ੍ਹਾਂ ਦਾ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਅਨੁਸਾਰ ਬੇਗਮਪੁਰਾ, ਹਲੇਮੀ ਰਾਜ ਹੈ। ਦਲਿਤਾਂ,ਘੱਟ-ਗਿਣਤੀ ਤੇ ਕਿਸਾਨਾਂ ਦੇ ਹੱਕਾਂ ਹਿੱਤਾਂ 'ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਅਤੇ ਪੰਜਾਬੀ ਸੂਬੇ ਦਾ ਬਹੁਪੱਖੀ ਵਿਕਾਸ ਲਈ ਅਵਾਜ਼ ਬੁਲੰਦ ਕਰਨਾ, ਧਾਰਮਿਕ ਵੰਨ-ਸੁਵੰਨਤਾ ਅਤੇ ਸੂਬਿਆਂ ਦੇ ਰਾਜਸੀ ਅਧਿਕਾਰਾਂ ਦੀ ਰਖਵਾਲੀ ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਵਧਣਾ ਸਾਡਾ ਮੁਖ ਏਜੰਡਾ ਹੈ।